Wednesday 11 August 2010

ਬੋਲੇ ਸੋ ਨਿਹਾਲ : ਤੇਈਵੀਂ ਕਿਸ਼ਤ :-

ਤੇਈਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਜੱਸਾ ਸਿੰਘ ਨੇ ਪਹਿਲਾਂ ਬੰਧਕਾਂ ਨੂੰ ਨਾਦਿਰ ਸ਼ਾਹ ਤੋਂ ਮੁਕਤ ਕਰਵਾ ਕੇ ਘਰੋ-ਘਰੀ ਪਹੁੰਚਾਇਆ ਸੀ ਤੇ ਹੁਣ ਅਹਿਮਦ ਸ਼ਾਹ ਅਬਦਾਲੀ ਤੋਂ ਮੁਕਤ ਕਰਵਾਇਆ। ਗਲੀਆਂ, ਬਾਜ਼ਾਰਾਂ ਤੇ ਸੱਥਾਂ ਵਿਚ ਏਨੀ ਚਰਚੇ ਹੋਈ ਕਿ ਉਹ ਲੋਕਾਂ ਵਿਚ 'ਬੰਦੀ ਛੋੜ' ਸਰਦਾਰ ਵਜੋਂ ਮਸ਼ਹੂਰ ਹੋ ਗਿਆ।
ਅਹਿਮਦ ਸ਼ਾਹ ਅਬਦਾਲੀ 26 ਅਪਰੈਲ ਨੂੰ ਲਾਹੌਰ ਪਹੁੰਚਿਆ ਤਾਂ ਉਹ ਬੜਾ ਉਖੜਿਆ ਉਖੜਿਆ ਸੀ। ਖਾਲਸਾ ਸਾਰੇ ਕੈਦੀਆਂ ਨੂੰ ਛੁਡਾਅ ਕੇ ਲੈ ਗਿਆ ਸੀ ਤੇ ਉਸਦੀ ਸੈਨਾ ਕੁਝ ਵੀ ਨਹੀਂ ਸੀ ਕਰ ਸਕੀ। ਅਬਦਾਲੀ ਨੂੰ ਇਸ ਗੱਲ ਦਾ ਬੜਾ ਗੁੱਸਾ ਸੀ।
“ਇਹ ਸਭ ਕਿੰਜ ਹੋ ਗਿਆ?” ਉਸਨੇ ਨੁਰੂਦੀਨ ਵਾਮੇਜਈ ਨੂੰ ਬੁਲਾਅ ਕੇ ਪੱਛਿਆ।
“ਜਹਾਂਪਨਾਹ! ਜਦੋਂ ਸਵੇਰੇ ਅਸੀਂ ਅਜੇ ਸੁੱਤੇ ਈ ਹੋਏ ਸਾਂ, ਇਹਨਾਂ ਲੰਮੇ ਲੰਮੇ ਵਾਲਾਂ ਵਾਲੇ ਵਹਿਸ਼ੀਆਂ ਨੇ ਹਮਲਾ ਕਰ ਦਿੱਤਾ। ਸਾਡੇ ਸਿਪਾਹੀ ਅੱਖਾਂ ਮਲਦੇ ਰਹਿ ਗਏ ਤੇ ਉਹ ਆਪਣਾ ਕੰਮ ਕਰਕੇ ਨੱਠ ਗਏ।”
“ਬੜੀ ਸ਼ਰਮ ਦੀ ਗੱਲ ਏ। ਤੁਹਾਨੂੰ ਤੇ ਸਾਡੇ ਇਹਨਾਂ ਸਿਪਾਹੀਆਂ ਨੂੰ ਚੂਲੀ ਭਰ ਪਾਣੀ ਵਿਚ ਡੁੱਬ ਮਰਨਾ ਚਾਹੀਦਾ ਏ।” ਅਬਦਾਲੀ ਨੇ ਹਿਰਖ ਪਰੁੱਚੀ ਆਵਾਜ਼ ਵਿਚ ਕਿਹਾ। ਵਾਮੇਜਈ ਕੁਝ ਨਾ ਬੋਲਿਆ। ਉਸਦੀ ਗਰਦਨ ਝੁਕ ਗਈ।
“ਨਤੀਜਾ ਕੀ ਰਿਹਾ?”
"ਸਾਡੇ ਡੇਢ ਕੁ ਸੌ ਸਿਪਾਹੀ ਮਾਰੇ ਗਏ। ਦਸ ਬਾਰਾਂ ਸਿੱਖ ਵੀ ਮਾਰੇ ਗਏ ਨੇ ਤੇ ਦਸ ਬਾਰਾਂ ਫੜ੍ਹੇ ਗਏ ਨੇ।”
“ਜਿਹੜੇ ਫੜ੍ਹੇ ਗਏ ਨੇ ਉਹ ਕਿੱਥੇ ਨੇ?”
“ਉਹ ਸਾਡੀ ਕੈਦ ਵਿਚ ਨੇ। ਇਹਨਾਂ ਨੂੰ ਨਖ਼ਾਸ ਚੌਂਕ ਵਿਚ ਚਰਖੀ 'ਤੇ ਚੜ੍ਹਾ ਕੇ ਮੌਤ ਦੇ ਘਾਟ ਉਤਾਰਿਆ ਜਾਏਗਾ।” ਵਾਮੇਜਈ ਨੇ ਗਰਦਨ ਉੱਚੀ ਕਰਕੇ ਕਿਹਾ।
“ਉਹਨਾਂ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਜਾਏ।” ਅਬਦਾਲੀ ਨੇ ਹੁਕਮ ਦਿੱਤਾ।
ਸਿੱਖ ਨੌਜਵਾਨਾ ਨੂੰ ਅਬਦਾਲੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹਨਾਂ ਦੇ ਮਨ ਵਿਚ ਕਿਸੇ ਕਿਸਮ ਦਾ ਭੈ ਨਹੀਂ ਸੀ ਤੇ ਚਿਹਰਿਆਂ ਉੱਤੇ ਉਦਾਸੀ ਦਾ ਨਾਂ ਨਿਸ਼ਾਨ ਤਕ ਨਹੀਂ ਸੀ। ਉਹਨਾਂ ਦੇ ਸਿਰ ਉੱਚੇ ਸਨ ਤੇ ਬੁੱਲ੍ਹਾਂ ਉਪਰ ਬਹਾਦਰਾਂ ਵਾਲੀ ਮੁਸਕਾਨ ਸੀ। ਉਹਨਾਂ ਦਾ ਨੇਤਾ ਬਘੇਲ ਸਿੰਘ ਸਭ ਨਾਲੋਂ ਅੱਗੇ ਖਲੋਤਾ ਸੀ।
“ਗਿਰਫ਼ਤਾਰ ਕਿੰਜ ਹੋਏ ਓ?” ਅਬਦਾਲੀ ਨੇ ਉਹਨਾਂ ਵੱਲ ਦੇਖ ਦੇ ਪੁੱਛਿਆ।
“ਸਾਡੇ ਹਥਿਆਰ ਛੁੱਟ ਗਏ ਸਨ।” ਬਘੇਲ ਸਿੰਘ ਨੇ ਉਤਰ ਦਿੱਤਾ।
“ਹੁਣ ਮੈਂ ਤੁਹਾਡੇ ਨਾਲ ਕੀ ਸਲੂਕ ਕਰਾਂ?”
“ਸਲੂਕ ਦਾ ਤਾਲੁੱਕ ਇਖ਼ਲਾਕ ਨਾਲ ਹੁੰਦਾ ਏ। ਤੁਹਾਡੇ ਇਖ਼ਲਾਕ ਦੀ ਜੋ ਮੰਗ ਏ, ਉਹੀ ਕਰੋ।”
“ਤੁਹਾਡਾ ਲੋਕਾਂ ਦਾ ਆਪਣਾ ਇਖ਼ਲਾਕ ਕੀ ਏ?”
“ਖਾਲਸਾ ਗਿਰਫ਼ਤਾਰ ਕੀਤੇ ਹੋਏ ਸਿਪਾਹੀਆਂ ਨੂੰ ਕਤਲ ਨਹੀਂ ਕਰਦਾ। ਜੇ ਉਹ ਜਖ਼ਮੀ ਹੋਣ ਤਾਂ ਉਹਨਾਂ ਦੇ ਜਖ਼ਮਾਂ ਉਪਰ ਮਲ੍ਹਮ ਲਾਉਂਦਾ ਹੈ।”
“ਜੇ ਮੈਂ ਤੁਹਾਨੂੰ ਕਤਲ ਨਾ ਕਰਾਂ ਤਾਂ ਤੁਸੀਂ ਮੇਰੀ ਗ਼ੁਲਾਮੀ ਕਬੂਲ ਕਰ ਲਓਗੇ?”
“ਨਹੀਂ, ਹਰਗਿਜ਼ ਨਹੀਂ। ਗ਼ੁਲਾਮ ਬਣ ਕੇ ਰਹਿਣਾ ਹੁੰਦਾ ਤਾਂ ਅਸੀਂ ਲੜਦੇ ਈ ਕਿਉਂ?”
“ਲੜਦੇ ਤਾਂ ਤੁਸੀਂ ਲੁੱਟਾਂ ਖੋਹਾਂ ਕਰਨ ਲਈ ਓ।”
“ਗਲਤ। ਕਾਬੁਲ ਦੇ ਬਾਦਸ਼ਾਹ ਗੁਸਤਾਖ਼ੀ ਮੁਆਫ਼। ਲੁੱਟ ਮਾਰ ਕਰਨ ਲਈ ਤਾਂ ਤੁਸੀਂ ਸਾਡੇ ਮੁਲਕ ਉਪਰ ਹਮਲੇ ਕਰਦੇ ਓ। ਅਸੀਂ ਲੋਕ ਤਾਂ ਆਪਣੀ ਆਜ਼ਾਦੀ ਲਈ ਪਹਿਲਾਂ ਮੁਗਲਾਂ ਦੇ ਖ਼ਿਲਾਫ਼ ਲੜਦੇ ਸਾਂ ਤੇ ਹੁਣ ਤੁਹਾਡੇ ਖ਼ਿਲਾਫ਼ ਲੜ ਰਹੇ ਹਾਂ। ...ਤੇ ਉਦੋਂ ਤੀਕ ਲੜਦੇ ਰਹਾਂਗੇ ਜਦੋਂ ਤੀਕ ਸਾਡਾ ਮੁਲਕ ਵਿਦੇਸ਼ੀ ਗ਼ੁਲਾਮੀ ਤੋਂ ਆਜ਼ਾਦ ਨਹੀਂ ਹੋ ਜਾਵੇਗਾ।”
“ਜੇ ਤੁਹਾਨੂੰ ਕਤਲ ਕਰ ਦਿੱਤਾ ਜਾਏ, ਫੇਰ ਕਿੰਜ ਲੜੋਗੇ? ਜਿਉਂਦੇ ਰਹਿਣਾ ਏਂ ਤਾਂ ਕਹੋ, 'ਅਹਿਮਦ ਸ਼ਾਹ ਕਾ ਖਾਲਸਾ, ਅਹਿਮਦ ਸ਼ਾਹ ਕੀ ਫਤਹਿ'।”
ਬਘੇਲ ਸਿੰਘ ਕੁਝ ਚਿਰ ਵਿਅੰਗਮਈ ਮੁਸਕਾਨ ਨਾਲ ਅਹਿਮਦ ਸਾਹ ਵੱਲ ਦੇਖਦਾ ਰਿਹਾ, ਫੇਰ ਬੋਲਿਆ¸“ਸਾਥੋਂ ਪਹਿਲਾਂ ਜਿਹੜੇ ਲੋਕ ਸ਼ਹੀਦ ਹੋਏ ਨੇ ਉਹ ਸਾਡੇ ਲਈ ਮਿਸਾਲ ਨੇ ਤੇ ਅਸੀਂ ਸ਼ਹੀਦ ਹੋ ਕੇ ਆਪਣੇ ਪਿੱਛੇ ਆਉਣ ਵਾਲਿਆਂ ਲਈ ਮਿਸਾਲ ਬਣ ਜਾਵਾਂਗੇ। ਇਹ ਲੜਾਈ ਜਾਰੀ ਰਹੇਗੀ।” ਬਘੇਲ ਸਿੰਘ ਨੇ ਦਰਿੜ੍ਹ ਤੇ ਸਥਿਰ ਆਵਾਜ਼ ਵਿਚ ਉਤਰ ਦਿੱਤਾ ਤੇ ਫੇਰ ਸੱਜੀ ਬਾਂਹ ਉਗਾਸ ਕੇ ਜੈਕਾਰਾ ਛੱਡਿਆ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ...”
ਉਸਦੇ ਕੈਦੀ ਸਾਥੀਆਂ ਨੇ ਵੀ ਬਾਹਾਂ ਉਲਾਰ ਕੇ ਇਕ ਸੁਰ ਵਿਚ ਦੂਹਰਾਇਆ, “ਵਹਿਗੁਰੂ ਕੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।”
“ਇਹ ਲੋਕ ਵਾਕਈ ਬਹਾਦੁਰ ਨੇ।” ਅਬਦਾਲੀ ਨੇ ਵਾਮੇਜਈ ਵੱਲ ਭੌਂ ਕੇ ਕਿਹਾ। ਫੇਰ ਹੁਕਮ ਦਿੱਤਾ, “ਇਹਨਾਂ ਸਾਰਿਆਂ ਨੂੰ ਰਿਹਾਅ ਕਰ ਦਿੱਤਾ ਜਾਏ। ਇਹਨਾਂ ਦੇ ਹਥਿਆਰ ਤੇ ਘੋੜੇ ਵੀ ਇਹਨਾਂ ਨੂੰ ਦੇ ਦਿੱਤੇ ਜਾਣ। ਹੁਣ ਸਾਡੀ ਲੜਾਈ ਇਹਨਾਂ ਲੋਕਾਂ ਨਾਲ ਹੋਏਗੀ ਤੇ ਹਾਰ ਜਿੱਤ ਦਾ ਫੈਸਲਾ ਮੈਦਾਨੇ-ਜੰਗ ਵਿਚ ਹੋਏਗਾ। ਬਹਾਦੁਰਾਂ ਨਾਲ ਲੜਨ ਵਿਚ ਹੀ ਮਜ਼ਾ ਆਉਂਦਾ ਏ।”
ਵਾਮੇਜਈ ਜਿਵੇਂ ਸਿਲ-ਪੱਥਰ ਹੋ ਗਿਆ ਤੇ ਜਿਹੜੇ ਹੋਰ ਲੋਕ ਖੜ੍ਹੇ ਸੁਣ ਰਹੇ ਸਨ, ਉਹ ਵੀ ਦੰਗ ਰਹਿ ਗਏ। ਪਰ ਬਾਦਸ਼ਾਹ ਦਾ ਹੁਕਮ ਸੀ, ਉਸਦੀ ਤੁਰੰਤ ਤਾਮੀਲ ਹੋਈ।
ਅਬਦਾਲੀ ਨੇ ਉਬੇਦ ਖ਼ਾਂ ਨੂੰ ਲਾਹੌਰ ਦਾ ਹਾਕਮ ਨਿਯੁਕਤ ਕੀਤਾ ਤੇ ਘੁਮੰਡ ਚੰਦ ਕਟੋਚੀਏ ਨੂੰ ਦੁਆਬਾ ਬਿਸਤ-ਜਲੰਧਰ ਦਾ ਫੌਜਦਾਰ ਤੇ ਮੁਗਲਾਨੀ ਬੇਗਮ ਦੇ ਮਾਮੇ ਖਵਾਜ਼ਾ ਮਿਰਜ਼ਾ ਖ਼ਾਂ ਨੂੰ ਚਾਹਾਰ ਮਹਾਲ ਦਾ ਫੌਜਦਾਰ ਥਾਪ ਦਿੱਤਾ। ਫੇਰ ਤੁਰੰਤ ਅਫਗਾਨਿਸਤਾਨ ਵੱਲ ਪਰਤ ਗਿਆ ਕਿਉਂਕਿ ਉੱਥੇ ਬਗਾਵਤ ਹੋਣ ਦਾ ਖ਼ਤਰਾ ਸੀ।
***
ਅਹਿਮਦ ਸ਼ਾਹ ਅਬਦਾਲੀ ਜਦੋਂ ਵਾਪਸ ਅਫਗਾਨਿਸਤਾਨ ਵੱਲ ਜਾ ਰਿਹਾ ਸੀ, ਸਿੱਖਾਂ ਨੇ ਹਮੇਸ਼ਾ ਵਾਂਗ ਉਸਦਾ ਪਿੱਛਾ ਕੀਤਾ ਤੇ ਜਦੋਂ ਉਹ ਸਿੰਧ ਨਦੀ ਪਾਰ ਕਰ ਰਿਹਾ ਸੀ ਤਾਂ ਉਸਦਾ ਬਹੁਤ ਸਾਰਾ ਸਮਾਨ ਲੁੱਟ ਲਿਆ। ਅਬਦਾਲੀ ਇਸ ਸਥਿਤੀ ਵਿਚ ਨਹੀਂ ਸੀ ਕਿ ਪਲਟ ਕੇ ਸਿੱਖਾਂ ਉਪਰ ਹਮਲਾ ਕਰੇ, ਪਰ ਜਦੋਂ ਸਿੱਖ ਸਿੰਧ ਤੋਂ ਪਰਤ ਰਹੇ ਸਨ ਤਾਂ ਚਾਹਾਰ ਮਹਾਲ ਦੇ ਫੌਜਦਾਰ ਖਵਾਜ਼ਾ ਮਿਰਜ਼ਾ ਖ਼ਾਂ ਨਾਲ ਉਹਨਾਂ ਦੀ ਟੱਕਰ ਹੋ ਗਈ। ਇਸ ਲੜਾਈ ਵਿਚ ਖਵਾਜ਼ਾ ਮਿਰਜ਼ਾ ਖ਼ਾਂ ਦੀ ਹਾਰ ਹੋਈ ਤੇ ਉਹ ਮਾਰਿਆ ਗਿਆ। ਇਸ ਜਿੱਤ ਦਾ ਸਿਹਰਾ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਸ਼ੁਕਰਚੱਕੀਆ ਦੇ ਸਿਰ ਸੀ।
ਚੜ੍ਹਤ ਸਿੰਘ ਨੇ ਲਾਹੌਰ ਦੇ ਉਤਰ ਵਿਚ ਸਿੰਧ ਸਾਗਰ ਦੁਆਬੇ ਦੇ ਕਾਫੀ ਵੱਡੇ ਹਿੱਸੇ ਉਪਰ ਕਬਜਾ ਕਰ ਲਿਆ ਸੀ ਤੇ ਗੁਜਰਾਂਵਾਲਾ ਵਿਚ ਕਾਫੀ ਮਜ਼ਬੂਤ ਕਿਲਾ ਬਣਾ ਲਿਆ ਸੀ। ਇੰਜ ਉਹ ਦੁਰਾਨੀਆਂ ਦੇ ਰਸਤੇ ਵਿਚ ਰੁਕਾਵਟ ਬਣ ਗਿਆ। ਉਹ ਆਉਂਦੀ-ਜਾਂਦੀ ਅਬਦਾਲੀ ਦੀ ਸੈਨਾ ਉਪਰ ਛਾਪੇ ਮਾਰਦਾ ਸੀ ਤੇ ਜੋ ਕੁਝ ਵੀ ਹੱਥ ਲੱਗਦਾ ਸੀ, ਖੋਹ ਖਾਹ ਕੇ ਗੁਜਰਾਂਵਾਲਾ, ਆਪਣੇ ਕਿਲੇ ਵਿਚ ਚਲਾ ਜਾਂਦਾ ਸੀ।
ਦੁਰਾਨੀ ਨੇ ਕੰਧਾਰ ਪਹੁੰਚ ਕੇ ਉਠ ਰਹੇ ਵਿਰੋਧੀ ਸੁਰ ਨੂੰ ਦਬਾਇਆ ਤੇ ਆਪਣੇ ਪੈਰ ਮਜ਼ਬੂਤ ਕੀਤੇ। ਹਿੰਦੁਸਤਾਨ ਵਿਚੋਂ ਪਰਤਦਿਆਂ ਹੋਇਆਂ ਉਸ ਨੇ ਸਿੱਖਾਂ ਹੱਥੋਂ ਜਿਹੜੀਆਂ ਸੱਟਾ ਖਾਧੀਆਂ ਸਨ, ਉਹਨਾਂ ਦੇ ਜ਼ਖ਼ਮ ਅਜੇ ਭਰੇ ਵੀ ਨਹੀਂ ਸਨ ਕਿ ਖਵਾਜ਼ਾ ਮਿਰਜ਼ਾ ਖ਼ਾਂ ਦੀ ਮੌਤ ਦੀ ਖ਼ਬਰ ਨੇ ਉਹਨਾਂ ਉਪਰ ਲੂਣ ਛਿੜਕ ਦਿੱਤਾ। ਉਸਨੇ ਨੁਰੂਦੀਨ ਵਾਮੇਜਈ ਨੂੰ ਬਾਰਾਂ ਹਜ਼ਾਰ ਫੌਜ ਦੇ ਕੇ ਸਿੱਖਾਂ ਦੇ ਵਿਰੁੱਧ ਲੜਨ ਲਈ ਭੇਜਿਆ। ਇੱਧਰ ਚੜ੍ਹਤ ਸਿੰਘ ਵੀ ਤਿਆਰ ਸੀ। ਚਨਾਬ ਕੰਢੇ ਵਜ਼ੀਰਾਬਾਦ ਦੇ ਨੇੜੇ ਜ਼ੋਰਦਾਰ ਲੜਾਈ ਹੋਈ, ਵਾਮੇਜਈ ਸਿੰਘਾਂ ਦੇ ਮੁਕਾਬਲੇ ਅੜ ਨਾ ਸਕਿਆ। ਉਹ ਭੱਜ ਕੇ ਸਿਆਲਕੋਟ ਦੇ ਕਿਲੇ ਵਿਚ ਚਲਾ ਗਿਆ। ਚੜ੍ਹਤ ਸਿੰਘ ਨੇ ਉਸਦਾ ਪਿੱਛਾ ਕੀਤਾ ਤੇ ਕਿਲੇ ਨੂੰ ਜਾ ਘੇਰਿਆ। ਆਸੇ ਪਾਸੇ  ਪੂਰੇ ਇਲਾਕੇ ਉਪਰ ਸਿੱਖਾਂ ਦਾ ਕਬਜਾ ਸੀ ਤੇ ਲੋਕਾਂ ਦੀ ਹਮਦਰਦੀ ਵੀ ਉਹਨਾਂ ਦੇ ਨਾਲ ਸੀ। ਚੜ੍ਹਤ ਸਿੰਘ ਨੇ ਘੇਰਾ ਹੌਲੀ ਹੋਲੀ ਤੰਗ ਤੇ ਸਖ਼ਤ ਕਰ ਦਿੱਤਾ। ਕਿਸੇ ਵੀ ਹੀਲੇ ਰਸਦ ਅੰਦਰ ਜਾਣ ਦੀ ਗੁੰਜਾਇਸ਼ ਨਹੀਂ ਛੱਡੀ। ਕਿਲੇ ਅੰਦਰ ਭੁੱਖਮਰੀ ਫੈਲਦਿਆਂ ਦੇਖ ਕੇ ਵਾਮੇਜਈ ਘਬਰਾ ਗਿਆ ਤੇ ਇਕ ਰਾਤ ਹਨੇਰੇ ਦਾ ਲਾਹਾ ਲੈਂਦਿਆਂ ਆਪਣੀ ਜਾਨ ਬਚਾਅ ਕੇ ਉੱਥੋਂ ਭੱਜ ਗਿਆ। ਜਦੋਂ ਸੈਨਾਪਤੀ ਹੀ ਨਹੀਂ ਰਿਹਾ, ਸੈਨਾ ਨੇ ਹਥਿਆਰ ਸੁੱਟ ਦਿੱਤੇ।
ਗੁਰੂ ਘਰ ਦੀ ਰੀਤ ਅਨੁਸਾਰ ਚੜ੍ਹਤ ਸਿੰਘ ਨੇ ਹਾਰੇ ਹੋਏ ਸੈਨਕਾਂ ਨਾਲ ਨਰਮੀ ਦਾ ਵਿਹਾਰ ਕੀਤਾ। ਉਸਨੇ ਐਲਾਨ ਕਰ ਦਿੱਤਾ, “ਸਿਪਾਹੀ ਆਪਣੇ ਆਪਣੇ ਹਥਿਆਰ ਰੱਖ ਦੇਣ ਤੇ ਬਿਨਾਂ ਰੋਕ ਟੋਕ ਚਲੇ ਜਾਣ। ਖਾਲਸਾ ਨਾ ਉਹਨਾਂ ਨੂੰ ਗਿਰਫ਼ਤਾਰ ਕਰੇਗਾ ਤੇ ਨਾ ਹੀ ਉਹਨਾਂ ਦਾ ਪਿੱਛਾ ਕਰੇਗਾ।”
ਜਿਹਨਾਂ ਅਫ਼ਸਰਾਂ ਤੇ ਸਿਪਾਹੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਸੀ ਉਹਨਾਂ ਨੂੰ ਵੀ ਨੁਰੂਦੀਨ ਵਾਮੇਜਈ ਕੋਲ ਪਹੁੰਚਾ ਦਿੱਤਾ ਗਿਆ। ਉਸ ਪਿੱਛੋਂ ਚੜ੍ਹਤ ਸਿੰਘ ਵਾਪਸ ਗੁਜਰਾਂਵਾਲਾ ਆ ਗਿਆ।
ਲਾਹੌਰ ਦੇ ਹਾਕਮ ਖਵਾਜ਼ਾ ਉਬੇਦ ਖ਼ਾਂ ਨੂੰ ਜਦੋਂ ਵਾਮੇਜਈ ਦੀ ਹਾਰ ਦੀ ਖ਼ਬਰ ਮਿਲੀ ਤਾਂ ਉਹ ਖਿਝ-ਕਰਿਝ ਗਿਆ। ਉਸਨੇ ਸੋਚਿਆ ਕਿ ਇਹ ਹਾਰ ਲਾਹੌਰ ਹਕੂਮਤ ਦੀ ਹਾਰ ਹੈ। ਅਹਿਮਦ ਸ਼ਾਹ ਅਬਦਾਲੀ ਨੂੰ ਜਦੋਂ ਇਸ ਦਾ ਪਤਾ ਲੱਗੇਗਾ, ਉਹ ਬੜਾ ਨਾਰਾਜ਼ ਹੋਏਗਾ। ਗੁੱਸੇ ਤੇ ਭੈ ਸਦਕਾ ਬੋਖ਼ਲਾ ਕੇ ਉਸਨੇ ਸਿੱਖਾਂ ਉਤੇ ਚੜ੍ਹਾਈ ਕਰ ਦਿੱਤੀ ਤੇ ਗੁਜਰਾਂਵਾਲਾ ਨੂੰ ਜਾ ਘੇਰਿਆ। ਅੱਗੋਂ ਚੜ੍ਹਤ ਸਿੰਘ ਵੀ ਤਿਆਰ ਸੀ। ਮੋਰਚੇ ਲੱਗ ਗਏ। ਉਬੇਦ ਖ਼ਾਂ ਨੇ ਆਪਣੀ ਪੂਰੀ ਸ਼ਕਤੀ ਲੜਾਈ ਵਿਚ ਝੋਂਕ ਦਿੱਤੀ ਸੀ।
ਜੱਸਾ ਸਿੰਘ ਆਹਲੂਵਾਲੀਆ ਨੂੰ ਖ਼ਬਰ ਮਿਲੀ ਉਬੇਦ ਖ਼ਾਂ ਨੇ ਗੁਜਰਾਂਵਾਲਾ ਉੱਤੇ ਚੜ੍ਹਾਈ ਕਰ ਦਿੱਤੀ ਹੈ। ਗੁਜਰਾਂਵਾਲਾ ਸ਼ੁਕਰਚੱਕੀਆ ਮਿਸਲ ਦੀਆਂ ਸਰਗਰਮੀਆਂ ਦਾ ਧੁਰਾ ਸੀ। ਉਸਦਾ ਆਪਣਾ ਇਕ ਭੂਗੋਲਿਕ ਮਹਤੱਵ ਵੀ ਸੀ ਕਿਉਂਕਿ ਉਹ ਲਾਹੌਰ ਤੋਂ ਰਾਵਲਪਿੰਡੀ, ਪੇਸ਼ਾਵਰ, ਜਲਾਲਾਬਾਦ ਤੇ ਕਾਬੁਲ ਜਾਣ ਵਾਲੀ ਸ਼ਾਹ ਰਾਹ ( ਮੁੱਖ ਸੜਕ ) ਉੱਤੇ ਸਥਿਤ ਸੀ। ਕਾਬੁਲ ਤੋਂ ਲਾਹੌਰ ਤੇ ਲਾਹੌਰ ਤੋਂ ਕਾਬੁਲ ਆਉਂਦਿਆਂ-ਜਾਂਦਿਆਂ ਕਿਸੇ ਵੀ ਆਦਮੀ, ਕਬੀਲੇ ਜਾਂ ਹਮਲਾਵਰ ਨੂੰ ਗੁਜਰਾਂਵਾਲਾ ਵਿਚੋਂ ਲੰਘਣਾ ਪੈਂਦਾ ਸੀ। ਇਸ ਤੋਂ ਕੰਨੀਂ ਕੱਟ ਕੇ ਨਿਕਲ ਜਾਣਾ ਸੰਭਵ ਨਹੀਂ ਸੀ। ਅਬਦਾਲੀ ਜਦੋਂ ਹਮਲਾ ਕਰਦਾ ਸੀ ਤਾਂ ਬਿਨਾਂ ਕਿਸੇ ਅੱੜਿਕੇ ਦੇ ਸਿੱਧਾ ਲਾਹੌਰ ਜਾ ਪਹੁੰਚਦਾ ਹੁੰਦਾ ਸੀ। ਪਰ ਹੁਣ ਗੁਜਰਾਂਵਾਲਾ ਉਸਦੇ ਰਾਹ ਦੀ ਰੁਕਾਵਟ ਬਣ ਗਿਆ ਸੀ। ਗੁਜਰਾਂਵਾਲਾ ਖਾਲਸੇ ਦੀ ਨਵੀਂ ਵਧ ਰਹੀ ਸ਼ਕਤੀ ਦਾ ਪ੍ਰਤੀਕ ਸੀ। ਜਿਸ ਤਰ੍ਹਾਂ ਅੰਮ੍ਰਿਤਸਰ ਵਿਚ ਰਾਮ ਰੌਣੀ ਕਿਲੇ ਦਾ ਨਿਰਮਾਣ ਇਕ ਇਤਿਹਾਸਕ ਘਟਨਾ ਮੰਨੀ ਜਾਂਦੀ ਸੀ, ਗੁਜਰਾਂਵਾਲਾ ਕਿਲਾ ਵੀ ਇਕ ਇਤਿਹਾਸਕ ਘਟਨਾ ਹੀ ਮੰਨੀ ਗਈ। ਹੁਣ ਉਸਦੀ ਰੱਖਿਆ ਉਪਰ ਹੀ ਖਾਲਸੇ ਦਾ ਭਵਿੱਖ ਨਿਰਭਰ ਕਰਦਾ ਸੀ।
ਇਸ ਲਈ ਜੱਸਾ ਸਿੰਘ ਨੇ ਚੜ੍ਹਤ ਸਿੰਘ ਦੀ ਮਦਦ ਲਈ ਜਾਣ ਦਾ ਫੈਸਲਾ ਕਰ ਲਿਆ। ਜਿਸ ਤਰ੍ਹਾਂ ਉਬੇਦ ਖ਼ਾਂ ਨੇ ਆਪਣੀ ਪੂਰੀ ਸ਼ਕਤੀ ਲਾ ਦਿੱਤੀ ਸੀ, ਉਸੇ ਤਰ੍ਹਾਂ ਜੱਸਾ ਸਿੰਘ ਨੇ ਦਲ-ਖਾਲਸਾ ਦੀ ਪੂਰੀ ਸ਼ਕਤੀ ਇਕੱਤਰ ਕਰ ਲਈ। ਜੈ ਸਿੰਘ ਕਨ੍ਹਈਆ, ਹੀਰਾ ਸਿੰਘ ਭੰਗੀ, ਲਹਿਣਾ ਸਿੰਘ, ਸੋਭਾ ਸਿੰਘ, ਗੁਜਰ ਸਿੰਘ ਆਦਿ ਸਰਦਾਰਾਂ ਨੂੰ ਨਾਲ ਲੈ ਕੇ ਜੱਸਾ ਸਿੰਘ ਆ ਪਹੁੰਚਿਆ। ਖਾਲਸੇ ਨੇ ਗੁਜਰਾਂਵਾਲਾ ਤੋਂ ਚਾਰ ਕੋਹ ਦੇ ਫਾਸਲੇ ਉੱਤੇ ਡੇਰੇ ਲਾ ਲਏ। ਹੁਣ ਤਕ ਚੜ੍ਹਤ ਸਿੰਘ ਇਕੱਲਾ ਉਬੇਦ ਖ਼ਾਂ ਦਾ ਮੁਕਾਬਲਾ ਕਰ ਰਿਹਾ ਸੀ। ਕਿਲੇ ਵਿਚ ਰਸਦ ਤੇ ਚਾਰਾ ਪਹਿਲਾਂ ਹੀ ਇਕੱਠਾ ਕਰ ਲਿਆ ਗਿਆ ਸੀ। ਨੁਰੂਦੀਨ ਵਾਮੇਜਈ ਤੋਂ ਖੋਹੇ ਹੋਏ ਹਥਿਆਰ ਵੀ ਕਾਫੀ ਗਿਣਤੀ ਵਿਚ ਸਨ। ਸਿੱਖ ਘੋੜਸਵਾਰ ਸੁਭਾ ਸ਼ਾਮ ਜਾਂ ਫੇਰ ਅੱਧੀ ਰਾਤ ਤੋਂ ਮਗਰੋਂ ਪਤਾ ਨਹੀਂ ਕਦੋਂ ਅਚਾਨਕ ਕਿਲੇ ਵਿਚੋਂ ਨਿਕਲ ਕੇ ਹਮਲਾ ਕਰ ਦਿੰਦੇ ਸਨ—ਚੁਸਤ ਘੋੜਸਵਾਰ, ਤੇਜ਼ ਘੋੜੇ ਤੇ ਤਿੱਖਾ ਹਮਲਾ। ਸਿੱਖ ਉਬੇਦ ਖ਼ਾਂ ਦਾ ਖਾਸਾ ਨੁਕਸਾਨ ਕਰਕੇ ਝੱਟ ਕਿਲੇ ਵਿਚ ਚਲੇ ਜਾਂਦੇ ਸਨ। ਚੜ੍ਹਤ ਸਿੰਘ ਨੇ ਕਿਲੇ ਦੀ ਕੰਧ ਉਪਰ ਜਗ੍ਹਾ ਜਗ੍ਹਾ ਤੋਪਾਂ ਫਿੱਟ ਕਰਵਾਈਆਂ ਹੋਈਆਂ ਸਨ, ਜਿਹਨਾਂ ਵਿਚੋਂ ਧੜਾਧੜ ਗੋਲੇ ਨਿਕਲਦੇ ਸਨ ਤੇ ਦੁਸ਼ਮਣ ਦੀ ਸੈਨਾ ਉਹਨਾਂ ਦੀ ਮਾਰ ਤੋਂ ਦੂਰ ਰਹਿ ਕੇ ਬਚਣ ਦਾ ਯਤਨ ਕਰਦੀ ਰਹਿੰਦੀ ਸੀ। ਉਬੇਦ ਖ਼ਾਂ ਇਸ ਉਡੀਕ ਵਿਚ ਸੀ ਕਿ ਅੰਦਰਲਾ ਗੋਲਾ ਬਾਰੂਦ ਖ਼ਤਮ ਹੋਵੇ ਜਾਂ ਰਸਦ ਦੀ ਕਮੀ ਪਵੇ ਤਾਂ ਉਹ ਜ਼ੋਰਦਾਰ ਹਮਲਾ ਕਰੇ।
ਪਰ ਜਦੋਂ ਉਸਨੂੰ ਪਤਾ ਲੱਗਿਆ ਕਿ ਜੱਸਾ ਸਿੰਘ ਦੀ ਆਹਲੂਵਾਲੀਆ ਦੀ ਅਗਵਾਈ ਵਿਚ ਦੂਸਰੇ ਸਿੱਖ ਸਰਦਾਰ ਵੀ ਚੜ੍ਹਤ ਸਿੰਘ ਦੀ ਮਦਦ ਲਈ ਆ ਪਹੁੰਚੇ ਹਨ ਤਾਂ ਉਸਨੇ ਖ਼ੁਦ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਕੀਤਾ ਤੇ ਉਸਨੂੰ ਹੱਥਾਂ ਪੈਰਾਂ ਦੀ ਬਣ ਗਈ। ਇਧਰ ਦੀਆਂ ਖ਼ਬਰਾਂ ਉਧਰ ਤੇ ਉਧਰ ਦੀਆਂ ਖ਼ਬਰਾਂ ਇਧਰ ਪਹੁੰਚ ਰਹੀਆਂ ਸਨ। ਸੂਹੀਏ ਨੇ ਆ ਕੇ ਦੱਸਿਆ ਕਿ ਸਿੱਖ ਸਰਦਾਰ ਰਾਤ ਸਮੇਂ ਇਕੱਠੇ ਹਮਲਾ ਕਰਨਗੇ। ਉਬੇਦ ਖ਼ਾਂ ਪਹਿਲਾਂ ਹੀ ਬੌਂਦਲਿਆ ਹੋਇਆ ਸੀ, ਹੋਰ ਘਬਰਾ ਗਿਆ ਤੇ ਸੂਰਜ ਡੁੱਬਣ ਤੋਂ ਕੁਝ ਚਿਰ ਬਾਅਦ ਹੀ ਬਿਨਾਂ ਮੁਕਾਬਲਾ ਕੀਤਿਆਂ ਭੱਜ ਖੜ੍ਹਾ ਹੋਇਆ। ਸਿੱਖਾਂ ਨੂੰ ਉਸਦੇ ਭੱਜ ਜਾਣ ਦੀ ਖ਼ਬਰ ਮਿਲੀ ਤਾਂ ਉਹ ਬਾਕੀ ਸੈਨਾ ਉੱਤੇ ਟੁੱਟ ਪਏ। ਉਹ ਸਭ ਕੁਝ ਮੈਦਾਨ ਵਿਚ ਛੱਡ ਕੇ ਇਧਰ ਉਧਰ ਭੱਜ ਗਏ। ਜਿੱਤ ਖਾਲਸੇ ਦੀ ਹੋਈ ਤੇ ਮੁਫ਼ਤ ਦਾ ਜਿਹੜਾ ਮਾਲ ਹੱਥ ਲੱਗਿਆ, ਉਸ ਵਿਚ ਘੋੜੇ, ਊਠ, ਰਸਦ ਦੇ ਸਟੋਰ, ਕੈਂਪ ਦਾ ਸਮਾਨ ਤੇ ਉਹ ਤੋਪਾਂ ਵੀ ਸਨ, ਜਿਹੜੀਆਂ ਪਾਨੀਪਤ ਦੀ ਲੜਾਈ ਸਮੇਂ ਲਾਹੌਰ ਵਿਚ ਢਾਲੀਆਂ ਗਈਆਂ ਸਨ। ਉਹ ਤਾਂਬੇ ਅਤੇ ਪਿੱਤਲ ਦੀਆਂ ਬਣੀਆਂ ਹੋਈਆਂ ਸਨ ਅਤੇ ਦੂਰ ਤੀਕ ਮਾਰ ਕਰਦੀਆਂ ਸਨ। ਅਜਿਹੀਆਂ ਤੋਪਾਂ ਕਾਬੁਲ ਵਿਚ ਨਹੀਂ ਬਣਦੀਆਂ ਸਨ। ਇਸ ਲਈ ਅਬਦਾਲੀ ਲਾਹੌਰ ਤੋਂ ਦਿੱਲੀ ਵੱਲ ਜਾਂਦਾ ਹੋਇਆ ਹੁਕਮ ਦੇ ਗਿਆ ਸੀ ਕਿ ਦੂਜੇ ਹਥਿਆਰਾਂ ਦੇ ਨਾਲ ਤੋਪਾਂ ਵੀ ਭੇਜੀਆਂ ਜਾਣ। ਉਹ ਲੋਕਾਂ ਦੇ ਘਰਾਂ ਦੇ ਭਾਂਡੇ ਇਕੱਠੇ ਕਰਕੇ ਢਾਲੀਆਂ ਗਈਆਂ ਸਨ।
ਇਹ ਤੋਪਾਂ ਜਦੋਂ ਕਿਲੇ ਅੰਦਰ ਲਿਆਂਦੀਆਂ ਗਈਆਂ, ਸਿੱਖ ਸੈਨਕ ਹੈਰਾਨੀ ਤੇ ਉਤਸੁਕਤਾ ਨਾਲ ਉਹਨਾਂ ਵੱਲ ਤੱਕਦੇ ਰਹਿ ਗਏ। ਉਹ ਉਹਨਾਂ ਨੂੰ ਛੂੰਹਦੇ, ਟੋਂਹਦੇ-ਟਟੋਲਦੇ ਉਹਨਾਂ ਦੇ ਗਿਰਦ ਚੱਕਰ ਕੱਟ ਰਹੇ ਸਨ ਤੇ ਆਪਸ ਵਿਚ ਗੱਲਾਂ ਕਰ ਰਹੇ ਸਨ—
“ਬਾਰਾਂ ਨੇ।” ਕਿਸੇ ਨੇ ਗਿਣਤੀ ਦੱਸੀ।
“ਹਾਂ, ਪੂਰੀਆਂ ਬਾਰਾਂ।” ਕਿਸੇ ਹੋਰ ਨੇ ਪੁਸ਼ਟੀ ਕੀਤੀ।
“ਸਾਰੀਆਂ ਛੱਡ ਕੇ ਭੱਜ ਗਏ?”
“ਇਹਨਾਂ ਵਿਚ ਉਹਨਾਂ ਦਾ ਕੀ ਏ? ਸਾਡੀਆਂ ਤੋਪਾਂ ਸਨ, ਸਾਡੇ ਹੱਥ ਲੱਗ ਗਈਆਂ ਨੇ।” ਇਸ ਉੱਤੇ ਹਾਸੇ ਦਾ ਫੁਆਰਾ ਛੁੱਟਿਆ।
“ਇਹਨਾਂ ਤੋਪਾਂ ਨਾਲ ਅਬਦਾਲੀ ਨੇ ਮਰਾਠਿਆਂ ਨੂੰ ਹਰਾਇਆ ਸੀ। ਅਸੀਂ ਹੁਣ ਅਬਦਾਲੀ ਨੂੰ ਹਰਾਵਾਂਗੇ।”
“ਹੋਰ ਕੀ।” ਇਕ ਵਾਰੀ ਫੇਰ ਸਾਂਝਾ ਹਾਸਾ ਸੁਣਾਈ ਦਿੱਤਾ। ਜਿੱਤ ਉੱਤੇ ਜਿੱਤ ਹੋ ਰਹੀ ਸੀ। ਦਲ-ਖਾਲਸਾ ਦੀ ਧਾਕ ਬੈਠ ਗਈ।
22 ਅਕਤੂਬਰ 1761 ਦੀ ਦੀਵਾਲੀ ਸੀ। ਸਾਰੀਆਂ ਮਿਸਲਾਂ ਦੇ ਸਰਦਾਰ ਅੰਮ੍ਰਿਤਸਰ ਵਿਚ ਇਕੱਠੇ ਹੋਏ ਤੇ ਸਰਬੱਤ ਖਾਲਸਾ ਨੇ ਅਗਲੇਰੀ ਕਾਰਵਾਈ ਉੱਤੇ ਵਿਚਾਰ ਕੀਤਾ।
“ਹੁਣ ਆਪਾਂ ਲਾਹੌਰ ਫਤਹਿ ਕਰਨਾ ਏਂ। ਜਦੋਂ ਤਕ ਲਾਹੌਰ ਉੱਤੇ ਵਿਦੇਸ਼ੀਆਂ ਦਾ ਕਬਜਾ ਏ, ਪੰਜਾਬ ਨੂੰ ਆਜ਼ਾਦ ਨਹੀਂ ਕਿਹਾ ਜਾ ਸਕਦਾ ਤੇ ਨਾ ਖਾਲਸਾ ਰਾਜ ਕਿਹਾ ਜਾ ਸਕਦਾ ਹੈ।” ਚੜ੍ਹਤ ਸਿੰਘ ਨੇ ਕਿਹਾ।
“ਬਿਲਕੁਲ ਠੀਕ।” ਕਈ ਆਵਾਜ਼ਾਂ ਨੇ ਇਕਸੁਰ-ਸਮਰਥਨ ਕੀਤਾ।
“ਦੂਜਾ ਆਪਾਂ ਨੂੰ ਜੰਡਿਆਲੇ ਵਾਲੇ ਗੁਰੂ ਆਕਿਲ ਦਾਸ ਬਾਰੇ ਵੀ ਸੋਚਣਾ ਪੈਣਾ ਏਂ। ਘਰ ਵਿਚ ਦੁਸ਼ਮਣ ਕਿਉਂ ਬੈਠਾ ਰਹੇ।”
“ਇਹ ਵੀ ਠੀਕ ਏ।” ਫੇਰ ਸਮਰਥਨ ਦਿੱਤਾ ਗਿਆ।
ਪਹਿਲਾਂ ਲਾਹੌਰ ਤੇ ਫੇਰ ਜੰਡਿਆਲੇ ਉਪਰ ਚੜ੍ਹਾਈ ਕਰਨ ਦਾ ਗੁਰਮਤਾ ਪਾਸ ਹੋਇਆ।
ਦਲ ਖਾਲਸਾ ਨੇ ਆਪਣੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਲਾਹੌਰ ਨੂੰ ਜਾ ਘੇਰਿਆ। ਆਵਾਜਾਈ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ—ਨਾ ਕੋਈ ਅੰਦਰ ਜਾ ਸਕਦਾ ਸੀ, ਨਾ ਬਾਹਰ ਆ ਸਕਦਾ ਸੀ। ਜਿਵੇਂ ਮੀਰ ਮੁਹੰਮਦ ਦੇ ਸਮੇਂ ਹੋਇਆ ਸੀ ਓਵੇਂ ਹੀ ਹੁਣ ਹੋਇਆ। ਉਬੇਦ ਖ਼ਾਂ ਆਪਣਾ ਤੋਪ-ਖਾਨਾ ਤੇ ਯੁੱਧ ਦਾ ਸਮਾਨ ਗੁਜਰਾਂਵਾਲਾ ਵਿਚ ਛੱਡ ਆਇਆ ਸੀ। ਉਸਦਾ ਦਬਦਬਾ ਵੀ ਖ਼ਤਮ ਹੋ ਚੁੱਕਿਆ ਸੀ। ਸਿੱਖਾਂ ਨਾਲ ਲੜਨ ਜੋਗੀ ਹਿੰਮਤ ਵੀ ਨਹੀਂ ਸੀ ਰਹੀ। ਉਹ ਕਿਲੇ ਵਿਚ ਬੰਦ ਹੋ ਗਿਆ। ਕਿਲੇ ਵਿਚ ਦਾਣਾ ਪਾਣੀ ਇਕੱਠਾ ਕੀਤਾ ਹੋਇਆ ਸੀ। ਉਹ ਵਪਾਰੀਆਂ ਨੂੰ ਲੁੱਟ ਖੋਹ ਵੀ ਲੈਂਦੇ ਸਨ। ਮੁਸੀਬਤ ਸ਼ਹਿਰ ਦੀ ਉਸ ਜਨਤਾ ਦੀ ਆਈ ਜਿਹਨਾਂ ਦੇ ਕਾਰੋਬਾਰ ਸ਼ਹਿਰ ਤੋਂ ਬਾਹਰ ਸਨ ਤੇ ਉਸ ਕਮਾਈ ਦੇ ਆਸਰੇ ਗੁਜ਼ਾਰਾ ਚੱਲਦਾ ਸੀ। ਕਈ ਲੋਕਾਂ ਨੂੰ ਟੱਟੀ ਪਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਬਾਹਰ ਜਾਣਾ ਪੈਂਦਾ ਸੀ। ਉਹ ਲੋਕ ਬੇਹੱਦ ਪ੍ਰੇਸ਼ਾਨ ਸਨ ਤੇ ਉਬੇਦ ਖ਼ਾਂ ਦੇ ਖ਼ਿਲਾਫ਼ ਬਗ਼ਾਵਤ ਉਪਰ ਉਤਰ ਆਏ ਸਨ—ਇਹ ਜਾਣਕਾਰੀ ਸਿੰਘਾਂ ਕੋਲ ਪਹੁੰਚ ਰਹੀ ਸੀ।
ਸ਼ਹਿਰ ਦੇ ਮੁਖੀ ਲੋਕ ਜਾਣਦੇ ਸਨ ਕਿ ਮੀਰ ਮੁਹੰਮਦ ਦੇ ਸਮੇਂ ਸਿੱਖ ਨਜ਼ਰਾਨਾ ਲੈ ਕੇ ਵਾਪਸ ਪਰਤ ਗਏ ਸਨ, ਕਿਉਂਕਿ ਉਹਨਾਂ ਦਾ ਇਰਾਦਾ ਸ਼ਹਿਰ ਉੱਤੇ ਕਬਜ਼ਾ ਕਰਨ ਦਾ ਨਹੀਂ ਸੀ ਸਿਰਫ ਦੁਰਾਨੀਆਂ ਨੂੰ ਪ੍ਰੇਸ਼ਾਨ ਕਰਨ ਦਾ ਸੀ। ਪਰ ਇਸ ਵਾਰੀ ਹਾਲਾਤ ਵੱਖਰੇ ਹਨ, ਉਹ ਸ਼ਹਿਰ ਉੱਤੇ ਕਬਜ਼ਾ ਕਰਨ ਆਏ ਹਨ। ਉਬੇਦ ਖ਼ਾਂ ਵਿਚ, ਜਿਹੜਾ ਸਿੱਖਾਂ ਹੱਥੋਂ ਪਹਿਲਾਂ ਹੀ ਮਾਤ ਖਾ ਚੁੱਕਿਆ ਹੈ, ਸ਼ਹਿਰ ਦਾ ਪ੍ਰਬੰਧ ਸੁਧਾਰਨ ਤੇ ਸਿੱਖਾਂ ਸਾਹਵੇਂ ਡਟ ਜਾਣ ਦੀ ਹਿੰਮਤ ਨਹੀਂ ਸੀ—ਇਸ ਲਈ ਉਸ ਉਪਰ ਜ਼ਰਾ ਵੀ ਭਰੋਸਾ ਨਹੀਂ ਸੀ ਕੀਤਾ ਜਾ ਸਕਦਾ। ਨਾਲੇ ਉਹ ਉਸਦੀ ਹਕੂਮਤ ਤੋਂ ਤੰਗ ਆ ਚੁੱਕੇ ਸਨ। ਉਹਨਾਂ ਜੱਸਾ ਸਿੰਘ ਨਾਲ ਗੱਲ ਚਲਾਈ ਤੇ ਸ਼ਹਿਰ ਦੇ ਦਰਵਾਜ਼ੇ ਖਾਲਸੇ ਲਈ ਖੋਹਲ ਦਿੱਤੇ। ਜੈਤੂ ਸਿੱਖ ਸੈਨਾ 'ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲਾ' ਦੇ ਜੈਕਾਰੇ ਗਜਾਉਂਦੀ  ਹੋਈ ਸ਼ਹਿਰ ਵਿਚ ਦਾਖਲ ਹੋਈ।...ਤੇ ਇਹਨਾਂ ਜੈਕਾਰਿਆਂ ਦੇ ਮੋੜ '...ਸਤਿ ਸ੍ਰੀ ਆਕਾਲ' ਦੀ ਗੂੰਜ ਨਾਲ ਉਹਨਾਂ ਦਾ ਭਰਪੂਰ ਸਵਾਗਤ ਹੋਇਆ।
ਹੁਣ ਲਾਹੌਰ ਉੱਤੇ ਦੋ ਧਿਰਾਂ ਦਾ ਰਾਜ ਸੀ—ਸ਼ਹਿਰ ਵਿਚ ਦਲ-ਖਾਲਸਾ ਦਾ ਤੇ ਕਿਲੇ ਵਿਚ ਉਬੇਦ ਖ਼ਾਂ ਦਾ। ਸਿੱਖਾਂ ਨੇ ਕਿਲੇ ਉੱਤੇ ਹਮਲਾ ਕਰ ਦਿੱਤਾ। ਉਹਨਾਂ ਨਾਲ ਜਨਤਾ ਦਾ ਸਹਿਯੋਗ ਵੀ ਸੀ। ਲੜਾਈ ਹੋਈ ਤੇ ਉਬੇਦ ਖ਼ਾਂ ਮਾਰਿਆ ਗਿਆ। ਕਿਲੇ ਉੱਤੇ ਵੀ ਸਿੱਖਾਂ ਦਾ ਕਬਜਾ ਹੋ ਗਿਆ। ਖ਼ੁਸ਼ੀਆਂ-ਖੇੜਿਆਂ ਤੇ ਉਤਸਾਹ ਵੱਸ ਸਾਰਾ ਵਾਤਾਵਰਣ ਝੂੰਮ ਉਠਿਆ। ਇੰਜ ਜੱਸਾ ਸਿੰਘ ਆਹਲੂਵਾਲੀਆ ਨੇ ਪੰਜਾਬ ਦੀ ਰਾਜਧਾਨੀ ਲਾਹੌਰ ਨੂੰ ਫਤਹਿ ਕਰਕੇ ਪੰਥ ਦਾ ਨਾਂਅ ਉੱਚਾ ਕੀਤਾ ਸੀ, ਉਸਦੀ ਸ਼ਾਨ ਨੂੰ ਚਾਰ ਚੰਨ ਲਾਏ ਸਨ। ਜੱਸਾ ਸਿੰਘ ਨੂੰ ਮਾਤਾ ਸੁੰਦਰੀ ਤੇ ਆਪਣੇ ਪ੍ਰਸਿੱਧ ਨੇਤਾ ਨਵਾਬ ਕਪੂਰ ਸਿੰਘ ਦੇ ਉਹ ਸ਼ਬਦ ਯਾਦ ਆ ਗਏ, ਜਿਹੜੇ ਉਹਨਾਂ ਦੇ ਮੂੰਹੋਂ ਸਹਿਜ ਸੁਭਾਅ ਹੀ ਨਿਕਲੇ ਸਨ। ਮਾਤਾ ਸੁੰਦਰੀ ਨੇ ਜੱਸਾ ਸਿੰਘ ਤੇ ਉਸਦੀ ਮਾਂ ਨੂੰ ਦਿੱਲੀ ਤੋਂ ਵਿਦਾਅ ਕਰਨ ਸਮੇਂ ਕਹੇ ਸਨ—“ਤੇਰੇ ਤੇ ਤੇਰੀ ਸੰਤਾਨ ਦੇ ਅੱਗੇ ਚੋਬਦਾਰ ਹੋਇਆ ਕਰਨਗੇ।” ਜਦੋਂ ਜੱਸਾ ਸਿੰਘ ਘੋੜਿਆਂ ਦੀ ਰਾਤਬ ਵੰਡਨ ਵੇਲੇ ਸਿੱਖ ਘੋੜਸਵਾਰਾਂ ਦੇ ਮਜ਼ਾਕ ਤੋਂ ਚਿੜ ਗਿਆ ਸੀ ਤਾਂ ਨਵਾਬ ਕਪੂਰ ਸਿੰਘ ਨੇ ਉਸਨੂੰ ਤਸੱਲੀ ਦਿੰਦਿਆਂ ਕਿਹਾ ਸੀ, “ਮੈਨੂੰ ਇਸ ਗਰੀਬ ਨਿਵਾਜ਼ ਪੰਥ ਨੇ ਨਵਾਬ ਬਣਾ ਦਿੱਤਾ ਹੈ, ਤੈਨੂੰ ਕੀ ਪਤਾ, ਬਾਦਸ਼ਾਹੀ ਹੀ ਬਣਾ ਦੇਣ।” ਦਲ ਖਾਲਸਾ ਨੇ ਖ਼ੁਸ਼ੀ ਦੀ ਇਸ ਘੜੀ ਵਿਚ ਜੱਸਾ ਸਿੰਘ ਨੂੰ 'ਸੁਲਤਾਨੇ ਕੌਮ' (ਪੰਥ ਦੇ ਬਾਦਸ਼ਾਹ) ਦੀ ਪਦਵੀ ਦੇ ਕੇ ਭਵਿੱਖਬਾਣੀ ਨੂੰ ਯਥਾਰਥ ਰੂਪ ਵਿਚ ਬਦਲ ਦਿੱਤਾ।
ਟਕਸਾਲ ਉਪਰ ਵੀ ਖਾਲਸੇ ਦਾ ਕਬਜਾ ਹੋ ਗਿਆ ਸੀ। ਜਿੱਤ ਦਾ ਜਸ਼ਨ ਮਨਾਉਣ ਤੇ ਸ਼ੁਕਰਾਨਾ ਅਦਾ ਕਰਨ ਲਈ ਦੂਜੀ ਵਾਰੀ ਸਿੱਖ ਰੁਪਿਆ ਜਾਰੀ ਕੀਤਾ ਗਿਆ। ਉਸ ਉਪਰ ਫਾਰਸੀ ਦਾ ਉਹੀ ਬੰਦ ਉਕੇਰਿਆ ਗਿਆ, ਜਿਹੜਾ ਬੰਦਾ ਬਹਾਦਰ ਨੇ 1710 ਵਿਚ ਸਰਹਿੰਦ ਦੀ ਜਿੱਤ ਤੋਂ ਬਾਅਦ ਆਪਣੀ ਮੋਹਰ ਉੱਤੇ ਉਕੇਰਿਆ ਸੀ।
ਦੇਗ, ਤੇਗ ਫਤਹਿ, ਨੁਸਰਤ ਬੇਦਰੰਗ।
ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ।
  ਭਾਵ
ਦੇਗ, ਤੇਗ ਤੇ ਅਟਲ ਫਤਹਿ
ਬਖ਼ਸ਼ਿਸ ਹੈ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ।
ਦੀਵਾਨ ਸਜਿਆ। ਗੁਰੂ ਗ੍ਰੰਥ ਸਾਹਿਬ ਦਾ ਪਾਠ ਹੋਇਆ। ਉਸ ਪਿੱਛੋਂ ਅਰਦਾਸ ਹੋਈ ਤੇ ਜੱਸਾ ਸਿੰਘ ਆਹਲੂਵਾਲੀਆ ਨੇ ਖਾਲਸਾ ਤੇ ਸ਼ਹਿਰ ਦੇ ਨਾਗਰਿਕਾਂ ਨੂੰ ਸੰਬੋਧਤ ਕਰਕੇ ਕਿਹਾ—“ਲਾਹੌਰ 750 ਸਾਲ ਬਾਅਦ ਵਿਦੇਸ਼ੀ ਗ਼ੁਲਾਮੀ ਤੋਂ ਆਜ਼ਾਦ ਹੋਇਆ ਹੈ। ਇਸਦਾ ਮਤਲਬ ਹੈ ਕਿ ਪੰਜਾਬ ਆਜ਼ਾਦ ਹੋਇਆ ਹੈ। ਆਜ਼ਾਦੀ ਮੁਫ਼ਤ ਵਿਚ ਹੱਥ ਨਹੀਂ ਲੱਗੀ। ਇਸ ਲਈ ਖਾਲਸਾ ਤੇ ਜਨਤਾ ਨੇ ਬੇਮਿਸਾਲ ਕੁਰਬਾਨੀਆਂ ਦਿੱਤੀਆਂ ਨੇ ਤੇ ਅਜੇ ਵੀ ਇਸ ਆਜ਼ਾਦੀ ਦੇ ਸਿਰ ਉੱਤੇ ਖ਼ਤਰਾ ਮੰਡਲਾ ਰਿਹਾ ਹੈ। ਅਹਿਮਦ ਸ਼ਾਹ ਅਬਦਾਲੀ ਚੁੱਪ ਬੈਠਣ ਵਾਲਾ ਨਹੀਂ। ਉਸਨੇ ਦਿੱਲੀ ਤਕ ਪੈਰ ਪਸਾਰ ਲਏ ਨੇ। ਆਪਣੇ ਇਹਨਾਂ ਪੈਰਾਂ ਦੀ ਮਜ਼ਬੂਤੀ ਲਈ ਉਹ ਫੇਰ ਹਮਲਾ ਕਰੇਗਾ ਤੇ ਬੜੇ ਜ਼ੋਰ-ਸ਼ੋਰ ਨਾਲ ਕਰੇਗਾ। ਇਸ ਵਾਰ ਟੱਕਰ ਦੁਰਾਨੀਆਂ ਤੇ ਦਲ-ਖਾਲਸਾ ਵਿਚਕਾਰ ਹੋਏਗੀ। ਇਸ ਟੱਕਰ ਵਿਚ ਚਾਹੇ ਕਿੰਨੀਆਂ ਵੀ ਕੁਰਬਾਨੀਆਂ ਦੇਣੀਆਂ ਪੈਂਣ, ਮੈਨੂੰ ਵਿਸ਼ਵਾਸ ਹੈ ਕਿ ਜਿੱਤ ਖਾਲਸੇ ਦੀ ਹੋਏਗੀ।”
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!” ਦੇ ਜੈਕਾਰਿਆਂ ਨਾਲ ਆਕਾਸ਼ ਗੂੰਜ ਉਠਿਆ।
***

No comments:

Post a Comment