Wednesday 11 August 2010

ਬੋਲੇ ਸੋ ਨਿਹਾਲ : ਛੇਵੀਂ ਕਿਸ਼ਤ :-

ਛੇਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਜ਼ਕਰੀਆ ਖਾਂ ਦੀ ਮੌਤ ਪਿੱਛੋਂ, ਦੋ-ਢਾਈ ਸਾਲ ਇੰਜ ਬੀਤੇ...ਲੱਗਦਾ ਸੀ, ਪੰਜਾਬ ਵਿਚ ਨਾ ਕੋਈ ਰਾਜ ਹੈ, ਨਾ ਰਾਜ-ਪ੍ਰਬੰਧ। ਇਕ ਪਾਸੇ ਜ਼ਕਰੀਆ ਖਾਂ ਦੇ ਦੋਵੇਂ ਬੇਟੇ ਯਹੀਆ ਖਾਂ ਤੇ ਸ਼ਾਹ ਨਿਵਾਜ ਵਿਚਕਾਰ ਉਤਰ-ਅਧਿਕਾਰੀ ਬਣਨ ਲਈ ਘਰੇਲੂ-ਜੰਗ ਸ਼ੁਰੂ ਹੋ ਗਈ ਤੇ ਦੂਜੇ ਪਾਸੇ ਕਠਪੁਤਰੀ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਤੇ ਉਸਦੇ ਵਜੀਰ ਕਮਰੂੱਦੀਨ ਖਾਂ ਵਿਚ ਠਣ ਗਈ। ਬਾਦਸ਼ਾਹ ਇਹ ਨਹੀਂ ਸੀ ਚਾਹੁੰਦਾ ਕਿ ਪੰਜਾਬ ਵਿਚ ਤੁਰਾਨੀ-ਦਲ ਦਾ ਹੀ ਰਾਜ ਰਹੇ, ਜਦੋਂ ਕਿ ਕਮਰੂੱਦੀਨ ਆਪਣਾ ਖਾਨਦਾਨੀ ਰਾਜ ਕਾਇਮ ਰੱਖਣ ਉੱਤੇ ਤੁਲਿਆ ਹੋਇਆ ਸੀ। ਰੰਗੀਲਾ ਸਿਰਫ ਨਾਂ ਦਾ ਹੀ ਬਾਦਸ਼ਾਹ ਸੀ। ਸੱਤਾ ਕਮਰੂੱਦੀਨ ਦੇ ਹੱਥ ਵਿਚ ਸੀ। ਉਸਨੇ ਜ਼ਕਰੀਆ ਖਾਂ ਦੇ ਭਤੀਜੇ ਨੂੰ ਫੈਸਲਾ ਨਾ ਹੋਣ ਤਕ ਆਰਜ਼ੀ ਸੁਬੇਦਾਰ ਬਣਾ ਦਿੱਤਾ। ਖਜਾਨਾ ਖਾਲੀ ਸੀ, ਫੌਜ ਨੂੰ ਤਨਖਾਹ ਨਹੀਂ ਸੀ ਮਿਲ ਰਹੀ। ਨਵਾਬ ਅਬਦੁੱਲਾ ਨੇ ਆਪਣੇ ਅਸਥਾਈ ਸ਼ਾਸਨ ਕਾਲ ਵਿਚ ਆਪਣਾ ਘਰ ਭਰ ਲੈਣ ਦੀ ਸੋਚੀ। ਕਿਸਾਨਾਂ ਉਪਰ ਲਗਾਨ ਵਧਾ ਦਿੱਤਾ ਗਿਆ ਤੇ ਫੌਜ ਨੂੰ ਜਿੱਥੋਂ ਵੀ ਤੇ ਜਿਵੇਂ ਵੀ ਹੋ ਸਕੇ ਪੈਸੇ ਕਮਾਉਣ ਦੀ ਖੁੱਲ੍ਹੀ ਛੁੱਟੀ ਮਿਲ ਗਈ। ਸਿੱਟਾ ਇਹ ਕਿ ਅਜਿਹੀ ਹਨੇਰਗਰਦੀ ਮੱਚ ਗਈ ਕਿ ਲੋਕ ਹਾਹਾਕਾਰ ਕਰ ਉਠੇ ਤੇ ਇਹ ਕਹਾਵਤ ਹੋਂਦ ਵਿਚ ਆਈ...
'ਹਕੂਮਤ ਨਵਾਬ ਅਬਦੁੱਲਾ,
 ਨਾ ਚੱਕੀ ਰਹੀ, ਨਾ ਚੁੱਲ੍ਹਾ।'
ਭਰਾਵਾਂ ਵਿਚ ਚੱਲ ਰਹੇ ਵਿਰਾਸਤ ਦੇ ਝਗੜੇ ਨੂੰ ਨਿਬੇੜਨ ਲਈ ਵਜੀਰ ਕਮਰੂੱਦੀਨ ਖਾਂ ਨੇ ਬਾਦਸ਼ਾਹ ਨੂੰ ਇਹ ਸੁਝਾਅ ਦਿੱਤਾ ਕਿ ਯਹੀਆ ਖਾਂ ਨੂੰ ਲਾਹੌਰ ਦਾ ਤੇ ਸ਼ਾਹ ਨਵਾਜ ਖਾਂ ਨੂੰ ਮੁਲਤਾਨ ਦਾ ਸੂਬੇਦਾਰ ਬਣਾ ਦਿੱਤਾ ਜਾਏ। ਪਰ ਬਾਦਸ਼ਾਹ ਨੇ ਉਸਦਾ ਇਹ ਸੁਝਾਅ ਰੱਦ ਕਰ ਦਿੱਤਾ ਕਿਉਂਕਿ ਉਹ ਸੂਬੇਦਾਰ ਦੀ ਨਿਯੁਕਤੀ ਆਪਣੀ ਮਰਜ਼ੀ ਨਾਲ ਕਰਕੇ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਸਿੱਧ ਕਰਨਾ ਚਾਹੁੰਦਾ ਸੀ ਤੇ ਪੰਜਾਬ ਨੂੰ ਤੁਰਾਨੀ-ਦਲ ਦੇ ਜੱਦੀ ਅਧਿਕਾਰ ਹੇਠੋਂ ਮੁੱਕਤ ਕਰਨਾ ਚਾਹੁੰਦਾ ਸੀ।
ਵਜੀਰ ਕਮਰੂੱਦੀਨ ਬੜਾ ਚਤੁਰ ਤੇ ਧੁਨ ਦਾ ਪੱਕਾ ਆਦਮੀ ਸੀ। ਜਿੱਥੇ ਉਹ ਬਾਦਸ਼ਾਹ ਉੱਤੇ ਅੰਕੁਸ਼ ਰੱਖਣਾ ਚਾਹੁੰਦਾ ਸੀ, ਉੱਥੇ ਹੀ ਪੰਜਾਬ ਨੂੰ ਵੀ ਵਿਰੋਧੀ ਦਲ ਦੇ ਹੱਥਾਂ ਵਿਚ ਨਹੀਂ ਸੀ ਜਾਣ ਦੇਣਾ ਚਾਹੁੰਦਾ। ਉਂਜ ਵੀ ਯਹੀਆ ਖਾਂ ਉਸਦਾ ਜਵਾਈ ਸੀ ਤੇ ਉਹ ਉਸਨੂੰ ਪੰਜਾਬ ਦਾ ਨਵਾਬ ਬਨਾਉਣਾ ਚਾਹੁੰਦਾ ਸੀ। ਜਦੋਂ ਬਾਦਸ਼ਾਹ ਨੇ ਉਸਦਾ ਸੁਝਾਅ ਰੱਦ ਕਰ ਦਿੱਤਾ ਤਾਂ ਉਹ ਢੀਠਾਂ ਵਾਂਗ ਮੁਸਕਰਾਇਆ ਤੇ ਮਨ ਹੀ ਮਨ ਵਿਚ ਇਹ ਕਹਾਵਤ ਦਹੂਰਾਈ, 'ਕਿਆ ਪਿੱਦੀ, ਕਿਆ ਪਿੱਦੀ ਕਾ ਸ਼ੋਰਬਾ'। ਉਸਨੇ ਚੁੱਪਚਾਪ ਫੈਸਲਾ ਕੀਤਾ ਤੇ ਯਹੀਆ ਖਾਂ ਨੂੰ ਕਿਹਾ, “ਜਾਹ, ਜਾ ਕੇ ਲਾਹੌਰ 'ਤੇ ਕਬਜਾ ਕਰ ਲੈ। ਰੰਗੀਲਾ ਜੋ ਤੀਰ ਮਾਰੇਗਾ, ਉਸਨੂੰ ਮੈਂ ਦੇਖ ਲਵਾਂਗਾ।”
ਫੌਜ ਤਿਆਰ ਸੀ। ਯਹੀਆ ਖਾਂ ਉਸਨੂੰ ਲੈ ਕੇ ਲਾਹੌਰ ਆ ਪਹੁੰਚਿਆ। ਸ਼ਾਹ ਨਵਾਜ਼ ਖਾਂ ਤੋਂ ਇਹ ਸਹਿ ਨਾ ਹੋਇਆ। ਉਹ ਵੀ ਆਪਣੀ ਫੌਜ ਲੈ ਕੇ ਆ ਪਹੁੰਚਿਆ। ਉਹ ਬੜਾ ਹਿਰਖੀ ਸੁਭਾਅ ਦਾ ਆਦਮੀ ਸੀ। ਭਰਾ ਨੂੰ ਕਹਿਣ ਲੱਗਾ, “ਤੁਹਾਡੀ ਵਿਰਾਸਤ ਵਿਚ ਮੇਰਾ ਵੀ ਹਿੱਸਾ ਹੈ, ਬਟਵਾਰਾ ਹੋਵੇਗਾ। ਸਿੱਧੀ ਤਰ੍ਹਾਂ ਨਾ ਹੋਇਆ ਤਾਂ ਤਲਵਾਰ ਦੀ ਨੋਕ 'ਤੇ ਹੋਵੇਗਾ।”
ਯਹੀਆ ਖਾਂ ਨੂੰ ਆਪਣੇ ਵਜ਼ੀਰ ਸਹੁਰੇ ਦੀ ਮਦਦ ਦਾ ਭਰੋਸਾ ਸੀ। ਬੋਲਿਆ, “ਇਹ ਮੂੰਹ ਤੇ ਮਸਰਾਂ ਦੀ ਦਾਲ। ਵੱਡਾ ਆਇਆ ਏ ਬਟਵਾਰਾ ਕਰਨ ਵਾਲਾ।”
ਦੋਵਾਂ ਭਰਾਵਾਂ ਦੀਆਂ ਫੌਜਾਂ ਆਪਸ ਵਿਚ ਭਿੜ ਗਈਆਂ। ਸ਼ਾਹ ਨਵਾਜ਼ ਮਿਜਾਜ਼ ਦਾ ਕਰਾਰਾ ਹੀ ਨਹੀਂ, ਤਲਵਾਰ ਦਾ ਧਨੀ ਵੀ ਸੀ। ਯਹੀਆ ਖਾਂ ਨੇ ਜਦੋਂ ਦੇਖਿਆ ਕਿ ਸ਼ਾਹ ਨਵਾਜ਼ ਦਾ ਪਲੜਾ ਭਾਰੀ ਪੈ ਰਿਹਾ ਹੈ ਤਾਂ ਉਸਨੂੰ ਕੁਝ ਨਕਦੀ ਤੇ ਕੁਝ ਹੀਰੇ-ਜਵਾਹਰ ਦੇ ਕੇ ਸਮਝੌਤਾ ਕਰ ਲਿਆ, ਜਿਹੜਾ 3 ਜਨਵਰੀ 1746 ਨੂੰ ਹੋਇਆ। ਸ਼ਾਹ ਨਵਾਜ਼ ਖਾਂ ਆਪਣੀ ਜਲੰਧਰ ਦੀ ਫੌਜਦਾਰੀ ਵਿਚ ਵਾਪਸ ਪਰਤ ਗਿਆ।
ਜ਼ਕਰੀਆ ਖਾਂ ਨੇ ਸਿੱਖਾਂ ਨੂੰ ਮਿਟਾਉਣ ਦਾ ਜੋ ਅਭਿਆਨ ਛੇੜਿਆ ਸੀ, ਪੰਜਾਬ ਵਿਚ ਕਾਨੂੰਨ ਤੇ ਪ੍ਰਬੰਧ ਦੀ ਹਾਲਤ ਉਸੇ ਕਰਕੇ ਗੜਬੜਾਈ ਹੋਈ ਸੀ। ਉਸਦੀ ਮੌਤ ਪਿੱਛੋਂ ਯਹੀਆ ਖਾਂ ਤੇ ਸ਼ਾਹ ਨਵਾਜ਼ ਵਿਚ ਜਿਹੜਾ ਗ੍ਰਹਿ-ਯੁੱਧ ਛਿੜਿਆ, ਉਸ ਨਾਲ ਹਾਲਾਤ ਹੋਰ ਵੀ ਮੰਦੇ ਹੋ ਗਏ। ਰਾਜ ਪ੍ਰਬੰਧ ਦੀਆਂ ਚੂਲਾਂ ਬਿਲਕੁਲ ਹੀ ਹਿੱਲ ਗਈਆਂ ਸਨ। ਜੰਮੂ ਦੇ ਰਾਜੇ ਨੇ ਆਪਣੇ ਰਾਜ ਨੂੰ ਸੁਤੰਤਰ ਐਲਾਨ ਦਿੱਤਾ ਤੇ ਰਾਜਸਵ ਦੇਣਾ ਬੰਦਾ ਕਰ ਦਿੱਤਾ। ਸਭ ਤੋਂ ਵੱਡਾ ਖਤਰਾ ਸਿੱਖ ਬਾਗ਼ੀ ਸਨ। ਉਹਨਾਂ ਦੇ ਧਾੜਵੀ ਜੱਥੇ ਜੰਗਲਾਂ ਤੇ ਪਹਾੜਾਂ ਵਿਚੋਂ ਨਿਕਲ ਆਏ ਸਨ ਤੇ ਉਹਨਾਂ ਆਪਣੇ ਦੁਸ਼ਮਣਾ ਨੂੰ ਸੋਧਣਾ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੌਸ਼ਹਿਰਾ ਤੇ ਮਜੀਠਾ ਆਦਿ ਦੇ ਪਿੰਡਾਂ ਤੇ ਕਸਬਿਆਂ ਉਪਰ ਧਾਵਾ ਬੋਲ ਕੇ ਸਾਹਬ ਰਾਏ, ਰਾਮ ਰੰਧਾਵਾ, ਕਰਮਦੀਨ, ਹਰ ਭਗਤ ਨਿਰੰਜਨੀਆਂ, ਕਾਜੀ ਫ਼ਜ਼ਲ ਅਹਿਮਦ ਖਾਂ ਖੋਖਰ, ਸ਼ਮਸ਼ੇਰ ਖਾਂ ਤੇ ਉਹਨਾਂ ਦੇ ਚੌਧਰੀਆਂ ਤੇ ਮੁੱਕਦਮਾਂ ਦਾ, ਜਿਹਨਾਂ ਨੇ ਉਹਨਾਂ ਦੇ ਘਰ-ਬਾਰ ਉਜਾੜਨ ਵਿਚ ਮੁਗਲਾਂ ਦੀ ਮਦਦ ਕੀਤੀ ਸੀ, ਸਫਾਇਆ ਕਰ ਦਿੱਤਾ।
ਅਮਨ ਪਸੰਦ ਲੋਕ ਆਪਣੇ ਖੇਤਾਂ ਵਿਚ ਮਿਹਨਤ ਕਰਕੇ ਜੋ ਵੀ ਪ੍ਰਾਪਤ ਕਰਦੇ, ਉਸ ਵਿਚ ਸੰਤੁਸ਼ਟ ਰਹਿੰਦੇ ਸਨ। ਰਾਜਨੀਤੀ ਨਾਲ ਉਹਨਾਂ ਦਾ ਕੋਈ ਸਰੋਕਾਰ ਨਹੀਂ ਸੀ ਪਰ ਹੁਣ ਉਹ ਵੀ ਗਸ਼ਤੀ ਫੌਜ ਹੱਥੋਂ ਦੁਖੀ ਸਨ। ਫੌਜੀ ਭੁੱਖੇ ਬਘਿਆੜਾਂ ਵਾਂਗ ਘਰ ਵਿਚ ਘੁਸ ਆਉਂਦੇ। ਪੈਸਾ, ਪ੍ਰਾਣ ਤੇ ਇੱਜ਼ਤ¸ ਕੁਝ ਵੀ ਸੁਰੱਖਿਅਤ ਨਹੀਂ ਸੀ। ਉਹ ਘੁਸਰ-ਮੁਸਰ ਕਰਦੇ, 'ਇਸ ਜਿਉਣੇ ਨਾਲੋਂ ਤਾਂ ਮਰ ਜਾਣਾ ਚੰਗਾ ਹੈ।' ਜਵਾਨ ਪੁੱਤਰ, ਪਿਓ ਨੂੰ ਕਹਿੰਦਾ, “ਮੈਂ ਹੁਣ ਹਲ ਦੀ ਹੱਥੀ ਨਹੀਂ ਫੜਨੀ। ਬਲਦ ਜਾਂ ਜ਼ਮੀਨ ਵੇਚ ਕੇ ਮੈਨੂੰ ਘੋੜਾ ਤੇ ਤਲਵਾਰ ਲੈ ਦਿਓ। ਜਿਉਣ ਦਾ ਇਹੀ ਇਕ ਸਾਧਨ ਰਹਿ ਗਿਆ ਏ। ਅਸੀਂ ਅੰਨ ਉਗਾਉਣ ਵਾਲੇ ਦਾਣੇ-ਦਾਣੇ ਨੂੰ ਤਰਸਦੇ ਹਾਂ, ਤੇ ਲੁੱਟ-ਮਾਰ ਕਰਨ ਵਾਲੇ ਮੌਜਾਂ ਮਾਣਦੇ ਨੇ ਤੇ ਦਨ-ਦਨਾਉਂਦੇ ਫਿਰਦੇ ਨੇ।”
ਮਾਝੇ ਦੇ ਜੱਟ-ਕਿਸਾਨ ਉਤੋਂ ਭੋਲੇ-ਭਾਲੇ ਤੇ ਅੰਦਰੋਂ ਪੂਰੇ ਚਲਾਕ ਹੁੰਦੇ ਨੇ। ਉਹਨਾਂ ਬਾਰੇ ਇਕ ਕਹਾਵਤ ਮਸ਼ਹੂਰ ਹੈ¸ 'ਜੱਟ ਮਚਲਾ ਖੁਦਾ ਨੂੰ ਲੈ ਗਏ ਚੋਰ'। ਇਹਨਾਂ ਜੱਟ ਕਿਸਾਨਾਂ ਦਾ ਜਨਮਾਂ ਜਨਮਾਂਤਰਾਂ ਤੋਂ ਇਕ ਸੁਭਾਅ ਹੈ¸ ਬਣ ਠਣ ਕੇ ਸਵੈਮਾਨ ਨਾਲ ਰਹਿਣਾ। ਜਦੋਂ ਮਾਣ-ਸਨਮਾਣ ਉੱਤੇ ਗੱਲ ਆਏ, ਉਹ ਜਾਨ 'ਤੇ ਖੇਡ ਜਾਂਦੇ ਨੇ। ਹੁਣ ਵੀ ਇਵੇਂ ਹੀ ਹੋਇਆ। ਤਲਵਾਰਾਂ ਤਿੱਖੀਆਂ ਕੀਤੀਆਂ ਗਈਆਂ, ਘੋੜਿਆਂ ਦਾ ਜਿਵੇਂ ਵੀ ਹੋ ਸਕਿਆ ਪ੍ਰਬੰਧ ਕੀਤਾ ਗਿਆ ਤੇ ਘਰ-ਬਾਰ ਛੱਡ ਕੇ ਸਿੱਖ ਜੱਥਿਆਂ ਵਿਚ ਜਾ ਸ਼ਾਮਲ ਹੋਏ। ਪੜ੍ਹਨ-ਲਿਖਣ ਦੀ ਨਾ ਕਿਸੇ ਨੂੰ ਵਿਹਲ ਸੀ ਤੇ ਨਾ ਹੀ ਲੋੜ। ਉਹ ਘੋੜਸਵਾਰੀ  ਤੇ ਤਲਵਾਰਬਾਜ਼ੀ ਸਿੱਖਦੇ ਸਨ ਤੇ ਇਸ ਕਲਾ ਵਿਚ ਕੋਈ ਉਹਨਾਂ ਦਾ ਸਾਨੀ ਨਹੀਂ ਸੀ ਹੁੰਦਾ। ਤੈਰਨਾ ਤੈਰਨ ਨਾਲ ਤੇ ਲੜਨਾ ਲੜਨ ਨਾਲ ਆਉਂਦਾ ਹੈ। ਜਿਹੜੇ ਤੇਜ਼ ਬੁੱਧ ਵਾਲੇ ਨੌਜਵਾਨ ਕਿਸੇ ਜੱਥੇ ਨਾਲ ਰਹਿ ਕੇ ਲੜਨਾ ਸਿੱਖ ਜਾਂਦੇ ਸਨ, ਉਹ ਆਪਣਾ ਵੱਖਰਾ ਜੱਥਾ ਬਣਾ ਲੈਂਦੇ ਸਨ। ਇੰਜ ਨਵੇਂ ਨਵੇਂ ਜੱਥੇਦਾਰ ਪੈਦਾ ਹੋ ਗਏ, ਜਿਹੜੇ ਆਪਣੇ ਪਿੰਡ ਤੇ ਜਾਤੀ ਦੇ ਵੀਹ-ਪੱਚੀ ਨੌਜਵਾਨਾਂ ਨੂੰ ਨਾਲ ਰਲਾ ਕੇ ਆਪਣਾ ਵੱਖਰਾ ਡੇਰਾ ਵੀ ਬਣਾ ਲੈਂਦੇ ਸਨ। ਉਹਨਾਂ ਨੂੰ ਗਸ਼ਤੀ ਫੌਜ ਦਾ ਭੈ ਨਹੀਂ ਸੀ ਹੁੰਦਾ, ਬਲਕਿ ਗਸ਼ਤੀ ਫੌਜ ਖ਼ੁਦ ਉਹਨਾਂ ਤੋਂ ਭੈਭੀਤ ਰਹਿੰਦੀ ਸੀ। ਹੌਂਸਲੇ ਤੇ ਵੀਰਤਾ ਦੇ ਕਾਰਨਾਮਿਆਂ ਸਦਕਾ, ਉਹਨਾਂ ਨੂੰ ਜਿਹੜਾ ਧਨ, ਪ੍ਰਸਿੱਧੀ ਤੇ ਸੁਰੱਖਿਆ ਪ੍ਰਾਪਤ ਹੁੰਦੀ, ਉਹ ਨੌਜਵਾਨਾ ਨੂੰ ਹੀ ਨਹੀਂ ਬਲਕਿ ਵੱਡੇ-ਬਜ਼ੁਰਗਾਂ ਨੂੰ ਵੀ ਆਪਣੇ ਵੱਲ ਖਿੱਚਦੀ ਸੀ। ਅਰਾਜਕਤਾ ਦੇ ਇਸ ਯੁੱਗ ਵਿਚ ਤਲਵਾਰ ਨਾਲ ਹੀ ਇੱਜ਼ਤ ਮਿਲਦੀ ਸੀ ਅਤੇ ਖੰਡੇ-ਬਾਟੇ ਦਾ ਅੰਮ੍ਰਿਤ ਛਕ ਕੇ ਜਿਹੜਾ ਮਨੋਬਲ ਪੈਦਾ ਹੁੰਦਾ ਸੀ, ਉਹ ਅਜਿੱਤ ਤੇ ਅਨੰਤ ਸੀ। ਭਾਂਤ-ਭਾਂਤ ਦੇ ਡਾਕੂ ਲੁਟੇਰੇ ਉਠ ਖੜ੍ਹੇ ਹੋਏ ਸਨ¸ ਹਫੜਾ-ਦਫੜੀ, ਲੁੱਟ-ਮਾਰ, ਜਿਸਦੀ ਲਾਠੀ ਉਸਦੀ ਮੱਝ, ਸਾਧਾਰਨ ਆਦਮੀ ਦਾ ਜਿਉਣਾ ਦੁੱਭਰ ਹੋ ਗਿਆ ਸੀ। ਇਹ ਜੱਥੇ ਆਪਣੀ ਤੇ ਆਪਣੇ ਪਿੰਡਾਂ ਵਿਚ ਵੱਸਦੇ ਆਪਣੇ ਲੋਕਾਂ ਦੀ ਰਾਖੀ ਕਰਦੇ ਸਨ। ਉਹਨਾਂ ਦੀ ਸੰਖਿਆ ਦਿਨੋਂ ਦਿਨ ਵਧ ਰਹੀ ਸੀ।
ਇਕ ਬੇਨਾਮ ਸੂਫੀ ਫਕੀਰ, ਜਿਸਦੇ ਵਾਲ ਖਿੱਲਰੇ ਹੋਏ, ਮੋਢੇ ਉਪਰ ਝੋਲੀ ਤੇ ਹੱਥ ਵਿਚ ਘੁੰਗਰੂਆਂ ਵਾਲਾ ਗੋਲ ਮੁਲਾਇਮ ਡੰਡਾ ਹੁੰਦਾ ਸੀ, ਘੁੰਮਦਾ ਨਜ਼ਰ ਆਉਂਦਾ। ਉਹ ਉਸ ਡੰਡੇ ਨੂੰ ਧਰਤੀ ਉਪਰ ਮਾਰ-ਮਾਰ ਕੇ, ਘੁੰਗਰੂਆਂ ਦੀ ਛਣਕਾਰ ਦੇ ਨਾਲ ਨਾਲ ਉੱਚੀ ਤੇ ਸਾਫ-ਮਿੱਠੀ ਆਵਾਜ਼ ਵਿਚ ਗਾਉਂਦਾ…:
'ਕਬੀਰ ਇਕ ਇਨਸਾਨ, ਨਾ ਹਿੰਦੂ ਨਾ ਮੁਸਲਮਾਨ।  
ਕੁਝ ਵੀ ਕਹੇ ਵੇਦ ਕੁਰਾਨ, ਮੇਰੀ ਆਪਣੀ ਇਹ ਪਹਿਚਾਨ।
ਤੂੰ ਕਹੇਂ ਕਾਗਜ਼ ਦੀ ਲੇਖੀ, ਮੈਂ ਕਹਾਂ ਅੱਖਾਂ ਦੀ ਦੇਖੀ।'
ਉਹ 'ਦੇਖੀ-ਦੇਖੀ' ਵਾਰੀ ਵਾਰੀ ਦੁਹਰਾਉਂਦਾ, ਪਿੱਛੇ ਪਿੱਛੇ ਆ ਰਹੇ ਅਨਾਥ ਬੱਚੇ ਵੀ ਦੁਹਰਾਉਂਦੇ। ਘੁੰਗਰੂਆਂ ਦੀ ਛਣਕਾਰ ਦੇ ਨਾਲ ਇਹ ਬੋਲ ਇਕਸੁਰ ਹੋ ਜਾਂਦੇ ਤੇ ਸਮਾਂ ਬੱਝ ਜਾਂਦਾ। ਤਾਣ ਇੰਜ ਟੁੱਟਦੀ…:
'ਦੁਨੀਆਂ ਦਾਣੇ-ਦਾਣੇ ਨੂੰ ਮੁਹਤਾਜ,
ਦੁਨੀਆਂ ਦਾਣੇ-ਦਾਣੇ ਦੀ ਮੁਹਤਾਜ'।
ਲੋਕਾਂ ਦੀ ਭੀੜ ਲੱਗ ਜਾਂਦੀ। ਜਿਸਦੀ ਜੋ ਸ਼ਰਧਾ ਹੁੰਦੀ, ਉਸਦੀ ਝੋਲੀ ਵਿਚ ਪਾ ਦਿੰਦਾ ਤੇ ਉਹ ਝੂੰਮਦਾ-ਗਾਉਂਦਾ ਹੋਇਆ ਅੱਗੇ ਤੁਰ ਜਾਂਦਾ।
ਦਰਅਸਲ ਇਹ ਬੇਨਾਮ ਸੂਫੀ ਫਕੀਰ ਭੂਪ ਸਿੰਘ ਸੀ। ਉਹ ਤੇ ਉਸਦੇ ਪਿੱਛੇ ਪਿੱਛੇ ਤੁਰਨ ਵਾਲੇ ਬੱਚੇ ਇਸ ਫਕੀਰੀ ਭੇਸ ਵਿਚ ਸ਼ਹਿਰ ਸ਼ਹਿਰ ਘੁੰਮਦੇ ਸਨ, ਦੁਸ਼ਮਣ ਦੇ ਪੜਾਅ ਦੀਆਂ ਗਤੀਵਿਧੀਆਂ ਤੇ ਯੋਜਨਾਵਾਂ ਦਾ ਪਤਾ ਕਰਕੇ ਉਸ ਦੀ ਖਬਰ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੁਵਾਲੀਆ ਨੂੰ ਪਹੁੰਚਾਉਂਦੇ ਸਨ।
ਜ਼ਕਰੀਆ ਖਾਂ ਦੀ ਮੌਤ ਪਿੱਛੋਂ ਪਹਿਲੀ ਦੀਵਾਲੀ 14 ਨਵੰਬਰ 1745 ਨੂੰ ਆਈ। ਲਾਹੌਰ ਸਰਕਾਰ ਦੀ ਕਮਜ਼ੋਰੀ ਦਾ ਪਤਾ ਲੱਗ ਚੁੱਕਿਆ ਸੀ। ਸਿੱਖ ਇਸ ਮੌਕੇ ਉਪਰ ਅੰਮ੍ਰਿਤਸਰ ਵਿਚ ਖੁੱਲ੍ਹਮ-ਖੁੱਲੇ ਇਕੱਤਰ ਹੋਏ।  ਹਰਿਮੰਦਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕੀਤੇ, ਸਰੋਵਰ ਵਿਚ ਇਸ਼ਨਾਨ ਕੀਤਾ ਤੇ ਦਰਬਾਰ ਸਜਿਆ ਤੇ ਆਪਣੇ ਆਪ ਨੂੰ ਮੁੜ ਸੰਗਠਿਤ ਕਰਨ ਦਾ ਗੁਰਮਤਾ ਪਾਸ ਹੋਇਆ। ਜਿਹੜੇ ਨਵੇਂ ਲੋਕ ਆਏ ਸਨ, ਉਹਨਾਂ ਨੂੰ ਮਿਲਾ ਕੇ ਬੁੱਢਾ-ਦਲ ਤੇ ਤਰੁਣਾ-ਦਲ ਦੇ 25 ਜੱਥੇ ਬਣਾਏ ਗਏ। ਉਹਨਾਂ ਦਾ ਆਪਣਾ ਆਪਣਾ ਝੰਡਾ ਤੇ ਆਪਣਾ ਆਪਣਾ ਨੇਤਾ ਸੀ। ਹਰੇਕ ਜੱਥੇ ਦੇ ਮੈਂਬਰਾਂ ਦੀ ਤਾਦਾਦ ਸੌ ਦੇ ਲਗਭਗ ਸੀ। ਜੱਸਾ ਸਿੰਘ ਆਹਲੁਵਾਲੀਆ ਦੀ ਉਮਰ ਉਸ ਸਮੇਂ 27 ਸਾਲ ਦੇ ਲਗਭਗ ਸੀ। ਤੀਰ ਤੇ ਤਲਵਾਰ ਚਲਾਉਣ ਵਿਚ ਉਸਦਾ ਕੋਈ ਸਾਨੀ ਨਹੀਂ ਸੀ। ਜੈਸਾ ਡੀਲ ਡੌਲ ਸੀ, ਵੈਸੀ ਹੀ ਖੁਰਾਕ¸ ਇਕ ਸੇਰ ਮੱਖਣ ਤੇ ਪਾਈਆ ਕੁ ਮਿਸਰੀ ਦਾ ਨਾਸ਼ਤਾ ਕਰਦਾ ਤੇ ਰੋਟੀ ਵੇਲੇ ਅੱਧਾ ਬੱਕਰਾ ਇਕੱਲਾ ਖਪਾ ਜਾਂਦਾ ਸੀ। ਉਸਨੇ ਮਾਤਾ ਸੁੰਦਰੀ ਕੋਲ ਰਹਿ ਕੇ ਜਿੱਥੇ ਧਾਰਮਕ ਸਿੱਖਿਆ ਪ੍ਰਾਪਤ ਕੀਤੀ ਸੀ, ਨਾਲ ਹੀ ਮਕਤਬ ਵਿਚ ਉਰਦੂ ਅਤੇ ਫਾਰਸੀ ਵੀ ਸਿੱਖ ਲਈ ਸੀ। ਇੰਜ ਉਹ ਆਪਣੇ ਸਮੇਂ ਦੇ ਅਨੁਸਾਰ ਵਿਦਵਾਨ ਵੀ ਸੀ ਤੇ ਉਸਦੀ ਵੀਰਤਾ ਦਾ ਲੋਹਾ ਵੀ ਸਾਰੇ ਮੰਨਦੇ ਸਨ। ਆਪਣੇ ਇਹਨਾਂ ਗੁਣਾ ਕਾਰਨ ਤੇ ਨਵਾਬ ਕਪੂਰ ਸਿੰਘ ਦਾ ਧਰਮ ਪੁੱਤਰ ਹੋਣ ਕਾਰਕੇ ਉਹ ਏਨਾ ਹਰਮਨ-ਪਿਆਰਾ ਹੋ ਗਿਆ ਸੀ ਕਿ ਲੋਕ ਉਸਨੂੰ 'ਬਾਦਸ਼ਾਹ' ਕਹਿਣ ਲੱਗ ਪਏ ਸਨ। ਨਵਾਬ ਕਪੂਰ ਸਿੰਘ ਬੁੱਢਾ-ਦਲ ਦੇ ਨੇਤਾ ਸਨ। ਜੱਸਾ ਸਿੰਘ ਤਰੁਣਾ-ਦਲ ਵਿਚ ਜਾਣ ਦੇ ਬਜਾਏ ਉਹਨਾਂ ਦੇ ਅੰਗ-ਸੰਗ ਰਹਿੰਦਾ ਸੀ ਤੇ ਉਹਨਾਂ ਦੀ ਸੇਵਾ-ਟਹਿਲ ਕਰਦਾ ਸੀ।
ਬਹੁਤ ਸਾਰੇ ਨਵੇਂ ਲੋਕ ਆ ਗਏ ਸਨ। ਉਹਨਾਂ ਲਈ ਤੇ ਉਹਨਾਂ ਦੇ ਘੋੜਿਆਂ ਲਈ ਖੁਰਾਕ, ਬਸਤਰਾਂ ਤੇ ਹਥਿਆਰਾਂ ਦੀ ਲੋੜ ਸੀ। ਪੰਜਾਬ ਵਿਚ ਜਿਵੇਂ ਬਾਬਰ ਦੇ ਹਮਲੇ ਪਿੱਛੋਂ ਭੁੱਖੇ-ਨੰਗੇ ਤੇ ਬੇਰੁਜ਼ਗਾਰਾਂ ਦੀ ਗਿਣਤੀ ਵਧ ਗਈ ਸੀ। ਉਸੇ ਤਰ੍ਹਾਂ ਹੁਣ ਵੀ ਵਧ ਰਹੀ ਸੀ। ਇਹਨਾਂ ਨਿਆਸਰਿਆਂ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਗੁਰੂ ਅਮਰਦਾਸ ਜੀ ਨੇ ਲੰਗਰ, ਪੰਗਤ ਤੇ ਸੰਗਤ ਵਾਲੀ ਜਿਹੜੀ ਰੀਤ ਚਲਾਈ ਸੀ, ਉਹ ਹੁਣ ਵੀ ਜਿਵੇਂ ਦੀ ਤਿਵੇਂ ਚੱਲ ਰਹੀ ਸੀ। ਇਸ ਲਈ ਪੈਸੇ ਦੀ ਬੜੀ ਲੋੜ ਸੀ। ਧਨ ਜਿਸ ਹੀਲੇ ਨਾਲ ਆ ਸਕਦਾ ਸੀ, ਉਹੀ ਸਿੱਖਾਂ ਨੇ ਅਪਣਾਇਆ। ਗਸ਼ਤੀ ਫੌਜ ਪੂਰਬ ਵਲ ਜਾਂਦੀ ਤਾਂ ਉਹ ਪੱਛਮ ਵਿਚ ਧਾਵਾ ਬੋਲ ਦਿੰਦੇ। ਜੇ ਸੈਨਾਂ ਨਾਲ ਟਾਕਰਾ ਹੋ ਜਾਂਦਾ ਤਾਂ ਡਟ ਕੇ ਲੜਦੇ। ਆਪਣੀ ਯੁੱਧ ਕਲਾ ਦੀ ਮੁਹਾਰਤ ਸਦਕਾ ਉਹਨਾਂ ਬਟਾਲਾ, ਜਲੰਧਰ, ਤਲਵਾੜਾ, ਬਿਜਵਾੜਾ, ਘਾਗ, ਮਾਨਿਕੀ ਤੇ ਫਗਵਾੜਾ ਆਦਿ ਕਸਬੇ ਲੁੱਟ ਲਏ।
ਆਪਣੀਆਂ ਇਹਨਾਂ ਸਫਲਤਾਵਾਂ ਤੋਂ ਉਤਸਾਹਤ ਹੋ ਕੇ ਉਹਨਾਂ ਨੇ ਪੰਜਾਬ ਦੀ ਰਾਜਧਾਨੀ ਲਾਹੌਰ ਨੂੰ ਵੀ ਲੁੱਟ ਲੈਣ ਦੀ ਯੋਜਨਾ ਬਣਾਈ।
ਕੁਝ ਚੁਣੇ ਹੋਏ ਨੌਜਵਾਨਾ ਨੇ ਮੁਗਲ ਸੈਨਾਂ ਦਾ ਭੇਸ ਧਾਰਿਆ ਤੇ ਉਹ ਮੋਚੀ ਦਰਵਾਜ਼ੇ ਰਾਹੀਂ ਲਾਹੌਰ ਵਿਚ ਦਾਖਲ ਹੋ ਗਏ। ਜਨਵਰੀ ਦਾ ਮਹੀਨਾ ਸੀ, ਕਸ਼ਮੀਰ ਵਿਚ ਬਰਫ ਪੈ ਰਹੀ ਸੀ ਤੇ ਇੱਥੇ ਹੱਡੀਆਂ ਵਿਚ ਪੁਰ ਜਾਣ ਵਾਲੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਸਨ। ਲੋਕ ਸੂਰਜ ਦੇ ਛਿਪਾਅ ਨਾਲ ਹੀ ਘਰਾਂ ਵਿਚ ਜਾ ਵੜਦੇ ਸਨ। ਬੂਹੇ ਬਾਰੀਆਂ ਬੰਦ ਹੋ ਜਾਂਦੀਆਂ ਸਨ ਤੇ ਗਲੀਆਂ ਸੁੰਨੀਆਂ। ਅੱਜ ਵੀ ਇਵੇਂ ਹੀ ਸੀ। ਦੁਕਾਨਾਂ ਤੇ ਘਰਾਂ ਵਿਚੋਂ ਆਉਂਦੀ ਮਧੱਮ ਰੌਸ਼ਨੀ ਵਿਚ ਸਿੰਘਾਂ ਨੂੰ ਪਛਾਨਣਾ ਅਸੰਭਵ ਸੀ। ਸਿੱਖ ਜਵਾਨਾਂ ਨੇ ਸਾਰੇ ਰਸਤੇ ਬੰਦ ਕਰਕੇ ਦੁਕਾਨਦਾਰਾਂ ਨੂੰ ਤਲਵਾਰ ਦੇ ਘਾਟ ਉਤਾਰ ਦਿੱਤਾ ਤੇ ਲੁੱਟ ਦਾ ਮਾਲ ਘੋੜਿਆਂ ਉੱਤੇ ਲੱਦ ਕੇ ਤੁਰੰਤ ਨੱਸ ਆਏ। ਕੁਝ ਨੌਜਵਾਨਾਂ ਨੇ ਉਹਨਾਂ ਕਾਜੀਆਂ ਤੇ ਮੁਨਸਫਾਂ ਦਾ, ਜਿਹਨਾਂ ਨੇ ਫੜ੍ਹੇ ਗਏ ਸਿੱਖਾਂ ਨੂੰ ਮੌਤ ਦੀਆਂ ਸਜਾਵਾਂ ਸੁਣਾਈਆਂ ਸਨ, ਉਹਨਾਂ ਦੇ ਘਰਾਂ ਵਿਚ ਘੁਸ ਕੇ ਸਫਾਇਆ ਕਰ ਦਿੱਤਾ।
ਭਾਵੇਂ ਹਰ ਜਗ੍ਹਾ ਗੜਬੜ ਚੱਲ ਰਹੀ ਸੀ, ਪਰ ਲਾਹੌਰ ਪਹਿਲੀ ਵਾਰੀ ਲੁੱਟਿਆ ਗਿਆ ਸੀ। ਜਦੋਂ ਯਹੀਆ ਖਾਂ ਨੂੰ ਇਸ ਦੀ ਖਬਰ ਮਿਲੀ, ਉਸਨੂੰ ਬੜੀ ਨਮੋਸ਼ੀ ਹੋਈ। ਉਸਨੇ ਦੀਵਾਨ ਲਖਪਤ ਰਾਏ ਨੂੰ ਹੁਕਮ ਦਿੱਤਾ ਕਿ ਸਾਡੀ ਨੱਕ ਹੇਠ ਸੱਤਾ ਦਾ ਅਪਮਾਨ ਕਰਨ ਵਾਲੇ ਇਹਨਾਂ ਸਿੱਖਾਂ ਨੂੰ ਸਖਤ ਸਜਾ ਦਿੱਤੀ ਜਾਏ। ਲਖਪਤ ਰਾਏ ਨੇ ਘੋੜ ਸਵਾਰ ਸੈਨਾਂ ਉਹਨਾਂ ਦੇ ਪਿੱਛੇ ਲਾ ਦਿੱਤੀ।
ਲਾਹੌਰ ਲੁੱਟਣ ਤੋਂ ਪਿੱਛੋਂ ਮੁਗਲ ਸੈਨਿਕ ਬਣੇ ਸਿੱਖ ਘੋੜ ਸਵਾਰ ਆਪਣੇ ਦੂਜੇ ਸਾਥੀਆਂ ਨਾਲ ਆ ਰਲੇ। ਉਹ ਰਾਵੀ ਦੇ ਕੰਢੇ ਜੰਗਲ ਵਿਚ ਛੁਪੇ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ। ਕੰਡੇਦਾਰ ਝਾੜੀਆਂ ਤੇ ਦਲਦਲੀ ਰਸਤਿਆਂ ਉੱਤੇ ਢਿੱਲੀਆਂ-ਢਾਲੀਆਂ ਸਲਵਾਰਾਂ ਵਾਲੀ ਮੁਗਲ ਸੈਨਾਂ ਲਈ, ਚੁਸਤ-ਫੁਰਤੀਲੇ ਸਿੰਘਾਂ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ ਹੁੰਦਾ। ਉਹਨਾਂ ਦੀਆ ਸਲਵਾਰਾਂ ਕੰਡੇਦਾਰ ਝੜੀਆਂ ਵਿਚ ਫਸ ਜਾਂਦੀਆਂ ਤੇ ਘੋੜੇ ਦਲਦਲ ਵਿਚ ਧਸ ਜਾਂਦੇ। ਜਦੋਂ ਕਿ ਸਿੱਖਾਂ ਲਈ ਇਸਨੂੰ ਪਾਰ ਕਰ ਜਾਣਾ ਕੋਈ ਔਖਾ ਕੰਮ ਨਹੀਂ ਸੀ ਹੁੰਦਾ, ਕਿਉਂਕਿ ਉਹ ਇਸ ਦੇ ਆਦੀ ਸਨ। ਸਿੱਖ ਉੱਥੋਂ ਨੱਸ ਕੇ ਰੋੜੀ ਬਾਬਾ ਨਾਨਕ ਪਿੰਡ ਵਿਚ ਪਹੁੰਚ ਗਏ। ਰਾਹ ਵਿਚ ਉਹਨਾਂ ਗੋਂਡਲਾ ਵਾਲਾ ਪਿੰਡ ਉਪਰ ਧਾਵਾ ਬੋਲਿਆ ਸੀ ਤੇ ਉੱਥੋਂ ਕੁਝ ਭੇਡ-ਬੱਕਰੀਆਂ ਹੱਕ ਲਿਆਏ ਸਨ। ਇਹ ਸਮਝ ਕੇ ਕਿ ਹੁਣ ਅਸੀਂ ਖਤਰੇ 'ਚੋਂ ਬਾਹਰ ਹਾਂ¸ ਭੇਡ-ਬੱਕਰੀਆਂ ਦੇ ਮਾਸ ਦਾ ਭੋਜਨ ਛਕ ਕੇ ਰਾਤ ਉੱਥੇ ਹੀ ਬਿਤਾਉਣ ਦਾ ਫੈਸਲਾ ਕੀਤਾ ਗਿਆ। ਇਹ ਅਮੀਨਾਬਾਦ ਜ਼ਿਲੇ ਦਾ ਪਿੰਡ ਸੀ ਤੇ ਅਮੀਨਾਬਾਦ ਜ਼ਿਲੇ ਦਾ ਫੌਜਦਾਰ, ਲਖਪਤ ਰਾਏ ਦਾ ਭਰਾ ਜਸਪਤ ਰਾਏ ਸੀ, ਜਿਹੜਾ ਆਪਣੀ ਫੌਜ ਨਾਲ ਖੋਖਰਾਂ ਪਿੰਡ ਵਿਚ ਘਾਤ ਲਾਈ ਬੈਠਾ ਸੀ।
ਗੋਂਡਲਾ ਵਾਲ ਦੇ ਲੋਕਾਂ ਨੇ ਉਸ ਕੋਲ ਜਾ ਕੇ ਫਰਿਆਦ ਕੀਤੀ ਕਿ ਦੋ ਹਜ਼ਾਰ ਸਿੱਖ ਸਵਾਰਾਂ ਨੇ ਅਚਾਨਕ ਉਹਨਾਂ ਦੇ ਪਿੰਡ ਉੱਤੇ ਧਾਵਾ ਬੋਲਿਆ ਤੇ ਉਹਨਾਂ ਦੀਆਂ ਭੇਡ-ਬੱਕਰੀਆਂ ਹੱਕ ਕੇ ਲੈ ਗਏ। ਹੁਣ ਉਹ ਰੋੜੀ ਬਾਬਾ ਨਾਨਕ ਵਿਚ ਉਹਨਾਂ ਦਾ ਝਟਕਾ ਕਰਨਗੇ। ਸਾਡੀਆਂ ਇਹ ਭੇਡਾਂ, ਬੱਕਰੀਆਂ ਸਾਨੂੰ ਦਿਵਾ ਦਿਓ।
ਇਹ ਤਿੰਨੇ ਪਿੰਡ ਨੇੜੇ ਨੇੜੇ ਸਨ। ਜਸਪਤ ਰਾਏ ਆਪਣੀ ਫੌਜ ਲੈ ਕੇ ਰੋੜੀ ਬਾਬਾ ਨਾਨਕ ਆ ਪਹੁੰਚਿਆ। ਉਸਨੇ ਆਪਣੇ ਦੂਤ ਹੱਥ ਸਿੱਖਾਂ ਨੂੰ ਕਹਿ ਭੇਜਿਆ ਕਿ ਭੇਡਾਂ-ਬੱਕਰੀਆਂ ਉਹਨਾਂ ਦੇ ਮਾਲਕਾਂ ਨੂੰ ਵਾਪਸ ਕਰ ਦਿਓ ਤੇ ਤੁਰੰਤ ਇੱਥੋਂ ਚਲੇ ਜਾਓ। ਸਿੱਖਾਂ ਦੀ ਅਗਵਾਈ ਜੱਸਾ ਸਿੰਘ ਆਹਲੁਵਾਲੀਆ ਕਰ ਰਹੇ ਸਨ। ਉਹਨਾਂ ਨੇ ਉਤਰ ਦਿੱਤਾ, ਅਸੀਂ-ਤਿੰਨ ਦਿਨ ਦੇ ਭੁੱਖੇ ਹਾਂ, ਭੋਜਨ ਕਰਕੇ ਰਾਤੀਂ ਆਰਾਮ ਕਰਾਂਗੇ ਤੇ ਫੇਰ ਚਲੇ ਜਾਵਾਂਗੇ। ਜਸਪਤ ਰਾਏ ਨੇ ਕਹਾਇਆ ਕਿ ਭਲਾ ਚਾਹੁੰਦੇ ਹੋ ਤਾਂ ਤੁਰੰਤ ਚਲੇ ਜਾਓ। ਮੈਂ ਤੁਹਾਨੂੰ ਇੱਥੇ ਇਕ ਪਲ ਵੀ ਟਿਕਣ ਨਹੀਂ ਦਿਆਂਗਾ।
ਸਿੱਖਾਂ ਨੇ ਇਸ ਧਮਕੀ ਦੀ ਕੋਈ ਪ੍ਰਵਾਹ ਨਹੀਂ ਕੀਤੀ। ਉਹ ਸੁਣੀ-ਅਣਸੁਣੀ ਕਰਕੇ ਲੰਗਰ ਬਨਾਉਣ ਵਿਚ ਰੁੱਝ ਹੋ ਗਏ। ਜਸਪਤ ਰਾਏ ਨੇ ਤਾਅ ਖਾ ਕੇ ਹਮਲਾ ਕਰ ਦਿੱਤਾ। ਉਹ ਹਾਥੀ ਉੱਤੇ ਸਵਾਰ ਸੀ ਪਰ ਉਸ ਕੋਲ ਫੌਜ ਕੋਈ ਜ਼ਿਆਦਾ ਨਹੀਂ ਸੀ। ਸਿੱਖਾਂ ਨੇ ਹਥਿਆਰ ਸੰਭਾਲੇ ਤੇ ਮੁਕਾਬਲੇ ਲਈ ਆ ਡਟੇ। ਭਾੜੇ ਦੀ ਟੱਟੂ ਫੌਜ ਸਿੱਖਾਂ ਦਾ ਕੀ ਮੁਕਾਬਲਾ ਕਰਦੀ। ਜੱਸਾ ਸਿੰਘ ਦੀ ਤਲਵਾਰ ਕਹਿਰ ਢਾਅ ਰਹੀ ਸੀ। ਸਿੱਖ ਬੜੀ ਤੇਜ਼ੀ ਨਾਲ ਅੱਗੇ ਵਧੇ ਤੇ ਜਸਪਤ ਰਾਏ ਨੂੰ ਆ ਘੇਰਿਆ। ਨਿਬਾਹੂ ਸਿੰਘ ਨਾਂ ਦਾ ਰੰਗਰੇਟਾ ਸਿੱਖ ਪੂਛ ਫੜ੍ਹ ਕੇ ਹਾਥੀ ਉਪਰ ਜਾ ਚੜ੍ਹਿਆ ਤੇ ਤਲਵਾਰ ਦੇ ਇਕੋ ਵਾਰ ਨਾਲ ਜਸਪਤ ਰਾਏ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਬਸ ਹੁਣ ਕੀ ਸੀ ਦੁਸ਼ਮਣ ਸੈਨਾ ਭੱਜ ਖੜ੍ਹੀ ਹੋਈ ਤੇ ਮੈਦਾਨ ਸਿੱਖਾਂ ਦੇ ਹੱਥ ਰਿਹਾ। ਨਿਬਾਹੂ ਸਿੰਘ ਨੂੰ ਮੋਢਿਆਂ ਉਪਰ ਚੁੱਕ ਕੇ...
'ਰੰਗਰੇਟਾ ਗੁਰੂ ਕਾ ਬੇਟਾ,
ਗੁਰੂ ਦਾ ਬੇਟਾ ਰੰਗਰੇਟਾ'।
 ਨਾਅਰੇ ਲਾਉਂਦਿਆਂ ਤੇ ਗਾਉਂਦਿਆਂ ਹੋਇਆਂ ਜਸ਼ਨ ਮਨਾਇਆ ਗਿਆ। ਫੇਰ ਲੰਗਰ ਛਕਿਆ ਤੇ ਰਾਮ ਨਾਲ ਰਾਤ ਬਿਤਾਈ ਗਈ।
***
ਦੀਵਾਨ ਲਖਪਤ ਰਾਏ ਨੇ ਭਰਾ ਦੇ ਮਾਰੇ ਜਾਣ ਦੀ ਖਬਰ ਸੁਣੀ ਤਾਂ ਯਕਦਮ ਪਾਗਲ ਹੋ ਉਠਿਆ। ਉਹ ਆਪਣੀ ਪੱਗ ਯਹੀਆ ਖਾਂ ਦੇ ਸਾਹਵੇਂ ਸੁੱਟ ਕੇ ਬੋਲਿਆ, “ਮੈਂ ਪ੍ਰਤਿਗਿਆ ਕਰਦਾ ਹਾਂ ਕਿ ਜਦੋਂ ਤੀਕ ਸਿੱਖਾਂ ਦਾ ਖੁਰਾ-ਖੋਜ ਨਹੀਂ ਮਿਟਾਅ ਦਿਆਂਗਾ, ਉਹਨਾਂ ਦੇ ਬੱਚੇ-ਬੱਚੇ ਨੂੰ ਕਤਲ ਨਹੀਂ ਕਰ ਦਿਆਂਗਾ, ਪੱਗ ਨਹੀਂ ਬੰਨ੍ਹਾਂਗਾ। ਇਕ ਖੱਤਰੀ ਨੇ ਉਹਨਾਂ ਨੂੰ ਪੈਦਾ ਕੀਤਾ ਤੇ ਮੈਂ, ਇਕ ਖੱਤਰੀ, ਉਹਨਾਂ ਦਾ ਖਾਤਮਾਂ ਕਰ ਦਿਆਂਗਾ।”
ਯਹੀਆ ਖਾਂ ਇਹੀ ਚਾਹੁੰਦਾ ਸੀ। ਉਸਨੇ ਦੀਵਾਨ ਲਖਪਤ ਰਾਏ ਨੂੰ ਮਨ-ਮਾਨੀਂ ਕਰਨ ਦੀ ਖੁੱਲ੍ਹੀ ਛੁੱਟੀ ਦੇ ਦਿੱਤੀ। ਲਾਹੌਰ ਵਿਚ ਦੁਕਾਨਦਾਰੀ ਜਾਂ ਸਰਕਾਰੀ ਨੌਕਰੀ ਕਰਨ ਵਾਲੇ ਜਿੰਨੇ ਵੀ ਗੁਰਮੁਖ ਸਿੱਖ ਸਨ, ਉਹਨਾਂ ਸਾਰਿਆਂ ਨੂੰ ਗਿਰਫਤਾਰ ਕਰ ਲਿਆ ਗਿਆ। ਸਾਰਿਆਂ ਨੂੰ ਜਲਾਦਾਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਹ ਹੁਕਮ ਦਿੱਤਾ ਗਿਆ ਕਿ ਇਹਨਾਂ ਨੂੰ 10 ਮਾਰਚ ਨੂੰ, ਮੱਸਿਆ ਵਾਲੇ ਦਿਨ, ਨਖਾਸ ਚੌਂਕ ਵਿਚ ਕਤਲ ਕਰ ਦਿੱਤਾ ਜਾਏ।
ਇਹ ਖਬਰ ਸੁਣਦਿਆਂ ਹੀ ਲਾਹੌਰ ਸ਼ਹਿਰ ਵਿਚ ਹਾਹਾਕਾਰ ਮੱਚ ਗਈ। ਸ਼ਹਿਰ ਦੇ ਪਤਵੰਤੇ ਸਜੱਣ ਕੌੜਾ ਮੱਲ, ਕੁੰਜਾ ਮੱਲ, ਦਿਲਾ ਰਾਮ, ਕਸ਼ਮੀਰੀ ਮੱਲ, ਸੂਰਤ ਸਿੰਘ, ਹਰੀ ਸਿੰਘ, ਭਾਈ ਦੇਸਰਾਜ ਤੇ ਚੌਧਰੀ ਜਵਾਹਰ ਮੱਲ ਪ੍ਰਤੀਨਿਧ ਮੰਡਲ ਬਣ ਕੇ ਦੀਵਾਨ ਲਖਪਤ ਰਾਏ ਕੋਲ ਗਏ ਤੇ ਬੇਨਤੀ ਕੀਤੀ ਕਿ ਬੇਗੁਨਾਹਾਂ ਦਾ ਖ਼ੂਨ, ਤੇ ਖਾਸ ਕਰਕੇ ਸੋਮਵਾਰੀ ਮੱਸਿਆ ਦੇ ਪਵਿੱਤਰ ਦਿਹਾੜੇ ਉੱਤੇ, ਨਾ ਬਹਾਇਆ ਜਾਏ।
ਲਖਪਤ ਰਾਏ ਨੇ ਉਹਨਾਂ ਦੀ ਪ੍ਰਵਾਹ ਨਹੀਂ ਕੀਤੀ। ਜੱਲਾਦਾਂ ਨੇ ਹੁਕਮ ਦਾ ਪਾਲਣ ਕੀਤਾ। ਦੀਵਾਨ ਨੇ ਦੂਜਾ ਕਦਮ ਇਹ ਚੁੱਕਿਆ ਕਿ ਸਿੱਖਾਂ ਦੇ ਧਾਰਮਕ ਗ੍ਰੰਥ ਸਾੜ ਦਿੱਤੇ ਤੇ ਪੂਜਾ ਸਥਾਨ ਢਾਹ ਦਿੱਤੇ ਗਏ¸ ਤੇ ਨਾਲ ਹੀ ਇਹ ਐਲਾਨ ਕੀਤਾ ਕਿ ਜਿਹੜਾ ਕੋਈ ਗੁਰੂ ਗੋਬਿੰਦ ਸਿੰਘ ਦਾ ਨਾਂ ਲਏ, ਉਸਦੇ ਢਿੱਡ ਵਿਚ ਛੁਰਾ ਮਾਰ ਦਿੱਤਾ ਜਾਏ। ਇੱਥੋਂ ਤਕ ਕਿ ਉਸਨੇ ਗੁੜ ਨੂੰ 'ਗੁੜ' ਕਹਿਣ ਦੀ ਮਨਾਹੀ ਵੀ ਕਰ ਦਿੱਤੀ¸ ਕਿਉਂਕਿ 'ਗੁ' ਤੋਂ 'ਗੁਰੂ' ਸ਼ਬਦ ਚੇਤਨਾ ਵਿਚ ਉਜਾਗਰ ਹੁੰਦਾ ਸੀ। ਲੋਕ ਗੁੜ ਨੂੰ 'ਭੇਲੀ' ਕਹਿਣ ਲੱਗ ਪਏ।
ਤੋਪਾਂ ਤੇ ਬੰਦੂਕਾਂ ਨਾਲ ਲੈਸ ਗਸ਼ਤੀ ਫੌਜ ਸਿੱਖਾਂ ਦੀ ਭਾਲ ਵਿਚ ਨਿਕਲ ਪਈ ਤੇ ਉਹਨਾਂ ਦਾ ਕਤਲੇਆਮ ਸ਼ੁਰੂ ਹੋ ਗਿਆ।
ਲਗਭਗ ਪੰਦਰਾਂ ਹਜ਼ਾਰ ਸਿੱਖ ਰਾਵੀ ਦੇ ਕਿਨਾਰੇ ਕਾਨ੍ਹੋਂਵਾਲ ਦੇ ਜੰਗਲਾਂ ਵਿਚ ਛੁਪੇ ਹੋਏ ਸਨ। ਨਵਾਬ ਕਪੂਰ ਸਿੰਘ, ਸੁੱਖਾ ਸਿੰਘ ਮਾੜੀ ਕੰਬੋ ਵਾਲੇ, ਗੁਰਦਿਆਲ ਸਿੰਘ ਡੱਲੇਵਾਲ, ਚੜ੍ਹਤ ਸਿੰਘ ਸ਼ੁਕਰਚੱਕੀਆ ਤੇ ਜੱਸਾ ਸਿੰਘ ਆਹਲੂਵਾਲੀਆ ਪ੍ਰਮੁੱਖ ਜੱਥੇਦਾਰ ਵੀ ਉਹਨਾਂ ਵਿਚ ਸ਼ਾਮਲ ਸਨ।
ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਮੁਲਤਾਨ, ਬਹਾਵਲ ਪੁਰ, ਜਲੰਧਰ, ਦੁਆਬ ਤੇ ਪਹਾੜੀ ਰਾਜਿਆਂ ਦੀ ਫੌਜ ਨੂੰ ਨਾਲ ਲੈ ਕੇ ਯਹੀਆ ਖਾਂ ਤੇ ਲਖਪਤ ਰਾਏ ਨੇ ਉਹਨਾਂ ਉਪਰ ਚੜ੍ਹਾਈ ਕਰ ਦਿੱਤੀ। ਸਿੱਖ ਗੁਰੀਲਾ ਯੁੱਧ ਲੜਦੇ ਹੋਏ ਪਿੱਛੇ ਹਟ ਰਹੇ ਸਨ। ਉਹ ਕਦੀ-ਕਦੀ ਪਲਟ ਕੇ ਦੁਸ਼ਮਣ ਉੱਤੇ ਹਮਲਾ ਕਰਦੇ ਸੀ ਤੇ ਉਸਦੀ ਰਸਦ ਤੇ ਹਥਿਆਰ ਆਦਿ ਖੋਹ ਲਿਜਾਂਦੇ ਸੀ। ਉਹ ਹੌਲੀ ਹੌਲੀ ਪਠਾਨਕੋਟ ਤੇ ਡਲਹੌਜੀ ਦੇ ਵਿਚਕਾਰ ਵੈਸ਼ਾਲੀ ਪਹਾੜੀ ਦੀ ਤਲਹਟੀ ਵਿਚ ਪਹੁੰਚ ਗਏ। ਇਕ ਪਾਸੇ ਪਹਾੜ ਸੀ, ਪਹਾੜੀ ਰਾਜਿਆਂ ਨੂੰ ਪਹਿਲਾਂ ਹੀ ਆਦੇਸ਼ ਦੇ ਦਿੱਤਾ ਗਿਆ ਸੀ ਕਿ ਉਹ ਸਿੱਖਾਂ ਦਾ ਰਸਤਾ ਰੋਕਣ। ਦੂਜੇ ਪਾਸੇ ਬਿਫਰੀ ਹੋਈ ਤੂਫ਼ਾਨੀ ਨਦੀ ਸੀ ਜਿਸ ਨੂੰ ਪਾਰ ਕਰਨਾ ਸੰਭਵ ਨਹੀਂ ਸੀ। ਬਾਕੀ ਦੋਵੇਂ ਪਾਸੀਂ ਤੋਪਾਂ ਤੇ ਬੰਦੂਕਾਂ ਨਾਲ ਲੈਸ ਲਖਪਤ ਰਾਏ ਦੀ ਸੈਨਾਂ, ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦੇਣ ਲਈ ਤਿਆਰ ਖੜ੍ਹੀ ਸੀ। ਸਿੰਘ ਚਾਰੇ ਪਾਸਿਓਂ ਘਿਰ ਗਏ। ਮੌਤ ਸਿਰਾਂ ਉਤੇ ਮੰਡਲਾਉਂਦੀ ਦਿਖਾਈ ਦਿੱਤੀ। ਪ੍ਰਮੁੱਖ ਜੱਥੇਦਾਰਾਂ ਨੇ ਆਪੋ ਵਿਚ ਸਲਾਹ ਮਸ਼ਵਰਾ ਕੀਤਾ ਤੇ ਇਸ ਸਿੱਟੇ ਉੱਤੇ ਪਹੁੰਚੇ ਕਿ ਲੜਾਈ ਦੇ ਤਿੰਨ ਪੱਖ ਹਨ¸ ਇਹ ਕਿ ਹਥਿਆਰ ਸੁੱਟ ਕੇ ਈਨ ਮੰਨ ਲਈ ਜਾਏ, ਦੂਜਾ ਇਹ ਕਿ ਜਿੱਧਰ ਰਸਤਾ ਮਿਲੇ ਉਧਰ ਹਰਨ ਹੋ ਜਾਇਆ ਜਾਏ ਤਾਂ ਕਿ ਮੁੜ ਇਕੱਤਰ ਹੋ ਕੇ ਲੜਿਆ ਜਾ ਸਕੇ ਤੇ ਤੀਜਾ ਪੱਖ ਇਹ ਹੈ ਕਿ ਲੜੋ, ਮਰ ਜਾਓ ਜਾਂ ਮਾਰ ਮੁਕਾਓ। ਈਨ ਮੰਨ ਲੈਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ, ਸਿੰਘ ਗੁਰੂ ਦੇ ਸਿਵਾਏ ਹੋਰ ਕਿਸੇ ਦੀ ਅਧੀਨਤਾ ਨਹੀਂ ਸਵੀਕਾਰ ਕਰ ਸਕਦਾ। ਇਧਰ ਉਧਰ ਭੱਜ ਕੇ ਵੀ ਨਿੱਕਲ ਸਕਣਾ ਸੰਭਵ ਨਹੀਂ ਸੀ, ਕਿਉਂਕਿ ਸਾਰੇ ਰਸਤੇ ਬੰਦ ਹੋ ਚੁੱਕੇ ਸਨ। ਮਰਦਾ ਕੀ ਨਹੀਂ ਕਰਦਾ? ਦੁਸ਼ਮਣ ਨਾਲ ਟਾਕਰਾ ਕਰਨ ਦਾ ਫੈਸਲਾ ਲੈ ਲਿਆ ਗਿਆ।
ਕੁਝ ਲੋਕ ਕੇਸ ਕਟਵਾ ਕੇ ਤੇ ਸਿੱਖੀ ਦੇ ਪਛਾਣ ਚਿੰਨ੍ਹਾਂ ਨੂੰ ਤਿਆਗ ਕੇ ਆਮ ਲੋਕਾਂ ਦੇ ਰੂਪ ਵਿਚ ਬਚ ਨਿਕਲੇ ਤੇ ਜਿਹੜੇ ਸਿਰਫ ਲੁੱਟ-ਮਾਰ ਕਰਨ ਖਾਤਰ ਜੱਥਿਆਂ ਵਿਚ ਆ ਰਲੇ ਸਨ, ਉਹ ਵੀ ਸਾਥ ਛੱਡ ਗਏ। ਪਰ ਜਿਹੜੇ ਸਿੱਖੀ-ਸਿਦਕ ਦੇ ਪੱਕੇ ਸਨ, ਉਹ ਸਿਰਾਂ ਉੱਤੇ ਕਫਨ ਬੰਨ੍ਹ ਕੇ ਦੁਸ਼ਮਣ ਸੈਨਾਂ ਉਪਰ ਟੁੱਟ ਪਏ। ਇਸ ਅਚਾਨਕ ਹਮਲੇ ਨਾਲ ਜਿਹੜੀ ਖਲਬਲੀ ਮੱਚੀ ਉਸ ਵਿਚ ਸਿੰਘ ਰਸਦ, ਗੋਲਾ-ਬਰੂਦ ਤੇ ਕੁਝ ਘੋੜੇ ਖੋਹ ਕੇ ਫੇਰ ਜੰਗਲ ਵਿਚ ਜਾ ਛੁਪੇ।
ਹਾਰ ਦੇ ਹਿਰਖ ਨੇ ਲਖਪਤ ਰਾਏ ਦੀ ਮੱਤ ਹੀ ਮਾਰ ਛੱਡੀ। ਉਸਨੇ ਬੇਲਦਾਰ ਮੰਗਵਾ ਕੇ ਜੰਗਲ ਵਿਚ ਰਸਤੇ ਬਣਵਾਉਣੇ ਸ਼ੁਰੂ ਕਰ ਦਿੱਤੇ ਪਰ ਸੰਘਣੇ ਜੰਗਲ ਵਿਚ ਬੇਲਦਾਰਾਂ ਨੂੰ ਵੜਨਾ ਹੀ ਮੁਸ਼ਕਲ ਹੋ ਗਿਆ, ਨਾਲੇ ਸਿੰਘ ਉਹਨਾਂ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਰਹੇ ਸਨ। ਜਦੋਂ ਕੋਈ ਹੋਰ ਵਾਹ ਨਾ ਚੱਲੀ ਤਾਂ ਜਿੱਥੇ ਜਿੱਥੇ ਵੀ ਸੰਘਣਾ ਜੰਗਲ, ਮਲ੍ਹੇ-ਝਾੜੀਆਂ ਸਨ, ਲਖਪਤ ਰਾਏ ਨੇ ਅੱਗ ਲਗਵਾ ਦਿੱਤੀ। ਹੁਣ ਸਿੰਘਾਂ ਲਈ ਮੁਸ਼ਕਲ ਆ ਪਈ¸ ਜਿਹੜੀਆਂ ਲੁਕਣ ਵਾਲੀਆਂ ਥਾਵਾਂ ਸਨ, ਉਹ ਨਹੀਂ ਰਹੀਆਂ ਤੇ ਲਖਪਤ ਰਾਏ ਨੇ ਤੋਪਾਂ ਦੀ ਮਾਰ ਤੇਜ਼ ਕਰ ਦਿੱਤੀ। ਠਾਹ-ਠਾਹ ਗੋਲੇ ਚੱਲ ਰਹੇ ਸਨ। ਸਲਾਹ ਬਣੀ ਰਿਆੜਕੀ ਤੇ ਦੁਆਬੇ ਵੱਲ ਨੱਠ ਚੱਲੋ। ਸਿੰਘ ਪਲਟ ਕੇ ਫੇਰ ਦੁਸ਼ਮਣਾ ਉੱਤੇ ਟੁੱਟ ਪਏ। ਲੜਦੇ-ਮਰਦੇ ਦੁਸ਼ਮਣ ਸੈਨਾਂ ਦੀ ਨਾਕਾਬੰਦੀ ਨੂੰ ਤੋੜਦੇ ਹੋਏ, ਘੇਰੇ ਵਿਚੋਂ, ਬਾਹਰ ਨਿਕਲੇ ਪਰ ਜਾਂਦੇ ਕਿੱਧਰ? ਰਾਵੀ ਨੇ ਰਾਹ ਰੋਕ ਲਿਆ। ਵਹਾਅ ਏਨਾ ਤੇਜ਼ ਸੀ ਕਿ ਪਾਣੀ ਵਿਚ ਉਤਰਨਾ, ਉਸ ਵਿਚ ਰੁੜ੍ਹ ਜਾਣਾ ਹੀ ਸੀ। ਫੇਰ ਵੀ ਡੂੰਘਾਈ ਦਾ ਥੋਹ ਲਾਉਣ ਲਈ ਡੱਲੇਵਾਲੇ ਸਰਦਾਰ ਗੁਰਦਿਆਲ ਸਿੰਘ ਦੇ ਦੋ ਭਰਾਵਾਂ ਨੇ ਹਿੰਮਤ ਕਰਕੇ ਘੋੜੇ ਨਦੀ ਵਿਚ ਉਤਾਰ ਦਿੱਤੇ। ਠਾਠਾਂ ਮਾਰਦੀ ਨਦੀ ਨੇ ਦੋਵਾਂ ਭਰਾਵਾਂ ਤੇ ਉਹਨਾਂ ਦੇ ਘੋੜਿਆਂ ਨੂੰ ਨਿਗਲ ਲਿਆ।
“ਨਦੀ ਵਿਚ ਡੁੱਬ ਕੇ ਮਰਨ ਨਾਲੋਂ ਚੰਗਾ ਏ, ਦੁਸ਼ਮਣ ਨਾਲ ਦੋ ਦੋ ਹੱਥ ਕਰਕੇ ਮੈਦਾਨ ਵਿਚ ਸ਼ਹੀਦ ਹੋ ਜਾਈਏ।” ਜੱਸਾ ਸਿੰਘ ਨੇ ਸੁਝਾਅ ਦਿੱਤਾ ਤੇ ਸਿੰਘਾਂ ਨੇ ਸੁੱਖਾ ਸਿੰਘ ਦੀ ਅਗਵਾਈ ਵਿਚ, 'ਜੋ ਬੋਲੇ ਸੋ ਨਿਹਾਲ...ਸਤਿ ਸ੍ਰੀ ਆਕਾਲ' ਦਾ ਜੈਕਾਰਾ ਛੱਡਦਿਆਂ ਹੋਇਆਂ ਹੱਲਾ ਬੋਲ ਦਿੱਤਾ। ਘਮਾਸਾਨ ਦੀ ਲੜਾਈ ਹੋਈ, ਜਿਸ ਵਿਚ ਜਸਪਤਾ ਰਾਏ ਦਾ ਪੁੱਤਰ ਹਰਭਜ ਰਾਏ, ਯਹੀਆ ਖਾਂ ਦਾ ਪੁੱਤਰ ਨਾਹਰ ਖਾਂ, ਫੌਜਦਾਰ ਸੈਫ਼ਅਲੀ ਖਾਂ, ਕਰਮ ਬਖ਼ਸ਼ ਰਸੂਲ ਨਗਰੀਆ, ਅਗਰ ਖਾਂ ਆਦਿ ਮਾਰੇ ਗਏ। ਸਿੰਘਾਂ ਨੂੰ ਵੀ ਕਾਫੀ ਨੁਕਸਾਨ ਉਠਾਉਣਾ ਪਿਆ। ਸੁੱਖਾ ਸਿੰਘ ਦੇ ਪੱਟ ਉੱਤੇ ਜੰਬੂਰੇ ਦਾ ਗੋਲਾ ਆਣ ਵੱਜਿਆ। ਹੱਡੀ ਟੁੱਟ ਗਈ, ਪਰ ਉਸਨੇ 'ਸੀ' ਤਕ ਨਹੀਂ ਕੀਤੀ। ਆਪਣਾ ਪੱਗੜ ਪਾੜ ਕੇ ਲੱਤ ਨੂੰ ਕਾਠੀ ਨਾਲ ਬੰਨ੍ਹ ਲਿਆ ਤੇ ਇਧਰੋਂ-ਉਧਰ ਘੋੜਾ ਦੌੜਾਉਂਦਾ ਹੋਇਆ ਪੂਰੇ ਹੌਂਸਲੇ ਨਾਲ ਲੜਦਾ ਰਿਹਾ। ਜੱਸਾ ਸਿੰਘ ਆਹਲੂਵਾਲੀਆਂ ਤੇ ਹੋਰ ਜੱਥੇਦਾਰ ਉਸਦਾ ਸਾਥ ਦੇ ਰਹੇ ਸਨ। ਹੱਲਾ ਏਨਾਂ ਜੋਰਦਾਰ ਸੀ ਕਿ ਦੁਸ਼ਮਣ ਦੀਆਂ ਪੰਗਤੀਆਂ ਉਖੜ ਗਈਆਂ। ਲੜਦੇ-ਭਿੜਦੇ ਸਿੰਘ ਇਕ ਵਾਰੀ ਫੇਰ ਜੰਗਲਾਂ ਵਿਚ ਜਾ ਘੁਸੇ। ਏਨੇ ਵਿਚ ਰਾਤ ਪੈ ਗਈ।
ਜੰਗਲ ਵਿਚ ਛੁਪੇ ਰਹਿਣਾ ਵੀ ਸੰਭਵ ਨਹੀਂ ਸੀ। ਪਰਤੱਖ ਸੀ ਦੁਸ਼ਮਣ ਦਿਨ ਚੜ੍ਹਦਿਆਂ ਹੀ ਫੇਰ ਹਮਲਾ ਕਰੇਗਾ। ਰਾਤ ਅੱਧੀ ਬੀਤ ਚੁੱਕੀ ਸੀ। ਸੁੱਖਾ ਸਿੰਘ ਤੇ ਜੱਸਾ ਸਿੰਘ ਨੇ ਸਿੰਘਾਂ ਨੂੰ ਕਿਹਾ, “ਖਾਲਸਾ ਜੀ, ਦੁਸ਼ਮਣ ਉਪਰ ਇਕ ਚੋਟ ਹੋਰ ਕਰਨ ਦਾ ਸਮਾਂ ਏਂ। ਅਸੀਂ ਭੱਜ ਗਏ ਸੋਚ ਕੇ ਉਹ ਬੇਫਿਕਰ ਹੋ ਕੇ ਸੌਂ ਗਏ ਹੋਣਗੇ। ਨੀਂਦ ਨੇ ਉਹਨਾਂ ਨੂੰ ਆ ਦਬੋਗਿਆ ਹੋਏਗਾ। ਇਸ ਹਾਲਤ ਵਿਚ ਅਸੀਂ ਉਹਨਾਂ ਉੱਤੇ ਹਮਲਾ ਕਰਕੇ ਉਹਨਾਂ ਦੇ ਘੋੜੇ ਤੇ ਹਥਿਆਰ ਖੋਹ ਸਕਦੇ ਹਾਂ।” ਗੱਲ ਠੀਕ ਸੀ। ਸਿੰਘ ਝੱਟ ਉਠ ਖੜ੍ਹੇ ਹੋਏ ਤੇ ਹੱਲਾ ਬੋਲ ਦਿੱਤਾ। ਇਸ ਤੋਂ ਪਹਿਲਾਂ ਕਿ ਦੁਸ਼ਮਣ ਜਾਗੇ, ਸੰਭਲੇ ਤੇ ਮਿਸ਼ਾਲਾਂ ਜਗਾਵੇ, ਸਿੰਘ ਬਹੁਤਿਆਂ ਦਾ ਸਫਾਇਆ ਕਰਕੇ ਜੰਗਲ ਵਿਚ ਵੜ ਗਏ।
ਲਖਪਤ ਰਾਏ ਨੇ ਫੌਜ ਦੇ ਨਾਲ, ਪਿੰਡਾਂ ਦੇ ਬੰਦਿਆਂ ਦੀ ਭੀੜ ਇਕੱਠੀ ਕਰਕੇ ਉਹਨਾਂ ਦਾ ਪਿੱਛਾ ਕੀਤਾ। ਸਿੰਘਾਂ ਵਿਚ ਘੋੜ-ਸਵਾਰ ਘੱਟ ਸਨ ਤੇ ਪੈਦਲ ਜ਼ਿਆਦਾ। ਪੈਦਲਾਂ ਦੀ ਰੱਖਿਆ ਕਰਨਾ ਤੇ ਉਹਨਾਂ ਨੂੰ ਨਾਲ ਲੈ ਕੇ ਜਾਣਾ ਜ਼ਰੂਰੀ ਸੀ, ਇਸ ਲਈ ਸਿੰਘ ਭੱਜਦੇ-ਭੱਜਦੇ ਪਿੱਛੇ ਪਰਤ ਕੇ ਹਮਲਾ ਕਰਦੇ ਤੇ ਫੇਰ ਪਲਟ ਪੈਂਦੇ। 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰੇ ਉਹਨਾਂ ਦੇ ਹੌਂਸਲੇ ਵਧਾ ਰਹੇ ਸਨ। ਲਖਪਤ ਰਾਏ ਦੀ ਸੈਨਾ ਅੱਗੇ ਢੋਲ ਵੱਜ ਰਿਹਾ ਸੀ। ਪਿੰਡਾਂ ਦੇ ਨੰਬਰਦਾਰਾਂ ਤੇ ਚੌਧਰੀਆਂ ਦੇ ਆਦਮੀ ਬੰਦੂਕਾਂ, ਬਰਛੇ, ਬੇਲਚੇ, ਕੁਹਾੜੀਆਂ ਤੇ ਡਾਂਗਾਂ ਲਈ ਝਾੜੀਆਂ ਨੂੰ ਇੰਜ ਫਰੋਲ ਰਹੇ ਸਨ ਜਿਵੇਂ ਸ਼ਿਕਾਰੀ ਕੁੱਤੇ ਝਾੜੀਆਂ ਵਿਚ ਛੁਪੇ ਹਿਰਨਾ ਦਾ ਪਿੱਛਾ ਕਰ ਰਹੇ ਹੋਣ। ਪੈਦਲਾਂ ਲਈ ਇਹ ਸਮਾਂ ਬੜਾ ਹੀ ਕਰੜਾ ਸੀ, ਪਰ ਸਿੰਘਾਂ ਨੇ ਪਰਤ-ਪਲਟ ਕੇ ਏਨੇ ਜਬਰਦਸਤ ਹਮਲੇ ਕੀਤੇ ਕਿ ਨੰਬਰਦਾਰਾਂ ਤੇ ਚੌਧਰੀਆਂ ਦੀ ਇਕੱਠੀ ਕੀਤੀ ਭੀੜ ਲਈ ਫੱਟ ਖਾ ਕੇ ਬਿਫਰੇ ਸਿੰਘਾਂ ਦਾ ਸਾਹਮਣਾ ਕਰਨਾ ਆਸਾਨ ਕੰਮ ਨਹੀਂ ਸੀ। ਜੈਕਾਰੇ ਛੱਡ ਰਹੇ ਸਿੰਘ ਸੂਰਮਿਆਂ ਦੀਆਂ ਤਲਵਾਰਾਂ ਦੇਖ ਕੇ ਹੀ ਉਹਨਾਂ ਦੇ ਪ੍ਰਾਣ ਖੁਸ਼ਕ ਹੋ ਜਾਂਦੇ ਸਨ ਤੇ ਉਹ ਸਿਰ 'ਤੇ ਪੈਰ ਰੱਖ ਕੇ ਭੱਜ ਖੜ੍ਹੇ ਹੁੰਦੇ ਸਨ।
ਹੁਣ ਸਿੰਘ ਗੋਇੰਦਵਾਲ ਤਕ ਪਹੁੰਚ ਗਏ ਸਨ, ਜਿੱਥੇ ਨਦੀ ਦਾ ਵਹਾਅ ਬਹੁਤਾ ਤੇਜ਼ ਨਹੀਂ ਸੀ। ਉਹਨਾਂ ਘਾਹ ਫੂਸ ਦੇ ਬੇੜੇ ਬਣਾ ਕੇ ਨਦੀ ਪਾਰ ਕੀਤੀ ਦੇ  ਰਿਆੜਕੀ ਜਾ ਪਹੁੰਚੇ...ਪਰ ਉਹ ਇਕ ਮੁਸੀਬਤ ਵਿਚੋਂ ਲੰਘ ਕੇ ਦੂਜੀ ਮੁਸੀਬਤ ਵਿਚ ਫਸ ਗਏ। ਮਈ ਦਾ ਮਹੀਨਾ ਸੀ। ਲੂ ਵਗ ਰਹੀ ਸੀ। ਕੜਾਕੇ ਦੀ ਧੁੱਪ ਸੀ ਤੇ ਤਿੰਨ ਮੀਲ ਲੰਮੀ ਬਰੇਤੀ ਦੀ ਭੱਠੀ ਬਣੀ ਧਰਤੀ ਪਾਰ ਕਰਨੀ ਸੀ। ਸਿੰਘਾਂ ਨੇ ਆਪਣੀਆਂ ਪੱਗਾਂ ਪਾੜ ਕੇ ਪੈਰਾਂ ਉਪਰ ਪੱਟੇ ਬੰਨ੍ਹ ਲਏ ਤਾਂ ਕਿਤੇ ਜਾ ਕੇ ਉਸਨੂੰ ਪਾਰ ਕੀਤਾ।
ਇਸ ਤੋਂ ਪਿੱਛੋਂ ਉਹ ਹਰਗੋਬਿੰਦ ਪੁਰ ਵਿਚੋਂ ਬਿਆਸ ਨਦੀ ਪਾਰ ਕਰਕੇ ਦੁਆਬੇ ਵਿਚ ਜਾ ਪਹੁੰਚੇ ਤੇ ਮੀਰਕੋਟ ਵਿਚ ਜਾ ਡੇਰੇ ਲਾਏ। ਉਹ ਕਈ ਦਿਨਾਂ ਦੇ ਭੁੱਖੇ ਪਿਆਸੇ ਸਨ। ਆਸੇ ਪਾਸੇ ਦੇ ਪਿੰਡਾਂ ਵਿਚੋਂ ਰਸਦ ਇਕੱਠੀ ਕਰਕੇ ਲੰਗਰ ਤਿਆਰ ਕੀਤਾ ਤੇ ਘੋੜੇ ਚਰਨ ਲਈ ਛੱਡ ਦਿੱਤੇ। ਪਰ ਉਹ ਲੰਗਰ ਛਕਣ ਬੈਠੇ ਹੀ ਸਨ ਕਿ ਸੂਹੀਏ ਨੇ ਖਬਰ ਦਿੱਤੀ ਬਈ ਲਖਪਤ ਰਾਏ ਪਿੱਛਾ ਕਰਦਾ ਹੋਇਆ ਆ ਪਹੁੰਚਿਆ ਹੈ। ਉਹਨਾਂ ਸਬਰ ਦਾ ਘੁੱਟ ਭਰਿਆ ਤੇ ਅੱਧੇ-ਭੁੱਖੇ-ਢਿੱਡੀਂ ਭੱਜ ਖੜ੍ਹੇ ਹੋਏ। ਅਲੀਵਾਲ ਪਹੁੰਚ ਕੇ ਸਤਲੁਜ ਪਾਰ ਕੀਤਾ ਤੇ ਮਾਲਵੇ ਵਿਚ ਪ੍ਰਵੇਸ਼ ਕਰ ਗਏ। ਹੁਣ ਉਹ ਖਤਰੇ ਤੋਂ ਬਾਹਰ ਸਨ।
ਇਸ ਲੰਮੇਂ ਸੰਘਰਸ਼ ਵਿਚ ਸੱਤ ਹਜ਼ਾਰ ਦੇ ਲਗਭਗ ਸਿੱਖ ਮਾਰੇ ਗਏ। ਤਿੰਨ ਹਜ਼ਾਰ ਨੂੰ ਫੜ੍ਹ ਕੇ ਲਾਹੌਰ ਲਿਜਾਇਆ ਗਿਆ। ਇਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ, ਚੜਖੜੀਆਂ ਉਤੇ ਚੜ੍ਹਾ ਕੇ, ਨਖਾਸ ਚੌਕ ਵਿਚ ਸ਼ਹੀਦ ਕਰ ਦਿੱਤਾ ਗਿਆ। ਉਹਨਾਂ ਦੇ ਧੜਾਂ ਤੇ ਸਿਰਾਂ ਦੇ ਢੇਰ ਲੱਗ ਗਏ। ਫਾਰਸੀ ਵਿਚ ਢੇਰ ਨੂੰ 'ਗੰਜ' ਆਖਦੇ ਹਨ¸ ਇਸ ਲਈ ਨਖਾਸ ਚੌਕ ਦਾ ਨਾਂ 'ਸ਼ਹੀਦ ਗੰਜ' ਪੈ ਗਿਆ। ਵੱਡਾ ਘੱਲੂਘਾਰਾ ਅੱਗੇ ਚੱਲ ਅਹਿਮਦ ਸ਼ਾਹ ਅਬਦਾਲੀ ਦੇ ਹੱਥੀਂ ਹੋਇਆ।
***

No comments:

Post a Comment