Wednesday 11 August 2010

ਆਖ਼ਰੀ ਕਿਸ਼ਤ :- ਬੋਲੇ ਸੋ ਨਿਹਾਲ...:: ਹੰਸਰਾਜ ਰਹਿਬਰ

ਆਖ਼ਰੀ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ



ਰਾਜਧਾਨੀ ਲਾਹੌਰ ਦੀ ਜਿੱਤ ਤੋਂ ਬਾਅਦ ਪੂਰਾ ਪੰਜਾਬ ਖਾਲਸੇ ਦੇ ਅਧਿਕਾਰ ਵਿਚ ਆ ਗਿਆ। ਜਿਸ ਤਰ੍ਹਾਂ 'ਸੁਲਤਾਨੁਲ ਕੌਮ' ਭਾਵ 'ਪੰਥ ਦੇ ਬਾਦਸ਼ਾਹ' ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਸਤੰਬਰ 1761 ਵਿਚ ਲਾਹੌਰ ਉਪਰ ਕਬਜਾ ਕਰਕੇ ਸਿੱਕਾ ਜਾਰੀ ਕੀਤਾ ਸੀ, ਹੁਣ ਵੀ ਜਾਰੀ ਕੀਤਾ ਗਿਆ ਜਿਸ ਉਪਰ ਉਹੀ ਸ਼ਬਦ ਉਕਰੇ ਗਏ ਜਿਹੜੇ ਸਿੱਖ ਰਾਜ ਦੇ ਪਹਿਲੇ ਸਥਾਪਕ ਬੰਦਾ ਬਹਾਦੁਰ ਨੇ ਆਪਣੀ ਮੋਹਰ ਉਪਰ ਉਕੇਰੇ ਸਨ। ਸਿੱਧੇ ਪਾਸੇ ਇਹ ਸ਼ਬਦ ਸਨ—
'ਦੇਗ ਤੇਗ ਫਤਹਿ ਓ ਨੁਸਰਤ ਬੇਦਰੰਗ,
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ'।
(ਭਾਵ ਦੇਗ ਅਤੇ ਤੇਗ ਜਿਹੜੇ ਦਾਨ ਦੇ ਪ੍ਰਤੀਕ ਹਨ। ਜਿੱਤ ਸਹਿਜ ਆਸਰਾ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕੀਤੀ ਹੈ। ਦੂਜੇ ਸ਼ਬਦਾਂ ਵਿਚ ਬੰਦਾ ਬਹਾਦੁਰ ਨੇ ਇਹ ਸਪਸ਼ਟ ਕਰ ਦਿੱਤਾ ਕਿ ਮੁਫ਼ਤ ਲੰਗਰ ਤੇ ਤਲਵਾਰ, ਜਿੱਤ ਤੇ ਬਰਕਤ ਮੈਨੂੰ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਹੋਈ ਹੈ।)
ਉਸ ਦੇ ਦੂਜੇ ਪਾਸੇ ਇਹ ਸ਼ਬਦ ਸਨ—
ਜਬਰ ਦਾਰੂਲ ਸਲਤਨਤ ਲਾਹੌਰ ਸੰਵਤ ੧੮੨੨.'
(ਭਾਵ ਇਹ ਸਿੱਕਾ ਲਾਹੌਰ ਤੋਂ ਸੰਵਤ 1822. ਨੂੰ ਜਾਰੀ ਕੀਤਾ ਗਿਆ।)
ਇਹੀ ਸਿੱਕਾ ਸਾਰੀਆਂ ਮਿਸਲਾਂ ਦੇ ਸਰਦਾਰਾਂ ਨੇ ਆਪਣੀਆਂ ਮਿਸਲਾਂ ਵਿਚ ਜਾਰੀ ਕਰ ਦਿੱਤਾ ਤੇ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਵੀ ਨੇ ਜਾਰੀ ਕੀਤਾ। ਸਿਰਫ ਸਿੱਕਾ ਢਾਲਣ ਦਾ ਸਥਾਨ ਤੇ ਸੰਵਤ ਹੀ ਲੋੜ ਅਨੁਸਾਰ ਬਦਲਿਆ ਗਿਆ।
***
1765 ਤੋਂ 1766 ਤਕ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ ਵੱਲ ਮੂੰਹ ਨਹੀਂ ਕੀਤਾ। ਅਫ਼ਗਾਨਿਸਤਾਨ ਵਿਚ ਹੀ ਕਾਫੀ ਸਮੱਸਿਆਵਾਂ ਸਨ। ਉਹ ਉਹਨਾਂ ਨੂੰ ਸੁਲਝਾਉਣ ਵਿਚ ਲੱਗਿਆ ਹੋਇਆ ਸੀ। ਦੂਜਾ, ਸਾਰੇ ਪੰਜਾਬ ਉਪਰ ਸਿੱਖਾਂ ਦਾ ਕਬਜਾ ਹੋ ਚੁੱਕਿਆ ਸੀ। ਜਮਨਾ ਤੋਂ ਸਿੰਧ ਤਕ ਕੋਈ ਅਜਿਹਾ ਇਲਾਕਾ ਨਹੀਂ ਸੀ, ਜਿਸ ਉਪਰ ਉਸਦਾ ਅਧਿਕਾਰ ਹੋਏ ਤੇ ਕਿਤੇ ਵੀ ਉਸਦਾ ਹੁਕਮ ਚੱਲਦਾ ਹੋਏ ਤੇ ਹਮਾਇਤੀ ਹੋਣ। ਫੇਰ ਵੀ ਉਸਨੂੰ ਪੈਸੇ ਦੀ ਭੁੱਖ ਸੀ ਤੇ ਉਹ ਮੁੜ ਹਮਲਾ ਕਰਨ ਦਾ ਬਹਾਨਾ ਲੱਭ ਰਿਹਾ ਸੀ।
ਅਖ਼ੀਰ ਬਹਾਨਾ ਹੱਥ ਲੱਗਿਆ। ਮੀਰ ਕਾਸਿਮ ਨੇ ਅਬਦਾਲੀ ਨੂੰ ਸੱਦਾ ਭੇਜਿਆ ਕਿ ਉਹ ਉਸਨੂੰ ਮੁਰਾਦਾਬਾਦ ਦੇ ਤਖ਼ਤ ਉਪਰ ਬਿਠਾਉਣ ਵਿਚ ਮਦਦ ਕਰੇ, ਜਿਸ ਉਪਰੋਂ ਅੰਗਰੇਜ਼ਾਂ ਨੇ ਉਸਨੂੰ ਲਾਹ ਦਿੱਤਾ ਸੀ। ਨਵੰਬਰ 1766 ਦੇ ਅਖ਼ੀਰਲੇ ਹਫ਼ਤੇ ਅਹਿਮਦ ਸ਼ਾਹ ਸਿੰਧ ਦਰਿਆ ਨੂੰ ਪਾਰ ਕਰਕੇ 4 ਦਸੰਬਰ ਨੂੰ ਗੁਜਰਾਤ ਪਹੁੰਚ ਗਿਆ। ਉਹ ਚਾਹੁੰਦਾ ਸੀ ਪੰਜਾਬ ਵਿਚੋਂ ਨਿਕਲ ਕੇ ਜਲਦੀ ਤੋਂ ਜਲਦੀ ਦਿੱਲੀ ਪਹੁੰਚਿਆ ਜਾਏ ਤੇ ਵਾਪਸੀ ਉਪਰ ਸਿੱਖਾਂ ਨਾਲ ਨਜਿੱਠਿਆ ਜਾਏ। ਪਰ ਸਿੱਖਾਂ ਨੇ ਆਪਦੇ ਗੁਰੀਲਾ ਯੁੱਧ ਨਾਲ ਪੰਜਾਬ ਵਿਚ ਹੀ ਉਸਦਾ ਲੱਕ ਤੋੜ ਛੱਡਿਆ। ਖਾਲਸੇ ਨੇ 11 ਜਨਵਰੀ 1767 ਨੂੰ ਜਹਾਨ ਖ਼ਾਂ ਦੀ ਕਮਾਨ ਵਿਚ ਅੱਗੇ ਵਧ ਰਹੇ ਅਬਦਾਲੀ ਦੇ ਹਰਾਵਲ ਦਸਤੇ ਉਪਰ ਅੰਮ੍ਰਿਤਸਰ ਦੇ ਨੇੜੇ ਇਕ ਜਬਰਦਸਤ ਧਾਵਾ ਬੋਲ ਦਿੱਤਾ। ਘਮਸਾਨ ਦੀ ਲੜਾਈ ਹੋਈ, ਜਿਸ ਵਿਚ ਪੰਜ ਛੇ ਹਜ਼ਾਰ ਦੁਰਾਨੀ ਖੇਤ ਰਹੇ ਤੇ ਹਾਰ ਕੇ ਪਿੱਛੇ ਹਟ ਗਏ।
ਖ਼ੁਦ ਅਬਦਾਲੀ, ਜਹਾਨ ਖ਼ਾਂ ਦੀ ਮਦਦ ਲਈ ਗਿਆ। ਪਰ ਸਿੱਖ ਕਿਧਰੇ ਦਿਖਾਈ ਨਹੀਂ ਦਿੱਤੇ। ਉਹਨਾਂ ਨੂੰ ਸਾਹਮਣੇ ਆਉਣ ਦੀ ਜ਼ਰੂਰਤ ਹੀ ਨਹੀਂ ਸੀ। ਉਹ ਅੱਗੇ ਵਧ ਰਹੀ ਅਫ਼ਗਾਨ ਫੌਜ ਦਾ ਪਿੱਛਾ ਕਰ ਰਹੇ ਸਨ ਤੇ ਜਿੱਥੇ ਕਿਤੇ ਦਾਅ ਲੱਗਦਾ ਸੀ, ਧਾਵਾ ਬੋਲ ਦਿੰਦੇ ਸਨ ਤੇ ਦੁਸ਼ਮਣ ਦਾ ਨੁਕਸਾਨ ਕਰਕੇ ਪਰਤ ਜਾਂਦੇ ਸਨ।  ਜਹਾਨ ਖ਼ਾਂ ਪਿੱਛੋਂ ਖਾਲਸੇ ਦੀ ਦੂਜੀ ਵੱਡੀ ਟੱਕਰ ਨਸੀਰ ਖ਼ਾਂ ਬਲੋਚ ਨਾਲ ਹੋਈ। ਇਸ ਟੱਕਰ ਵਿਚ ਨਸੀਰ ਖ਼ਾਂ ਬੁਰੀ ਤਰ੍ਹਾਂ ਹਾਰਿਆ। ਸਿੱਖ ਸ਼ਾਹ ਦਾ ਸਾਰਾ ਸਾਮਾਨ ਖੋਹ ਕੇ ਲੈ ਗਏ। ਉਹ ਜਿਹੜਾ ਕਾਬਲੀ ਮੇਵਿਆਂ ਨਾਲ ਲੱਦਿਆ ਊਠਾਂ ਦਾ ਕਾਫ਼ਲਾ ਨਾਲ ਲੈ ਕੇ ਆਇਆ ਸੀ, ਸਿੱਖਾਂ ਨੇ ਉਹ ਵੀ ਲੁੱਟ ਲਿਆ। ਇਸ ਦੇ ਇਲਾਵਾ ਚੰਬਾ ਦੇ ਰਾਜੇ ਨੇ ਅਫ਼ਗਾਨ ਫੌਜ ਲਈ ਜਿਹੜਾ ਆਟਾ-ਦਾਣਾ ਭੇਜਿਆ ਸੀ, ਉਹ ਵੀ ਖੋਹ ਲਿਆ ਗਿਆ।
ਬਿਆਸ ਤੇ ਸਤਿਲੁਜ ਦੇ ਵਿਚਕਾਰ ਖਾਲਸੇ ਨੇ ਸ਼ਾਹ ਦੀ ਹਾਲਤ ਏਨੀ ਪਤਲੀ ਕਰ ਦਿੱਤੀ ਕਿ ਉਹ ਦਿੱਲੀ ਪਹੁੰਚਣ ਦਾ ਖ਼ਿਆਲ ਛੱਡ ਕੇ ਵਾਪਸ ਕਾਬੁਲ ਪਰਤ ਗਿਆ।
ਇਹ ਅਬਦਾਲੀ ਦਾ ਅੱਠਵਾਂ ਤੇ ਅਖ਼ੀਰਲਾ ਹਮਲਾ ਸੀ ਪਰ ਉਸਨੂੰ ਪੈਸੇ ਦੀ ਸਖ਼ਤ ਲੋੜ ਸੀ, ਇਸ ਲਈ ਉਸਨੇ 1769 ਤੇ 1770 ਦੇ ਦਸੰਬਰ ਜਨਵਰੀ ਵਿਚ ਆਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਪੇਸ਼ਾਵਰ ਤੋਂ ਅੱਗੇ ਨਹੀਂ ਵਧ ਸਕਿਆ। ਸ਼ਾਹ ਹੁਣ ਬੁੱਢਾ ਹੋ ਗਿਆ ਸੀ ਤੇ ਖਾਲਸੇ ਦੀ ਨਵੀਂ ਸ਼ਕਤੀ ਨਾਲ ਟਕਰਾਉਣ ਤੋਂ ਅਸਮਰਥ ਸੀ। ਹਰਿਮੰਦਰ ਨੂੰ ਬਾਰੂਦ ਨਾਲ ਉਡਾਉਣ ਸਮੇਂ ਫੁੱਟੀਆਂ ਇੱਟਾਂ ਦੀ ਇਕ ਕੈਂਕਰ ਉਸਦੇ ਨੱਕ ਉਪਰ ਵੀ ਵੱਜੀ ਸੀ, ਜਿਸ ਨਾਲ ਜਖ਼ਮ ਹੋ ਗਿਆ ਤੇ ਉਹ ਜਖ਼ਮ ਹੌਲੀ ਹੌਲੀ ਨਾਸੂਰ ਬਣ ਗਿਆ ਸੀ। ਨਾਸੂਰ ਨਾਲ ਸਾਰਾ ਨੱਕ ਗਲ ਗਿਆ ਸੀ ਤੇ ਇਸੇ ਨਾਲ 14 ਅਪਰੈਲ 1772 ਵਿਚ ਸ਼ਾਹ ਦੀ ਮੌਤ ਹੋ ਗਈ। ਠੀਕ ਇਸੇ ਦਿਨ ਖਾਲਸੇ ਨੇ ਸਿੰਧ ਪਾਰ ਕਰਕੇ ਪਿਸ਼ਾਵਰ ਉੱਤੇ ਧਾਵਾ ਬੋਲਿਆ ਤੇ ਉਸਨੂੰ ਲੁੱਟ ਲਿਆ।
1761 ਨੂੰ ਜਦੋਂ ਖਾਲਸੇ ਨੇ ਲਾਹੌਰ ਉਪਰ ਕਬਜਾ ਕੀਤਾ, ਉਦੋਂ ਮੁਗਲਾਨੀ ਬੇਗਮ ਦੀ ਹਾਲਤ ਬੜੀ ਖਰਾਬ ਸੀ। ਉਸਦੇ ਗਰੀਬੀ ਦੇ ਦਿਨ ਚੱਲ ਰਹੇ ਸਨ। ਇਹ ਦੇਖ ਕੇ ਅਹਿਮਦ ਸ਼ਾਹ ਨੇ ਉਸਨੂੰ ਜ਼ਿਲਾ ਸਿਆਲਕੋਟ ਦੀ ਜ਼ਮੀਨ ਦੇ ਦਿੱਤੀ, ਜਿਸਦੀ ਆਮਦਨ 30 ਹਜ਼ਾਰ ਰੁਪਏ ਸਾਲਾਨਾ ਸੀ। ਬੇਗਮ ਨੇ ਤਹਿਮਸ ਖ਼ਾਂ ਮਿਸਕੀਨ ਨੂੰ ਸਿਆਲਕੋਟ ਵਿਚ ਆਪਣਾ ਮੁਲਾਜ਼ਮ ਲਾ ਦਿੱਤਾ ਤੇ ਆਪ ਉਹ ਸ਼ਹਿਬਾਜ਼ ਖਵਾਜ਼ਾ ਸਰਾ ਨਾਲ ਜੰਮੂ ਵਿਚ ਰਹਿਣ ਲੱਗ ਪਈ। ਲਾਹੌਰ ਵਾਂਗ ਜੰਮੂ ਵਿਚ ਵੀ ਬੇਗਮ ਦੀ ਅਯਾਸ਼ੀ ਦੀਆਂ ਕਹਾਣੀਆਂ ਸਾਰਿਆਂ ਦੀ ਜ਼ਬਾਨ ਉਪਰ ਚੜ੍ਹ ਗਈਆਂ। ਏਨੀ ਬਦਨਾਮੀ ਹੋਈ ਕਿ ਬੇਗਮ ਜੰਮੂ ਛੱਡ ਕੇ ਪਰਮੰਡਲ ਚਲੀ ਗਈ। ਉੱਥੇ ਉਹ ਸ਼ਹਿਬਾਜ਼ ਨਾਲ ਸ਼ਾਦੀ ਕਰਕੇ ਬਾਕਾਇਦਾ ਗ੍ਰਹਿਸਤ ਜੀਵਨ ਬਿਤਾਉਣ ਲੱਗੀ। ਤਹਿਮਸ ਖ਼ਾਂ ਮਸਕੀਨ ਨੇ ਬੇਗਮ ਦੀ ਛੋਟੀ ਬੇਟੀ ਨੂੰ ਇਹ ਸੋਚ ਕਿ ਕਿਤੇ ਮਾਂ ਦੀ ਸੋਹਬਤ ਵਿਚ ਉਹ ਵੀ ਖਰਾਬ ਨਾ ਹੋ ਜਾਏ, ਆਪਣੀ ਵੱਡੀ ਭੈਣ ਉਮਰਾ ਕੋਲ ਦਿੱਲੀ ਭੇਜ ਦਿੱਤਾ। ਹੁਣ ਤਹਿਮਸ ਖ਼ਾਂ ਨੇ ਵੀ ਬੇਗਮ ਦਾ ਸਾਥ ਛੱਡ ਦਿੱਤਾ ਸੀ ਤੇ ਉਹ ਜੈਨ ਖ਼ਾਂ ਕੋਲ ਸਰਹਿੰਦ ਚਲਾ ਗਿਆ ਸੀ।
ਵਾਰਿਸ ਸ਼ਾਹ ਜੋਗੀ ਬਣ ਕੇ ਸਾਰੇ ਪੰਜਾਬ ਵਿਚ ਘੰਮਿਆਂ। ਸਾਰੀ ਉਥਲ ਪੁਥਲ ਦੇਖੀ ਤੇ ਇਹ ਵੀ ਦੇਖਿਆ ਕਿ ਜੋਗੀ, ਜੋਗੀ ਨਹੀਂ ਹੁੰਦੇ ਸਿਰਫ ਪਾਖੰਡੀ ਹੁੰਦੇ ਨੇ। ਅਖ਼ੀਰ ਉਹ ਆਪਣੇ ਪਿੰਡ ਜੰਡਿਆਲਾ ਸ਼ੇਰ ਖ਼ਾਂ ਪਰਤ ਆਇਆ ਤੇ ਸ਼ਾਦੀ ਕਰਕੇ ਗ੍ਰਹਿਸਤ ਜੀਵਨ ਬਿਤਾਉਣ ਲੱਗਿਆ ਤੇ 1765 ਵਿਚ ਆਪਣਾ ਮਹਾਕਾਵ 'ਹੀਰ' ਮੁਕੰਮਲ ਕੀਤਾ।
ਲਿਖਿਆ ਹੈ—:
'ਯਾਰਾਂ ਸਾਨੂੰ ਆਣ ਸਵਾਲ ਕੀਤਾ
ਇਸ਼ਕ ਹੀਰ ਦਾ ਨਵਾਂ ਬਣਾਈਏ ਜੀ
ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ
ਢੰਗ ਸੋਹਣੇ ਨਾਲ ਸੁਣਾਈਏ ਜੀ
ਯਾਰਾਂ ਨਾਲ ਮਜਲਿਸਾਂ ਵਿਚ ਬਹਿ ਕੇ
ਮਜ਼ਾ ਹੀਰ ਦੇ ਇਸ਼ਕ ਦਾ ਪਾਈਏ ਜੀ।
ਵਾਰਿਸ ਨੇ ਹੀਰ ਦੇ ਇਸ਼ਕ ਨੂੰ ਇੰਜ ਬਿਆਨ ਕੀਤਾ ਕਿ ਉਸ ਵਿਚ ਪੰਜਾਬ ਦੀ ਆਤਮਾ ਨੂੰ ਸਮੋ ਦਿੱਤਾ। ਹਾਲੀ ਪਾਲੀ ਇਸ ਨੂੰ ਝੂੰਮ ਝੂੰਮ ਕੇ ਗਾਉਂਦੇ ਹਨ ਤੇ ਲੋਕ ਮਜਲਿਸਾਂ ਵਿਚ ਬੈਠ ਕੇ ਆਨੰਦ ਮਾਣਦੇ ਹਨ।
ਭੂਪ ਸਿੰਘ ਨੇ ਵੀ ਆਪਣੇ ਪਿੰਡ ਜੰਡਿਆਲਾ ਸ਼ੇਰ ਖ਼ਾਂ ਵਿਚ ਆ ਕੇ ਖੇਤੀ ਦਾ ਕੰਮ ਸੰਭਾਲ ਲਿਆ। ਉਸ ਨੇ ਆਪਣੀ ਮੂੰਹ ਬੋਲੀ ਭੈਣ ਸਾਬੋ ਦਾ ਵਿਆਹ ਮਨਮੋਹਨ ਨਾਲ ਕਰ ਦਿੱਤਾ। ਮੇਹਰ ਚੰਦ ਵੀ ਉਸਦਾ ਮੂੰਹ ਬੋਲਿਆ ਛੋਟਾ ਭਰਾ ਸੀ। ਭੈਣ ਦਾ ਵਿਆਹ ਕਰਨ ਪਿੱਛੋਂ ਉਸਨੇ ਮਾਂ ਨੂੰ ਕਿਹਾ, “ਮਾਂ ਹੁਣ ਅਸੀਂ ਛੋਟੇ ਵੀਰੇ ਮੇਹਰ ਚੰਦ ਦਾ ਵਿਆਹ ਕਰਾਂਗੇ। ਉਹ ਲਾੜਾ ਬਣੇਗਾ, ਵਿਆਹ ਕੇ ਲਾੜੀ ਘਰ ਲਿਆਏਗਾ ਤੇ ਪਰਿਵਾਰ ਵਧਾਏਗਾ। ਮੇਰੀ ਉਮਰ ਹੁਣ ਚਾਲੀ ਸਾਲ ਤੋਂ ਉਪਰ ਏ। ਮੈਂ ਸ਼ਾਦੀ ਨਹੀਂ ਕਰਾਂਗਾ।”
ਤੇ ਭੂਪ ਸਿੰਘ ਨੇ ਸ਼ਾਦੀ ਨਹੀਂ ਕੀਤੀ। ਉਹ ਇਕ ਅਜਿਹਾ ਸੂਫੀ ਫਕੀਰ ਸੀ, ਜਿਸ ਨੇ ਗ੍ਰਹਿਸਤੀ ਰਹਿੰਦਿਆਂ ਹੋਇਆਂ ਸਨਿਆਸ ਧਾਰਨ ਕੀਤਾ ਹੋਇਆ ਸੀ। ਉਹ ਕਬੀਰ ਵਾਂਗ 'ਇਕ ਇਨਸਾਨ ਸੀ, ਨਾ ਹਿੰਦੂ ਸੀ ਨਾ ਮੁਸਲਮਾਨ ਸੀ।' ਉਹ ਸਾਰਿਆਂ ਦੀ ਸੇਵਾ ਕਰਦਾ ਸੀ ਤੇ ਦੁੱਖ-ਦਰਦ ਵਿਚ ਹਰੇਕ ਦੇ ਕੰਮ ਆਉਂਦਾ ਸੀ। ਆਪਣੇ ਗੁਆਂਢੀ ਵਾਰਿਸ ਸ਼ਾਹ ਨਾਲ ਉਸਦੀ ਖੂਬ ਬਣਦੀ ਸੀ। ਉਹ ਅਕਸਰ ਇਕੱਠੇ ਬੈਠ ਕੇ ਸਾਹਿਤ ਤੇ ਦਰਸ਼ਨ ਦੀਆਂ ਗੱਲਾਂ ਕਰਦੇ ਤੇ ਵਧੇਰੇ ਸਮਾਂ ਚਿੰਤਨ ਵਿਚ ਬਿਤਾਉਂਦੇ। ਕਈ ਵਾਰੀ ਵਾਰਿਸ ਆਪਣੀ 'ਹੀਰ' ਪੜ੍ਹ ਕੇ ਸੁਣਾਉਂਦਾ ਤੇ ਭੂਪ ਸਿੰਘ ਨੁਕਤਿਆਂ ਉਪਰ ਦਾਦ ਦਿੰਦਾ, “ਵਾਹ! ਵਾਹ! ਤੂੰ ਪੰਜਾਬ ਨੂੰ ਸਮਝਿਆ ਏ ਤੇ ਆਪਣੇ ਆਪ ਨੂੰ ਵੀ। ਵਾਕਈ—:
'ਵਾਰਿਸ ਸ਼ਾਹ ਸੁਖਨ ਦਾ ਵਾਰਿਸ
ਕਿਤੇ ਨਾ ਅਟਕਿਆ ਬੱਲਿਆ'।”
ਭੂਪ ਸਿੰਘ ਨੇ ਵਾਰਿਸ ਸ਼ਾਹ ਦੀਆਂ ਸਤਰਾਂ ਹੀ ਦੁਹਰਾਈਆਂ ਤੇ ਗੱਲ ਜਾਰੀ ਰੱਖੀ, “ਦੇਖ ਵਾਰਿਸਾ, ਜਿਸ ਤਰ੍ਹਾਂ ਤੇਰੇ ਵਿਚ ਕੋਈ ਭੁਲੇਖਾ, ਭਟਕਣ ਜਾਂ ਕੋਈ ਖੋਟ ਨਹੀਂ, ਇਸੇ ਤਰ੍ਹਾਂ ਬੁੱਲ੍ਹੇ ਸ਼ਾਹ 'ਚ ਵੀ ਕੋਈ ਭੁਲੇਖਾ, ਭਟਕਣ ਜਾਂ ਕੋਈ ਖੋਟ ਨਹੀਂ। ਇਹੀ ਕਵਿਤਾ ਹੈ, ਇਹੀ ਲੋਕ ਸਾਹਿਤ ਹੈ। ਕਬੀਰ ਦੀ ਵੀ ਇਹੋ ਵਿਸ਼ੇਸ਼ਤਾ ਏ। ਉਸਦਾ ਇਕ ਪਦ ਏ—:
'ਸਾਧੂ ਐਸਾ ਚਾਹੀਏ ਜੇਸਾ ਸੂਪ ਸੁਭਾਏ
ਸਾਰ ਸਾਰ ਗਹੇ ਥੋਥਾ ਦੇ ਉਡਾਏ'।”
“ਭੂਪ ਸਿਆਂ ਤੂੰ ਵੀ ਤਾਂ ਇਕ ਅਜਿਹਾ ਈ ਸਾਧੂ ਏਂ। ਮੇਰੀ ਖ਼ੁਸ਼ਕਿਸਮਤੀ ਏ ਕਿ ਮੈਨੂੰ ਤੇਰੇ ਵਰਗਾ ਦੋਸਤ ਤੇ ਗੁਆਂਢੀ ਮਿਲਿਆ।” ਵਾਰਿਸ ਨੇ ਮੁਸਕਰਾਉਂਦਿਆਂ ਹੋਇਆਂ ਕਿਹਾ ਤੇ ਭੂਪ ਸਿੰਘ ਵੀ ਮੁਸਕਰਾਉਣ ਲੱਗ ਪਿਆ।

*** *** *** *** *** ਸਮਾਪਤ *** *** *** *** ***  

No comments:

Post a Comment