Wednesday 11 August 2010

ਬੋਲੇ ਸੋ ਨਿਹਾਲ : ਵੀਹਵੀਂ ਕਿਸ਼ਤ :-

ਵੀਹਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਜਿਹੜੇ ਜ਼ਿਮੀਂਦਾਰ ਗੱਖੜ-ਪੱਖੜ, ਰੰਧਾਵੇ-ਸੰਧਾਵੇ ਤੇ ਪਠਾਨ-ਸ਼ਠਾਨ ਅਦੀਨਾ ਬੇਗ ਦੇ ਝੰਡੇ ਹੇਠ ਇਕੱਠੇ ਹੋਏ ਸਨ, ਉਹ ਸਾਰੇ ਆਪੋ ਆਪਣੇ ਖੁੱਡਿਆਂ ਵਿਚ ਜਾ ਲੁਕੇ। ਦਲ-ਖਾਲਸਾ ਨੇ ਫੇਰ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਨੂੰ ਆਪਣੀ ਰਾਖੀ ਵਿਚ ਲੈਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਦੁਸ਼ਮਣਾ ਤੋਂ ਬਦਲੇ ਲਏ। ਖਵਾਜ਼ਾ ਮਿਰਜ਼ਾ ਖਾਂ ਜਿਹੜਾ ਲਾਹੌਰ ਵਿਚ ਅਦੀਨਾ ਬੇਗ ਦਾ ਨਾਇਬ ਸੀ, ਖ਼ੁਦ ਨਵਾਬ ਬਣ ਬੈਠਾ। ਇਧਰ ਸਿੱਖ ਸਨ ਤੇ ਉਧਰ ਪੱਛਮ ਵਿਚ ਅਫਗਾਨਾਂ ਨੇ ਫੇਰ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ। ਆਪਣੇ ਆਪ ਨੂੰ ਦੋ ਪਾਸਿਓਂ ਖਤਰੇ ਵਿਚ ਘਿਰਿਆ ਦੇਖ ਕੇ ਖਵਾਜ਼ਾ ਮਿਰਜ਼ਾ ਨੇ ਸਿੱਖਾਂ ਵੱਲ ਸੁਲਾਹ ਦਾ ਹੱਥ ਵਧਾਇਆ। ਉਸਨੇ ਆਪਣੇ ਵਕੀਲ ਦੁਆਰਾ ਉਹਨਾਂ ਨੂੰ ਇਹ ਸੁਨੇਹਾ ਭੇਜਿਆ ਕਿ ਜੇ ਤੁਸੀਂ ਲੋਕ ਅਬਦਾਲੀ ਦੇ ਖ਼ਿਲਾਫ਼ ਮੇਰੀ ਮਦਦ ਕਰੋ ਤਾਂ ਮੈਂ ਤੁਹਾਡੇ ਵਿਰੁੱਧ ਦੁਆਬੇ ਵਿਚ ਕੋਈ ਕਾਰਵਾਈ ਨਹੀਂ ਕਰਾਂਗਾ। ਸੁਲਾਹ ਦੇ ਇਸ ਸੰਦੇਸ਼ ਉਪਰ ਵਿਚਾਰ ਕਰਨ ਲਈ ਸਰਬੱਤ ਖਾਲਸਾ ਦੀ ਬੈਠਕ ਹੋਈ। ਜੱਸਾ ਸਿੰਘ ਆਹਲੂਵਾਲੀਆ ਨੇ ਸਿੰਘਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਪਹਿਲਾ ਫਾਇਦਾ ਇਹ ਹੈ ਕਿ ਅਸੀਂ ਦੁਆਬੇ ਤੇ ਮਾਲਵੇ ਵਿਚ ਬੇਧੜਕ ਆਪਣੇ ਪੈਰ ਪੱਕੇ ਕਰ ਸਕਾਂਗੇ ਤੇ ਦੂਰਾਨੀਆਂ ਦਾ ਮੁਕਾਬਲਾ ਕਰਨ ਲਈ ਆਪਣੀ ਤਾਕਤ ਵਧਾਵਾਂਗੇ। ਦੂਜੀ ਗੱਲ ਇਹ ਹੈ ਕਿ ਦੂਰਾਨੀ ਵਿਦੇਸ਼ੀ ਨੇ ਅਬਦਾਲੀ ਹਿੰਦੁਸਤਾਨ ਉੱਤੇ ਆਪਣਾ ਕਬਜਾ ਕਰਨਾ ਚਾਹੁੰਦਾ ਹੈ। ਜੇ ਇੰਜ ਹੋਇਆ ਤਾਂ ਪੰਜਾਬ ਅਫਗਾਨੀ ਰਾਜ ਦਾ ਇਕ ਹਿੱਸਾ ਬਣ ਜਾਏਗਾ। ਇਸ ਦਾ ਮਤਲਬ ਇਹ ਹੋਇਆ ਕਿ ਇਕ ਗ਼ੁਲਾਮੀ ਵਿਚੋਂ ਨਿਕਲ ਕੇ ਦੂਜੀ ਗ਼ੁਲਾਮੀ ਵਿਚ ਚਲਾ ਜਾਏਗਾ। ਅਸੀਂ ਹੁਣ ਤਕ ਜਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ, ਇਸ ਵਿਦੇਸ਼ੀ ਗ਼ੁਲਾਮੀ ਦੇ ਜੂਲੇ ਨੂੰ ਉਤਾਰ ਸੁੱਟਣ ਲਈ ਦਿੱਤੀਆਂ ਨੇ। ਜੇ ਅਸੀਂ ਦੇਸ਼ ਨੂੰ ਵਿਦੇਸ਼ੀ ਗ਼ੁਲਾਮੀ ਵਿਚ ਜਾਣ ਤੋਂ ਬਚਾਅ ਲਿਆ ਤਾਂ ਇਹ ਖਵਾਜ਼ੇ-ਬਵਾਜ਼ੇ ਕੁਝ ਨਹੀਂ। ਇਹਨਾਂ ਨਾਲ ਅਸੀਂ ਆਸਾਨੀ ਨਾਲ ਨਿੱਬੜ ਲਵਾਂਗੇ।”
ਗੱਲ ਸਭ ਦੇ ਮਨ ਲੱਗੀ ਤੇ ਖਵਾਜ਼ਾ ਮਿਰਜ਼ਾ ਖਾਂ ਦੀ ਮਦਦ ਕਰਨ ਦਾ ਗੁਰਮਤਾ ਪਾਸ ਹੋ ਗਿਆ।
ਅਹਿਮਦ ਸ਼ਾਹ ਅਬਦਾਲੀ ਨੂੰ ਜਦੋਂ ਅਦੀਨਾ ਬੇਗ ਦੀ ਮੌਤ ਦੀ ਖਬਰ ਮਿਲੀ, ਉਹ ਮੀਰ ਨਸੀਰ ਖਾਂ ਦੇ ਸ਼ਹਿਰ ਕਲਾਤ ਦੀ ਘੇਰਾਬੰਦੀ ਕਰੀ ਬੈਠਾ ਸੀ। ਉਸਨੇ ਨੁਰੂਦੀਨ ਵਾਮੇਜਾਈ ਨੂੰ ਫੌਜ ਦੇ ਕੇ ਪੰਜਾਬ ਵੱਲ ਰਵਾਨਾ ਕਰ ਦਿੱਤਾ। ਉਸ ਸਤੰਬਰ ਦੇ ਅੰਤ ਤਕ ਬੜੀ ਆਸਾਨੀ ਨਾਲ ਸਿੰਧ ਨਦੀ ਪਾਰ ਕਰਕੇ ਸਿੰਧ ਸਾਗਰ ਦੁਆਬੇ ਵਿਚ ਆ ਪਹੁੰਚਿਆ। ਡੇਰਾ, ਮੀਆਨੀਅਤ ਤੇ ਚਕਸਾਨੂੰ ਆਦਿ ਸ਼ਹਿਰਾਂ ਵਿਚ ਲੁੱਟਮਾਰ ਤੇ ਸਾੜ-ਫੂਕ ਕਰਦਾ ਝਨਾਂ ਦੇ ਕੰਢੇ ਆ ਪਹੁੰਚਿਆ। ਖਵਾਜ਼ਾ ਮਿਰਜ਼ਾ ਖਾਂ ਵੀ ਸਿੰਘਾਂ ਨੂੰ ਨਾਲ ਲੈ ਕੇ ਮੁਕਾਬਲੇ ਲਈ ਆ ਡਟਿਆ ਤੇ ਖ਼ੂਬ ਲੜਾਈ ਹੋਈ। ਨੁਰੂਦੀਨ ਮੂੰਹ ਦੀ ਖਾ ਕੇ ਪਿੱਛੇ ਪਰਤ ਗਿਆ।
ਖਵਾਜ਼ਾ ਮਿਰਜ਼ਾ ਖਾਂ ਜਦੋਂ ਕਿਸੇ ਮੁਹਿੰਮ ਉੱਤੇ ਜਾਂਦਾ ਸੀ ਤਾਂ ਲਾਹੌਰ ਸ਼ਹਿਰ ਦਾ ਪ੍ਰਬੰਧ ਆਪਣੇ ਭਰਾ ਖਵਾਜ਼ਾ ਮੁਹੰਮਦ ਸਈਦ ਨੂੰ ਸੰਭਲਾ ਕੇ ਜਾਂਦਾ ਸੀ। ਮੁਹੰਮਦ ਸਈਦ ਬੜਾ ਨਿਰਦਈ ਤੇ ਲਾਲਚੀ ਆਦਮੀ ਸੀ। ਉਸਨੇ ਲੋਕਾਂ ਉਪਰ ਬੜੇ ਜ਼ੁਲਮ ਕੀਤੇ ਸਨ। ਵੱਡੇ ਵੱਡੇ ਜ਼ੁਰਮਾਨੇ ਲਾ ਦਿੰਦਾ ਤੇ ਦਹਿਸ਼ਤ ਪੈਦਾ ਕਰਨ ਲਈ ਹਰ ਰੋਜ਼ ਦੋ ਚਾਰ ਜਣਿਆਂ ਨੂੰ ਫਾਂਸੀ ਦਾ ਹੁਕਮ ਸੁਣਾ ਦਿੰਦਾ। ਇੰਜ ਉਸਨੇ ਕੁਝ ਸਿੱਖਾਂ ਨੂੰ ਵੀ ਕਤਲ ਕਰ ਦਿੱਤਾ ਤੇ ਸ਼ਹਿਰ ਦੇ ਸੱਜਣ ਤੇ ਖਾਂਦੇ-ਪੀਂਦੇ ਨਾਗਰਿਕਾਂ ਦੀਆਂ ਤਲਾਸ਼ੀਆਂ ਲੈ ਕੇ ਉਹਨਾਂ ਦੇ ਰੁਪਏ ਪੈਸੇ ਤੇ ਗਹਿਣੇ ਵਗੈਰਾ ਖੋਹ ਲਏ।
ਲੋਕ ਫਰਿਆਦ ਲੈ ਕੇ ਜੱਸਾ ਸਿੰਘ ਆਹਲੂਵਾਲੀਆ ਕੋਲ ਪਹੁੰਚੇ ਤਾਂ ਉਹ ਆਪਣੇ ਜੱਥੇ ਦੇ ਨਾਲ ਲਾਹੌਰ ਆ ਪਹੁੰਚਿਆ ਤੇ ਮਜੰਗ ਵਿਚ ਡੇਰਾ ਲਾ ਲਿਆ। ਮੁਹੰਮਦ ਸਈਦ ਨੂੰ ਪਤਾ ਲੱਗਿਆ ਤਾਂ ਉਹ ਸੁਲਾਹ-ਸਫਾਈ ਦੀ ਗੱਲ ਕਰਨ ਦੇ ਬਜਾਏ ਲੜਨ ਲਈ ਤਿਆਰ ਹੋ ਗਿਆ। ਪਰ 'ਕੀ ਪਿੱਦੀ ਤੇ ਕੀ ਪਿੱਦੀ ਦਾ ਮਾਜਣਾ' ਉਹ ਖਾਲਸੇ ਦੀ ਤਲਵਾਰ ਦੇ ਦੋ ਵਾਰ ਵੀ ਨਹੀਂ ਸਹਿ ਸਕਿਆ। ਭੱਜ ਕੇ ਸ਼ਹਿਰ ਵਿਚ ਆ ਛੁਪਿਆ।
ਖਵਾਜ਼ਾ ਮਿਰਜ਼ਾ ਖਾਂ ਨੇ ਕੁਝ ਬੁੱਕਲ ਦੇ ਸੱਪ ਪਾਲੇ ਹੋਏ ਸਨ। ਇਸ ਗੱਲ ਨਾਲ ਉਹਨਾਂ ਦੀ ਹਿੰਮਤ ਵਧੀ ਤੇ ਉਹਨਾਂ ਮਰਾਠਿਆਂ ਨਾਲ ਗੰਢ-ਤੁੱਪ ਕਰ ਲਈ। ਇਹ ਬੁੱਕਲ ਦੇ ਸੱਪ ਕਿਜਿਲਬਾਸ਼ ਕਬੀਲੇ ਦੇ ਲੋਕ ਸਨ, ਜਿਹਨਾਂ ਨੂੰ ਅਪਰੈਲ 1758 ਵਿਚ ਜਦੋਂ ਤੈਮੂਰ ਭੱਜ ਗਿਆ ਸੀ, ਖਵਾਜ਼ਾ ਮਿਰਜ਼ਾ ਖਾਂ ਨੇ ਚਨਾਬ ਦੇ ਕਿਨਾਰੇ ਗਿਰਫਤਾਰ ਕੀਤਾ ਸੀ। ਇਹਨਾਂ ਦੇ ਨੇਤਾ ਮਿਰਜ਼ਾ ਅਹਿਮਦ ਖਾਂ ਤੇ ਸਾਹਿਲ ਖਾਂ ਸਨ। ਪਿੱਛੋਂ ਇਹਨਾਂ ਨੂੰ ਫੌਜ ਵਿਚ ਭਰਤੀ ਕਰ ਲਿਆ ਗਿਆ ਸੀ। ਇਹਨਾਂ ਖਵਾਜ਼ਾ ਮਿਰਜ਼ਾ ਖਾਂ ਨੂੰ ਕੈਦ ਕਰ ਲਿਆ ਤੇ ਮੁਹੰਮਦ ਸਈਦ ਨੂੰ ਗਧੇ ਉੱਤੇ ਚੜ੍ਹਾ ਕੇ ਸਾਰੇ ਸ਼ਹਿਰ ਵਿਚ ਘੁਮਾਇਆ। ਉਸ ਦੁਆਰਾ ਸਤਾਏ ਗਏ ਲੋਕਾਂ ਨੇ ਉਸ ਉਪਰ ਗੰਦਗੀ ਸੁੱਟੀ। ਫੇਰ ਜਦੋਂ ਉਸਨੂੰ ਮਰਾਠਾ ਸਰਦਾਰ ਸਾਬਾਜੀ ਪਾਟਿਲ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਕਿਹਾ, “ਤੂੰ ਜਿਹੜੇ ਜ਼ੁਲਮ ਕੀਤੇ ਨੇ, ਇਹ ਉਹਨਾਂ ਦੀ ਸਜ਼ਾ ਮਿਲੀ ਏ ਤੇ ਠੀਕ ਵੀ ਏ। ਹੁਣ ਤੂੰ ਇੱਥੋਂ ਨੱਸ ਜਾ ਤੇ ਫੇਰ ਕਦੀ ਸ਼ਕਲ ਨਾ ਦਿਖਾਈਂ।”
ਹੁਣ ਮਿਰਜ਼ਾ ਅਹਿਮਦ ਖਾਂ ਲਾਹੌਰ ਦਾ ਤੇ ਸਾਹਿਲ ਖਾਂ ਮੁਲਤਾਨ ਦਾ ਸੂਬੇਦਾਰ ਬਣ ਗਿਆ ਪਰ ਅਸਲ ਤਾਕਤ ਸਾਬਾਜੀ ਪਾਟਿਲ ਦੇ ਹੱਥ ਵਿਚ ਸੀ।
ਰਘੁਨਾਥ ਰਾਵ ਨੂੰ ਜਦੋਂ ਅਦੀਨਾ ਬੇਗ ਦੀ ਮੌਤ ਦੀ ਖਬਰ ਮਿਲੀ ਸੀ ਤਾਂ ਉਸਨੇ ਸਾਬਾਜੀ ਪਾਟਿਲ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਲਾਹੌਰ ਭੇਜਿਆ ਸੀ। ਸਾਬਾਜੀ ਕੁਝ ਸਮੇਂ ਲਈ ਅਮਨ ਕਾਇਮ ਕਰਨ ਵਿਚ ਸਫਲ ਹੋਇਆ। ਇਕ ਵਿਸ਼ਾਲ ਮਰਾਠਾ ਸੈਨਾ ਦਿੱਲੀ ਵਿਚ ਮੌਜੂਦ ਸੀ, ਜਿਹੜੀ ਕਿਸੇ ਸਮੇਂ ਵੀ ਸਾਬਾਜੀ ਦੀ ਮਦਦ ਲਈ ਆ ਸਕਦੀ ਸੀ। ਪੰਜਾਬ ਦੇ ਸਾਰੇ ਜ਼ਿਮੀਂਦਾਰਾਂ ਨੇ ਉਸਦੀ ਅਧੀਨਤਾ ਮੰਨ ਲਈ। ਉਸਨੇ ਸਿੱਖਾਂ ਦੀ ਮਦਦ ਨਾਲ ਜ਼ਹਾਨ ਖਾਂ ਨੂੰ ਵੀ ਹਰਾ ਦਿੱਤਾ। ਨੁਰੂਦੀਨ ਵਾਮੇਜਈ ਦੀ ਹਾਰ ਤੋਂ ਪਿੱਛੋਂ ਅਬਦਾਲੀ ਨੇ ਜ਼ਹਾਨ ਖਾਂ ਨੂੰ ਭੇਜਿਆ ਸੀ। ਉਸਨੇ ਇਕ ਵੱਡੀ ਫੌਜ ਨਾਲ ਸਿੰਧ ਨਦੀ ਪਾਰ ਕੀਤੀ ਸੀ, ਪਰ ਮਰਾਠਿਆਂ ਤੇ ਸਿੱਖਾਂ ਦੀ ਮਿਲੀ ਜੁਲੀ ਫੌਜ ਦਾ ਮੁਕਾਬਲਾ ਉਹ ਵੀ ਨਹੀਂ ਸੀ ਕਰ ਸਕਿਆ। ਉਸਦਾ ਬੇਟਾ ਤੇ ਬਹੁਤ ਸਾਰੇ ਅਫਗਾਨ ਫੌਜੀ ਮਾਰੇ ਗਏ ਸਨ ਤੇ ਉਸਦੇ ਆਪਣੇ ਵੀ ਪੰਜ ਫੱਟ ਲੱਗੇ ਸਨ।
ਮੁਗਲਾਨੀ ਬੇਗਮ ਅਦੀਨਾ ਬੇਗ ਦੀ ਮੌਤ ਪਿੱਛੋਂ ਆਪਣੇ ਮਾਮੂ ਖਵਾਜ਼ਾ ਮਿਰਜ਼ਾ ਖਾਂ ਕੋਲ ਆ ਗਈ ਪਰ ਜਦੋਂ ਖਵਾਜ਼ਾ ਮਿਰਜ਼ਾ ਦੀ ਹਕੂਮਤ ਖੁੱਸ ਗਈ ਤਾਂ ਉਸਨੂੰ ਕੋਈ ਪੁੱਛਣ ਵਾਲਾ ਨਹੀਂ ਰਿਹਾ। ਉਹ ਫੇਰ ਹਕੀਮ ਸਰਾਏ ਵਿਚ ਰਹਿਣ ਲੱਗੀ। ਤਹਿਮਸ ਖਾਂ ਮਸਕੀਨ ਕੁਝ ਗਹਿਣੇ ਤੇ ਗਲੀਚੇ ਵਗੈਰਾ ਵੇਚ ਕੇ ਜਿਹੜੇ ਰੁਪਏ ਲਿਆਇਆ, ਉਹਨਾਂ ਨਾਲ ਦਿਨ ਕਟੀ ਹੋਣ ਲੱਗੀ। ਬੇਗਮ ਬੜੀ ਉਦਾਸ ਸੀ। ਜ਼ਹਾਨ ਖਾਂ ਦੀ ਹਾਰ ਪਿੱਛੋਂ ਅਬਦਾਲੀ ਦੇ ਹਮਲੇ ਦਾ ਖਤਰਾ ਵਧ ਗਿਆ ਸੀ ਤੇ ਲੋਕ ਭੈਭੀਤ ਸਨ ਪਰ ਮਸਕੀਨ ਇਸ ਹਾਲਤ ਵਿਚ ਵੀ ਆਰਾਮ ਨਾਲ ਬੈਠਾ ਹੁੱਕਾ ਪੀ ਰਿਹਾ ਸੀ।
“ਹੁਣ ਕੀ ਹੋਏਗਾ?” ਸ਼ਾਦ ਅਲੀ ਯਾਨੀ ਮੇਹਰ ਚੰਦ ਉਰਫ਼ ਮੇਹਰ ਅਲੀ ਨੇ ਪੁੱਛਿਆ।
“ਜੋ ਖ਼ੁਦਾ ਨੂੰ ਮੰਜ਼ੂਰ ਹੋਏਗਾ।”
“ਖ਼ੁਦਾ ਨੂੰ ਕੀ ਮੰਜ਼ੂਰ ਹੋਏਗਾ?”
“ਜੋ ਹੋਏਗਾ, ਉਹੀ ਖ਼ੁਦਾ ਨੂੰ ਮੰਜ਼ੂਰ ਹੀ ਹੋਏਗਾ।” ਮਸਕੀਨ ਨੇ ਜਵਾਬ ਦਿੱਤਾ ਤੇ ਖਿੜਖਿੜ ਕਰਕੇ ਹੱਸ ਪਿਆ। ਹੋਇਆ ਇਹ ਕਿ ਅਕਤੁਬਰ ਦੇ ਅੱਧ ਵਿਚ ਅਫਗਾਨਾਂ ਨੇ ਬੜਾ ਭਾਰੀ ਹਮਲਾ ਕਰ ਦਿੱਤਾ ਤੇ ਜਹਾਨ ਖਾਂ ਬਿਨਾਂ ਕਿਸੇ ਅੜਚਣ-ਅੜਿੱਕੇ ਦੇ ਲਾਹੌਰ ਪਹੁੰਚ ਗਿਆ। ਉਸਨੇ ਸੂਰਤ ਸਿੰਘ ਖੱਤਰੀ ਥਾਂਜੂਲਾ ਨੂੰ ਹੁਕਮ ਦਿੱਤਾ ਕਿ ਤੈਮੂਰ ਸ਼ਾਹ ਦੇ ਨਾਂ ਦਾ ਸਿੱਕਾ ਚਲਾਇਆ ਜਾਏ ਤੇ ਤੈਮੂਰ ਸ਼ਾਹ ਦੇ ਨਾਂ ਨਾਲ ਖੁਤਬਾ ਪੜ੍ਹਿਆ ਜਾਏ। ਉਸਨੇ ਸ਼ਹਿਰ ਵਿਚ ਮੁਨਾਦੀ ਕਰਵਾ ਦਿੱਤੀ ਕਿ ਲੋਕ ਆਪਸ ਵਿਚ ਲੜਨ-ਭਿੜਨ ਨਾ।
ਸਾਬਾਜੀ ਵਿਚ ਅਫਗਾਨਾਂ ਨਾਲ ਲੜਨ ਦੀ ਹਿੰਮਤ ਨਹੀਂ ਸੀ। ਉਹ ਹਮਲੇ ਦੀ ਖਬਰ ਸੁਣਦਿਆਂ ਹੀ ਬਟਾਲੇ ਚਲਾ ਗਿਆ ਤੇ ਬਟਾਲੇ ਤੋਂ ਅਦੀਨਾ ਬੇਗ ਦੀ ਵਿਧਵਾ, ਉਸਦੇ ਪੁੱਤਰ ਤੇ ਸਾਦਿਕ ਬੇਗ ਨਾਲ ਦਿੱਲੀ ਨੱਸ ਆਇਆ।
ਜਦੋਂ ਤੈਮੂਰ ਸ਼ਾਹ ਲਾਹੌਰ ਤੋਂ ਭੱਜ ਕੇ ਕਾਬੂਲ ਪਹੁੰਚਿਆ ਸੀ ਤਾਂ ਅਹਿਮਦ ਸ਼ਾਹ ਗੁੱਸੇ ਨਾਲ ਭਰ ਗਿਆ ਸੀ। ਫੇਰ ਜਦੋਂ ਨੁਰੂਦੀਨ ਵਾਮੇਜਈ ਵੀ ਹਾਰ ਕੇ ਪਰਤਿਆ ਸੀ ਤਾਂ ਇਹ ਗੁੱਸਾ ਹੋਰ ਵੀ ਭੜਕ ਉਠਿਆ ਸੀ। ਉਧਰ ਉਸਨੇ ਖ਼ੁਦ ਵੱਡੇ ਪੈਮਾਨੇ ਉਪਰ ਤਿਆਰੀ ਕੀਤੀ ਤੇ ਇਧਰ ਆਪਣੇ ਮੁਖ਼ਤਿਆਰ ਨਜੀਬੂਦੌਲਾ ਨੂੰ ਕਹਿ ਭੇਜਿਆ ਕਿ ਉਹ ਵੀ ਤਿਆਰ ਰਹੇ।
ਅਕਤੂਬਰ 1759 ਵਿਚ ਅਬਦਾਲੀ ਨੇ ਇਕ ਵਿਸ਼ਾਲ ਸੈਨਾ ਦੇ ਨਾਲ ਹਿੰਦੁਸਤਾਨ ਵੱਲ ਕੂਚ ਕੀਤਾ। ਉਸਦੇ ਸੈਨਾਪਤੀ ਜਹਾਨ ਖਾਂ ਦਾ ਸਹਿਜੇ ਹੀ ਲਾਹੌਰ ਉੱਤੇ ਕਬਜਾ ਹੋ ਚੁੱਕਿਆ ਸੀ। ਅਬਦਾਲੀ ਨੇ ਆਪਣਾ ਪ੍ਰਧਾਨ ਮੰਤਰੀ ਸ਼ਾਹ ਵਲੀ ਖਾਂ ਦੇ ਭਤੀਜੇ ਜਾਰਚੀ ਕਰੀਮਦਾਦ ਖਾਂ ਨੂੰ ਲਾਹੌਰ ਦਾ ਹਾਕਮ ਬਣਾ ਦਿੱਤਾ ਤੇ ਹਦਾਇਤ ਕੀਤੀ ਕਿ ਉਹ ਉਸਨੂੰ ਅਨਾਜ, ਹਥਿਆਰ ਤੇ ਗੋਲਾ ਬਾਰੂਦ ਭੇਜਦਾ ਰਹੇ। ਕਾਂਗੜੇ ਦੇ ਰਾਜੇ ਘਮੰਡ ਸਿੰਘ ਨੂੰ ਜਲੰਧਰ ਦੁਆਬੇ ਤੇ ਰਾਵੀ ਸਤਲੁਜ ਵਿਚਕਾਰਲੇ ਪਹਾੜੀ ਇਲਾਕੇ ਦਾ ਫੌਜਦਾਰ ਬਣਾਇਆ ਤੇ ਉਸਨੂੰ ਵੀ ਅਨਾਜ, ਹਥਿਆਰ ਤੇ ਗੋਲਾ ਬਾਰੂਦ ਭੇਜਦੇ ਰਹਿਣ ਦੀ ਹਦਾਇਤ ਕੀਤੀ। ਇਸ ਪਿੱਛੋਂ ਅਬਦਾਲੀ ਨੇ ਅਲੀਗੜ੍ਹ ਉਪਰ ਕਬਜਾ ਕੀਤਾ ਤੇ ਉਸਦੇ ਜਾਟ ਰਾਜੇ ਨੂੰ ਆਪਣਾ ਸਹਿਯੋਗੀ ਬਣਾ ਲਿਆ।
ਪੂਨਾ ਦਰਬਾਰ ਵਿਚ ਜਦੋਂ ਅਬਦਾਲੀ ਦੇ ਹਮਲੇ ਦੀ ਖਬਰ ਪਹੁੰਚੀ ਤਾਂ ਪੇਸ਼ਵਾ ਬਾਲਾਜੀ ਬਾਜੀ ਰਾਵ ਵੀ ਉਤਰ ਭਾਰਤ ਵਿਚ ਆਪਣੀ ਸਾਖ ਬਚਾਉਣ ਲਈ ਵੱਡੀ ਪੱਧਰ ਉੱਤੇ ਜੰਗ ਦੀ ਤਿਆਰੀ ਕਰਨ ਲੱਗਿਆ। ਮਈ 1760 ਵਿਚ ਇਕ ਵਿਸ਼ਾਲ ਮਰਾਠਾ ਸੈਨਾ ਨੇ ਸਦਾ ਸ਼ਿਵ ਰਾਵ ਭਾਉ ਦੀ ਕਮਾਨ ਵਿਚ ਉਤਰ ਵੱਲ ਕੂਚ ਕੀਤਾ। ਬਰਸਾਤ ਜਲਦੀ ਸ਼ੁਰੂ ਹੋ ਜਾਣ ਕਰਕੇ ਨਦੀਆਂ ਵਿਚ ਹੜ੍ਹ ਆ ਗਏ ਸਨ। ਫੇਰ ਵੀ ਮਰਾਠਾ ਸੈਨਾ ਚੰਬਲ ਤੇ ਜਮਨਾ ਪਾਰ ਕਰਕੇ 22 ਜੁਲਾਈ ਨੂੰ ਦਿੱਲੀ ਪਹੁੰਚ ਗਈ। ਉਸਨੇ ਸ਼ਹਿਰ ਤੇ ਕਿਲੇ ਉਪਰ ਕਬਜਾ ਕਰ ਲਿਆ।  ਇੱਥੇ ਸਦਾ ਸਿਵ ਰਾਵ ਭਾਉ ਦਾ ਆਪਣੇ ਸਮੇਂ ਦਾ ਸਭ ਤੋਂ ਯੋਗ ਨੀਤੀਵਾਨ ਜਾਟ ਰਾਜੇ ਸੂਰਜ ਮੱਲ ਨਾਲ ਝਗੜਾ ਹੋ ਗਿਆ। ਭਾਉ ਤਿੱਖੇ ਸੁਭਾਅ ਦਾ ਨੌਜਵਾਨ ਸੀ। ਉਸਨੇ ਉਦਗੀਰ ਦੀ ਲੜਾਈ ਵਿਚ ਨਿਜਾਮ ਨੂੰ ਹਰਾ ਕੇ ਅਦੱਭੁਤ ਹੌਂਸਲੇ ਤੇ ਬਹਾਦਰੀ ਦਾ ਸਬੂਤ ਦਿੱਤਾ ਸੀ। ਇਸ ਕਾਰਨ ਮਿਲੀ ਵਾਹਵਾਈ ਨੇ ਉਸਦਾ ਸਿਰ ਫੇਰ ਦਿੱਤਾ ਸੀ। ਅਬਦਾਲੀ ਦਾ ਮੁਕਾਬਲਾ ਕਿੱਥੇ ਤੇ ਕਿਵੇਂ ਕੀਤਾ ਜਾਏ, ਸੂਰਜ ਮੱਲ ਨੇ ਇਸ ਸਿਲਸਿਲੇ ਵਿਚ ਭਾਉ ਸਾਹਮਣੇ ਸੁਝਾਅ ਰੱਖਿਆ ਸੀ। ਭਾਉ ਚਿਣਕ ਕੇ ਬੋਲਿਆ ਸੀ, “ਹੁਣ ਉਠ ਤੇ ਬੱਕਰੀਆਂ ਚਰਾਉਣ ਵਾਲੇ ਜੱਟ-ਬੂਟ ਵੀ ਮੈਨੂੰ ਨੀਤੀ ਸਿਖਾਉਣਗੇ?” ਇਹ ਸਿੱਧਾ ਸੂਰਜ ਮੱਲ ਦਾ ਅਪਮਾਨ ਸੀ। ਉਹ ਭਾਉ ਦਾ ਸਾਥ ਛੱਡ ਕੇ ਆਪਣੀ ਸੈਨਾ ਵਾਪਸ ਲੈ ਗਿਆ। ਭਾਉ ਨੇ ਆਪਣੇ ਇਸ ਖਰਵੇ ਸੁਭਾਅ ਕਾਰਨ ਮਲਹਾਰ ਰਾਵ ਦੁਲਕਰ ਨੂੰ ਵੀ ਨਾਰਾਜ਼ ਕਰ ਦਿੱਤਾ। ਰਾਜਪੂਤ ਤੇ ਪੰਜਾਬ ਦੇ ਸਿੱਖ ਅਬਦਾਲੀ ਦਾ ਮੁਕਾਬਲਾ ਕਰਨ ਵਾਲੀ ਜਬਰਦਸਤ ਸ਼ਕਤੀ ਸਨ। ਅਦੂਰਦਰਸ਼ੀ ਪੇਸ਼ਵਾ ਤੇ ਉਸ ਦੇ ਸੈਨਾ ਪਤੀ ਭਾਉ ਨੇ ਉਹਨਾਂ ਦੀ ਮਦਦ ਲੈਣੀ ਵੀ ਜ਼ਰੂਰੀ ਨਹੀਂ ਸਮਝੀ।
ਉਧਰ ਨਜੀਬੂਦੌਲਾ ਨੇ ਹਿੰਦੂ ਮਰਾਠਾ ਰਾਜ ਦਾ ਡਰ ਦਿਖਾ ਕੇ ਰੋਹੇਲਾ ਸਰਦਾਰਾਂ ਨੂੰ ਤੇ ਅਵਧ ਦੇ ਨਵਾਬ ਸ਼ਜ਼ਾਊਦੌਲਾ ਨੂੰ ਅਬਦਾਲੀ ਦੇ ਪੱਖ ਵਿਚ ਲਿਆ ਖੜ੍ਹਾ ਕੀਤਾ। 23 ਹਜ਼ਾਰ ਘੋੜਸਵਾਰ ਤੇ ਸੱਤ ਹਜ਼ਾਰ ਪੈਦਲ ਅਬਦਾਲੀ ਦੀ ਆਪਣੀ ਸੈਨਾ ਸੀ। ਸੱਤ ਹਜ਼ਾਰ ਘੋੜਸਵਾਰ ਤੇ 23 ਹਜਾਰ ਪੈਦਲ ਸੈਨਾ ਰੋਹੇਲਿਆਂ ਤੇ ਅਵਧਾਂ ਦੀ ਉਸ ਨਾਲ ਆ ਰਲੀ।
ਨਜੀਬੂਦੌਲਾ ਬੜੇ ਮਾਣ ਨਾਲ ਕਹਿ ਰਿਹਾ ਸੀ, “ਇਸ ਬਾਰਾਤ ਦਾ ਲਾੜਾ ਮੈਂ ਹਾਂ। ਫਤਿਹ ਵੀ ਮੇਰੀ ਹੋਏਗੀ ਤੇ ਹਾਰ ਵੀ ਮੇਰੀ।” ਮਰਾਠਿਆਂ ਦੇ ਤੋਪ ਖਾਨੇ ਦਾ ਇੰਚਾਰਜ ਇਬਰਾਹੀਮ ਗਾਰਦੀ ਸੀ। ਨਜੀਬੂਦੌਲਾ ਨੇ ਉਸ ਨੂੰ ਵੀ ਇਹ ਸੰਦੇਸ਼ ਭੇਜਿਆ, 'ਹਿੰਦੁਸਤਾਨ ਦੀਆਂ ਮੁਸਲਮਾਨ ਹਕੂਮਤਾਂ ਖਤਰੇ ਵਿਚ ਹਨ। ਜੇ ਤੁਸੀਂ ਸੱਚੇ ਦੀਨਦਾਰ ਹੋ ਤਾਂ ਹਿੰਦੂ ਕਾਫਿਰਾਂ ਦਾ ਸਾਥ ਛੱਡ ਕੇ ਮੁਸਲਮਾਨਾਂ ਦਾ ਸਾਥ ਦਿਓ।'
ਇਬਰਾਹੀਮ ਗਾਰਦੀ ਦਾ ਜਵਾਬ ਸੀ, 'ਮੈਂ ਜਾਣਦਾ ਹਾਂ ਕਿਹੜਾ ਕਿੱਡਾ ਕੁ ਮੁਸਲਮਾਨ ਹੈ। ਤੂੰ ਉਸ ਅਹਿਮਦ ਸ਼ਾਹ ਅਬਦਾਲੀ ਨੂੰ ਮੁਸਲਮਾਨ ਦੱਸ ਰਿਹਾ ਹੈਂ, ਜਿਸ ਨੇ ਹਿੰਦੂ ਮੁਸਲਮਾਨ ਦਾ ਭੇਦ ਕੀਤੇ ਬਿਨਾਂ, ਪੂਰੀ ਦਿੱਲੀ ਨੂੰ ਬੜੀ ਬੇਰਹਿਮੀ ਨਾਲ ਲੁੱਟਿਆ ਸੀ। ਤੂੰ ਅਬਦਾਲੀ ਨੂੰ ਮੁਸਲਮਾਨ ਕਹਿ ਰਿਹਾ ਹੈਂ, ਜਿਹੜਾ ਸ਼ਹਿਜਾਦੀਆਂ ਨੂੰ ਜਬਰਦਸਤੀ ਚੁੱਕ ਕੇ ਲੈ ਗਿਆ ਸੀ? ਤੇਰੇ ਵਰਗੇ ਮਤਲਬ ਪ੍ਰਸਤ ਬੰਦੇ ਉਸ ਸਮੇਂ ਵੀ ਅਬਦਾਲੀ ਦੇ ਨਾਲ ਸਨ ਤੇ ਅੱਜ ਵੀ ਅਬਦਾਲੀ ਦੇ ਨਾਲ ਹਨ। ਐਵੇਂ ਇਸਲਾਮ ਦੀ ਦੁਹਾਈ ਕਿਉਂ ਦੇ ਰਿਹਾ ਹੈਂ!'
ਤੇ ਇਬਰਾਹੀਮ ਗਾਰਦੀ ਨੇ ਅਖ਼ੀਰ ਤਕ ਮਰਾਠਿਆਂ ਦਾ ਸਾਥ ਦਿੱਤਾ ਤੇ ਉਹਨਾਂ ਵੱਲੋਂ ਲੜਦਾ ਹੋਇਆ ਮਾਰਿਆ ਗਿਆ।
ਸ਼ਿਵ ਸਦਾ ਰਾਵ ਭਾਉ ਨੇ ਦਿੱਲੀ ਉਪਰ ਕਬਜਾ ਤਾਂ ਕਰ ਲਿਆ ਪਰ ਇਸਦਾ ਉਸ ਨੂੰ ਕੋਈ ਲਾਭ ਨਹੀਂ ਹੋਇਆ। ਉੱਥੇ ਨਾ ਅਨਾਜ, ਨਾ ਚਾਰਾ ਸੀ ਤੇ ਨਾ ਹੀ ਰੁਪਈਆ ਪੈਸਾ। ਜਿਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਆਪਣੇ ਲਈ ਅਨਾਜ, ਹਥਿਆਰ ਤੇ ਗੋਲਾ ਬਾਰੂਦ ਦੀ ਸਪਾਲਾਈ ਦਾ ਪ੍ਰਬੰਧ ਕਰਦਾ ਆਇਆ ਸੀ, ਭਾਉ ਨੇ ਇਸ ਤਰ੍ਹਾਂ ਦਾ ਕੋਈ ਵਸੀਲਾ ਨਹੀਂ ਸੀ ਕੀਤਾ।
ਭਾਉ ਦਿੱਲੀ ਤੋਂ ਅੱਗੇ ਵਧਿਆ ਤੇ 17 ਅਕਤੂਬਰ ਨੂੰ ਕੁੰਜਪੁਰ ਉੱਤੇ ਕਬਜਾ ਕਰ ਲਿਆ। ਇੱਥੇ ਕਾਫੀ ਰਸਦ ਤੇ ਲੁੱਟ ਦਾ ਮਾਲ ਉਸਦੇ ਹੱਥ ਲੱਗਾ। ਦਿੱਲੀ ਤੇ ਕੁੰਜਪੁਰ ਉਪਰ ਕਬਜਾ ਹੋ ਜਾਣ ਕਾਰਨ ਅਬਦਾਲੀ ਨੂੰ ਬੜਾ ਗੁੱਸਾ ਆਇਆ ਤੇ 23 ਅਕਤੂਬਰ ਨੂੰ ਬਾਗਪਤ ਲਾਗਿਓਂ ਜਮਨਾ ਪਾਰ ਕਰਕੇ ਉਹ ਪਾਨੀਪਤ ਪਹੁੰਚ ਗਿਆ। ਭਾਉ ਵੀ ਪਿੱਛੇ ਹਟ ਕੇ ਪਾਨੀਪਤ ਦੇ ਨੇੜੇ ਜਾ ਪਹੁੰਚਿਆ। ਹੁਣ ਦੋਹੇਂ ਸੈਨਾਵਾਂ ਆਹਮਣੇ-ਸਾਹਮਣੇ ਸਨ।
ਦੋ ਢਾਈ ਮਹੀਨੇ ਨਿੱਕੀਆਂ ਨਿੱਕੀਆਂ ਝੜਪਾਂ ਤੇ ਲੜਾਈਆਂ ਹੁੰਦੀਆਂ ਰਹੀਆਂ। ਇਹਨਾਂ ਭਿੜੰਤਾਂ ਦੌਰਾਨ ਅਬਦਾਲੀ ਨੇ ਚੁੱਪ ਸਾਧੀ ਰੱਖੀ। ਇਸ ਦੌਰਾਨ ਉਸ ਨੇ ਜਿਹੜੀ ਚਾਲ ਚੱਲੀ ਸੀ, ਉਹ ਸਫਲ ਹੋਈ। ਅਬਦਾਲੀ ਦੀ ਫੌਜ ਦੇ ਮੁਕਾਬਲੇ, ਮਰਾਠਾ ਫੌਜ ਦੀ ਗਿਣਤੀ ਕਾਫੀ ਜ਼ਿਆਦਾ ਸੀ¸ਪਰ ਰਸਦ ਦੀ ਸਪਲਾਈ ਦਾ ਕੋਈ ਪ੍ਰਬੰਧ ਨਹੀਂ ਸੀ। ਸਿੱਟਾ ਇਹ ਕਿ ਮਰਾਠਾ ਫੌਜ ਵਿਚ ਭੁੱਖਮਰੀ ਫੈਲ ਗਈ। ਭਾਉ ਨੇ ਪੇਸ਼ਵਾ ਨੂੰ ਲਿਖਿਆ, ਪਰ ਪੂਨੇ ਵਿਚ ਬੈਠਾ ਪੇਸ਼ਵਾ ਏਨੀ ਦੂਰ ਰਸਦ ਦਾ ਕੋਈ ਪ੍ਰਬੰਧ ਨਾ ਕਰ ਸਕਿਆ। ਸ਼ਾਇਦ ਉਸਨੇ ਇਸ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਨਿਰਾਸ਼ ਤੇ ਪ੍ਰੇਸ਼ਾਨ ਹੋਏ ਭਾਉ ਨੇ 14 ਜਨਵਰੀ 1761 ਦੀ ਸਵੇਰ ਨੂੰ ਫੌਜ ਨੂੰ ਰਣਭੂਮੀ ਵਿਚ ਉਤਾਰ ਦਿੱਤਾ। ਮੱਧ ਏਸ਼ੀਆ ਦੇ ਸਭ ਤੋਂ ਮਹਾਨ ਜਰਨੈਲ ਅਹਿਮਦ ਸ਼ਾਹ ਅਬਦਾਲੀ ਤੇ ਮੱਧ ਏਸ਼ੀਆ ਵਿਚ ਉਸਦੀ ਸਰਬ-ਸਰੇਸ਼ਟ ਸੈਨਾ ਦਾ ਮੁਕਾਬਲਾ ਅਨੁਭਵਹੀਨ ਭਾਉ ਨਹੀਂ ਕਰ ਸਕਿਆ। ਅਜਿਹੀ ਕਰਾਰੀ ਹਾਰ ਹੋਈ ਕਿ ਉਤਰੀ ਭਾਰਤ ਵਿਚੋਂ ਮਰਾਠਿਆਂ ਦੀ ਸਾਖ ਹਮੇਸ਼ਾ ਲਈ ਮਿਟ ਗਈ।
***

No comments:

Post a Comment