Wednesday 11 August 2010

ਬੋਲੇ ਸੋ ਨਿਹਾਲ : ਇਕੀਵੀਂ ਕਿਸ਼ਤ :-

ਇਕੀਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਸਾਬਾਜੀ ਦਿੱਲੀ ਭੱਜ ਗਿਆ ਸੀ, ਪਰ ਸਿੱਖਾਂ ਨੇ ਜਨਤਾ ਵਿਚ ਇਹ ਵਿਸ਼ਵਾਸ ਪੈਦਾ ਕਰਨਾ ਸੀ ਕਿ ਅਬਦਾਲੀ ਚਾਹੇ ਕਿੰਨਾਂ ਵੀ ਤਾਕਤਵਰ ਕਿਉਂ ਨਾ ਹੋਏ, ਉਸ ਨਾਲ ਵੀ ਲੜਿਆ ਜਾ ਸਕਦਾ ਹੈ। ਕਿਉਂਕਿ ਬਿਨਾਂ ਲੜੇ ਕੁਝ ਨਹੀਂ ਮਿਲਦਾ। ਉਹਨਾਂ ਦੀ ਜੋ ਲੜਾਈ ਪਹਿਲਾਂ ਮੁਗਲਾਂ ਦੇ ਖ਼ਿਲਾਫ਼ ਸੀ, ਹੁਣ ਅਫਗਾਨਾਂ ਦੇ ਖ਼ਿਲਾਫ਼ ਹੈ।
20 ਅਕਤੂਬਰ 1759 ਦੀ ਦੀਵਾਲੀ ਸੀ। ਇਸ ਮੌਕੇ ਉਪਰ ਜੱਸਾ ਸਿੰਘ ਆਹਲੂਵਾਲੀਆ, ਜੈ ਸਿੰਘ ਕਨ੍ਹਈਆ, ਚੜ੍ਹਤ ਸਿੰਘ ਸ਼ੁਕਰਚੱਕੀਆ, ਗੁੱਜਰ ਸਿੰਘ, ਲਹਿਣਾ ਸਿੰਘ ਭੰਗੀ ਤੇ ਕੁਝ ਹੋਰ ਮਿਸਲਾਂ ਦੇ ਸਰਦਾਰ ਅੰਮ੍ਰਿਤਸਰ ਵਿਚ ਮੌਜੂਦ ਸਨ। ਖਬਰ ਮਿਲੀ ਕਿ ਅਬਦਾਲੀ ਅਟਕ ਪਾਰ ਕਰਕੇ ਲਾਹੌਰ ਦੇ ਨੇੜੇ ਪਹੁੰਚ ਗਿਆ ਹੈ। ਅਬਦਾਲੀ ਨਾਲ ਟੱਕਰ ਲੈਣ ਦਾ ਗੁਰਮਤਾ ਪਾਸ ਕਰਕੇ ਉਹਨਾਂ ਜਲਦੀ ਜਲਦੀ ਫੌਜ ਇਕੱਠੀ ਕੀਤੀ ਤੇ ਰਾਤੋ-ਰਾਤ ਸ਼ਾਲੀਮਾਰ ਬਾਗ ਜਾ ਪਹੁੰਚੇ। ਜਦੋਂ ਦੁਰਾਨੀ ਫੌਜ ਉੱਥੋਂ ਲੰਘ ਰਹੀ ਸੀ ਸਿੱਖਾਂ ਨੇ ਉਸ ਉਪਰ ਅਚਾਨਕ ਧਾਵਾ ਬੋਲ ਦਿੱਤਾ। ਸਿੰਘਾਂ ਨੂੰ ਦੇਖ ਦੁਰਾਨੀ ਭੱਜ ਖੜ੍ਹੇ ਹੋਏ। ਖਾਲਸੇ ਨੇ ਬਾਗਵਾਨ ਪੁਰ ਤੇ ਬੇਗਮਪੁਰਾ ਬਸਤੀਆਂ ਤਕ ਉਹਨਾਂ ਦਾ ਪਿੱਛਾ ਕੀਤਾ। ਘੋੜੇ, ਖੱਚਰ ਤੇ ਹੋਰ ਸਾਮਾਨ ਜੋ ਵੀ ਹੱਥ ਲੱਗਿਆ ਕਾਬੂ ਕਰ ਲਿਆ।
ਜਦੋਂ ਅਬਦਾਲੀ ਨੂੰ ਖਾਲਸਿਆਂ ਦੇ ਇਸ ਹਮਲੇ ਦਾ ਪਤਾ ਲੱਗਿਆ, ਉਸਨੇ ਜਹਾਨ ਖਾਂ ਨੂੰ ਫੌਜ ਦੇ ਕੇ ਮੁਕਾਬਲੇ ਲਈ ਭੇਜ ਦਿੱਤਾ। ਸਿੰਘ ਪਹਿਲਾਂ ਹੀ ਤਿਆਰ ਸਨ। ਦੁਰਾਨੀਆਂ ਦੇ ਆਉਂਦਿਆਂ ਹੀ ਜੱਸਾ ਸਿੰਘ ਨੇ ਸੱਜੇ ਪਾਸਿਓਂ ਤੇ ਚੜ੍ਹਤ ਸਿੰਘ, ਗੁੱਜਰ ਸਿੰਘ ਤੇ ਲਹਿਣਾ ਸਿੰਘ ਨੇ ਖੱਬੇ ਪਾਸਿਓਂ ਹਮਲਾ ਬੋਲ ਦਿੱਤਾ। ਦੁਰਾਨੀ ਸੈਨਾ ਦੋ ਪਸਿਓਂ ਘਿਰ ਗਈ ਤੇ ਮਾਰਕਾਟ ਸ਼ੁਰੂ ਹੋ ਗਈ। ਜਦੋਂ ਦੁਰਾਨੀ ਸਰਦਾਰ ਚੜ੍ਹਤ ਸਿੰਘ ਵੱਲ ਵਧਦੇ , ਜੱਸਾ ਸਿੰਘ ਦਾ ਜੱਥਾ ਪਿੱਛੋਂ ਹੱਲਾ ਬੋਲ ਦਿੰਦਾ ਸੀ ਤੇ ਜਦੋਂ ਦੁਰਾਨੀ ਜੱਸਾ ਸਿੰਘ ਵੱਲ ਵਧਦੇ ਸਨ ਤਾਂ ਚੜ੍ਹਤ ਸਿੰਘ ਹੁਰਾਂ ਦਾ ਜੱਥਾ ਹੱਲਾ ਬੋਲਾ ਦਿੰਦਾ ਸੀ। ਸ਼ਾਮ ਤਕ ਘਮਾਸਾਨ ਦਾ ਯੁੱਧ ਹੋਇਆ, ਜਿਸ ਵਿਚ ਲਗਭਗ ਦੋ ਹਜ਼ਾਰ ਦੁਰਾਨੀ ਖੇਤ ਰਹੇ। ਉਹਨਾਂ ਦਾ ਸੈਨਾਪਤੀ ਜਹਾਨ ਖਾਂ ਵੀ ਜਖ਼ਮੀ ਹੋ ਗਿਆ। ਰਾਤ ਦਾ ਹਨੇਰਾ ਉਤਰ ਆਇਆ ਤਾਂ ਦੋਹੇਂ ਫੌਜਾਂ ਪਿੱਛੇ ਹਟ ਗਈਆਂ। ਖਾਲਸੇ ਦੀ ਹਾਰ-ਜਿੱਤ ਦਾ ਫੈਸਲਾ ਨਹੀਂ ਹੋ ਸਕਿਆ। ਉਹ ਕੋਈ ਫੈਸਲਾ ਕਰਨ ਵੀ ਨਹੀਂ ਸਨ ਆਏ, ਸਿਰਫ ਦੁਰਾਨੀਆਂ ਨੂੰ ਆਪਣੇ ਹੱਥ ਦਿਖਾਉਣ ਆਏ ਸਨ। ਉਹ ਮਾਝੇ ਵਿਚ ਖਿੱਲਰ ਗਏ ਤਾਂ ਕਿ ਜਦੋਂ ਅਬਦਾਲੀ ਕੂਚ ਕਰੇ ਤਾਂ ਜਿੱਥੇ ਕਿਤੇ ਦਾਅ ਲੱਗੇ ਅਚਾਨਕ ਧਾਵਾ ਬੋਲ ਸਕਣ।
ਅਬਦਾਲੀ ਜਾਰਚੀ ਕਰੀਮਦਾਦ ਨੂੰ ਲਾਹੌਰ ਦਾ ਹਾਕਮ ਬਣਾ ਕੇ ਚਲਾ ਗਿਆ। ਉਹ ਬੜਾ ਹੁਸ਼ਿਆਰ ਆਦਮੀ ਸੀ। ਉਸਨੇ ਕਾਫੀ ਹੱਦ ਤਕ ਅਮਨ-ਅਮਾਨ ਬਹਾਲ ਕਰ ਲਿਆ। ਸਿੱਖ ਇਧਰ ਉਧਰ ਘਾਤ ਲਾਈ ਬੈਠੇ ਸਨ। ਜਦੋਂ ਮੌਕਾ ਮਿਲਦਾ ਸੀ, ਅਚਾਨਕ ਧਾਵਾ ਬੋਲਦੇ ਸਨ ਤੇ ਫੇਰ ਛੁਪ ਜਾਂਦੇ ਸਨ। ਦੁਰਾਨੀਆਂ ਲਈ ਚੈਨ ਦੀ ਨੀਂਦ ਸੌਣਾ ਹਰਾਮ ਹੋ ਗਿਆ ਸੀ।
ਅਬਦਾਲੀ ਨੂੰ ਜਾਰਚੀ ਵਰਗੇ ਯੋਗ ਆਦਮੀ ਦੀ ਮੋਰਚੇ ਉਪਰ ਲੋੜ ਸੀ। ਇਸ ਲਈ ਅਬਦਾਲੀ ਨੇ ਜਾਰਚੀ ਨੂੰ 1760 ਵਿਚ ਭਾਵ ਚਾਰ ਪੰਜ ਮਹੀਨੇ ਬਾਅਦ ਹੀ ਆਪਣੇ ਕੋਲ ਬੁਲਾਅ ਲਿਆ ਤੇ ਪੰਜਾਬ ਵਿਚ ਸਰ ਬੁਲੰਦ ਖਾਂ ਨੂੰ ਹਾਕਮ ਥਾਪ ਦਿੱਤਾ। ਸਰ ਬੁਲੰਦ ਖਾਂ ਵਿਚ ਹੌਂਸਲੇ ਤੇ ਪਹਿਲ ਕਦਮੀਂ ਕਰਨ ਦੀ ਘਾਟ ਸੀ। ਉਹ ਸਿੱਖਾਂ ਦੇ ਡਰ ਕਾਰਨ ਅੱਗੇ ਨਹੀਂ ਵਧਿਆ—ਜਲੰਧਰ ਵਿਚ ਆ ਕੇ ਹੀ ਰੁਕ ਗਿਆ ਤੇ ਜਲੰਧਰ ਨੂੰ ਹੀ ਆਪਣਾ ਸਦਰ ਮੁਕਾਮ ਬਣਾ ਲਿਆ। ਉਸਨੇ ਸਆਦਤ ਖਾਂ ਨੂੰ ਆਪਣਾ ਨਾਇਬ ਬਣਾ ਕੇ ਲਾਹੌਰ ਭੇਜਿਆ ਤੇ ਰੁਸਤਮ ਖਾਂ ਨੂੰ ਚਹਾਰ ਮਹਿਲ ਦਾ ਫੌਜਦਾਰ ਬਣਾ ਦਿੱਤਾ। ਇਹ ਦੋਹੇਂ ਆਦਮੀ ਵੀ ਅਯੋਗ ਆਦਮੀ ਹੀ ਸਨ। ਰਾਜ ਭਾਗ ਚਲਾਉਣਾ ਉਹਨਾਂ ਦੇ ਵੱਸ ਦਾ ਰੋਗ ਨਹੀਂ ਸੀ।
ਅਹਿਮਦ ਸ਼ਾਹ ਅਬਦਾਲੀ ਡੇਢ ਸਾਲ ਹਿੰਦੁਸਤਾਨ ਵਿਚ ਰਿਹਾ। ਉਸਨੇ ਆਪਣੀ ਸਾਰੀ ਸ਼ਕਤੀ ਮਰਾਠਿਆਂ ਦੇ ਖ਼ਿਲਾਫ਼ ਲਾਈ ਹੋਈ ਸੀ। ਇਹ ਉਸ ਲਈ ਮੋਤ ਤੇ ਜ਼ਿੰਦਗੀ ਦਾ ਸਵਾਲ ਸੀ। ਪੰਜਾਬ ਵਿਚ ਉਸਦੇ ਜਿਹੜੇ ਅਫਸਰ ਸਨ, ਉਹਨਾਂ ਦਾ ਮੁੱਖ ਕੰਮ ਸੀ ਮਾਲੀਆ ਉਗਰਾਉਣਾ ਤੇ ਮੋਰਚੇ ਉੱਤੇ ਰਸਦ ਭੇਜਣਾ। ਉਹਨਾਂ ਕੋਲ ਜਿਹੜੀ ਸੈਨਾ ਸੀ, ਮੁੱਖ ਰੂਪ ਵਿਚ ਇਸੇ ਕੰਮ ਲਈ ਇਸਤੇਮਾਲ ਹੁੰਦੀ ਸੀ। ਅੰਦਰੂਨੀ ਅਫਰਾ-ਤਫਰੀ ਤੇ ਗੜਬੜੀ ਦੀ ਖ਼ੁਦ ਅਬਦਾਲੀ ਨੂੰ ਵੀ ਬਹੁਤੀ ਪ੍ਰਵਾਹ ਨਹੀਂ ਸੀ।
ਸਿੱਖਾਂ ਨੂੰ ਇਹ ਮੌਕਾ ਵਾਹਿਗੁਰੂ ਨੇ ਦਿੱਤਾ। ਉਹ ਦੁਰਾਨੀ ਅਫਸਰਾਂ ਦੀ ਕਮਜ਼ੋਰੀ ਤੇ ਸੈਨਕ ਸਾਧਨਾ ਦੀ ਕਮੀ ਕਾਰਨ ਖੁਸ਼ ਸਨ। ਮਿਸਲਾਂ ਦੇ ਸਰਦਾਰਾਂ ਨੇ ਇਸ ਸਥਿਤੀ ਦਾ ਲਾਭ ਤੱਕ ਕੇ ਪੰਜਾਬ ਵਿਚ ਜਗ੍ਹਾ ਜਗ੍ਹਾ ਕਿਲਿਆਂ ਤੇ ਕੋਟਾਂ ਦੀ ਉਸਾਰੀ ਕਰ ਲਈ। ਇਹ ਕਿਲੇ ਉਹਨਾਂ ਵਧੇਰੇ ਕਰਕੇ ਆਪਣੀ ਹਮਦਰਦ ਆਬਾਦੀ ਵਾਲੇ ਇਲਾਕੇ ਵਿਚ ਬਣਾਏ ਸਨ ਤਾਂ ਕਿ ਲੋੜ ਪੈਣ 'ਤੇ ਉਹਨਾਂ ਦੀ ਸਹਾਇਤਾ ਵੀ ਲਈ ਜਾ ਸਕੇ। ਫੇਰ ਇਹ ਕਿਲੇ ਜਮਨਾ ਤੋਂ ਰਾਵੀ ਤਕ ਹਿਮਾਲਿਆ ਦੀ ਤਲਹੱਟੀ ਵਿਚ ਬਣਾਏ ਗਏ ਸਨ, ਜਿੱਥੇ ਅਬਦਾਲੀ ਉਹਨਾਂ ਦਾ ਪਿੱਛਾ ਨਾ ਕਰ ਸਕੇ। ਇਹਨਾਂ ਕਿਲਿਆਂ ਦੇ ਨਿਰਮਾਣ ਕਾਰਨ ਖਾਲਸੇ ਦੇ ਵਿਰੋਧੀ ਵੀ ਭੈਭੀਤ ਹੋ ਗਏ।
ਚੰਗੀ ਤਰ੍ਹਾਂ ਮਸ਼ਹੂਰ ਹੋਣ ਪਿੱਛੋਂ ਖਾਲਸੇ ਨੇ ਨਵੇਂ ਨਵੇਂ ਪਿੰਡਾਂ ਵਿਚ ਆਪਣੀ ਰਾਖੀ-ਪ੍ਰਣਾਲੀ ਦਾ ਵਿਸਥਾਰ ਕੀਤਾ ਤੇ ਉੱਥੋਂ ਦਾ ਮਾਲੀਆ ਤੇ ਨਜ਼ਰਾਨਾ (ਸੁਗਾਤਾਂ) ਖ਼ੁਦ ਉਗਰਾਉਣਾ ਸ਼ੁਰੂ ਕਰ ਦਿੱਤਾ। ਇਸ ਲਈ ਦੁਰਾਨੀ ਅਫਸਰਾਂ ਨਾਲ ਮੁੱਠਭੇੜ ਹੋਣੀ ਲਾਜ਼ਮੀ ਸੀ। ਅਕਤੂਬਰ 1760 ਵਿਚ ਚਹਾਰ ਮਹਿਲ ਦੇ ਫੌਜਦਾਰ ਰੁਸਤਮ ਖਾਂ ਨੂੰ ਪਤਾ ਲੱਗਿਆ ਸਿਆਲਕੋਟ ਤੋਂ ਛੇ ਕੋਹ ਦੇ ਫਾਸਲੇ ਉੱਤੇ 50 ਸਿੱਖ ਇਕ ਪਿੰਡ ਵਿਚ ਉਗਰਾਈ ਕਰ ਰਹੇ ਹਨ। ਉਹ ਡੇਢ ਸੌ ਘੋੜਸਵਾਰ ਤੇ ਪੈਦਲ ਨਾਲ ਲੈ ਕੇ ਸਿੱਖਾਂ ਨਾਲ ਲੜਨ ਜਾ ਪਹੁੰਚਿਆ। ਉਸਨੂੰ ਦੇਖਦਿਆਂ ਹੀ ਸਿੱਖ ਮੁਕਾਬਲੇ ਲਈ ਡਟ ਗਏ। ਰੁਸਤਮ ਖਾਂ ਦੇ ਡੇਢ ਸੌ ਭਾੜੇ ਦੇ ਟੱਟੂ ਜਾਨ ਉੱਤੇ ਖੇਡ ਜਾਣ ਵਾਲੇ ਪੰਜਾਹ ਸਿੱਖਾਂ ਦਾ ਕੀ ਖਾ ਕੇ ਮੁਕਾਬਲਾ ਕਰਦੇ? ਜਲਦੀ ਹੀ ਉਹਨਾਂ ਦੇ ਪੈਰ ਉੱਖੜ ਗਏ। ਨੇੜੇ ਹੀ ਇਕ ਪੁਰਾਣਾ ਕਿਲਾ ਸੀ। ਰੁਸਤਮ ਖਾਂ ਭੱਜ ਕੇ ਉਸ ਵਿਚ ਜਾ ਲੁਕਿਆ। ਸਿੱਖਾਂ ਨੇ ਕਿਲੇ ਨੂੰ ਜਾ ਘੇਰਿਆ। ਖਬਰ ਸੁਣ ਕੇ ਆਸੇ ਪਾਸੇ ਦੇ ਕੁਝ ਹੋਰ ਸਿੱਖ ਵੀ ਉਹਨਾਂ ਦੀ ਮਦਦ ਲਈ ਆ ਪਹੁੰਚੇ। ਉਹਨਾਂ ਕਿਲੇ ਉਪਰ ਚੜ੍ਹ ਕੇ ਉਸਦੀ ਕੰਧ ਢਾਅ ਸੁੱਟੀ। ਦੁਸ਼ਮਣ ਫੌਜ ਬਾਹਰ ਨਿਕਲਣ ਲਈ ਮਜ਼ਬੂਰ ਹੋ ਗਈ। ਖਾਲਸੇ ਨੇ ਰੁਸਤਮ ਖਾਂ ਨੂੰ ਤੇ ਮੁਗਲਾਨੀ ਬੇਗਮ ਦੇ ਕਾਰਦਾਰ ਤਹਿਮਸ ਖਾਂ ਮਸਕੀਨ ਨੂੰ ਜਿਹੜਾ ਹੁਣ ਰੁਸਤਮ ਖਾਂ ਦਾ ਨਾਇਬ ਸੀ, ਗਿਰਫਤਾਰ ਕਰ ਲਿਆ। ਰੁਸਤਮ ਖਾਂ ਨੇ ਜੰਮੂ ਦੇ ਰਾਜੇ ਤੋਂ 20 ਹਜ਼ਾਰ ਰੁਪਏ ਮੰਗਵਾ ਕੇ ਸਿੱਖਾਂ ਨੂੰ ਨਜ਼ਰਾਨੇ ਵਜੋਂ ਦਿੱਤੇ ਤਾਂ ਕਿਤੇ ਜਾ ਕੇ ਉਹ ਦੋਹੇਂ ਰਿਹਾਅ ਕੀਤੇ ਗਏ।
ਦੁਰਾਨੀਆਂ ਦੇ ਲਾਹੌਰ ਵਿਚ ਆਉਂਦਿਆਂ ਹੀ ਮੁਗਲਾਨੀ ਬੇਗਮ ਨੂੰ ਆਪਣੀ ਪਹਿਲੀ ਪੈਂਸ਼ਨ ਫੇਰ ਮਿਲਨ ਲੱਗ ਪਈ ਸੀ। ਹੁਣ ਉਹ ਫੇਰ ਠਾਠ ਨਾਲ ਰਹਿੰਦੀ ਤੇ ਰੰਗ-ਰਲੀਆਂ ਮਨਾਉਂਦੀ ਸੀ। ਜਦੋਂ ਤਕ ਕਰੀਮਦਾਦ ਖਾਂ ਰਿਹਾ ਤੇ ਮਸਕੀਨ ਵੀ ਉਸਦੇ ਨਾਲ ਸੀ, ਬੇਗਮ ਨੇ ਕਿਸੇ ਹੱਦ ਤਕ ਆਪਣੇ ਆਪ ਉੱਤੇ ਕਾਬੂ ਰੱਖਿਆ ਸੀ...ਪਰ ਜਦੋਂ ਕਰੀਮਦਾਦ ਪਿੱਛੋਂ ਸਆਦਤ ਖਾਂ, ਸਰਬੁਲੰਦ ਖਾਂ ਦਾ ਨਾਇਬ ਬਣ ਕੇ ਲਾਹੌਰ ਆਇਆ ਤੇ ਤਹਿਮਸ ਖਾਂ ਮਸਕੀਨ ਨੂੰ ਰੁਸਤਮ ਖਾਂ ਦਾ ਨਾਇਬ ਬਣਾ ਕੇ ਸਿਆਲਕੋਟ ਭੇਜ ਦਿੱਤਾ ਗਿਆ ਤਾਂ ਬੇਗਮ ਖੁੱਲ੍ਹ ਖੇਡੀ। ਸਆਦਤ ਖਾਂ ਇਕ ਕਮਜ਼ੋਰ ਹਾਕਮ ਹੋਣ ਦੇ ਇਲਾਵਾ ਅਯਾਸ਼ ਆਦਮੀ ਸੀ। ਬੇਗਮ ਨੇ ਉਸਨੂੰ ਆਪਣੇ ਨਾਲ ਹੀ ਰੰਗ ਰਲੀਆਂ ਵਿਚ ਸ਼ਾਮਲ ਕਰ ਲਿਆ। ਸ਼ਾਮ ਨੂੰ ਉਸਦੇ ਨਾਲ ਮਹਿਫਲ ਜਮਾਉਂਦੀ ਤੇ ਜਾਮ ਨਾਲ ਜਾਮ ਟਕਰਾਅ ਕੇ ਕਹਿੰਦੀ, “ਆਓ ਪਿਆਰੇਓ, ਅੱਖਾਂ ਵਿਚ ਅੱਖਾਂ ਪਾ ਕੇ ਗੱਲਾਂ ਕਰੀਏ ਤੇ ਲਾਹੌਰ ਦੀ ਧੰਦਲੀ ਸ਼ਾਮ ਨੂੰ ਅਵਧ ਦੀ ਹੁਸੀਨ ਤੇ ਰੰਗੀਨ ਸ਼ਾਮ ਬਣਾਅ ਦੇਈਏ। ਮੈਂ ਤੈਮੂਰ ਦੀ ਭੈਣ ਤੇ ਅਬਦਾਲੀ ਦੀ ਬੇਟੀ, ਤੇਰੀ ਸਿਹਤ ਦਾ ਜਾਮ ਪੀਂਦੀ ਆਂ ਤੇ ਤੁਸੀਂ ਮੇਰੀ ਸਿਹਤ ਦਾ ਜਾਮ ਪੀਓ।” ਦੋ ਜਾਮ ਪੀ ਚੁੱਕਣ ਪਿੱਛੋਂ ਲੋਰ ਵਿਚ ਆ ਕੇ ਬੜਬੜਾਉਂਦੀ, “ਇਹਨਾਂ ਪਾਜੀ ਮਰਹੱਟਿਆਂ ਨੇ ਸ਼ਰੀਫ ਆਦਮੀਆਂ ਦਾ ਜਿਉਣਾ ਹਰਾਮ ਕਰ ਦਿੱਤਾ ਸੀ, ਪਰ ਹੁਣ ਅਬਦਾਲੀ ਦੇ ਆਉਣ ਦੀ ਖਬਰ ਸੁਣੀ ਤਾਂ ਪੂਛਾਂ ਗਿੱਟਿਆਂ 'ਚ ਲੈ ਕੇ ਭੱਜ ਗਏ। ਕਿਉਂ ਬੇਟਾ ਸ਼ਾਦ ਅਲੀ ਦੇਖਿਆ ਸੀ ਨਾ ਤੂੰ, ਪੂਛਾਂ ਦੱਬੀ ਭੱਜੇ ਜਾਂਦਿਆਂ ਨੂੰ?”
"ਹਾਂ ਖਾਲਾਜਾਨ ਦੇਖਿਆ ਸੀ, ਪੂਰੇ ਗੌਰ ਨਾਲ ਦੇਖਿਆ ਸੀ।” ਸ਼ਾਦ ਅਲੀ ਯਾਨੀ ਮੇਹਰ ਚੰਦ ਉਰਫ਼ ਮੇਰਹ ਅਲੀ ਨੇ ਉਸਦੀ ਹਾਂ ਵਿਚ ਹਾਂ ਮਿਲਾਈ।
ਤਹਿਮਸ ਖਾਂ ਮਸਦੀਨ ਸਿਆਲਕੋਟ ਜਾਂਦਿਆਂ ਹੋਇਆਂ ਸ਼ਾਦ ਅਲੀ ਨੂੰ ਲਾਹੌਰ ਵਿਚ ਹੀ ਛੱਡ ਗਿਆ ਸੀ ਤਾਂ ਕਿ ਉੱਥੇ ਬੈਠਾ ਉਹ ਉਸਦੇ ਰੋਜ਼ਨਾਮਚਿਆਂ ਦੀਆਂ ਨਕਲਾਂ ਉਤਾਰਦਾ ਰਹੇ ਤੇ ਇਹ ਖਿਆਲ ਰੱਖੇ ਕਿ ਮੁਗਲਾਨੀ ਬੇਗਮ ਨੂੰ ਕਿਸੇ ਕਿਸਮ ਦੀ ਕੋਈ ਔਖ ਤਾਂ ਨਹੀਂ। ਉਸਨੂੰ ਜਿਸ ਚੀਜ਼ ਦੀ ਜ਼ਰੂਰਤ ਹੋਏ ਤੁਰੰਤ ਮੰਗਵਾ ਦਏ। ਸ਼ਾਦ ਅਲੀ ਨੇ ਬੇਗਮ ਦੀ ਸੇਵਾ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ। ਬੇਗਮ ਅੱਧੀ ਰਾਤ ਨੂੰ ਕੋਈ ਹੁਕਮ ਦਿੰਦੀ, ਸ਼ਾਦ ਅਲੀ ਉਸਨੂੰ ਪੂਰਾ ਕਰਨਾ ਆਪਣਾ ਫਰਜ਼ ਸਮਝਦਾ। ਇੱਥੋ ਤਕ ਕਿ ਉਹ ਬੇਗਮ ਨੂੰ ਖਾਲਾ ਜਾਨ ਤੇ ਬੇਗਮ ਉਸਨੂੰ ਬੇਟਾ ਕਹਿਣ ਲੱਗੀ। ਪਰ ਇਸ ਰਿਸ਼ਤੇ ਵਿਚ ਜਿਹੜਾ ਮੋਹ-ਪਿਆਰ ਤੇ ਸ਼ਰਮ-ਲਿਹਾਜ਼ ਹੁੰਦਾ ਹੈ, ਉਸਦੀ ਇੱਥੇ ਗੁੰਜਾਇਸ਼ ਨਹੀਂ ਸੀ। ਇਹ ਇਕ ਸਿੱਧਾ ਸਪਾਟ ਰਿਸ਼ਤਾ ਸੀ, ਜਿਹੜਾ ਹੁਕਮ ਦੇਣ ਤੇ ਹੁਕਮ ਮੰਨ ਲੈਣ ਦੇ ਪ੍ਰਤੀਕਰਮ ਵਜੋਂ ਐਵੇਂ ਹੀ ਪੈਦਾ ਹੋ ਗਿਆ ਸੀ। ਬੇਗਮ, ਸ਼ਾਦ ਅਲੀ ਲਈ ਇਕ ਖੁੱਲ੍ਹੀ ਕਿਤਾਬ ਸੀ। ਉਹ ਉਸਦੀ ਹਰੇਕ ਹਰਕਤ ਦੇਖਦਾ ਤੇ ਹਰੇਕ ਗੱਲ ਸੁਣਦਾ ਸੀ...ਪਰ ਇੰਜ ਘੁੰਨਾ ਬਣਿਆਂ ਰਹਿੰਦਾ ਸੀ ਜਿਵੇਂ ਦੇਖ ਕੇ ਵੀ ਕੁਝ ਨਾ ਦੇਖਿਆ ਹੋਏ ਤੇ ਸੁਣ ਕੇ ਵੀ ਕੁਝ ਨਾ ਸੁਣਿਆਂ ਹੋਏ। ਬੋਲਦਾ ਵੀ ਉਦੋਂ ਸੀ ਜਦੋਂ ਬਿਲਕੁਲ ਹੀ ਨਹੀਂ ਸਰਦਾ ਸੀ—ਵਰਨਾ, ਅੱਖਾਂ ਬੰਦ, ਮੂੰਹ ਬੰਦ ਤੇ ਕੰਨ ਬੰਦ।
ਮੁਗਲਾਨੀ ਬੇਗਮ ਦੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ ਉਹ ਕਿਸੇ ਨੌਕਰ ਜਾਂ ਨੌਕਰਾਣੀ ਨੂੰ ਸ਼ਹਿਰ ਭੇਜਣ ਦੇ ਬਜਾਏ ਖ਼ੁਦ ਸ਼ਹਿਰ ਚਲਾ ਜਾਂਦਾ ਸੀ। ਇਸ ਦੌਰਾਨ ਉਹ ਆਪਣਾ ਉਹ ਫਰਜ਼ ਪੂਰਾ ਕਰਦਾ ਸੀ, ਜਿਸਦੀ ਸਿੱਖਿਆ ਅਲਹੋਲ ਮਕਤਬ ਵਿਚ ਉਸਨੂੰ ਮਿਲੀ ਸੀ ਤੇ ਜਿਸ ਦੇ ਲਈ ਭੂਪਾ ਸ਼ਾਹ ਉਸਨੂੰ ਇੱਥੇ ਛੱਡ ਗਿਆ ਸੀ।
ਬੇਗਮ ਦੇ ਸਆਦਤ ਖਾਂ ਦੀ ਐਸ਼ਪ੍ਰਸਤੀ ਕਾਰਨ ਸ਼ਹਿਰ ਦਾ ਪ੍ਰਬੰਧ ਵਿਗੜ ਗਿਆ ਸੀ। ਚੋਰੀ ਚਕਾਰੀ ਤੇ ਹੇਰਾਫੇਰੀ ਦੀਆਂ ਵਾਰਦਾਤਾਂ ਵਧ ਰਹੀਆਂ ਸਨ। ਸਿੱਖਾਂ ਕੋਲ ਹਰੇਕ ਖਬਰ ਪਹੁੰਚ ਰਹੀ ਸੀ। ਉਹਨਾਂ ਲਾਹੌਰ ਦੇ ਆਸੇ ਪਾਸੇ ਦੀਆਂ ਬਸਤੀਆਂ ਉਪਰ ਧਾਵੇ ਬੋਲਣੇ ਤੇ ਉਗਰਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਕਾਰਨ ਬੁਲੰਦ ਖਾਂ ਨੇ ਸਆਦਤ ਖਾਂ ਨੂੰ ਹਟਾਅ ਦੇ ਸ਼ਹਿਰ ਦੇ ਇਕ ਪ੍ਰਮੁੱਖ ਸ਼ਾਹੂਕਾਰ ਦੀਵਾਨ ਸੂਰਤ ਸਿੰਘ ਨੂੰ ਆਪਣਾ ਨਾਇਬ ਬਣਾ ਦਿੱਤਾ। ਸ਼ਾਇਦ ਉਸਦਾ ਖ਼ਿਆਲ ਸੀ ਕਿ ਸੂਰਤ ਸਿੰਘ ਸਿੱਖਾਂ ਨੂੰ ਸਮਝਾ ਬੁਝਾ ਕੇ ਧਾਵੇ ਕਰਨ ਤੋਂ ਰੋਕ ਦਏਗਾ। ਪਰ ਇੰਜ ਨਹੀਂ ਹੋਇਆ ਤੇ ਸੂਰਤ ਸਿੰਘ ਨੇ ਜਲਦੀ ਹੀ ਅਸਤੀਫਾ ਦੇ ਦਿੱਤਾ। ਸਰ ਬੁਲੰਦ ਖਾਂ ਨੇ ਹੁਣ ਮੋਮਿਨ ਖਾਂ ਕਸੂਰੀ ਦੇ ਪੁੱਤਰ ਮੁਹੰਮਦ ਖਾਂ ਨੂੰ ਲਾਹੌਰ ਦਾ ਹਾਕਮ ਬਣਾਇਆ।
ਇਸ ਸਾਲ 7 ਨਵੰਬਰ ਦੀ ਦੀਵਾਲੀ ਸੀ। ਇਸ ਮੌਕੇ ਉਪਰ ਸਿੱਖ ਸਰਦਾਰ ਤੇ ਆਮ ਲੋਕ ਭਾਰੀ ਗਿਣਤੀ ਵਿਚ ਅੰਮ੍ਰਿਤਸਰ ਵਿਖੇ ਇਕੱਤਰ ਹੋਏ ਤੇ ਉਤਸਵ ਪੂਰੀ ਧੂਮਧਾਮ ਨਾਲ ਮਨਾਇਆ ਗਿਆ। ਖਾਲਸਾ ਅਬਦਾਲੀ ਨੂੰ ਇਹ ਦੱਸ ਦੇਣਾ ਚਾਹੁੰਦਾ ਸੀ ਕਿ ਉਹ ਚਾਹੇ ਕਿਸੇ ਨੂੰ ਵੀ ਲਾਹੌਰ ਦਾ ਹਾਕਮ ਬਣਾ ਦਏ ਤੇ ਚਾਹੇ ਖ਼ੁਦ ਉੱਥੇ ਆ ਕੇ ਬੈਠ ਜਾਏ, ਉਹ ਪੰਜਾਬ ਉਪਰ ਹਕੂਮਤ ਨਹੀਂ ਕਰ ਸਕਦਾ। ਇਸ ਲਈ ਇਸ ਦੀਵਾਲੀ ਦੇ ਦੀਵਾਨ ਵਿਚ ਇਹ ਗੁਰਮਤਾ ਪਾਸ ਹੋਇਆ ਕਿ ਲਾਹੌਰ ਉਪਰ ਇਕ ਤਕੜਾ ਹਮਲਾ ਕੀਤਾ ਜਾਏ।
ਇਸ ਗੁਰਮਤੇ ਅਨੁਸਾਰ ਦੀਵਾਲੀ ਤੋਂ ਕੁਝ ਦਿਨ ਬਾਅਦ ਖਾਲਸੇ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਲਾਹੌਰ ਉਪਰ ਚੜ੍ਹਾਈ ਕਰ ਦਿੱਤੀ ਤੇ ਉਸ ਦੀਆਂ ਬਾਹਰੀ ਬਸਤੀਆਂ ਉਪਰ ਕਬਜਾ ਕਰ ਲਿਆ। ਮੀਰ ਮੁਹੰਮਦ ਖਾਂ ਨੇ ਸਿੱਖਾਂ ਤੋਂ ਡਰ ਕੇ ਸ਼ਹਿਰ ਦੇ ਦਰਵਾਜ਼ੇ ਬੰਦ ਕਰ ਲਏ। ਇੰਜ ਸ਼ਹਿਰ ਖ਼ੁਦ ਹੀ ਘੇਰੇ ਵਿਚ ਆ ਗਿਆ। ਅਵਾਜਾਈ ਬੰਦ ਹੋ ਗਈ। ਘੇਰਾਬੰਦੀ ਲਗਾਤਾਰ ਗਿਆਰਾਂ ਦਿਨ ਤਕ ਰਹੀ। ਸ਼ਹਿਰ ਦੇ ਲੋਕ ਤੰਗ ਆ ਗਏ ਤੇ ਮੀਰ ਮੁਹੰਮਦ ਘਬਰਾ ਗਿਆ। ਪਰ ਖਾਲਸੇ ਦਾ ਮਕਸਦ ਲੋਕਾਂ ਨੂੰ ਤੰਗ ਕਰਨਾ ਨਹੀਂ ਸੀ—ਮੀਰ ਮੁਹੰਮਦ ਨੂੰ ਸੰਦੇਸ਼ ਭੇਜਿਆ ਗਿਆ ਕਿ ਜੇ ਤੂੰ ਕੜਾਹ ਪ੍ਰਸ਼ਾਦ ਦੀ ਦੇਗ ਲਈ ਨਜ਼ਰਾਨਾ ਦੇਣਾ ਮੰਜ਼ੂਰ ਕਰੇਂ ਤਾਂ ਖਾਲਸਾ ਘੇਰਾਬੰਦੀ ਹਟਾਅ ਲਏਗਾ। ਮੀਰ ਮੁਹੰਮਦ ਮਜ਼ਬੂਰ ਤੇ ਬੇਵੱਸ ਸੀ, ਪੈਸੇ ਵੀ ਉਸ ਕੋਲ ਜ਼ਿਆਦਾ ਨਹੀਂ ਸਨ। ਉਸਨੇ ਜਿਵੇਂ ਤਿਵੇਂ ਕਰਕੇ ਤੀਹ ਹਜ਼ਾਰ ਰੁਪਏ ਇਕੱਠੇ ਕੀਤੇ ਤੇ ਸ਼ਹਿਰ ਦੇ ਪਤਵੰਤਿਆਂ—ਪੀਰਜਾਦਾ ਗ਼ੁਲਾਮ ਹੁਸੈਨ ਸਰਹਿੰਦੀ, ਮੀਆਂ ਮੁਹੰਮਦ ਤਕੀ, ਮੀਰ ਨੱਨੂੰਸ਼ਾਹ ਤੇ ਹਾਫਿਜ਼ ਕਾਦਿਰ ਬਖ਼ਸ਼ ਦੇ ਹੱਥ ਦੇਗ ਲਈ ਖਾਲਸੇ ਨੂੰ ਭੇਂਟ ਕੀਤੇ।
ਮਕਸਦ ਹਕੂਮਤ ਨੂੰ ਝੁਕਾਉਣ ਦਾ ਸੀ, ਉਹ ਝੁਕ ਗਈ। ਸਿੰਘ ਅਗਲੇ ਪ੍ਰੋਗਰਾਮ ਉਲੀਕਣ ਲਈ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ।
***
ਇਸ ਸਾਲ ਵਿਸਾਖੀ ਦਾ ਤਿਉਹਾਰ 10 ਅਪਰੈਲ ਨੂੰ ਆਇਆ। ਮਾਝੇ ਤੇ ਮਾਲਵੇ ਦਾ ਲਗਭਗ ਪੂਰਾ ਪੈਂਡੂ ਇਲਾਕਾ ਖਾਲਸੇ ਦੀ ਰਾਖੀ ਪ੍ਰਣਾਲੀ ਵਿਚ ਆ ਚੁੱਕਿਆ ਸੀ। ਇਸ ਲਈ ਖੇਤਾਂ ਵਿਚ ਕਣਕ ਲਹਿਰਾ ਰਹੀ ਸੀ। ਜਿਵੇਂ ਮੋਰ ਸਾਵਨ ਦੀ ਘਟਾ ਨੂੰ ਦੇਖ ਕੇ ਨੱਚ ਉਠਦਾ ਹੈ, ਉਵੇਂ ਹੀ ਮਾਝੇ ਮਾਲਵੇ ਦੇ ਕਿਸਾਨ ਕਣਕ ਦੀਆਂ ਬੱਲੀਆਂ ਨੂੰ ਦੇਖ ਕੇ ਮਸਤੀ ਵਿਚ ਆਏ ਹੋਏ ਸਨ ਤੇ ਨੱਚ ਗਾ ਕੇ ਵਿਸਾਖੀ ਦਾ ਤਿਉਹਾਰ ਮਨਾ ਰਹੇ ਸਨ—ਅਸਲ ਵਿਚ ਵਿਸਾਖੀ ਦਾ ਦਿਨ ਹੁੰਦਾ ਹੀ ਨੱਚਣ ਗਾਉਣ ਤੇ ਖੁਸ਼ੀਆਂ ਮਨਾਉਣ ਲਈ ਹੈ। ਇਸ ਪਿੱਛੋਂ ਖੇਤਾਂ ਵਿਚ ਦਾਤੀ ਪੈ ਜਾਂਦੀ ਹੈ। ਦਾਣੇ ਘਰ ਆਉਂਦੇ ਹਨ। ਇਹ ਦਾਣੇ ਜਦੋਂ ਖ਼ੂਨ ਤੇ ਮਾਸ ਵਿਚ ਢਲਦੇ ਹਨ ਤਾਂ ਮਨੁੱਖ ਨੂੰ ਸੁੰਦਰ, ਸੁਡੌਲ ਤੇ ਨਿਡਰ ਵੀ ਬਣਾ ਦਿੰਦੇ ਹਨ। ਨਿਡਰ ਮਨੁੱਖ ਨੱਚਦਾ ਗਾਉਂਦਾ ਵੀ ਹੈ ਤੇ ਆਪਣੇ ਇਹਨਾਂ ਖੁਸ਼ੀਆਂ-ਖੇੜਿਆਂ ਤੇ ਗੀਤਾਂ ਦੇ ਲਈ ਲੜਦਾ ਵੀ ਹੈ। ਜੱਗਾ ਜੱਟ ਪੰਜਾਬੀ ਲੋਕ ਗੀਤਾਂ ਦਾ ਨਾਇਕ ਇਸ ਲਈ ਹੈ ਕਿ ਉਹ ਨਾਚ ਤੇ ਗੀਤਾਂ ਦਾ ਗਲ਼ਾ ਘੁੱਟ ਦੇਣ ਵਾਲੇ ਅਨਿਆਈਆਂ ਤੇ ਅਤਿਆਚਾਰੀਆਂ ਦੇ ਵਿਰੁੱਧ ਲੜਨ ਵਾਲਾ ਇਕ ਯੋਧਾ ਪੁਰਸ਼ ਵੀ ਸੀ। ਜੱਗੇ ਜੱਟ ਦੀ ਨਿਮਰਤਾ ਤੇ ਬੀਰਤਾ ਪੰਜਾਬ ਦੀ ਰੂਹ ਬਣ ਗਈ ਹੈ, ਜਿਹੜੀ ਨੌਜਵਾਨਾਂ ਨੂੰ ਹਲੂਣਦੀ, ਪ੍ਰੇਰਨਾ ਦਿੰਦੀ ਤੇ ਲਹੂ ਦੇ ਉਬਾਲ ਨੂੰ ਕਾਇਮ ਰੱਖਦੀ ਹੈ। ਵਿਸਾਖੀ ਦੇ ਇਸ ਦਿਹਾੜੇ 'ਤੇ ਕਿਸਾਨ ਜਿੱਥੇ ਭੰਗੜੇ ਪਾ ਰਹੇ ਸਨ ਤੇ ਮਾਹੀਏ ਗਾ ਰਹੇ ਸਨ, ਉੱਥੇ ਜੱਗੇ ਜੱਟ ਦੀ ਇਸ ਰਵਾਇਤ ਨੂੰ ਵੀ ਲਹਿਕ-ਲਹਿਕ ਕੇ ਥਿਰਕ-ਥਿਰਕ ਕੇ ਉਚੀਆਂ ਆਵਾਜ਼ਾਂ ਵਿਚ ਗਾਇਆ ਜਾ ਰਿਹਾ ਸੀ—
'ਜੱਗਾ ਜੱਟ ਨੀਂ ਕਿਸੇ ਬਣ ਜਾਣਾ
ਘਰ ਘਰ ਪੁੱਤ ਜੰਮਣੇ।'
ਕਿਸਾਨ ਨੌਜਵਾਨਾਂ ਨੇ ਝੂੰਮ ਝੂੰਮ ਕੇ ਗਾਇਆ, ਫੇਰ ਸੁਰ ਬਦਲਿਆ—
'ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ
ਇਕ ਦੇ ਦੋ ਜੰਮਦੀ।'
ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਹਰ ਛੇ ਮਹੀਨੇ ਬਾਅਦ ਦੀਵਾਲੀ ਤੇ ਵਿਸਾਖੀ ਦਾ ਜਿਹੜਾ ਪਰਵ ਮਨਾਇਆ ਜਾਂਦਾ ਸੀ, ਉਹ ਵੀ ਬਹਾਦੁਰੀ ਦੇ ਨਿਮਰਤਾ ਦੀ ਰੀਤ ਨੂੰ ਜਿਉਂਦਿਆਂ ਰੱਖਣ ਦਾ ਪਰਵ ਸੀ। ਸਿਰ ਉੱਚਾ ਕਰਕੇ ਤੁਰਨ ਦੀ ਰੀਤ ਦਾ ਜਸ਼ਨ ਸੀ। ਅੰਮ੍ਰਿਤਸਰ ਦਾ ਅਰਥ ਹੈ, 'ਅਮਰਿਤ ਦਾ ਸਰੋਵਰ'। ਅਮਰ ਉਹੀ ਹੁੰਦਾ ਹੈ, ਜਿਹੜਾ ਦੀਨ-ਧਰਮ ਹੇਤੁ ਲੜਨਾ-ਮਰਨਾ ਜਾਣਦਾ ਹੈ। ਧਰਮ ਦੀ ਰੱਖਿਆ ਗੀਤਾਂ ਤੇ ਖੇੜਿਆਂ ਦੀ ਰੱਖਿਆ ਹੈ। ਬਿਨਾਂ ਖੁਸ਼ੀਆਂ ਖੇੜਿਆਂ ਤੇ ਗੀਤਾਂ ਦੇ ਜਿਊਣ ਨਾਲੋਂ ਮਰ ਜਾਣਾ ਕਿਤੇ ਚੰਗਾ ਹੈ। ਜਿਊਣਾ ਇਨਸਾਨਾਂ ਦਾ ਹੁੰਦਾ ਹੈ ਮੁਰਦਿਆਂ ਦਾ ਨਹੀਂ। ਮਨੁੱਖ ਦੇ ਜੀਵਨ ਵਿਚ ਰੂਹ ਦਾ ਅਹਿਸਾਸ ਜਗਾਉਣ ਲਈ ਹੀ ਛੇ ਮਹੀਨੇ ਬਾਅਦ ਦੀਵਾਲੀ ਦੇ ਵਿਸਾਖੀ ਦੇ ਤਿਉਹਾਰ ਮਨਾਏ ਜਾਂਦੇ ਹਨ।
10 ਅਪਰੈਲ 1760 ਨੂੰ ਵੀ ਵਿਸਾਖੀ ਦਾ ਇਹੋ ਦਿਹਾੜਾ ਗੁਰੂ ਦੀ ਨਗਰੀ ਅੰਮ੍ਰਿਤਸਰ ਵਿਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਦੀਵਾਨ ਸਜਿਆ ਤੇ ਸਰਬੱਤ ਖਾਲਸਾ ਨੇ ਮਤਾ ਪਾਸ ਕੀਤਾ ਕਿ 'ਅਹਿਮਦ ਸ਼ਾਹ ਅਬਦਾਲੀ ਮਰਾਠਿਆਂ ਨੂੰ ਹਰਾ ਕੇ, ਲੁੱਟਮਾਰ ਕਰਦਾ ਹੋਇਆ ਦਿੱਲੀਓਂ ਪਰਤ ਰਿਹਾ ਹੈ। ਅਸੀਂ ਉਸਦਾ ਹੰਕਾਰ ਭੰਗ ਕਰਨਾ ਹੈ। ਪੰਜਾਬ ਦੀ ਧਰਤੀ ਉੱਤੇ ਪੈਰ ਰੱਖਦਿਆਂ ਹੀ ਉਸਨੂੰ ਅਹਿਸਾਸ ਕਰਾਉਣਾ ਹੈ ਕਿ ਇਹ ਧਰਤੀ ਪੋਰਸ ਦੀ ਧਰਤੀ ਹੈ। ਜੱਗੇ ਜੱਟ ਦੀ ਧਰਤੀ ਹੈ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਤੇ ਬੰਦਾ ਬਹਾਦਰ ਦੀ ਧਰਤੀ ਹੈ। ਮਾਣ-ਮਰਿਆਦਾ ਲਈ ਮਰ ਮਿਟਣ ਵਾਲਿਆਂ ਦੀ ਧਰਤੀ ਹੈ।'
ਇਹ ਗੁਰਮਤਾ ਪਾਸ ਕਰਨ ਪਿੱਛੋਂ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰੇ ਛੱਡੇ ਜਾ ਰਹੇ ਸਨ ਕਿ ਯਕਦਮ ਇਕ ਰੌਲਾ ਜਿਹਾ ਪੈਣ ਲੱਗ ਪਿਆ ਤੇ ਲੋਕਾਂ ਦੀ ਇਕ ਵੱਡੀ ਭੀੜ ਅੰਦਰ ਆ ਵੜੀ। ਅੱਗੇ ਲੱਗਾ ਆਦਮੀ ਕਹਿ ਰਿਹਾ ਸੀ—
“ਦੁਖੀਆਂ ਦੀ ਫਰਿਆਦ ਵਾਹਿਗੁਰੂ ਦੇ ਦਰਬਾਰ
ਸੁਣੋ ਸੁਣੋ ਜੱਸਾ ਸਿੰਘ ਸਰਦਾਰ
ਤੁਸੀਂ ਕਹੋ ਕਾਗਜ਼ ਦੀ ਲੇਖੀ
ਮੈਂ ਕਹਾਂ ਅੱਖਾਂ ਦੀ ਦੇਖੀ
ਦੁਰਾਨੀਆਂ ਹੱਥੋਂ ਇੱਜਤ ਲੁਟ ਗਈ ਸਰੇ ਬਾਜ਼ਾਰ
ਸੁਣੋ ਸੁਣੋ ਜੱਸਾ ਸਿੰਘ ਸਰਦਾਰ
ਦੁਖੀਆਂ ਦੀ ਫਰਿਆਦ ਵਾਹਿਗੁਰੂ ਜੀ ਦੇ ਦਰਬਾਰ।”
ਆਉਣ ਵਾਲਾ ਆਦਮੀ ਬੇਨਾਮ ਸੂਫੀ ਫਕੀਰ ਸੀ। ਜੱਸਾ ਸਿੰਘ ਉਸਨੂੰ ਜਾਣਦਾ ਸੀ, ਪਰ ਅਣਜਾਣ ਬਣ ਕੇ ਪੁੱਛਿਆ—
“ਸਾਈਂ ਜੀ, ਕੀ ਹੋਇਆ?”
“ਮੈਂ ਇਕ ਫਕੀਰ ਹਾਂ, ਦੁਨੀਆਂਦਾਰੀ ਨਾਲ ਮੈਨੂੰ ਮਤਲਬ ਨਹੀਂ। ਮੇਰਾ ਆਪਣਾ ਕੋਈ ਦਰਦ ਨਹੀਂ, ਕੋਈ ਤਕਲੀਫ ਨਹੀਂ...ਪਰ ਜਦੋਂ ਦੇਖਿਆ ਕਿ ਦੁਨੀਆਂਦਾਰਾਂ ਉਪਰ, ਬੇਗੁਨਾਹਾਂ-ਲਾਚਾਰਾਂ ਉਪਰ ਜੁਲਮ ਢਾਇਆ ਜਾ ਰਿਹੈ ਤਾਂ ਮੇਰਾ ਦਿਲ ਤੜਫ ਉਠਿਐ, ਕਰਾਹ ਉਠਿਐ। ਤੇ ਮੈਂ ਇਹਨਾਂ ਦੀ ਫਰਿਆਦ ਗੁਰੂ ਦੇ ਦਰਬਾਰ ਵਿਚ ਲੈ ਆਇਆ ਹਾਂ। ਹਾਂ, ਜੋ ਹੋਇਆ ਏ ਇਹਨਾਂ ਲੋਕਾਂ ਨੂੰ ਪੁੱਛ ਲਓ।” ਬੇਨਾਮ ਸੂਫੀ ਫਕੀਰ ਯਾਨੀ ਭੂਪੇ ਸ਼ਾਹ ਨੇ ਆਪਣੇ ਨਾਲ ਆਈ ਲੋਕਾਂ ਦੀ ਭੀੜ ਵਿਚਲੇ ਮਰਦ ਔਰਤਾਂ ਵੱਲ ਇਸ਼ਾਰਾ ਕੀਤਾ।
“ਮੈਂ ਆਪਣੇ ਇਕਲੌਤੇ ਪੁੱਤਰ ਦਾ ਵਿਆਹ ਕੁਝ ਦਿਨ ਪਹਿਲਾਂ ਕੀਤਾ ਸੀ। ਘਰੇ ਬਹੂ ਸੀ ਤੇ ਜਵਾਨ ਧੀ। ਦੁਸ਼ਟ ਅਬਦਾਲੀ ਦੇ ਆਦਮੀ ਉਹਨਾਂ ਦੋਹਾਂ ਨੂੰ ਚੁੱਕ ਕੇ ਲੈ ਗਏ। ਕੋਈ ਸਹਾਰਾ ਨਾ ਦੇਖ ਕੇ, ਮੈਂ ਤੁਹਾਡੇ ਕੋਲ ਫਰਿਆਦ ਲੈ ਕੇ ਆਈ ਹਾਂ। ਮੇਰੀ ਬਹੂ ਤੇ ਧੀ ਨੂੰ ਤੁਸੀਂ ਹੀ ਛੁਡਾਅ ਸਕਦੇ ਹੋ। ਹਾਏ ਮੇਰਾ ਘਰ ਉੱਜੜ ਗਿਐ।” ਇਕ ਬੁੱਢੀ ਨੇ ਰੋਂਦਿਆਂ ਹੋਇਆਂ ਫਰਿਆਦ ਕੀਤੀ।
“ਮੈਂ ਜੀ, ਕਿਸੇ ਦੇ ਲੜਾਈ ਝਗੜੇ ਵਿਚ ਨਹੀਂ ਪੈਂਦਾ, ਇਸ ਸਾਧਾਰਨ ਦੁਕਾਨਦਾਰ ਹਾਂ। ਮੇਰੇ ਦੋ ਪੁੱਤਰ ਕਾਰੋਬਾਰ ਵਿਚ ਮੇਰਾ ਹੱਥ ਵੰਡਾਉਂਦੇ ਸਨ। ਅਬਦਾਲੀ ਦੇ ਆਦਮੀ ਦੋਹਾਂ ਨੂੰ ਫੜ ਕੇ ਲੈ ਗਏ। ਤੁਹਾਡੇ ਤੋਂ ਉਮੀਦ ਹੈ, ਹੁਣ ਤੁਹਾਡੇ ਕੋਲ ਫਰਿਆਦ ਲੈ ਕੇ ਆਇਆਂ।”
ਸਾਂਵਲ ਦਾਸ ਨਾਂ ਦਾ ਵਪਾਰੀ ਕਹਿ ਰਿਹਾ ਸੀ। ਦੁਰਾਨੀਆਂ ਨੇ ਉਸਦੀ ਦੁਕਾਨ ਤੇ ਘਰ ਦਾ ਸਾਰਾ ਮਾਲ-ਸਾਮਾਨ ਲੁੱਟ ਲਿਆ ਸੀ। ਪਰ ਉਸਦਾ ਉਸਨੂੰ ਏਨਾ ਦੁੱਖ ਨਹੀਂ ਸੀ, ਜਿੰਨਾਂ ਪੁੱਤਰਾਂ ਨੂੰ ਫੜ੍ਹ ਕੇ ਲੈ ਜਾਣ ਦਾ ਸੀ।
ਫਰਿਆਦੀਆਂ ਵਿਚ ਜਵਾਨ ਸਿੱਖ ਔਰਤ ਵੀ ਸੀ। ਉਸਦੀਆਂ ਅੱਖਾਂ ਵਿਚ ਅੱਥਰੂ ਸਨ ਪਰ ਚਿਹਰਾ ਗੁੱਸੇ ਕਾਰਨ ਲਾਲ ਹੋਇਆ ਹੋਇਆ ਸੀ। ਉਸ ਨੇ ਜੱਸਾ ਸਿੰਘ ਨੂੰ ਕਿਹਾ—
“ਸਰਦਾਰ ਜੀ, ਮੇਰਾ ਪਤੀ ਤੁਹਾਡੀ ਸੈਨਾ ਦਾ ਹੀ ਇਕ ਬਹਾਦਰ ਸਿਪਾਹੀ ਸੀ। ਸਾਡਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ। ਇਕ ਹਫਤਾ ਹੋਇਆ ਅਸੀਂ ਪਤੀ ਪਤਨੀ ਦੋਹੇਂ ਆਪਣੇ ਘਰ ਬੈਠੇ ਹੋਏ ਸਾਂ ਕਿ ਅਚਾਨਕ ਦੁਰਾਨੀਆਂ ਸਾਨੂੰ ਆ ਘੇਰਿਆ। ਪਤੀ ਨੇ ਮੈਨੂੰ ਤੂੜੀ ਵਾਲੇ ਕੋਠੇ ਵਿਚ ਲੁਕੋਅ ਦਿੱਤਾ ਤੇ ਆਪ ਕਿਰਪਾਨ ਚੁੱਕ ਕੇ ਦੁਸ਼ਮਣਾ ਨਾਲ ਜਾ ਭਿੜਿਆ। ਦੁਰਾਨੀ, ਪੰਜ ਛੇ ਜਣੇ ਸਨ। ਮੇਰਾ ਪਤੀ ਉਹਨਾਂ ਨਾਲ ਲੜਦਾ ਹੋਇਆ ਜਖ਼ਮੀ ਹੋ ਗਿਆ ਤੇ ਉਹ ਉਸਨੂੰ ਫੜ੍ਹ ਕੇ ਲੈ ਗਏ। ਤੁਸੀਂ ਸਾਡੀ ਮਦਦ ਕਰੋ। ਮੈਂ ਵੀ ਤੁਹਾਡੇ ਨਾਲ ਲੜਨ ਲਈ ਜਾਵਾਂਗੀ। ਇਹ ਹੈ ਮੇਰੀ ਕਿਰਪਾਨ ਤੇ ਔਹ ਖੜ੍ਹਾ ਮੇਰਾ ਘੋੜਾ।” ਉਸ ਮੁਟਿਆਰ ਨੇ ਤਲਵਾਰ ਮਿਆਨ ਵਿਚੋਂ ਕੱਢੀ ਤੇ ਬਹਾਰ ਵੱਲ ਇਸ਼ਾਰਾ ਕੀਤਾ ਜਿਧਰ ਘੋੜਾ ਖੜ੍ਹਾ ਸੀ।
ਇਸ ਪਿੱਛੋਂ ਦਰਮਿਆਨੇ ਕੱਦ ਦਾ ਇਕ ਹਿੰਦੁਸਤਾਨੀ ਮੁਸਲਮਾਨ ਆਇਆ। ਉਸਨੇ ਕਿਹਾ, “ਸਰਦਾਰ ਜੀ, ਮੇਰਾ ਨਾਂ ਬਸ਼ੀਰ ਅਹਿਮਦ ਏ। ਪਿੰਡ ਘੌਂਡਾ 'ਚ ਰਹਿੰਦਾ ਹਾਂ ਜੀ। ਇਹ ਵਿਦੇਸ਼ੀ ਮੇਰੀ ਬੀਵੀ ਤੇ ਦੋ ਮਮੇਰੀਆਂ ਭੈਣਾ ਨੂੰ ਚੁੱਕ ਕੇ ਲੈ ਗਏ ਜੀ।”
ਜੱਸਾ ਸਿੰਘ ਆਹਲੂਵਾਲੀਆ ਦੇ ਇਲਾਵਾ ਚੜ੍ਹਤ ਸਿੰਘ, ਜੈ ਸਿੰਘ, ਹਰੀ ਸਿੰਘ, ਹਕੀਕਤ ਸਿੰਘ, ਗੁੱਜਰ ਸਿੰਘ ਆਦਿ ਹੋਰ ਕਈ ਮਿਸਲਾਂ ਦੇ ਸਰਦਾਰ ਵੀ ਉੱਥੋ ਹਾਜ਼ਰ ਸਨ। ਲੋਕਾਂ ਦੀਆਂ ਦਰਦ ਭਰੀਆਂ ਫਰਿਆਦਾਂ ਸੁਣ ਕੇ ਉਹਨਾਂ ਦਾ ਖ਼ੂਨ ਉਬਾਲੇ ਖਾਣ ਲੱਗ ਪਿਆ।
“ਸਰਦਾਰਜੀ, ਕੀ ਦੱਸਾਂ। ਜੋ ਕੁਝ ਦੇਖਿਆ, ਬਿਆਨ ਨਹੀਂ ਹੋ ਸਕਦਾ। ਇਹ ਸਭ ਦੇਖ ਦੇਖ ਕੇ ਅੱਖਾਂ ਪੱਕ ਗਈਆਂ ਨੇ।” ਨੰਦੂ ਨਾਂ ਦਾ ਇਕ ਬਾਜ਼ੁਰਗ ਕੁਹਾਰ ਬੋਲਿਆ, “ਮੈਂ ਕਰਨਾਲ ਵਿਚ ਰਹਿੰਦਾ ਹਾਂ ਜੀ। ਬਾਜ਼ਾਰ ਵਿਚ ਪਿਆਊ ਏ। ਮੈਂ ਪਿਆਊ 'ਤੇ ਬੈਠਾ ਆਉਂਦੇ ਜਾਂਦੇ ਲੋਕਾਂ ਨੂੰ ਪਾਣੀ ਪਿਆਉਂਦਾਂ ਜੀ। ਉਸ ਦਿਨ ਬੁਲੰਦ ਖਾਂ ਨੇ ਸ਼ਹਿਰ ਦੀਆਂ ਸਾਰੀਆਂ ਜ਼ਨਾਨੀਆਂ ਨੂੰ ਘਰਾਂ 'ਚੋਂ ਕੱਢ ਕੇ ਬਾਜ਼ਾਰ 'ਚ ਲਿਆ ਖਲ੍ਹਾਰਿਆ। ਉਹਨਾਂ 'ਚੋਂ ਜਿਹੜੀ ਜਿਸਨੂੰ ਪਸੰਦ ਆਈ ਚੁਣ ਕੇ ਲੈ ਗਏ। ਮੇਰੀ ਜਵਾਨ ਧੀ ਸੰਤੋ ਨੂੰ ਵੀ ਲੈ ਗਏ ਜੀ।”
“ਕੈਦੀ ਬਣਾਏ ਗਏ ਲੋਕਾਂ ਦੀ ਤਾਦਾਦ ਕਿੰਨੀ ਕੁ ਹੋਏਗੀ?” ਜੱਸਾ ਸਿੰਘ ਨੇ ਬੇਨਾਮ ਸੂਫੀ ਫਕੀਰ ਤੋਂ ਪੁੱਛਿਆ।
“ਪੱਕੀ ਗਿਣਤੀ ਕੋਈ ਨਹੀਂ। ਪਰ ਤਾਦਾਦ ਕਾਫੀ ਸੀ। ਦੋ ਹਜ਼ਾਰ ਤੋਂ ਉਪਰ ਤਾਂ ਸਿਰਫ ਔਰਤਾਂ ਹੀ ਹੋਣੀਆਂ ਨੇ।”
“ਦੋ ਹਜ਼ਾਰ ਤੋਂ ਉਪਰ?”
“ਜੀ, ਦੋ ਹਜ਼ਾਰ ਤੋਂ ਉਪਰ।”
ਜੱਸਾ ਸਿੰਘ ਦੀਆਂ ਅੱਖਾਂ ਵਿਚ ਖ਼ੂਨ ਉਤਰ ਆਇਆ। ਤਲਵਾਰ ਮਿਆਨ ਵਿਚੋਂ ਖਿੱਚ ਕੇ ਗਰਜਵੀਂ ਆਵਾਜ਼ ਵਿਚ ਬੋਲੇ—
“ਗੁਰੂ ਦੇ ਦਰਬਾਰ ਵਿਚ ਕੀਤੀ, ਦੀਨ ਦੁਖੀਆਂ ਦੀ ਫਰਿਆਦ ਅਣਸੁਣੀ ਨਹੀਂ ਕੀਤੀ ਜਾ ਸਕਦੀ। ਖਾਲਸਾ ਗੁਰੂ ਦਾ ਰੂਪ ਹੈ। ਇਹਨਾਂ ਔਰਤਾਂ ਨੂੰ ਦੁਰਾਨੀ ਦੀ ਕੈਦ ਵਿਚੋਂ ਮੁਕਤ ਕਰਵਾਉਣਾ ਖਾਲਸੇ ਦੀ ਜ਼ਿਮੇਂਵਾਰੀ ਹੈ।” ਫੇਰ ਉਹ ਆਪਣੇ ਸਰਦਾਰ ਸਾਥੀਆਂ ਵੱਲ ਭੌਂ ਗਏ, “ਹੁਣ ਤਕ ਇਸ ਦੁਰਾਨੀ ਫੌਜ ਦੇ ਪਿੱਛਲੇ ਹਿੱਸੇ ਨੂੰ ਲੁੱਟਦੇ ਰਹੇ ਹਾਂ ਤੇ ਹੁਣ ਕੁਝ ਚਿਰ ਪਹਿਲਾਂ ਹੀ ਅਸਾਂ ਉਸਨੂੰ ਫੇਰ ਲੁੱਟਣ ਦਾ ਗੁਰਮਤਾ ਪਾਸ ਕੀਤਾ ਏ। ਪਰ ਹੁਣ ਮੁੱਖ ਮਸਲਾ ਉਹਨਾਂ ਔਰਤਾਂ ਦੀ ਰਿਹਾਈ ਹੈ। ਇਹ ਕੰਮ ਬੜਾ ਕਠਿਨ ਵੀ ਹੈ, ਪਰ ਕੰਮ ਜਿੰਨਾਂ ਕਠਿਨ ਹੈ ਓਨਾਂ ਹੀ ਜ਼ਰੂਰੀ ਵੀ ਹੈ। ਉਸਨੂੰ ਕਰਨਾ ਇਸ ਤੋਂ ਵੀ ਵੱਧ ਜ਼ਰੂਰੀ ਹੈ। ਇਕ ਸੀਤਾ ਦਾ ਹਰਨ ਹੋਇਆ ਤਾਂ ਰਾਮ ਨੇ ਲੰਕਾ ਉਪਰ ਚੜ੍ਹਾਈ ਕਰ ਦਿੱਤੀ...ਸਵਾਲ ਸੀਤਾ ਦੀ ਰਿਹਾਈ ਦਾ ਨਹੀਂ ਸੀ, ਰਘੁਵੰਸ਼ ਦੀ ਇੱਜ਼ਤ ਦਾ ਸੀ। ਹੁਣ ਦੋ ਹਜ਼ਾਰ ਤੋਂ ਵੱਧ ਔਰਤਾਂ ਦਾ ਹਰਨ ਹੋਇਆ ਏ, ਖਾਲਸੇ ਦੀ ਤੇ ਪੂਰੇ ਦੇਸ਼ ਦੀ ਇੱਜ਼ਤ ਦਾਅ 'ਤੇ ਲੱਗੀ ਹੋਈ ਏ। ਅਸੀਂ ਹਰ ਹਾਲਤ ਵਿਚ ਇਹਨਾਂ ਔਰਤਾਂ ਨੂੰ ਦੁਰਾਨੀ ਦੀ ਕੈਦ ਵਿਚੋਂ ਮੁਕਤ ਕਰਾਉਣਾ ਹੈ।”
ਸਰਬੱਤ ਖਾਲਸਾ ਨੇ ਔਰਤਾਂ ਦੀ ਰਿਹਾਈ ਦਾ ਗੁਰਮਤਾ ਪਾਸ ਕੀਤਾ ਤੇ ਤਿਆਰੀ ਸ਼ੁਰੂ ਹੋ ਗਈ।
***

No comments:

Post a Comment