Wednesday 11 August 2010

ਬੋਲੇ ਸੋ ਨਿਹਾਲ : ਸਤਾਈਵੀਂ ਕਿਸ਼ਤ :-

ਸਤਾਈਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ



ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਦੀਆਂ ਖ਼ਬਰਾਂ ਮਿਲੀਆਂ ਤਾਂ ਉਸਨੇ ਹਿੰਦੁਸਤਾਨ ਉੱਤੇ ਸਤਵੇਂ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸਨੇ ਕਲਾਤ ਦੇ ਮੀਰ ਨਸੀਰ ਖ਼ਾਂ ਨੂੰ ਲਿਖਿਆ ਕਿ ਉਹ ਮੱਕੇ ਹੱਜ ਲਈ ਜਾਣ ਦੀ ਬਜਾਏ ਉਸਦੇ ਨਾਲ ਸਿੱਖਾਂ ਵਿਰੁੱਧ ਜਿਹਾਦ ਵਿਚ ਸ਼ਾਮਲ ਹੋਵੇ।
ਡੇਰਾ ਇਸਮਾਈਲ ਖ਼ਾਂ ਤੇ ਡੇਰਾ ਗਾਜੀ ਖ਼ਾਂ ਉੱਤੇ ਸਿੱਖਾਂ ਦਾ ਕਬਜਾ ਹੋ ਜਾਣ ਕਾਰਨ ਮੀਰ ਨਸੀਰ ਨੂੰ ਆਪਣੇ ਇਲਾਕੇ ਦੀ ਫ਼ਿਕਰ ਲੱਗੀ ਹੋਈ ਸੀ। ਅਬਦਾਲੀ ਆਪਣੀ ਅਠਾਰਾਂ ਹਜ਼ਾਰ ਅਫ਼ਗਾਨ ਫੌਜ ਲੈ ਕੇ ਈਮਾਨਾਬਾਦ ਪਹੁੰਚ ਗਿਆ ਸੀ। ਮੀਰ ਨਸੀਰ ਖ਼ਾਂ ਵੀ ਆਪਣੀ 12000 ਬਲੋਚ ਸੈਨਾ ਲੈ ਕੇ ਉਸ ਨਾਲ ਆ ਰਲਿਆ।
ਗੰਜਾਬੇ ਦਾ ਕਾਜੀ ਨੂਰ ਮੁਹੰਮਦ ਵੀ ਬਲੇਚ ਸੈਨਾ ਨਾਲ ਆ ਮਿਲਿਆ ਤੇ ਉਸਨੇ ਨਸੀਰ ਖ਼ਾਂ ਨੂੰ ਕਿਹਾ, “ਮੈਂ ਵੀ ਇਸ ਜਿਹਾਦ ਵਿਚ ਤੁਹਾਡੇ ਨਾਲ ਚੱਲਾਂਗਾ। ਉੱਥੋਂ ਵਾਪਸ ਆਉਣ ਪਿੱਛੋਂ ਜੇ ਅਬਦਾਲੀ ਤੁਹਾਨੂੰ ਡੇਰਿਆਂ ਤੇ ਸ਼ਿਕਾਰ ਪੁਰ ਦਾ ਇਲਾਕਾ ਬਖ਼ਸ਼ ਦਏ ਤਾਂ ਮੈਨੂੰ ਇਹਨਾਂ 'ਚੋਂ ਕਿਸੇ ਇਕ ਦਾ ਕਾਜੀ ਬਣਾ ਦੇਣਾ। ਮੈਂ ਇਸ ਜੰਗ ਦਾ ਪੂਰਾ ਹਾਲ ਲਿਖ ਕੇ ਤੁਹਾਡੀ ਖ਼ਿਦਮਤ ਵਿਚ ਪੇਸ਼ ਕਰਾਂਗਾ।”
ਨਸੀਰ ਖ਼ਾਂ ਨੇ ਇਹ ਗੱਲ ਮੰਨ ਲਈ। ਕਾਜੀ ਨੂਰ ਮੁਹੰਮਦ ਨੇ ਜੋ ਕੁਝ ਆਪਣੀ ਅੱਖੀਂ ਦੇਖਿਆ, ਉਸਨੂੰ ਫਾਰਸੀ ਕਵਿਤਾ ਵਿਚ ਲਿਖਿਆ ਤੇ ਆਪਣੀ ਕਿਤਾਬ ਦਾ ਨਾਂ 'ਜੰਗਨਾਮਾ' ਰੱਖਿਆ।
ਅਫ਼ਗਾਨ ਅਤੇ ਬਲੋਚ ਸੈਨਾ ਬਿਨਾਂ ਕਿਸੇ ਵਿਰੋਧ ਦੇ ਲਾਹੌਰ ਪਹੁੰਚ ਗਈ। ਅਬਦਾਲੀ ਨੇ ਰਾਏ ਮਸ਼ਵਰੇ ਲਈ ਯੁੱਧ ਪਰੀਸ਼ਦ ਦੀ ਬੈਠਕ ਬੁਲਾਈ। ਜਦੋਂ ਸਾਰੇ ਸਰਦਾਰ ਇਕੱਠੇ ਹੋ ਗਏ ਤਾਂ ਉਸਨੇ ਕਿਹਾ, “ਸਿੱਖ ਤਾਂ ਕਿਧਰੇ ਨਜ਼ਰ ਹੀ ਨਹੀਂ ਆ ਰਹੇ, ਕੀ ਕਰੀਏ; ਕਿਸ ਨਾਲ ਲੜੀਏ?”
ਉਦੋਂ ਹੀ ਹਰਾਵਲ ਦਸਤੇ ਦਾ ਇਕ ਤੇਜ਼ ਰਿਫ਼ਤਾਰ ਘੋੜ ਸਵਾਰ ਹੌਂਕਦਾ ਹੋਇਆ ਆਇਆ। ਉਸਨੇ ਖ਼ਬਰ ਦਿੱਤੀ ਕਿ ਸਿੱਖਾਂ ਦੇ ਇਕ ਲਸ਼ਕਰ ਨੇ ਦੁਰਾਨੀ ਫੌਜ ਉੱਤੇ ਹਮਲਾ ਕਰ ਦਿੱਤਾ ਹੈ। ਹਰਾਵਲ ਦਸਤੇ ਦਾ ਬੁਰਾ ਹਾਲ ਹੈ। ਜੇ ਜਲਦੀ ਮਦਦ ਨਾ ਭੇਜੀ ਗਈ ਤਾਂ ਪੂਰਾ ਦਸਤੇ ਦਾ ਸਫਾਇਆ ਹੋ ਜਾਏਗਾ।
ਜਦੋਂ ਅਬਦਾਲੀ ਦੇ ਪਹੁੰਚਣ ਦਾ ਸਮਾਚਾਰ ਮਿਲਿਆ, ਚੜ੍ਹਤ ਸਿੰਘ ਸ਼ੁਕਰਚਕੀਆ ਸਿਆਲਕੋਟ ਵਿਚ ਸੀ। ਉੱਥੇ ਰੁਕਣ ਦੇ ਬਜਾਏ ਉਹ ਝਟਪਟ ਲਾਹੌਰ ਵੱਲ ਤੁਰ ਪਿਆ। ਜਿਸ ਸਿੱਖ ਦਸਤੇ ਨੇ ਬਲੋਚਾਂ ਤੇ ਅਫ਼ਗਾਨਾ ਦੇ ਹਰਾਵਲ ਦਸਤੇ ਉੱਤੇ ਅਚਾਨਕ ਧਾਵਾ ਬੋਲਿਆ ਸੀ ਉਸਦਾ ਨੇਤਾ ਚੜ੍ਹਤ ਸਿੰਘ ਹੀ ਸੀ। ਦੁਸ਼ਮਣ ਹਰਾਵਲ ਦਸਤੇ ਦੀ ਕਮਾਂਡ ਗਹਿਰਾਮ ਖ਼ਾਂ ਮਗਸੀ ਤੇ ਅਹਿਮਦ ਖ਼ਾਂ ਬਲੀਦ ਦੇ ਹੱਥ ਸੀ। ਚੜ੍ਹਤ ਸਿੰਘ ਦਾ ਹਮਲਾ ਏਨਾ ਤੇਜ਼ ਤੇ ਧਾਕੜ ਸੀ ਕਿ ਅਹਿਮਦ ਖ਼ਾਂ ਤੇ ਉਸਦਾ ਬੇਟਾ ਪਹਿਲੀ ਝੜਪ ਵਿਚ ਹੀ ਮਾਰਿਆ ਗਿਆ। ਮੀਰ ਅਬਦੁਲ ਨਬੀ ਤੇ ਮੀਰ ਨਸੀਰ ਖਾਂ ਹਰਾਵਲ ਦਸਤੇ ਦੀ ਮਦਦ ਲਈ ਪਹੁੰਚੇ ਘਮਸਾਨ ਦੀ ਲੜਾਈ ਹੋਈ, ਨਸੀਰ ਖ਼ਾਂ ਦਾ ਘੋੜਾ ਮਰ ਗਿਆ। ਜੇ ਉਸਦਾ ਬੰਦੂਕਚੀ ਨੌਕਰ ਹਮਲਾ ਕਰਨ ਵਾਲੇ ਉੱਤੇ ਗੋਲੀ ਨਾ ਦਾਗ ਦੇਂਦਾ ਤਾਂ ਮੀਰ ਦਾ ਕੰਮ ਵੀ ਤਮਾਮ ਹੋ ਜਾਣਾ ਸੀ। ਰਾਤ ਹੋਣ ਤਕ ਘਮਾਸਾਨ ਦੀ ਲੜਾਈ ਹੁੰਦੀ ਰਹੀ, ਜਿਹੜੀ ਗੂੜ੍ਹਾ ਹਨੇਰਾ ਉਤਰ ਆਉਣ ਪਿੱਛੋਂ ਬੰਦ ਹੋਈ।
ਆਪਣੇ ਲੰਮੇ ਅਨੁਭਵ ਵਿਚੋਂ ਖਾਲਸੇ ਨੇ ਲੜਨ ਦੇ ਨਵੇਂ-ਨਵੇਂ ਢੰਗ-ਤਰੀਕੇ ਕੱਢ ਲਏ ਸਨ। ਇਹਨਾਂ ਤਰੀਕਿਆਂ ਤੇ ਆਪਣੇ ਪਰਬਲ ਹੌਸਲੇ ਸਦਕਾ ਉਹ ਜਬਰਦਸਤ ਦੁਸ਼ਮਣ ਉੱਤੇ ਵੀ ਭਾਰੂ ਹੋ ਨਿਬੜਦੇ ਸਨ। ਇਸ ਲੜਾਈ ਵਿਚ ਉਹਨਾਂ ਦਾ ਢੰਗ ਇਹ ਸੀ ਕਿ ਪਹਿਲਾਂ ਇਕ ਜੱਥਾ, ਕੁਝ ਦੂਰੀ ਤੋਂ, ਨਿਸ਼ਾਨੇ ਉੱਤੇ ਗੋਲੀਆਂ ਦੀ ਵਾਛੜ ਕਰ ਦਿੰਦਾ ਸੀ ਤੇ ਫੇਰ ਦੁਬਾਰਾ ਬੰਦੂਕਾਂ ਭਰਨ ਲਈ ਪਿੱਛੇ ਹਟ ਜਾਂਦਾ ਸੀ। ਉਸ ਪਿੱਛੋਂ ਦੂਜਾ ਜੱਥਾ ਦੂਜੇ ਪਾਸਿਓਂ ਗੋਲੀਆਂ ਦਾ ਮੀਂਹ ਵਰ੍ਹਾ ਦਿੰਦਾ ਸੀ। ਇੰਜ ਤਿੰਨ ਚਾਰ ਜੱਥੇ ਚਾਰੇ ਪਸਿਓਂ ਗੋਲੀਆਂ ਦੀ ਵਰਖਾ ਕਰਦੇ ਰਹਿੰਦੇ ਤੇ ਦੁਸ਼ਮਣ ਦੇ ਨੱਕ ਵਿਚ ਦਮ ਕਰੀ ਰੱਖਦੇ। ਉਹ ਕਿਸੇ ਪਾਸੇ ਮੂੰਹ ਨਹੀਂ ਮੋੜ ਸਕਦਾ ਸੀ। ਇੰਜ ਸਿੱਖ ਜੱਥੇ ਆਪ ਤਾਂ ਆਰਾਮ ਕਰ ਲੈਂਦੇ ਪਰ ਦੁਸ਼ਮਣ ਨੂੰ ਚੈਨ ਨਹੀਂ ਸਨ ਲੈਣ ਦਿੰਦੇ।
ਨਸੀਰ ਖ਼ਾਂ ਜਦੋਂ ਵਾਪਸ ਆਇਆ ਤਾਂ ਅਬਦਾਲੀ ਨੇ ਉਸਨੂੰ ਬਹਾਦਰੀ ਲਈ ਵਧਾਈ ਦਿੱਤੀ ਤੇ ਕਿਹਾ, “ਸਿੱਖਾਂ ਵਿਰੁੱਧ ਏਨੀ ਤੇਜ਼ੀ ਵਿਖਾ ਕੇ ਫੇਰ ਕਦੀ ਆਪਣੀ ਜਾਨ ਨੂੰ ਖ਼ਤਰੇ ਵਿਚ ਨਾ ਪਾਉਣਾ।”
ਚੜ੍ਹਤ ਸਿੰਘ ਦੁਸ਼ਮਣਾ ਨੂੰ ਆਪਣੇ ਹੱਥ ਵਿਖਾ ਕੇ ਪਿੱਛੇ ਹਟਿਆ ਤੇ ਘਾਤ ਲਾ ਕੇ ਕਿਸੇ ਹੋਰ ਮੌਕੇ ਦੀ ਤਾੜ ਵਿਚ ਬੈਠ ਗਿਆ।
ਅਹਿਮਦ ਸ਼ਾਹ ਨੂੰ ਕਿਸੇ ਨੇ ਖ਼ਬਰ ਦਿੱਤੀ ਕਿ ਸਿੱਖ ਅੰਮ੍ਰਿਤਸਰ ਵੱਲ ਚਲੇ ਗਏ ਹਨ। ਉਹ ਉਧਰ ਤੁਰ ਪਿਆ। ਕਦੀ ਉਹ 150 ਕੋਹ ਦਾ ਇਹ ਸਫ਼ਰ ਕਰਕੇ 36 ਘੰਟਿਆਂ ਵਿਚ ਕੁਪ ਜਾ ਪਹੁੰਚਿਆ ਸੀ ਤੇ ਕਿੱਥੇ ਹੁਣ ਲਾਹੌਰ ਤੋਂ ਅੰਮ੍ਰਿਤਸਰ ਪਹੁੰਚਣ ਵਿਚ ਤਿੰਨ ਦਿਨ ਤੇ ਤਿੰਨ ਰਾਤਾਂ ਲੱਗ ਗਈਆਂ ਸਨ। ਕਾਰਨ ਇਹ ਸੀ ਕਿ ਰਸਤੇ ਵਿਚ ਸਿੱਖ ਗੁਰੀਲਿਆਂ ਨਾਲ ਝੜਪਾਂ ਹੁੰਦੀਆਂ ਰਹੀਆਂ ਸਨ। ਪਹਿਲੀ ਦਸੰਬਰ ਨੂੰ ਜਦੋਂ ਅਹਿਮਦ ਸ਼ਾਹ ਦਰਬਾਰ ਸਾਹਬ ਪਹੁੰਚਿਆ ਤਾਂ ਉਸਨੂੰ ਉੱਥੇ ਕੋਈ ਸਿੱਖ ਦਿਖਾਈ ਨਹੀਂ ਦਿੱਤਾ। ਪਰ ਜਦੋਂ ਅਹਿਮਦ ਸ਼ਾਹ ਵਿਸ਼ਾਲ ਪਰਿਕਰਮਾ ਵਿਚ ਗਿਆ ਤਾਂ ਤੀਹ ਸਿੱਖ ਬੁਰਜਾਂ ਵਿਚੋਂ ਨਿਕਲੇ ਤੇ ਉਸ ਅਫ਼ਗਾਨੀ ਬਲੋਚੀ ਸੈਨਾ ਉੱਤੇ ਟੁੱਟ ਪਏ, ਜਿਹਨਾਂ ਦੀ ਗਿਣਤੀ ਤੀਹ ਹਜ਼ਾਰ ਸੀ। ਉਹ ਉੱਥੇ ਸ਼ਹੀਦ ਹੋ ਜਾਣ ਦੇ ਨਿਹਚੇ ਨਾਲ ਹੀ ਰੁਕੇ ਹੋਏ ਸਨ। ਉਹਨਾਂ ਨੂੰ ਨਾ ਕਤਲ ਹੋ ਜਾਣ ਦਾ ਡਰ ਸੀ ਤੇ ਨਾ ਹੀ ਮੌਤ ਦਾ ਕੋਈ ਭੈ। ਉਹ 'ਜੋ ਲੜੇ ਦੀਨ ਕੇ ਹੇਤੁ, ਸੂਰਾ ਸੋਈ ' ਅਲਾਪਦੇ ਹੋਏ ਦੁਸ਼ਮਣਾ ਨਾਲ ਟਕਰਾ ਗਏ ਤੇ ਤੀਹ ਦੇ ਤੀਹ ਲੜਦੇ ਹੋਏ ਸ਼ਹੀਦ ਹੋ ਗਏ।
ਸਿੱਖਾਂ ਦੇ ਧਰਮ ਯੁੱਧ ਦੇ ਸਾਹਮਣੇ ਗਾਜ਼ੀਆਂ ਦਾ ਧਰਮ ਯੁੱਧ ਫਿੱਕਾ ਪੈ ਗਿਆ।
ਅਬਦਾਲੀ ਨੇ ਏਧਰ ਉਧਰ ਹੋਰ ਸਿੱਖਾਂ ਦੀ ਭਾਲ ਕੀਤੀ ਪਰ ਉਹ ਕਿਧਰੇ ਨਜ਼ਰ ਨਹੀਂ ਆਏ, ਇਸ ਲਈ ਉਹ ਲਾਹੌਰ ਪਰਤ ਆਇਆ। ਇਕ ਵਾਰੀ ਫੇਰ ਯੁੱਧ ਪਰੀਸ਼ਦ ਦੀ ਬੈਠਕ ਬੁਲਾਈ ਗਈ ਤੇ ਉਸਨੇ ਆਪਣੇ ਸਰਦਾਰਾਂ ਨੂੰ ਪੁੱਛਿਆ, “ਸਿੱਖ ਖੁੱਲ੍ਹੀ ਲੜਾਈ ਵਿਚ ਤਾਂ ਸਾਹਮਣੇ ਆਉਂਦੇ ਨਹੀਂ, ਸਿਰਫ ਝਪਟਾਂ ਮਾਰਦੇ ਨੇ। ਇਹਨਾਂ ਦਾ ਕੀ ਕੀਤਾ ਜਾਏ?”
“ਹਜ਼ੂਰ,” ਨਸੀਰ ਖ਼ਾਂ ਨੇ ਕਿਹਾ, “ਅਸੀਂ ਨਜੀਬ ਖ਼ਾਂ ਦੀ ਮਦਦ ਕਰਨੀ ਏਂ। ਉਹ ਦਿੱਲੀ ਵਿਚ ਘਿਰਿਆ ਹੋਇਆ ਏ। ਸਰਹਿੰਦ ਚੱਲ ਕੇ ਉੱਥੋਂ ਦੇ ਹਾਲਾਤਾਂ ਦਾ ਪਤਾ ਲਈਏ...ਜਿਹੋ ਜਿਹੀ ਖ਼ਬਰ ਮਿਲੇਗੀ, ਉਸੇ ਅਨੁਸਾਰ ਅੱਗੋਂ ਦਾ ਫੈਸਲਾ ਲਿਆ ਜਾਏ।”
ਇਹ ਗੱਲ ਅਬਦਾਲੀ ਦੇ ਮਨ ਵੀ ਲੱਗੀ। ਪਰ ਸਿੱਧਾ ਸਰਹਿੰਦ ਜਾਣ ਦੀ ਬਜਾਏ ਉਹ ਬਟਾਲੇ ਪਹੁੰਚਿਆ ਤੇ ਪੂਰੇ ਇਲਾਕੇ ਵਿਚ ਲੁੱਟ ਮਚਾ ਦਿੱਤੀ। ਗੰਨਾ, ਗੁੜ, ਗਊਮਾਸ ਤੇ ਤਿਲ...ਸਰਦਾਰਾਂ, ਸਿਪਾਹੀਆਂ ਤੇ ਨੌਕਰਾਂ ਚਾਕਰਾਂ ਨੇ ਏਨੇ ਖਾਧੇ ਕਿ ਸਭ ਦੇ ਨੱਕ ਮੁੜ ਗਏ। ਬਲੋਚਾਂ ਤੇ ਦੁਰਾਨੀਆਂ ਨੇ ਇਸ ਇਲਾਕੇ ਨੂੰ ਏਦਾਂ ਲੁੱਟਿਆ ਕਿ ਇਸ ਕਹਾਵਤ ਦਾ ਜਨਮ ਹੋਇਆ—
'ਖਾਧਾ ਪੀਤਾ ਲਾਹੇ ਦਾ,
ਰਹਿੰਦਾ ਅਹਿਮਦ ਸ਼ਾਹੇ ਦਾ।'
ਉੱਥੋਂ ਅਬਦਾਲੀ ਬਿਆਸ ਪਾਰ ਕਰਕੇ ਹੁਸ਼ਿਆਰਪੁਰ ਜ਼ਿਲੇ ਵਿਚ ਦਾਖਲ ਹੋਇਆ। ਇੱਥੇ ਸਿੱਖਾਂ ਨੇ ਇਕ ਝਪਟਾ ਮਾਰਿਆ ਤੇ ਜਹਾਨ ਖ਼ਾਂ ਦਾ ਪਿੱਤਾ ਪਾਣੀ ਕਰਕੇ ਫੇਰ ਜਾ ਛਿਪਣ ਹੋਏ। ਸਤਿਲੁਜ ਪਾਰ ਕਰ ਲੈਣ ਪਿੱਛੋਂ ਖਾਲਸੇ ਨੇ ਦੁਰਾਨੀ ਨੂੰ ਏਨਾ ਪ੍ਰੇਸ਼ਾਨ ਕੀਤਾ ਕਿ ਉਸਦੀ ਸਰਹਿੰਦ ਜਾਣ ਦੀ ਹਿੰਮਤ ਨਹੀਂ ਹੋਈ। ਉਹ ਸਿੱਧਾ ਕੁੰਜਪੁਰ ਵੱਲ ਹੋ ਲਿਆ ਤਾਂ ਕਿ ਉੱਥੇ ਪਹੁੰਚ ਕੇ ਨਜੀਬ ਖ਼ਾਂ ਦੀ ਮਦਦ ਕਰਨ ਦਾ ਕੋਈ ਉਪਾਅ ਸੋਚ ਸਕੇ।
ਅਬਦਾਲੀ ਫਰਬਰੀ 1765 ਦੇ ਅੰਤ ਵਿਚ ਕੁੰਜਪੁਰ ਪਹੁੰਚਿਆ। ਪਤਾ ਲੱਗਿਆ ਕਿ ਜਵਾਹਰ ਸਿੰਘ ਤੇ ਨਜੀਬ ਖਾਂ ਵਿਚਕਾਰ ਸਮਝੌਤਾ ਹੋ ਗਿਆ ਹੈ ਤੇ ਦਿੱਲੀ ਦੀ ਘੇਰਾਬੰਦੀ ਹਟ ਗਈ ਹੈ। ਇਸ ਲਈ ਨਜੀਬ ਖਾਂ ਨੂੰ ਮਦਦ ਦੀ ਹੁਣ ਲੋੜ ਨਹੀਂ ਰਹੀ ਸੀ। ਉਹ ਤਿੰਨ ਚਾਰ ਦਿਨ ਕੁੰਜਪੁਰ ਵਿਚ ਰੁਕੇ ਤੇ ਇਸ ਗੱਲ ਉੱਤੇ ਵਿਚਾਰ ਚਰਚਾ ਹੁੰਦੀ ਰਹੀ ਕਿ ਅਗਾਂਹ ਵਧਿਆ ਜਾਏ ਕਿ ਵਾਪਸ ਚੱਲਿਆ ਜਾਏ।
ਨਸੀਰ ਖ਼ਾਂ ਨੇ ਸੁਝਾਅ ਰੱਖਿਆ, “ਹਜ਼ੂਰ, ਤੁਸੀਂ ਦਿੱਲੀ ਚਲੋ। ਗਰਮੀ ਤੇ ਬਰਸਾਤ ਉੱਥੇ ਲੰਘਾਓ। ਉਸ ਪਿੱਛੋਂ ਨਜੀਬ ਖ਼ਾਂ, ਮੁਗਲ ਬਾਦਸ਼ਾਹ, ਸ਼ਾਹ ਸ਼ੁਜਾਅ, ਫਰੂਖ਼ਾਬਾਦ ਦੇ ਰੁਹੇਲੇ, ਜਾਟਾਂ ਤੇ ਮਰਾਠਿਆਂ ਦੀ ਫੌਜ ਨਾਲ ਲੈ ਕੇ ਸਿੱਖਾਂ ਉਪਰ ਚੜ੍ਹਾਈ ਕਰ ਦੇਣਾ ਤੇ ਉਹਨਾਂ ਨੂੰ ਕੁਚਲ ਸੁੱਟਣਾ।” ਨਸੀਰ ਖ਼ਾਂ ਨੇ ਦੰਦ ਪੀਹ ਕੇ ਸਿੱਖਾਂ ਵਿਰੁੱਧ ਆਪਣੀ ਕੁਸੈਲ ਦਰਸਾਈ।
ਪਰ ਅਫ਼ਗਾਨ ਸਰਦਾਰ ਨਸੀਰ ਖ਼ਾਂ ਦੇ ਇਸ ਮਤ ਨਾਲ ਸਹਿਮਤ ਨਹੀਂ ਸਨ। ਉਹਨਾਂ ਨੂੰ ਹਿੰਦੁਸਤਾਨ ਦੀ ਗਰਮੀ ਤੇ ਬਰਸਾਤ ਦਾ ਕੌੜਾ ਤਜ਼ਰਬਾ ਸੀ। ਇਸ ਦੇ ਇਲਾਵਾ ਸਿੱਖਾਂ ਨਾਲ ਟੱਕਰ ਲੈਂਦਿਆਂ ਦੇ ਨਾਸੀਂ ਧੂੰਆਂ ਆ ਚੁੱਕਿਆ ਸੀ। ਉਹਨਾਂ ਦੇ ਬੁਲਾਰੇ ਜਹਾਨ ਖ਼ਾਂ ਨੇ ਕਿਹਾ, “ਬਾਦਸ਼ਾਹ ਸਲਾਮਤ, ਗਰਮੀ ਸਿਰ 'ਤੇ ਆ ਗਈ ਏ, ਇਸ ਲਈ ਪਰਤ ਜਾਣਾ ਹੀ ਬਿਹਤਰ ਏ। ਤਿਆਰੀ ਕਰਕੇ ਅਗਲੇ ਸਾਲ ਫੇਰ ਆਵਾਂਗੇ।”
ਅਹਿਮਦ ਸ਼ਾਹ ਇਕ ਸੁਲਝਿਆ ਹੋਇਆ, ਸ਼ਾਂਤ ਸੁਭਾਅ ਵਿਅਕਤੀ ਸੀ। ਉਹ ਦੂਰ ਤਕ ਸੋਚਦਾ ਸੀ, ਭਾਵੁਕਤਾ ਤੇ ਜਲਦਬਾਜੀ ਨੂੰ ਨੇੜੇ ਨਹੀਂ ਸੀ ਫੜਕਣ ਦਿੰਦਾ। ਸਿੱਖਾਂ ਨੂੰ ਉਹ ਉਦੋਂ ਦਾ ਜਾਣਦਾ ਸੀ, ਜਦੋਂ ਉਹ ਨਾਦਿਰ ਸ਼ਾਹ ਨਾਲ ਹਿੰਦੁਸਤਾਨ ਆਇਆ ਸੀ। ਉਸਨੂੰ ਜ਼ਕਰੀਆ ਖ਼ਾਂ ਨੂੰ ਆਖੀ, ਨਾਦਿਰ ਸ਼ਾਹ ਦੀ ਉਹ ਗੱਲ ਚੇਤੇ ਸੀ ਕਿ ਹਕੂਮਤ ਇਹ ਲੰਮੇ ਲੰਮੇ ਵਾਲਾਂ ਵਾਲੇ ਬਾਗ਼ੀ ਕਰਨਗੇ, ਜਿਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ 'ਤੇ ਨੇ। ਪੰਜਾਬ ਵਿਚ ਹੁਣ ਸੱਚਮੁੱਚ ਹੀ ਇਹਨਾਂ ਬਾਗ਼ੀਆਂ ਦੀ ਹਕੂਮਤ ਸੀ। ਉਹਨਾਂ ਨੇ ਅਬਦਾਲੀ ਦੀ ਬਿਸਾਤ ਪਲਟ ਕੇ ਰੱਖ ਦਿੱਤੀ ਸੀ ਤੇ ਏਸ ਬਿਸਾਤ ਉੱਤੇ ਬਿਠਾਏ ਹਰੇਕ ਮੋਹਰੇ ਨੂੰ ਇਕ ਇਕ ਕਰਕੇ ਕੁੱਟਿਆ ਤੇ ਪੁੱਟ ਸੁੱਟਿਆ ਸੀ। ਇਸ ਪਲਟੀ ਹੋਈ ਬਿਸਾਤ ਨੂੰ ਮੁੜ ਸਿੱਧਾ ਕਰਨਾ ਏਨੀ ਆਸਾਨ ਗੱਲ ਨਹੀਂ ਸੀ ਜਿੰਨੀ ਨਸੀਰ ਖ਼ਾਂ ਸਮਝ ਰਿਹਾ ਸੀ।
ਉਸਨੇ ਜਹਾਨ ਖ਼ਾਂ ਨਾਲ ਸਹਿਮਤੀ ਰਲਾਈ ਤੇ ਘਰ ਜਾਣ ਲਈ ਵਾਪਸ ਪਰਤ ਪਿਆ। ਚੁੱਪਚਾਪ ਰੋਪੜ ਨੇੜਿਓਂ ਸਤਿਲੁਜ ਪਾਰ ਕੀਤਾ ਤੇ ਖਾਲਸੇ ਨੂੰ ਪਤਾ ਲੱਗਣ ਤੋਂ ਪਹਿਲਾਂ ਹੀ ਬਹੀਰ ਵੀ ਪਾਰ ਲੰਘਾ ਲਈ। ਹੁਣ ਉਹ ਦੁਆਬੇ ਵਿਚ ਸੀ। ਰਾਤ ਨਦੀ ਦੇ ਇਸ ਪਾਰ ਬਿਤਾਈ। ਅਗਲੀ ਸਵੇਰ ਅਜੇ ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਖਾਲਸੇ ਨੇ ਅੱਗਾ ਵਲ ਲਿਆ ਤੇ ਲੜਨ ਲਈ ਆ ਲਲਕਾਰਿਆ।
ਅਹਿਮਦ ਸ਼ਾਹ ਨੂੰ ਪਤਾ ਲੱਗਿਆ ਤਾਂ ਉਹ ਲੋਹਾ ਲਾਖਾ ਹੋ ਗਿਆ, “ਹੈਂ, ਇਹਨਾਂ ਸਿੱਖਾਂ ਦੀ ਇਹ ਮਜ਼ਾਲ। ਦੁਨੀਆਂ ਕੀ ਕਹੇਗੀ ਕਿ ਮੇਰੇ ਹੁੰਦਿਆਂ ਮੇਰੇ ਲਸ਼ਕਰ ਉੱਤੇ ਜਗ੍ਹਾ ਜਗ੍ਹਾ ਹਮਲੇ ਹੁੰਦੇ ਰਹੇ!” ਫੌਜ ਨੂੰ ਹੁਕਮ ਦਿੱਤਾ, “ਗਾਜੀਓ! ਕਰ ਦਿਓ ਚੜ੍ਹਾਈ, ਇਹਨਾਂ ਲਾਹਨਤੀ ਕਾਫ਼ਿਰਾਂ ਉਪਰ। ਇਹ ਦੀਨ ਦੀ ਲੜਾਈ ਏ।” ਉਸਨੇ ਆਪਣੇ ਵੱਡੇ ਵਜ਼ੀਰ ਸ਼ਾਹ ਵਲੀ ਖ਼ਾਂ, ਜਹਾਨ ਖ਼ਾਂ, ਅਜ਼ਲ ਖ਼ਾਂ, ਸ਼ਾਹ ਪਸੰਦ ਖ਼ਾਂ ਤੇ ਹੋਰ ਪ੍ਰਮੁੱਖ ਸਰਦਾਰਾਂ ਨੂੰ ਸੱਜੇ ਹੱਥ ਦੀ ਕਮਾਨ ਸੌਂਪੀ ਤੇ ਮੀਰ ਨਸੀਰ ਖ਼ਾਂ ਬਲੋਚੀ ਨੂੰ ਆਪਣੇ ਖੱਬੇ ਹੱਥ ਰੱਖਿਆ।
ਉਧਰ ਖਾਲਸਾ ਫੌਜ ਦਾ ਆਗੂ, ਪੰਥ ਦਾ 'ਪਾਦਸ਼ਾ' ਜੱਸਾ ਸਿੰਘ ਆਹਲੂਵਾਲੀਆ ਸੀ। ਉਹ ਵਿਚਕਾਰ ਸੀ ਤੇ ਉਸਦੇ ਨਾਲ ਜੱਸਾ ਸਿੰਘ ਰਾਮਗੜ੍ਹੀਆ ਜਚਿਆ ਹੋਇਆ ਸੀ। ਸੱਜੇ ਹੱਥ ਚੜ੍ਹਤ ਸਿੰਘ ਸੀ ਤੇ ਉਸਦੇ ਨਾਲ ਝੰਡਾ ਸਿੰਘ, ਲਹਿਣਾ ਸਿੰਘ ਤੇ ਜੈ ਸਿੰਘ ਸਨ। ਇਹਨਾਂ ਦੇ ਮੁਕਾਬਲੇ ਉਧਰ ਨਸੀਰ ਖ਼ਾਂ ਸੀ। ਖੱਬੇ ਪਾਸੇ ਹਰੀ ਸਿੰਘ, ਰਾਮਦਾਸ, ਗੁਲਾਬ ਸਿੰਘ ਤੇ ਗੁਜਰ ਸਿੰਘ ਸਨ। ਇਹਨਾਂ ਦੇ ਸਾਹਮਣੇ ਵਲੀ ਖ਼ਾਂ, ਜਹਾਨ ਖ਼ਾਂ ਆਦੀ ਸਨ।
ਲੜਾਈ ਸ਼ੁਰੂ ਹੋਈ ਤਾਂ ਹਰੀ ਸਿੰਘ ਨੇ ਅਫ਼ਗਾਨਾ ਦੀ ਸੱਜੀ ਬਾਹੀ ਉਪਰ ਹਮਲਾ ਕਰਕੇ ਉਹਨਾਂ ਨੂੰ ਪਿੱਛੇ ਧਰੀਕ ਦਿੱਤਾ। ਜਦੋਂ ਦੇਖਿਆ ਕਿ ਸ਼ਾਹ ਵਲੀ ਖ਼ਾਂ ਤੇ ਜਹਾਨ ਖ਼ਾਂ ਤੋਂ ਸਿੱਖ ਰੋਕੇ ਨਹੀਂ ਜਾ ਰਹੇ ਤਾਂ ਅਬਦਾਲੀ ਨੇ ਨਸੀਰ ਖ਼ਾਂ ਨੂੰ ਕੋਲ ਬੁਲਾਅ ਕੇ ਕਿਹਾ, “ਸਿੱਖਾਂ ਨੇ ਸਾਡੇ ਸੱਜੇ ਪਾਸੇ ਜ਼ੋਰ ਫੜ੍ਹ ਲਿਆ ਹੈ। ਇਸ ਪਾਸੇ ਦੇ ਗਾਜੀ ਸਿੱਖਾਂ ਦਾ ਪਿੱਛਾ ਕਰਦੇ ਹੋਏ ਅੱਗੇ ਨਿਕਲ ਗਏ ਨੇ। ਇਹ ਬਾਹੀ ਖ਼ਾਲੀ ਦੇਖ ਕੇ ਸਿੱਖ ਇਧਰ ਘੁਸ ਆਏ ਨੇ...ਤੁਸੀਂ ਦੇਖ ਰਹੇ ਓ; ਕਿੰਜ ਤਾਤਾਰੀ ਕਾਫ਼ਿਰਾਂ ਵਾਂਗ ਤੀਰਾਂ ਤੇ ਗੋਲੀਆਂ ਦਾ ਮੀਂਹ ਵਰ੍ਹਾਅ ਰਹੇ ਨੇ? ਕਦੀ ਸੱਜੇ ਥਾਵਾ ਬੋਲਦੇ ਨੇ ਕਦੀ ਖੱਬੇ। ਮੈਂ ਤਾਂ ਇਹਨਾਂ ਦੀ ਦਲੇਰੀ ਦੇਖ ਕੇ ਦੰਗ ਰਹਿ ਗਿਆਂ। ਤੁਸੀਂ ਇਸ ਪਾਸੇ ਜਾ ਦੇ ਇਹਨਾਂ ਨੂੰ ਰੋਕੋ। ਪਰ ਸਿੱਖਾਂ ਨਾਲ ਜੰਗ ਵਿਚ ਜਲਦਬਾਜੀ ਤੋਂ ਕਤਈ ਕੰਮ ਨਾ ਲੈਣਾ। ਤੁਹਾਨੂੰ ਸੌਂਹ ਏਂ ਕਿ ਆਪਣਾ ਪੈਂਤਰਾ ਛੱਡ ਕੇ ਕਤਈ ਅੱਗੇ ਨਾ ਵਧਣਾ। ਦੁਸ਼ਮਣ ਦੇ ਪਿੱਛੇ ਨਹੀਂ ਜਾਣਾ, ਦੁਸ਼ਮਣ ਖ਼ੁਦ ਤੁਹਾਡੇ ਕੋਲ ਆਏਗਾ। ਇਹ ਦੁਸ਼ਮਣ ਬੜੇ ਨਿਡਰ ਨੇ ਤੇ ਜੰਗ ਦੇ ਮੈਦਾਨ ਵਿਚ ਅੱਗ ਵਾਂਗ ਭੜਕ ਉਠਦੇ ਨੇ। ਇਹਨਾਂ ਦੀ ਹੀ ਗੱਲ ਨਹੀਂ, ਇਹਨਾਂ ਦੇ ਪਿਓ-ਦਾਦੇ  ਵੀ ਇਵੇਂ ਹੀ ਕਰਦੇ ਸਨ...ਛਾਲਾਂ ਮਾਰਦੇ ਹੋਏ ਯਕਦਮ ਮੈਦਾਨ ਵਿਚ ਕੁੱਦ ਪੈਂਦੇ ਤੇ ਦੁਸ਼ਮਣ ਦੀ ਫੌਜ ਉੱਤੇ ਟੁੱਟ ਪੈਂਦੇ...”
ਇਸ ਨਸੀਹਤ ਦੇ ਬਾਵਜ਼ੂਦ ਜਦੋਂ ਸਿੱਖਾਂ ਨੇ ਜ਼ਰਾ ਪਿੱਛੇ ਹਟਣ ਦਾ ਬਹਾਨਾ ਕੀਤਾ, ਨਸੀਰ ਖ਼ਾਂ ਆਪਣੀ ਜਗ੍ਹਾ ਛੱਡ ਕੇ ਅੱਗੇ ਵਧ ਗਿਆ। ਸਿੱਖ ਪਲਟ ਕੇ ਖਾਲੀ ਜਗ੍ਹਾ ਉੱਤੇ ਆਣ ਕਾਬਜ ਹੋਏ। ਨਸੀਰ ਖ਼ਾਂ ਘੇਰੇ ਵਿਚ ਫਸ ਗਿਆ। ਉਹ ਅਹਿਮਦ ਸ਼ਾਹ ਨਾਲੋਂ ਬਿਲਕੁਲ ਕੱਟਿਆ ਗਿਆ। ਪਰ ਜਲਦੀ ਹੀ ਰਾਤ ਉਤਰ ਆਈ ਤੇ ਨਸੀਰ ਖ਼ਾਂ ਨੇ ਮੁਸ਼ਕਿਲ ਨਾਲ ਆਪਣੀ ਜਾਨ ਬਚਾਈ।
ਦੂਜੇ ਦਿਨ ਸੂਰਜ ਚੜ੍ਹਦਿਆਂ ਹੀ ਅਬਦਾਲੀ ਨੇ ਆਪਣੀ ਫੌਜ ਨੂੰ ਕੂਚ ਕਰਨ ਦਾ ਹੁਕਮ ਸੁਣਾ ਦਿੱਤਾ। ਪਰ ਉਹ ਅਜੇ ਦੋ ਤਿੰਨ ਕੋਹ ਹੀ ਗਏ ਸਨ ਕਿ ਖਾਲਸੇ ਨੇ ਅੱਗੇ ਆ ਕੇ ਖੱਬੇ ਪਾਸਿਓਂ ਹੱਲਾ ਬੋਲ ਦਿੱਤਾ। ਇਸ ਦਿਨ ਅਬਦਾਲੀ ਨੇ ਆਪਣੀ ਫੌਜ ਦੀ ਤਰਤੀਬ ਬਦਲੀ ਹੋਈ ਸੀ। ਖੱਬੇ ਵਾਲੇ ਸੱਜੇ ਤੇ ਸੱਜੇ ਵਾਲੇ ਖੱਬੇ ਚਲੇ ਗਏ ਸਨ। ਇੰਜ ਹੀ ਅੱਗੇ ਵਾਲੇ ਪਿੱਛੇ ਤੇ ਪਿੱਛੇ ਵਾਲੇ ਅੱਗੇ ਕਰ ਦਿੱਤੇ ਗਏ ਸਨ।
ਖਾਲਸੇ ਦੇ ਹਮਲਾ ਕਰਨ ਵਾਲੇ ਦਸਤੇ ਛਾਲਾਂ ਮਾਰਦੇ ਹੋਏ ਅੱਗੇ ਆਏ ਲੜਨਾ ਸ਼ੁਰੂ ਕਰ ਦਿੱਤਾ। ਅਬਦਾਲੀ ਦਾ ਅੱਗੇ ਵਧਣਾ ਰੁਕ ਗਿਆ। ਉਸਨੇ ਉੱਥੇ ਹੀ ਝੰਡੇ ਗੱਡ ਦਿੱਤੇ। ਅਹਿਮਦ ਸ਼ਾਹ ਨੇ ਫੌਜ ਦੇ ਚਾਰੇ ਪਾਸੇ ਘੁੰਮ ਘੁੰਮ ਕੇ ਹਰੇਕ ਨੂੰ ਹਦਾਇਤ ਕੀਤੀ ਕਿ 'ਜਿੱਥੇ ਹੋ,ਬਸ, ਉੱਥੇ ਹੀ ਡਟੇ ਰਹੋ; ਅੱਗੇ ਵਧ ਕੇ ਨਵੀਂ ਜਗ੍ਹਾ ਜਾਣ ਦੀ ਬਿਲਕੁਲ ਕੋਸ਼ਿਸ਼ ਨਹੀਂ ਕਰਨੀ।' ਉਸਨੇ ਨਸੀਰ ਕੋਲ ਜਾ ਕੇ ਕਿਹਾ ਕਿ 'ਬਲੋਚ ਫੌਜ ਮੇਰੀ ਸੱਜੀ ਬਾਂਹ ਹੈ। ਬਸ, ਇੰਜ ਹੀ ਕੋਹਕਾਫ਼ ਵਾਂਗ ਅਟੱਲ ਖੜ੍ਹੇ ਰਹੋ, ਮੇਰੇ ਹੁਕਮ ਦੇ ਬਗੈਰ ਇਕ ਕਦਮ ਵੀ ਅੱਗੇ ਨਹੀਂਓਂ ਵਧਣਾ।'
ਠੀਕ ਮੌਕਾ ਦੇਖ ਕੇ ਸ਼ਾਹ ਨੇ ਹਮਲਾ ਕਰਨ ਦਾ ਹੁਕਮ ਦਿੱਤਾ ਤੇ ਉਸਦੀ ਫੌਜ ਬੜੇ ਜੋਸ਼ ਨਾਲ ਅੱਗੇ ਵਧੀ। ਜਦੋਂ ਉਹ ਦੋ ਤਿੰਨ ਕੋਹ ਅੱਗੇ ਵਧੇ ਤਾਂ ਇਕ ਵੀ ਸਿੱਖ ਮੈਦਾਨ ਵਿਚ ਨਜ਼ਰ ਨਹੀਂ ਸੀ ਆਇਆ। ਇਸ ਲਈ ਗਾਜੀ ਵਾਪਸ ਪਰਤ ਪਏ। ਉਹਨਾਂ ਦੇ ਪਿੱਠ ਮੋੜਨ ਦੀ ਦੇਰ ਸੀ ਕਿ ਸਿੰਘ ਪਲਟ ਆਏ ਤੇ ਗਾਜੀਆਂ ਉੱਤੇ ਚਾਰੇ ਪਾਸਿਓਂ ਟੁੱਟ ਪਏ। ਅਹਿਮਦ ਸ਼ਾਹ ਇਕ ਵਾਰੀ ਫੇਰ ਆਪਣੀ ਫੌਜ ਦੇ ਇਰਦ ਗਿਰਦ ਘੁੰਮ ਘੁੰਮ ਕੇ ਥਾਵੇਂ ਡਟ ਜਾਣ ਦੀਆਂ ਹਦਾਇਤਾਂ ਕਰਦਾ ਨਜ਼ਰ ਆਇਆ—'ਆਪਣੀ ਜਗ੍ਹਾ ਖੜ੍ਹੇ ਰਹੋ; ਦੁਸ਼ਮਣ ਨੂੰ ਪਿੱਛੇ ਹਟਦਾ ਦੇਖ ਕੇ ਅੱਗੇ ਨਾ ਵਧੋ; ਅੱਗੇ ਵਧਣ ਵਿਚ ਖ਼ਤਰਾ ਹੈ।'
ਸ਼ਾਹ ਦਾ ਕਿਉਂਕਿ ਆਪਣੀ ਫੌਜ ਨੂੰ ਅੱਗੇ ਵਧਣ ਦਾ ਹੁਕਮ ਨਹੀਂ ਸੀ, ਇਸ ਲਈ ਹਮਲੇ ਸਿਰਫ ਸਿੱਖਾਂ ਨੇ ਕੀਤੇ। ਅਫ਼ਗਾਨ ਤੇ ਬਲੋਚ ਸਿਰਫ ਆਪਣਾ ਬਚਾ ਹੀ ਕਰਦੇ ਰਹੇ। ਲੜਾਈ ਸਾਰਾ ਦਿਨ ਇਸੇ ਤਰ੍ਹਾਂ ਚਲਦੀ ਰਹੀ। ਰਾਤ ਹੋਈ ਤਾਂ ਦੋਹੇਂ ਧਿਰਾਂ ਆਪੋ ਆਪਣੇ ਠਿਕਾਣਿਆਂ ਉੱਤੇ ਚਲੀਆਂ ਗਈਆਂ।
ਤੀਜੇ ਦਿਨ ਦੀ ਲੜਾਈ ਵੀ ਪਹਿਲੇ ਦੋ ਦਿਨਾਂ ਵਰਗੀ ਹੀ ਸੀ। ਅਫ਼ਗਾਨ ਤੇ ਬਲੋਚ ਸੂਰਜ ਨਿਕਦਿਆਂ ਹੀ ਘੋੜਿਆਂ ਉਪਰ ਸਵਾਰ ਹੋਏ ਤੇ ਅੱਗੇ ਵੱਲ ਕੂਚ ਕੀਤਾ। ਉਹ ਅਜੇ ਪੰਜ ਕੋਹ ਹੀ ਜਾ ਸਕੇ ਸਨ ਕਿ ਸਿੱਖਾਂ ਨੇ ਰਸਤਾ ਆਣ ਰੋਕਿਆ। ਨੂਰ ਮੁਹੰਮਦ ਦੇ ਸ਼ਬਦਾਂ ਵਿਚ—'ਉਹ ਪਹਿਲੇ ਦੋ ਦਿਨਾਂ ਵਾਂਗ ਹੀ ਲੜੇ ਤੇ ਉਹੀ ਦਾਅ-ਪੇਚ ਵਰਤਦੇ ਰਹੇ। ਉਹ ਸ਼ੇਰਾਂ ਵਾਂਗ ਝਪਟਦੇ ਸਨ ਤੇ ਲੂੰਬੜਾਂ ਵਾਂਗ ਝੱਟ ਪਰਤ ਜਾਂਦੇ ਸਨ। ਉਹਨਾਂ ਨੂੰ ਭੱਜਦਿਆਂ ਨੂੰ ਵੀ ਸ਼ਰਮ ਨਹੀਂ ਸੀ ਆਉਂਦੀ! ਮੈਦਾਨ ਵਿਚ ਜੰਮ ਕੇ ਲੜਦੇ ਹੀ ਨਹੀਂ ਸਨ। ਜਰਾ ਫ਼ਾਸਲੇ ਤੋਂ ਗੋਲੀਆਂ ਦੀ ਵਾਛੜ ਕਰਦੇ, ਫੇਰ ਮੈਦਾਨ ਛੱਡ ਕੇ ਭੱਜ ਜਾਂਦੇ। ਉਹਨਾਂ ਕੰਬਖ਼ਤ ਕੁੱਤਿਆਂ ਨੇ ਈਮਾਨ ਦੇ ਰਾਖੇ ਸ਼ਾਹ ਦੀ ਫੌਜ ਦਾ ਪਿੱਛਾ ਕੀਤਾ, ਜਿਵੇਂ ਹੀ ਸ਼ਾਹ ਰੁਕਦਾ ਸੀ ਇਹ ਕਲਮੂੰਹੇ ਕੁੱਤੇ ਉਸ ਉੱਤੇ ਟੁੱਟ ਪੈਂਦੇ ਸਨ।'
ਚੌਥੇ ਦਿਨ ਦੀ ਲੜਾਈ ਕਪੂਰਥਲੇ ਦੇ ਨੇੜੇ ਹੋਈ। ਜਿਸ ਵਿਚ ਦੁਰਾਨੀ ਦੇ ਆਦਮੀਆਂ ਤੇ ਪਸ਼ੂਆਂ ਦਾ ਕਾਫੀ ਨੁਕਸਾਨ ਹੋਇਆ।
ਨੂਰ ਮੁਹੰਮਦ ਨੇ ਪੰਜਵੇਂ ਤੇ ਛੇਵੇਂ ਦਿਨ ਦੀ ਲੜਾਈ ਬਾਰੇ ਕੁਝ ਵੀ ਨਹੀਂ ਲਿਖਿਆ। ਪਰ ਸੱਤਵੇਂ ਦਿਨ ਦੀ ਲੜਾਈ ਦਾ ਵੇਰਵਾ ਇੰਜ ਹੈ, ਜਿਹੜੀ ਬਿਆਸ ਦੇ ਦੱਖਣ ਵਿਚ ਹੋਈ ਤੇ ਜਿਸ ਵਿਚ ਸਿੱਖਾਂ ਦੀ ਗਿਣਤੀ 30 ਹਜ਼ਾਰ ਸੀ। ਨੂਰ ਮੁਹੰਮਦ ਨੇ ਭਾਵੇਂ ਸਿੱਖਾਂ ਲਈ—'ਕੰਬਖ਼ਤ ਕਾਫ਼ਿਰ', 'ਸੂਰ ਖਾਣੇ', 'ਕਲਮੂੰਹੇਂ ਕੁੱਤੇ' ਆਦੀ ਨਫ਼ਰਤ ਭਰੇ ਸ਼ਬਦਾਂ ਦੀ ਵਰਤੋਂ ਕੀਤੀ ਹੈ, ਪਰ ਉਸਦੀ ਕਿਤਾਬ 'ਜੰਗਨਾਮਾ' ਵਿਚ ਹੀ ਇਹ ਗੱਲ ਸਿੱਧ ਹੋ ਜਾਂਦੀ ਹੈ ਕਿ ਉਹ ਆਪਣੇ ਇਹਨਾਂ ਸ਼ਬਦਾਂ ਦੀ ਵਰਤੋਂ ਉੱਤੇ ਆਪ ਵੀ ਸ਼ਰਮਿੰਦਾ ਹੈ ਤੇ ਖਾਲਸੇ ਦੀ ਬਹਾਦਰੀ ਦਾ ਕਇਲ ਵੀ।
'ਸਿੰਘ ਨੂੰ ਸੰਗ ਨਾ ਕਹੋ ਕਿਉਂਕਿ ਉਹ ਸ਼ੇਰ ਨੇ ਤੇ ਮਰਦਾਨਗੀ ਦੇ ਮੈਦਾਨ ਵਿਚ ਮਰਦਾਂ ਵਾਂਗ ਦਲੇਰ ਨੇ।'
'ਰਣ ਦਾ ਜਿਹੜਾ ਸੂਰਮਾ ਮੈਦਾਨ ਵਿਚ ਸ਼ੇਰ ਵਾਂਗ ਗਰਜਦਾ ਹੈ ਭਲਾ 'ਸੰਗ' ਕਿੰਜ ਹੋ ਸਕਦਾ ਹੈ? ਜੇ ਤੁਹਾਨੂੰ ਲੜਾਈ ਦੇ ਪੈਂਤਰੇ ਸਿੱਖਣ ਦੀ ਇੱਛਾ ਹੈ ਤਾਂ ਆਓ ਰਣਭੂਮੀ ਵਿਚ ਇਹਨਾਂ ਦੇ ਸਾਹਮਣੇ ਖਲੋਵੋ।'
'ਉਹ ਜੰਗ ਦੇ ਤੁਹਾਨੂੰ ਉਹ ਪੈਂਤਰੇ ਦਿਖਾਉਣਗੇ ਕਿ ਸਾਰੇ ਵਾਹ ਵਾਹ ਕਰ ਉਠਣਗੇ।'
ਬਿਆਸ ਪਾਰ ਕਰ ਜਾਣ ਪਿੱਛੋਂ ਖਾਲਸੇ ਨੇ ਅਬਦਾਲੀ ਦਾ ਪਿੱਛਾ ਨਹੀਂ ਕੀਤਾ ਤੇ ਉਹ ਵੀ ਬਿਆਸ ਪਾਰ ਕਰਨ ਪਿੱਛੋਂ ਕਿਤੇ ਨਹੀਂ ਰੁਕਿਆ, ਛੇਤੀ ਤੋਂ ਛੇਤੀ ਅਫ਼ਗਾਨਿਸਤਾਨ ਪਹੁੰਚ ਗਿਆ।
ਪਾਨੀਪਤ ਦੇ ਵਿਜੇਤਾ ਅਹਿਮਦ ਸ਼ਾਹ ਨੂੰ ਖਾਲਸੇ ਨੇ ਅਜਿਹੀ ਕਰਾਰੀ ਹਾਰ ਦਿੱਤੀ ਕਿ ਉਸਦੀ ਦਸਾ 'ਘਰ ਕੇ ਬੁੱਧੂ ਲੌਟ ਕੇ ਆਏ' ਵਾਲੀ ਕਰ ਦਿੱਤੀ ਸੀ।
***

No comments:

Post a Comment