Wednesday 11 August 2010

ਬੋਲੇ ਸੋ ਨਿਹਾਲ : ਅਠਾਰ੍ਹਵੀਂ ਕਿਸ਼ਤ :-

ਅਠਾਰ੍ਹਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਸਿੱਖਾਂ ਨੇ ਪੰਜਾਬ ਨੂੰ ਆਜ਼ਾਦ ਕਰਵਾਉਣ ਦੀ ਪੱਕੀ ਧਾਰੀ ਹੋਈ ਸੀ ਤੇ ਉਹ ਮੁਗਲ ਹਾਕਮਾਂ ਲਈ ਚੁਣੌਤੀ ਬਣੇ ਹੋਏ ਸਨ। ਪਰ ਮੁਗਲ ਸੱਤਾ ਸਮਾਪਤ ਹੋਈ ਤਾਂ ਨਾ ਸਿਰਫ ਪੰਜਾਬ ਉਪਰ ਅਬਦਾਲੀ ਦਾ ਕਬਜਾ ਹੋ ਚੁੱਕਿਆ ਸੀ ਬਲਕਿ ਉਸ ਨੇ ਸਰਹਿੰਦ ਨੂੰ ਵੀ ਆਪਣੇ ਅਫਗਾਨ ਰਾਜ ਵਿਚ ਮਿਲਾ ਲਿਆ ਸੀ ਤੇ ਦਿੱਲੀ ਵਿਚ ਵੀ ਨਜੀਬੂਦੌਲਾ ਨੂੰ ਆਪਣਾ ਮੁਖ਼ਤਿਆਰ ਆਮ ਥਾਪ ਦਿੱਤਾ ਸੀ। ਹੁਣ ਸਿੱਖਾਂ ਦੀ ਟੱਕਰ ਅਫਗਾਨਾਂ ਨਾਲ ਸੀ। ਜ਼ਹਾਨ ਖਾਂ ਨੇ ਅੰਮ੍ਰਿਤਸਰ ਤੇ ਕਰਤਾਰਪੁਰ ਵਿਚ ਜਿਹੜੇ ਜੁਲਮ ਢਾਏ ਤੇ ਧਾਰਮਕ ਸਥਾਨਾ ਦੀ ਬੇਅਦਬੀ ਕੀਤੀ ਸੀ; ਉਸ ਉਪਰ ਸਾਰੇ ਸਿੱਖ ਤੇ ਉਹਨਾਂ ਨਾਲ ਹਮਦਰਦੀ ਰੱਖਣ ਵਾਲੇ ਲੋਕ ਭੜਕ ਉਠੇ। ਉਹ ਹੁਸ਼ਿਆਰਪੁਰ ਦੇ ਉਤਰ ਵਿਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਚਲੇ ਗਏ। ਉੱਥੇ ਉਹਨਾਂ ਜ਼ਹਾਨ ਖਾਂ ਉਪਰ ਹਮਲੇ ਦੀ ਯੋਜਨਾ ਬਣਾਈ, ਜਿਸ ਵਿਚ ਹਾਲਾਤ ਤੋਂ ਮਜ਼ਬੂਰ ਹੋ ਕੇ ਅਦੀਨਾ ਬੇਗ ਵੀ ਉਹਨਾਂ ਨਾਲ ਆ ਰਲਿਆ।
ਜਦੋਂ ਅਬਦਾਲੀ ਨੇ ਹਮਲਾ ਕੀਤਾ ਸੀ, ਅਦੀਨਾ ਬੇਗ ਹਾਂਸੀ ਹਿਸਾਰ ਵੱਲ ਭੱਜ ਗਿਆ ਸੀ, ਜਿੱਥੇ ਪਾਣੀ ਵੀ ਔਖ ਨਾਲ ਮਿਲਦਾ ਸੀ। ਕੁਝ ਸਮੇਂ ਬਾਅਦ ਉਹ ਵੀ ਹੁਸ਼ਿਆਰਪੁਰ ਦੇ ਉਤਰ ਵਿਚ ਸਥਿਤ ਪਹਾੜੀਆਂ ਵਿਚ ਚਲਾ ਗਿਆ ਤੇ ਖਲੀ ਬਲਵਾਨ ਦੀ ਪਹਾੜੀ ਉਪਰ ਆਪਣਾ ਕੈਂਪ ਲਾ ਦਿੱਤਾ। ਤੈਮੂਰ ਸ਼ਾਹ ਦਾ ਸਰਪ੍ਰਸਤ ਬਣਨ ਤੋਂ ਬਾਅਦ ਜ਼ਹਾਨ ਖਾਂ ਨੇ ਪੰਜਾਬ ਵਿਚ ਅਮਨ ਬਹਾਲ ਕਰਨਾ ਸੀ ਤਾਂ ਹੀ ਉਹ ਮਾਲੀਆ ਉਗਰਾਹ ਸਕਦਾ ਸੀ ਤੇ ਤਾਂ ਹੀ ਹਕੂਮਤ ਕਰ ਸਕਦਾ ਸੀ, ਪਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਵਿਚ ਸਿੱਖਾਂ ਨੇ ਆਪਣੀਆਂ ਗਤੀ-ਵਿਧੀਆਂ ਤੇਜ਼ ਕਰ ਦਿੱਤੀਆਂ ਸਨ। ਉਹ ਨਿੱਤ ਨਵਾਂ ਇਲਾਕਾ ਆਪਣੀ ਰਾਖੀ-ਪ੍ਰਣਾਲੀ ਵਿਚ ਅਧੀਨ ਕਰਕੇ ਆਪਣੀ ਸ਼ਕਤੀ ਦਾ ਵਿਸਥਾਰ ਕਰ ਰਹੇ ਸਨ। ਨਾਸਿਰ ਅਲੀ ਖਾਂ ਸਿੱਖਾਂ ਉਪਰ ਕਾਬੂ ਪਾਉਣ ਤੋਂ ਅਸਮਰਥ ਰਿਹਾ ਸੀ। ਇਸ ਲਈ ਜ਼ਹਾਨ ਖਾਂ ਨੇ ਅਦੀਨਾ ਬੇਗ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਜਲੰਧਰ ਦੀ ਫੌਜਦਾਰੀ ਸੰਭਾਲ ਲਏ ਤੇ ਸਾਡੇ ਨਾਲ ਸਹਿਯੋਗ ਕਰੇ ਤਾਂ ਉਸਦੇ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਏਗੀ। ਅਦੀਨਾ ਬੇਗ ਨੇ ਕਹਿ ਭੇਜਿਆ ਕਿ ਉਹ ਜਲੰਧਰ ਦੁਆਬੇ ਦੀ ਫੌਜਦਾਰੀ ਸੰਭਾਲਨ ਤੇ ਸਹਿਯੋਗ ਦੇਣ ਲਈ ਤਿਆਰ ਹੈ, ਸ਼ਰਤ ਇਹ ਹੈ ਕਿ ਉਸਨੂੰ ਇਹ ਛੋਟ ਦਿੱਤੀ ਜਾਏ ਕਿ ਲਾਹੌਰ ਦਰਬਾਰ ਵਿਚ ਪੇਸ਼ ਨਹੀਂ ਹੋਏਗਾ। ਜ਼ਹਾਨ ਖਾਂ ਨੇ ਅਦੀਨਾ ਬੇਗ ਦੀ ਇਹ ਸ਼ਰਤ ਮੰਨ ਲਈ ਤੇ ਤੈਅ ਹੋਇਆ ਕਿ ਉਹ ਜਲੰਧਰ ਦੁਆਬੇ ਦੀ ਫੌਜਦਾਰੀ ਦੇ ਬਦਲੇ ਲਾਹੌਰ ਨੂੰ 36 ਲੱਖ ਰੁਪਏ ਸਾਲਾਨਾ ਲਗਾਨ ਦਏਗਾ।
ਜ਼ਹਾਨ ਖਾਂ ਨੇ ਸੋਚਿਆ ਸੀ ਕਿ ਅਦੀਨਾ ਬੇਗ ਸਿੱਖਾਂ ਨਾਲ ਖ਼ੁਦ ਨਿੱਬੜ ਲਏਗਾ ਤੇ ਉਸਦੀ ਹਕੂਮਤ ਦੇ ਵਿਰੁੱਧ ਕੋਈ ਸਾਜਿਸ਼ ਨਹੀਂ ਕਰੇਗਾ।
ਸਿੱਖ ਇਸ ਸਮੇਂ ਜਲੰਧਰ ਦੁਆਬੇ ਦੇ ਆਸ-ਪਾਸ ਆਪਣੀ ਸ਼ਕਤੀ ਵਧਾ ਰਹੇ ਸਨ। ਇਸ ਲਈ ਕਿਤੇ ਕਿਤੇ ਅਦੀਨਾ ਬੇਗ ਨਾਲ ਝੜਪ ਹੋ ਜਾਣੀ ਸੁਭਾਵਿਕ ਸੀ। ਪਹਿਲੀ ਟੱਕਰ ਉਦੋਂ ਹੋਈ ਜਦੋਂ ਜੱਸਾ ਸਿੰਘ ਆਹਲੂਵਾਲੀਆ ਆਪਣੇ ਜੱਥੇ ਨਾਲ ਤਰਨਤਾਰਨ ਤੋਂ ਫਤਹਾਬਾਦ ਵੱਲ ਜਾ ਰਿਹਾ ਸੀ। ਇਸ ਟੱਕਰ ਵਿਚ ਕੁਤਬ ਖਾਂ ਆਹਲੂਵਾਲੀਆ ਦੇ ਤੀਰ ਨਾਲ ਜ਼ਖ਼ਮੀਂ ਹੋਇਆ ਤੇ ਤਲਵਾਰ ਦੇ ਇਕ ਵਾਰ ਨੇ ਸੱਯਦ ਖਾਂ ਦੀ ਬਾਂਹ ਕੱਟ ਲਈ। ਇੱਥੋਂ ਖਾਨ ਜਲਾਲਾਬਾਦ ਵੱਲ ਭੱਜ ਗਿਆ ਤੇ ਜੱਸਾ ਸਿੰਘ ਨੇ ਫਤਹਾਬਾਦ ਉਪਰ ਕਬਜਾ ਕਰ ਲਿਆ।
ਇੱਥੋਂ ਸਰਦਾਰ ਆਹਲੂਵਾਲੀਆ ਜਲਦੀ ਹੀ ਦੁਆਬੇ ਵਿਚ ਆ ਗਿਆ। ਉਹਨੀਂ ਦਿਨੀਂ ਅਦੀਨਾ ਬੇਗ ਨੇ ਮਾਲੀਏ ਦੀ ਉਗਰਾਈ ਸ਼ੁਰੂ ਕੀਤੀ ਹੋਈ ਸੀ। ਜਦੋਂ ਉਗਰਾਈ ਕਰਨ ਵਾਲੇ ਜੇਡੌਲੀ ਪਿੰਡ ਵਿਚ ਪਹੁੰਚੇ, ਕਿਸਾਨਾ ਨੇ ਮਾਲੀਆ ਦੇਣ ਤੋਂ ਇਨਕਾਰ ਕਰ ਦਿੱਤਾ। ਸ਼ਾਇਦ ਉਥਲ-ਪੁਥਲ ਕਾਰਨ ਫਸਲ ਠੀਕ ਨਹੀਂ ਸੀ ਹੋਈ ਜਾਂ ਸ਼ਾਇਦ ਮੀਹਾਂ ਕਾਰਨ ਕਾਫੀ ਨੁਕਸਾਨ ਹੋ ਗਿਆ ਸੀ। ਮੁੱਕਦੀ ਗੱਲ ਇਹ ਕਿ ਇਸ ਗੱਲ ਉਪਰ ਝਗੜਾ ਹੋ ਗਿਆ। ਦੁਖੀ ਲੋਕਾਂ ਲਈ ਇਕੋ ਚਾਰਾ ਸੀ ਕਿ ਉਹ ਕਿਸੇ ਸਿੱਖ ਸਰਦਾਰ ਦੀ ਰਾਖੀ ਵਿਚ ਚਲੇ ਜਾਣ। ਜੇਡੌਲੀ ਦੇ ਉਤਰ-ਪੱਛਮ ਵਿਚ ਜੱਸਾ ਸਿੰਘ ਆਹਲੂਵਾਲੀਆ ਦਾ ਇਲਾਕਾ ਸੀ। ਪਿੰਡ ਦਾ ਚੌਧਰੀ ਗੈਂਡਾ ਰਾਜਪੂਤ ਜੱਸਾ ਸਿੰਘ ਆਹਲੂਵਾਲੀਆ ਦੀ ਸੇਵਾ ਵਿਚ ਹਾਜ਼ਰ ਹੋਇਆ ਤੇ ਰਾਖੀ ਕਰਨ ਲਈ ਬੇਨਤੀ ਕੀਤੀ। ਜੱਸਾ ਸਿੰਘ ਨੇ ਦੇਵਾ ਸਿੰਘ ਨੂੰ ਆਪਣਾ ਥਾਨੇਦਾਰ ਬਣਾ ਕੇ ਜੇਡੌਲੀ ਭੇਜ ਦਿੱਤਾ ਤੇ ਅਦੀਨਾ ਬੇਗ ਨੂੰ ਕਹਿ ਭੇਜਿਆ ਕਿ ਇਹ ਪਿੰਡ ਸਾਡੀ ਰੱਈਅਤ ਹੈ, ਤੁਸੀਂ ਇੱਥੋਂ ਤੋਂ ਮਾਲੀਆ ਨਹੀਂ ਉਗਰਾਅ ਸਕਦੇ।
ਇਧਰ ਅਦੀਨਾ ਬੇਗ ਨੂੰ ਮਾਲੀਆ ਉਗਰਾਉਣ ਵਿਚ ਪ੍ਰੇਸ਼ਾਨੀ ਹੋ ਰਹੀ ਸੀ ਤੇ ਉਧਰ ਜ਼ਹਾਨ ਖਾਂ ਨੇ ਫੌਰਨ 36 ਲੱਖ ਰੁਪਏ ਭੇਜ ਦੇਣ ਦਾ ਸੁਨੇਹਾ ਘੱਲ ਦਿੱਤਾ ਸੀ। ਅਦੀਨਾ ਬੇਗ ਨੇ ਉਤਰ ਦਿੱਤਾ ਕਿ ਉਸਨੂੰ ਫੌਜਦਾਰੀ ਸੰਭਾਲਿਆਂ ਅਜੇ ਸਿਰਫ ਦੋ ਮਹੀਨੇ ਹੋਏ ਨੇ। ਪਹਿਲਾਂ ਅਮਨ-ਸ਼ਾਤੀ ਬਹਾਲ ਕਰਨੀ ਹੈ। ਜਦੋਂ ਫਸਲ ਆਏਗੀ, ਲਗਾਨ ਵਸੂਲ ਕੀਤਾ ਜਾਏਗਾ ਤੇ ਸਾਲ ਪੂਰਾ ਹੋਣ ਉਪਰ ਇਹ ਰਕਮ ਭੇਜ ਦਿੱਤੀ ਜਾਏਗੀ। ਜ਼ਹਾਨ ਖਾਂ ਨੇ ਅਦੀਨਾ ਬੇਗ ਦੀ ਇਸ ਦਲੀਲ ਨੂੰ ਨਹੀਂ ਸੁਣਿਆਂ ਤੇ ਉਸਨੂੰ ਲਾਹੌਰ ਦਰਬਾਰ ਵਿਚ ਹਾਜ਼ਰ ਹੋਣ ਦਾ ਹੁਕਮ ਦਿੱਤਾ। ਅਸਲ ਵਿਚ ਜ਼ਹਾਨ ਖਾਂ ਅਦੀਨਾ ਬੇਗ ਉਪਰ ਚਿੜਿਆ ਹੋਇਆ ਸੀ ਤੇ ਉਸਨੂੰ ਲਾਹੌਰ ਦਰਬਾਰ ਵਿਚ ਬੁਲਾਉਣ ਦਾ ਬਹਾਨਾ ਲੱਭ ਰਿਹਾ ਸੀ।
ਅਦੀਨਾ ਬੇਗ ਨੂੰ ਜ਼ਹਾਨ ਖਾਂ ਦੀ ਨੀਅਤ ਉਤੇ ਸ਼ੱਕ ਸੀ—ਉਸਨੇ ਲਾਹੌਰ ਜਾਣ ਤੋਂ ਸਾਫ ਇਨਕਾਰ ਕਰ ਦਿੱਤਾ।
ਜ਼ਹਾਨ ਖਾਂ ਚਿੜਚਿੜੇ ਸੁਭਾਅ ਦਾ ਤਾਂ ਸੀ ਹੀ। ਉਸਨੇ ਮੁਰਾਦ ਖਾਂ ਨੂੰ ਇਕ ਵੱਡੀ ਫੌਜ ਦੇ ਕੇ ਭੇਜਿਆ ਕਿ ਉਹ ਅਦੀਨਾ ਬੇਗ ਨੂੰ ਗਿਰਫਤਾਰ ਕਰ ਲਿਆਏ। ਬੁਲੰਦ ਖਾਂ ਨੂੰ ਉਸਦੀ ਸਹਾਇਤਾ ਲਈ ਨਾਲ ਭੇਜਿਆ ਤੇ ਸਰਹਿੰਦ ਦੇ ਨਾਇਬ ਫੌਜਦਾਰ ਸਾਦਿਕ ਬੇਗ ਨੂੰ ਵੀ ਹੁਕਮ ਦਿੱਤਾ ਕਿ ਉਹ ਵੀ ਆਪਣੀ ਫੌਜ ਲੈ ਕੇ ਆ ਜਾਏ।
ਅਦੀਨਾ ਬੇਗ ਵੀ ਪੂਰਾ ਖਰਾਂਟ ਆਦਮੀ ਸੀ। ਉਹ ਜਾਣਦਾ ਸੀ, ਦੁਸ਼ਮਣ ਦੀ ਏਡੀ ਵੱਡੀ ਫੌਜ ਦਾ ਮੁਕਾਬਲਾ ਕਰਨਾ ਸੰਭਵ ਨਹੀਂ। ਉਹ ਫੇਰ ਪਹਾੜਾਂ ਵੱਲ ਚਲਾ ਗਿਆ ਤੇ ਇਕ ਅਜਿਹੀ ਜਗ੍ਹਾ ਮੋਰਚਾ ਬਣਾ ਲਿਆ ਜਿੱਥੋਂ ਹਾਰ ਜਾਣ ਦੀ ਸੂਰਤ ਵਿਚ ਭੱਜ ਕੇ ਜਾਨ ਬਚਾਈ ਜਾ ਸਕਦੀ ਸੀ। ਉਸਨੇ ਸੋਢੀ ਵਡਭਾਗ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਨੂੰ ਬੇਨਤੀ ਕੀਤੀ ਕਿ ਉਹ ਜ਼ਹਾਨ ਖਾਂ ਦੇ ਵਿਰੁੱਧ ਉਸਦੀ ਮਦਦ ਕਰਨ। ਉਹ ਤਾਂ ਪਹਿਲਾਂ ਹੀ ਅਜਿਹੇ ਮੌਕੇ ਦੀ ਭਾਲ ਵਿਚ ਸਨ। ਜ਼ਹਾਨ ਖਾਂ ਤੋਂ ਬਦਲਾ ਲੈਣ ਲਈ ਖਾਰ ਖਾਈ ਬੈਠੇ ਸਨ। ਸਾਰਾ ਦਲ-ਖਾਲਸਾ ਲੜਨ ਲਈ ਤਿਆਰ ਹੋ ਗਿਆ।
ਦਸੰਬਰ 1757 ਵਿਚ ਹੁਸ਼ਿਆਰਪੁਰ ਜ਼ਿਲੇ ਦੇ ਮਾਹਲਪੁਰ ਸ਼ਹਿਰ ਲਾਗੇ ਅਫਗਾਨਾਂ ਨਾਲ ਟੱਕਰ ਹੋਈ। ਖਾਲਸੇ ਲਈ ਅਫਗਾਨ ਸਿਪਾਹੀਆਂ ਤੇ ਅਦੀਨਾ ਬੇਗ ਦੇ ਸਿਪਾਹੀਆਂ ਨੂੰ ਵੱਖ ਵੱਖ ਪਛਾਨਣਾ ਮੁਸ਼ਕਲ ਸੀ। ਇਸ ਲਈ ਫੈਸਲਾ ਹੋਇਆ ਕਿ ਅਦੀਨਾ ਬੇਗ ਦੇ ਸਿਪਾਹੀ ਆਪਣੇ ਸਿਰਾਂ ਉਪਰ ਹਰੀ ਘਾਹ ਬੰਨ੍ਹ ਲੈਣ। ਅਫਗਾਨਾਂ ਕੋਲ ਛੋਟੀਆਂ ਤੋਪਾਂ ਸਨ। ਉਹਨਾਂ ਦੀ ਗਿਣਤੀ ਵੀ ਖਾਸੀ ਸੀ ਪਰ ਦ੍ਰਿੜ੍ਹ ਸੰਕਲਪ ਖਾਲਸਾ ਦੇ ਸਾਹਵੇਂ ਉਹ ਟਿਕ ਨਹੀਂ ਸਕੇ। ਬੁਲੰਦ ਖਾਂ ਲੜਦਾ ਹੋਇਆ ਮਾਰਿਆ ਗਿਆ ਤੇ ਮੁਰਾਦ ਖਾਂ ਮੈਦਾਨ ਛੱਡ ਕੇ ਭੱਜ ਗਿਆ। ਅਫਗਾਨ ਫੌਜ ਦੇ ਪੈਰ ਉੱਖੜ ਗਏ। ਖਾਲਸੇ ਦੀ ਜਿੱਤ ਹੋਈ।
ਹੁਣ ਦੁਆਬੇ ਵਿਚ ਸਿੱਖਾਂ ਦਾ ਬੋਲਬਾਲਾ ਸੀ। ਹਰ ਜਗ੍ਹਾ ਜੱਸਾ ਸਿੰਘ ਆਹਲੂਵਾਲੀਆ ਦੀ ਬਹਾਦਰੀ ਦੇ ਚਰਚੇ ਸਨ। ਦੁਆਬੇ ਦੇ ਸਾਰੇ ਜ਼ਿਲਿਆਂ ਵਿਚ ਆਪਣੇ ਵਿਰੋਧੀਆਂ ਨੂੰ ਦਰੜਦੇ ਤੇ ਲੁੱਟਮਾਰ ਕਰਦੇ ਹੋਏ ਸਿੱਖ ਜਲੰਧਰ ਵਿਚ ਜਾ ਪਹੁੰਚੇ। ਖ਼ੁਦ ਅਦੀਨਾ ਬੇਗ ਨੇ ਉਹਨਾਂ ਨੂੰ ਸ਼ਹਿਰ ਲੁੱਟਣ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ। ਖਾਲਸੇ ਨੇ ਆਪਣੇ ਦੁਸ਼ਮਣਾ ਤੋਂ ਜੀਅ ਭਰ ਕੇ ਬਦਲਾ ਲਿਆ। ਨਾਸਿਰ ਅਲੀ ਖਾਂ ਦਾ, ਜਿਸਨੇ ਕਰਤਾਰਪੁਰ ਦੇ ਸਿੱਖਾਂ ਉਪਰ ਜੁਲਮ ਢਾਏ ਸਨ, ਬੱਚਾ-ਬੱਚੀ ਕਤਲ ਕਰ ਦਿੱਤਾ ਗਿਆ ਤੇ ਉਸਦੇ ਘਰ ਨੂੰ ਲੁੱਟ ਕੇ ਅੱਗ ਲਾ ਦਿੱਤੀ।
ਜ਼ਹਾਨ ਖਾਂ ਨੂੰ ਜਦੋਂ ਮਾਹਲਪੁਰ ਵਿਚ ਅਫਗਾਨ ਫੌਜ ਦੇ ਮਾਤ ਖਾ ਜਾਣ ਦੀ ਖਬਰ ਮਿਲੀ ਤਾਂ ਉਸਨੇ ਸਿਰ ਪਿੱਟ ਲਿਆ। ਉਹ ਤੁਰੰਤ ਲਾਹੌਰ ਤੋਂ ਤੁਰ ਪਿਆ। ਹਾਰੀ ਸੈਨਾ ਉਸਨੂੰ ਬਟਾਲੇ ਵਿਚ ਮਿਲੀ। ਉਸਨੇ ਮੁਰਾਦ ਖਾਂ ਨੂੰ ਦੇਖਿਆ ਤਾਂ ਗੁੱਸੇ ਨਾਲ ਲੋਹਾ ਲਾਖਾ ਹੋ ਕੇ ਹੁਕਮ ਦਿੱਤਾ, “ਇਸ ਸੂਰ ਨੂੰ ਦਰਖ਼ਤ ਨਾਲ ਬੰਨ੍ਹ ਕੇ ਵੀਹ ਬੈਂਤਾਂ ਮਾਰੋ।”
ਅਦੀਨਾ ਬੇਗ ਜ਼ਹਾਨ ਖਾਂ ਨਾਲ ਅਹਮਣੇ-ਸਾਹਮਣੇ ਦੀ ਲੜਾਈ ਲੜਨ ਲਈ ਤਿਆਰ ਨਹੀਂ ਸੀ। ਉਸਦੀ ਫੌਜੀ ਤਾਕਤ ਮਾਹਲਪੁਰ ਦੀ ਲੜਾਈ ਵਿਚ ਕੰਮਜ਼ੋਰ ਹੋ ਚੁੱਕੀ ਸੀ ਤੇ ਉਸਦੇ ਸਹਾਇਕ ਸਿੱਖ ਦੁਆਬੇ ਵਿਚ ਖਿੱਲਰ ਗਏ ਸਨ। ਉਹ ਫੇਰ ਸ਼ਿਵਾਲਿਕ ਦੀਆਂ ਪਹਾੜੀਆਂ ਵੱਲ ਚਲਾ ਗਿਆ; ਜਿੱਥੇ ਉਸਦਾ ਪਿੱਛਾ ਕਰਨਾ ਆਸਾਨ ਨਹੀਂ ਸੀ। ਜ਼ਹਾਨ ਖਾਂ ਸਰਫਰਾਜ ਖਾਂ ਨੂੰ ਜਲੰਧਰ ਦੁਆਬੇ ਦਾ ਹਾਕਮ ਬਣਾ ਕੇ ਖ਼ੁਦ ਲਾਹੌਰ ਪਰਤ ਗਿਆ। ਸਿੱਖਾਂ ਨੇ ਸਰਫਰਾਜ ਖਾਂ ਨੂੰ ਇਕ ਪਲ ਲਈ ਵੀ ਚੈਨ ਨਹੀਂ ਲੈਣ ਦਿੱਤਾ। ਉਹ ਪਹਾੜਾਂ ਵਿਚੋਂ ਨਿਕਲ ਆਏ ਤੇ ਪੂਰੇ ਦੁਆਬੇ ਵਿਚ ਉਥਲ-ਪੁਥਲ ਮਚਾ ਦਿੱਤੀ। ਇਕ ਮਹੀਨੇ ਤਕ ਸੰਘਰਸ਼ ਜਾਰੀ ਰਿਹਾ। ਉੱਥੇ ਜਿੰਨੇ ਅਫਗਾਨ ਸੈਨਕ ਸਨ, ਖਾਲਸੇ ਨੇ ਮਾਰ ਮਾਰ ਕੇ ਭਜਾ ਦਿੱਤੇ।
ਖਾਲਸਾ ਹੁਣ ਅਫਗਾਨਾਂ ਨੂੰ ਕਿਤੇ ਵੀ ਟਿਕਣ ਨਹੀਂ ਸੀ ਦੇ ਰਿਹਾ। ਲਾਹੌਰ ਤੋਂ ਖ਼ਵਾਜ਼ਾ ਅਬਦੁੱਲਾ ਖਾਂ ਨੂੰ 20 ਹਜ਼ਾਰ ਘੋੜਸਵਾਰ ਦੇ ਕੇ ਭੇਜਿਆ ਗਿਆ। ਖਾਲਸੇ ਦੇ ਹੱਥੋਂ ਉਸਨੂੰ ਵੀ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ। ਅਬਦਾਲੀ ਜਿਹੜੀਆਂ ਤੋਪਾਂ ਲਾਹੌਰ ਛੱਡ ਗਿਆ ਸੀ, ਸਾਰੀਆਂ ਸਿੱਖਾਂ ਦੇ ਹੱਥ ਲੱਗ ਗਈਆਂ ਸਨ।
ਹੁਣ ਸਿੱਖ ਬਿਆਸ ਨਦੀ ਪਾਰ ਕਰਕੇ ਬਾਰੀ ਦੁਆਬੇ ਵਿਚ ਆ ਪਹੁੰਚੇ ਸਨ। ਬਟਾਲਾ ਤੇ ਜਲੰਧਰ ਨੂੰ ਵੀ ਉਹਨਾਂ ਆਪਣੀ ਰਾਖੀ-ਪ੍ਰਣਾਲੀ ਵਿਚ ਸ਼ਾਮਲ ਕਰ ਲਿਆ ਸੀ। ਲਾਹੌਰ ਦੀਆਂ ਬਾਹਰੀ ਬਸਤੀਆਂ ਵੀ ਸੁਰੱਖਿਅਤ ਨਹੀਂ ਸਨ ਰਹੀਆਂ; ਹਰ ਰਾਤ ਹਜ਼ਾਰਾਂ ਸਿੱਖ ਲਾਹੌਰ ਉੱਤੇ ਹੱਲਾ ਬੋਲਦੇ ਤੇ ਇਹਨਾਂ ਬਸਤੀਆਂ ਨੂੰ ਲੁੱਟ ਕੇ ਲੈ ਜਾਂਦੇ। ਉਹਨਾਂ ਦਾ ਪਿੱਛਾ ਕਰਨ ਲਈ ਕੋਈ ਫੌਜ ਨਹੀਂ ਸੀ ਭੇਜੀ ਜਾਂਦੀ ਤੇ ਸ਼ਹਿਰ ਦੇ ਦਰਵਾਜੇ ਦਿਨ ਦੇ ਛਿਪਾਅ ਤੋਂ ਇਕ ਘੰਟਾ ਬਾਅਦ ਬੰਦ ਕਰ ਦਿੱਤੇ ਜਾਂਦੇ ਸਨ।
ਸਰਕਾਰ ਪੂਰੀ ਤਰ੍ਹਾਂ ਪਿੰਗਲੀ ਹੋ ਗਈ ਜਾਪਦੀ ਸੀ। ਨਵੰਬਰ 1757 ਤੋਂ ਫਰਬਰੀ 1758 ਤਕ ਅਰਾਜਕਤਾ ਦੀ ਸਥਿਤੀ ਬਣੀ ਰਹੀ। ਲੋਕ ਖਾਲਸੇ ਦੇ ਘੋੜਿਆਂ ਦੀ ਟਾਪ ਸੁਣ ਕੇ ਸਹਿਮ ਜਾਂਦੇ ਸਨ।
ਫੇਰ ਸਿੱਖਾਂ ਦੇ ਹੱਥ ਅਜਿਹਾ ਮੌਕਾ ਆਇਆ ਕਿ ਉਹਨਾਂ ਤੈਮੂਰ ਤੇ ਉਸਦੇ ਸਰਪ੍ਰਸਤ ਜ਼ਹਾਨ ਖਾਂ ਨੂੰ ਵੀ ਲਾਹੌਰ ਵਿਚੋਂ ਭਜਾਅ ਦਿੱਤਾ।
***
ਕਿੱਥੇ ਤਾਂ ਅਦੀਨਾ ਬੇਗ ਲਾਹੌਰ ਦੀ ਨਵਾਬੀ ਦੇ ਸੁਪਨੇ ਦੇਖ ਰਿਹਾ ਸੀ ਤੇ ਕਿੱਥੇ ਜਲੰਧਰ ਦੁਆਬੇ ਦੀ ਫੌਜਦਾਰੀ ਵੀ ਉਸਦੇ ਹੱਥੋਂ ਨਿਕਲ ਚੁੱਕੀ ਸੀ। ਭਾਵੇਂ ਉਸਨੇ ਸਿੱਖਾਂ ਦੀ ਮਦਦ ਨਾਲ ਮੁਰਾਦ ਖਾਂ ਤੇ ਬੁਲੰਦ ਖਾਂ ਨੂੰ ਹਰਾ ਦਿੱਤਾ ਸੀ, ਫੇਰ ਵੀ ਉਸਨੂੰ ਇਕ ਪਾਸੇ ਇਹ ਡਰ ਸੀ ਕਿ ਜਦੋਂ ਅਬਦਾਲੀ ਖ਼ੁਦ ਹਮਾਲਾ ਕਰੇਗਾ ਤਾਂ ਉਹ ਅਫਗਾਨਾਂ ਦਾ ਮੁਕਬਲਾ ਨਹੀਂ ਕਰ ਸਕੇਗਾ।...ਤੇ ਦੂਜੇ ਪਾਸੇ ਉਸਨੂੰ ਸਿੱਖਾਂ ਦਾ ਵੀ ਡਰ ਸੀ ਕਿਉਂਕਿ ਸਿੱਖ ਪੰਜਾਬ ਦੇ ਦਾਅਵੇਦਾਰ ਸਨ ਤੇ ਹੁਣ—
'ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਇ।'
—ਦੇ ਉਸ ਦਿਨ ਦੇ ਇੰਤਜ਼ਾਰ ਵਿਚ ਸਨ।
ਉਹ ਦੇਖ ਰਿਹਾ ਸੀ ਕਿ ਸਿੱਖਾਂ ਦਾ ਜ਼ੋਰ ਦਿਨੋ-ਦਿਨ ਵਧ ਰਿਹਾ ਹੈ। ਇਹ ਸਭ ਸੋਚ ਕੇ ਉਸਨੇ ਆਪਣੇ ਵਕੀਲ ਹਰ ਲਾਲ ਰਾਹੀਂ ਮਰਾਠਿਆਂ ਨਾਲ ਗੰਢ-ਤੁਪ ਕਰਨ ਦੀ ਯੋਜਨਾ ਬਣਾਈ।
ਮਰਾਠਾ ਸਰਦਾਰ ਰਘੁਨਾਥ ਨੇ ਦਿੱਲੀ ਕੋਲ ਡੇਰੇ ਲਾਏ ਹੋਏ ਸਨ। ਹਰ ਲਾਲ ਉਸਦੇ ਕੋਲ ਗਿਆ ਤੇ ਅਦੀਨਾ ਬੇਗ ਵੱਲੋਂ ਇਹ ਸੁਝਾਅ ਰੱਖਿਆ ਕਿ ਜੇ ਉਹ ਪੰਜਾਬ ਉਪਰ ਚੜ੍ਹਾਈ ਕਰਨ ਤਾਂ ਉਹਨਾਂ ਨੂੰ ਕੂਚ ਦੇ ਹਰੇਕ ਦਿਨ ਦਾ ਇਕ ਲੱਖ ਰੁਪਈਆ ਤੇ ਪੜਾਅ ਵਾਲੇ ਦਿਨ ਦਾ ਪੰਜਾਹ ਹਜ਼ਾਰ ਰੁਪਈਆ ਦਿੱਤਾ ਜਾਏਗਾ। ਬਿੱਲੀ ਭਾਣੇ ਛਿੱਕਾ ਟੁੱਟਿਆ। ਮਰਾਠਿਆਂ ਨੂੰ ਹੋਰ ਕੀ ਚਾਹੀਦਾ ਸੀ, ਰੁਪਏ ਵੀ ਮਿਲ ਰਹੇ ਸਨ ਤੇ ਉਹਨਾਂ ਦੀ ਸ਼ਕਤੀ ਦਾ ਵਿਸਥਾਰ ਸਿੰਧ ਤਕ ਹੋ ਰਿਹਾ ਸੀ।
ਰਘੁਨਾਥ ਨੇ ਆਪਣੀ ਦੋ ਲੱਖ ਫੌਜ ਦੇ ਨਾਲ ਫਰਬਰੀ 1758 ਦੇ ਅਖ਼ੀਰ ਵਿਚ ਪੰਜਾਬ ਵੱਲ ਕੂਚ ਕਰ ਦਿੱਤਾ। ਉਹ ਪੰਜ ਮਾਰਚ ਨੂੰ ਅੰਬਾਲੇ ਦੇ ਨੇੜੇ ਮੁਗਲ ਸਰਾਏ ਪਹੁੰਚ ਗਿਆ। ਉੱਥੋਂ ਚੱਲ ਕੇ 8 ਮਾਰਚ ਨੂੰ ਸਰਾਏ ਬੰਜਾਰਾ ਪਹੁੰਚਿਆ ਤੇ ਹੁਣ ਸਰਹਿੰਦ ਨੇੜੇ ਹੀ ਸੀ।
ਅਦੀਨਾ ਬੇਗ ਨੂੰ ਇਹ ਵਿਸ਼ਵਾਸ ਨਹੀਂ ਸੀ ਕਿ ਮਰਾਠੇ ਮੁੱਖ ਅਫਗਾਨ ਸੈਨਾ ਦਾ ਮੁਕਬਲਾ ਕਰ ਸਕਣਗੇ। ਇਸ ਲਈ ਮਰਾਠਿਆਂ ਨਾਲ ਆਪਣੀ ਸੰਢ-ਗੰਢ ਨੂੰ ਉਸਨੇ ਗੁਪਤ ਹੀ ਰੱਖਿਆ ਸੀ...ਤੇ ਜਿਵੇਂ ਕਿ ਉਸਦੀ ਆਦਤ ਸੀ, ਅਬਦਾਲੀ ਸਰਕਾਰ ਨਾਲ ਸੁਲਾਹ ਦਾ ਦਰਵਾਜ਼ਾ ਵੀ ਖੁੱਲ੍ਹਾ ਰੱਖਿਆ ਸੀ। ਉਸਨੇ ਅੰਬਾਲੇ ਤੋਂ ਤੈਮੂਰ ਸ਼ਾਹ ਤੇ ਜ਼ਹਾਨ ਖਾਂ ਨੂੰ ਚਿੱਠੀ ਲਿਖੀ—'ਮਰਾਠਿਆਂ ਨੇ ਪੰਜਾਬ ਉਪਰ ਅਚਾਨਕ ਚੜ੍ਹਾਈ ਕਰ ਦਿੱਤੀ ਹੈ। ਇਸ ਦੀ ਕੋਈ ਉਮੀਦ ਨਹੀਂ ਸੀ। ਮੈਂ ਹਾਲਾਤ ਨੂੰ ਮੁੱਖ ਰੱਖ ਕੇ ਉਹਨਾਂ ਨਾਲ ਆ ਮਿਲਿਆ ਹਾਂ। ਯਕੀਨ ਰੱਖਣਾ ਕਿ ਮੈਂ ਦੂਰਾਨੀਆਂ ਦਾ ਨਮਕ ਹਲਾਲ ਨੌਕਰ ਹਾਂ ਤੇ ਸਮਾਂ ਆਉਣ 'ਤੇ ਆਪਣੀ ਵਫ਼ਾਦਾਰੀ ਦਾ ਸਬੂਤ ਦਿਆਂਗਾ। ਤੁਸੀਂ ਘੰਟੇ ਭਰ ਦੀ ਵੀ ਦੇਰ ਨਾ ਕਰੋ ਤੇ ਮਰਾਠਿਆਂ ਉਪਰ ਚੜ੍ਹਾਈ ਕਰ ਦਿਓ।'
ਖਾਲਸਾ ਸਰਹਿੰਦ ਦੇ ਖ਼ਿਲਾਫ਼ ਪਹਿਲਾਂ ਹੀ ਦੰਦ ਪੀਹ ਰਿਹਾ ਸੀ। ਉੱਥੋ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬ ਜਾਦਿਆਂ ਨੂੰ ਕੰਧ ਵਿਚ ਚਿਣਵਾਇਆ ਗਿਆ ਸੀ। ਜਿਸ ਤਰ੍ਹਾਂ ਬੰਦਾ ਬਹਾਦਰ ਨੇ ਸਰਹਿੰਦ ਦੀ ਇੱਟ ਨਾਲ ਇੱਟ ਵਜਾਈ ਸੀ, ਉਹ ਇਕ ਵਾਰੀ ਫੇਰ ਇੱਟ ਨਾਲ ਇੱਟ ਵਜਾ ਦੇਣਾ ਚਾਹੁੰਦਾ ਸਨ। ਉਹ ਅਦੀਨਾ ਬੇਗ ਨਾਲ ਇਸ ਸ਼ਰਤ ਨਾਲ ਰਾਜੀ ਹੋ ਗਏ ਕਿ ਸਰਹਿੰਦ ਉੱਤੇ ਪਹਿਲਾ ਹਮਲਾ ਸਿੱਖਾਂ ਦਾ ਹੋਏਗਾ; ਫੇਰ ਕਿਸੇ ਹੋਰ ਦਾ।
ਰਘੁਨਾਥ ਰਾਵ ਸਰਹਿੰਦ ਪਹੁੰਚਿਆ ਤਾਂ ਇਧਰੋਂ ਅਦੀਨਾ ਬੇਗ ਤੇ ਸਿੱਖ ਵੀ ਜਾ ਪਹੁੰਚੇ। ਇਸ ਸਮੇਂ ਸਰਹਿੰਦ ਦਾ ਫੌਜਦਾਰ ਅਸਦੁੱਸ ਸਮਦ ਮੁਹੰਮਦ ਜਈ ਸੀ, ਜਿਸਨੂੰ ਅਹਿਮਦ ਸ਼ਾਹ ਅਬਦਾਲੀ ਇੱਥੇ ਛੱਡ ਗਿਆ ਸੀ। ਅਬਦੁੱਸ ਸਮਦ ਨੇ ਸਰਹਿੰਦ ਦੀ ਖ਼ੂਬ ਮਜ਼ਬੂਤ ਕਿਲਾ ਬੰਦੀ ਕੀਤੀ ਹੋਈ ਸੀ, ਪਰ ਜਦੋਂ ਦੇਖਿਆ ਕਿ ਉਹ ਦੁਸ਼ਮਣ ਦੀ ਵਿਸ਼ਾਲ ਸੈਨਾ ਦਾ ਮੁਕਾਬਲਾ ਨਹੀਂ ਕਰ ਸਕੇਗਾ ਤਾਂ ਉਹ ਕਿਲਾ ਬੰਦ ਕਰਕੇ ਬੈਠ ਗਿਆ। ਮਰਾਠਿਆਂ, ਸਿੱਖਾਂ ਤੇ ਅਦੀਨਾ ਬੇਗ ਨੇ ਕਿਲੇ ਨੂੰ ਘੇਰ ਲਿਆ। ਕੁਝ ਦਿਨਾਂ ਦੀ ਗੋਲਾਬਾਰੀ ਤੋਂ ਪਿੱਛੋਂ ਅਬਦੁੱਸ ਸਮਦ ਤੇ ਉਸਦਾ ਨਾਇਬ ਜੰਗ ਬਾਜ ਖਾਂ ਭੱਜ ਨਿਕਲੇ। ਮਰਾਠਿਆਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਫੜ੍ਹ ਕੇ ਕੈਦ ਕਰ ਲਿਆ। ਪਹਿਲੇ ਦਿਨ ਸਿੱਖ ਸ਼ਹਿਰ ਵਿਚ ਦਾਖਲ ਹੋਏ ਤੇ ਉਸਨੂੰ ਲੁੱਟਣਾ ਸ਼ੁਰੂ ਕੀਤਾ। ਦੂਜੇ ਦਿਨ ਇਸ ਲੁੱਟ ਵਿਚ ਮਰਾਠੇ ਵੀ ਆ ਸ਼ਾਮਲ ਹੋਏ। ਏਨੀ ਲੁੱਟ ਮੱਚੀ ਕਿ ਕਿਸੇ ਔਰਤ ਮਰਦ ਦੇ ਸਰੀਰ ਉਪਰ ਕੱਪੜਾ ਤਕ ਨਹੀਂ ਛੱਡਿਆ ਗਿਆ। ਦੱਬਿਆ ਹੋਇਆ ਧਨ ਲੱਭਣ ਲਈ ਫਰਸ਼ ਪੁੱਟ ਸੁੱਟੇ ਗਏ, ਛੱਤਾਂ ਉਖਾੜ ਦਿੱਤੀਆਂ ਗਈਆਂ ਤੇ ਘਰਾਂ ਦੇ ਬੂਹੇ ਤਕ ਪੁੱਟ ਸੁੱਟੇ ਗਏ। ਜੋ ਕੁਝ ਵੀ ਜਿਸਦੇ ਹੱਥ ਲੱਗਿਆ, ਲੁੱਟ ਲਿਆ ਗਿਆ।
ਜ਼ਹਾਨ ਖਾਂ ਨੂੰ ਜਦੋਂ ਇਹ ਸਮਾਚਾਰ ਮਿਲਿਆ ਕਿ ਮਰਾਠਿਆਂ ਨੇ ਸਰਹਿੰਦ ਨੂੰ ਘੇਰ ਲਿਆ ਹੈ ਤਾਂ ਉਹ ਤੁਰੰਤ ਦੋ ਹਜ਼ਾਰ ਘੋੜਸਵਾਰ ਨਾਲ ਲੈ ਕੇ ਲਾਹੌਰ ਤੋਂ ਚੱਲ ਪਿਆ, ਪਰ ਜਲੰਧਰ ਵਿਚ ਆ ਕੇ ਰੁਕ ਗਿਆ ਤੇ ਚਾਲ੍ਹੀ ਦਿਨ ਉੱਥੇ ਹੀ ਰੁਕਿਆ ਰਿਹਾ। ਇਹ ਸੁਣ ਕੇ ਕਿ ਮਰਾਠਿਆਂ ਕੋਲ ਕਾਫੀ ਵਿਸ਼ਾਲ ਸੈਨਾ ਹੈ, ਉਸਦਾ ਪਿੱਤਾ ਪਾਣੀ ਹੋ ਗਿਆ ਸੀ। ਉਹ ਲਾਹੌਰ ਪਰਤ ਆਇਆ ਤੇ ਅਫਗਾਨਿਸਤਾਨ ਨੱਸ ਜਾਣ ਦੀ ਤਿਆਰੀ ਕਰਨ ਲੱਗਿਆ।
ਜ਼ਹਾਨ ਖਾਂ ਨੇ 9 ਅਪਰੈਲ 1758 ਨੂੰ ਲਾਹੌਰ ਖਾਲੀ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਰਾਵੀ ਪਾਰ ਸ਼ਾਹਦਰਾ ਵਿਚ ਆਪਦਾ ਕੈਂਪ ਲਾਇਆ। ਸਭ ਤੋਂ ਪਹਿਲਾਂ ਤੈਮੂਰ ਸ਼ਾਹ ਨੇ ਆਪਣੀ ਮਾਂ, ਆਪਣੀਆਂ ਜ਼ਨਾਨੀਆਂ ਤੇ ਹੋਰ ਰਿਸ਼ਤੇਦਾਰਾਂ ਨੂੰ ਉੱਥੇ ਪਹੁੰਚਾ ਦਿੱਤਾ। ਉਸ ਪਿੱਛੋਂ ਦੂਰਾਨੀ ਸਰਦਾਰਾਂ ਨੇ ਸੈਨਕਾਂ ਨੇ ਸਾਮਾਨ ਛਕੜਿਆਂ ਵਿਚ ਲੱਦ ਕੇ ਉੱਥੇ ਪਹੁੰਚਾਉਣਾ ਸ਼ੁਰੂ ਕੀਤਾ—ਉਹ ਦਿਨ ਰਾਤ ਕਈ ਕਈ ਚੱਕਰ ਲਾਉਂਦੇ ਸਨ। ਜਦੋਂ ਪਤਾ ਲੱਗਿਆ ਕਿ ਮਰਾਠਿਆਂ ਨੇ ਬਿਆਸ ਪਾਰ ਕਰ ਲਿਆ ਹੈ ਤੇ ਉਹ ਤੇਜ਼ੀ ਨਾਲ ਲਾਹੌਰ ਵੱਲ ਵਧ ਰਹੇ ਹਨ ਤਾਂ ਤੈਮੂਰ ਸ਼ਾਹ ਤੇ ਜ਼ਹਾਨ ਖਾਂ ਵੀ ਉਸੇ ਦੁਪਹਿਰ ਰਾਵੀ ਪਾਰ ਕਰਕੇ ਸ਼ਾਹਦਰਾ ਜਾ ਪਹੁੰਚੇ। ਜਿਹੜਾ ਸਾਮਾਨ ਚੁੱਕਿਆ ਨਹੀਂ ਜਾ ਸਕਿਆ, ਅਫਗਾਨ ਸੈਨਾ ਨੇ ਉਸਨੂੰ ਅੱਗ ਲਾ ਦਿੱਤੀ। ਖ਼ਵਾਜ਼ਾ ਸਰਾਵਾਂ ਨੇ ਤੈਮੂਰ ਤੇ ਜ਼ਹਾਨ ਖਾਂ ਦੇ ਪਰਿਵਾਰ ਦੀਆਂ ਔਰਤਾਂ ਨੂੰ ਘੋੜਿਆਂ 'ਤੇ ਉੱਠਾਂ ਉਤੇ ਸਵਾਰ ਕੀਤਾ ਤੇ ਇਹ ਸਾਰਾ ਅਫਗਾਨ ਕਾਰਵਾਂ ਕਾਬੂਲ ਵੱਲ ਤੁਰ ਪਿਆ।
***

No comments:

Post a Comment