Wednesday 11 August 2010

ਬੋਲੇ ਸੋ ਨਿਹਾਲ : ਸਤਾਰ੍ਹਵੀਂ ਕਿਸ਼ਤ-

ਸਤਾਰ੍ਹਵੀਂ ਕਿਸ਼ਤ :- ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ



ਸਿੱਖਾਂ ਨੇ ਵੀ ਅਹਿਮਦ ਸ਼ਾਹ ਅਬਦਾਲੀ ਦਾ ਵਿਰੋਧ ਨਹੀਂ ਕੀਤਾ ਸੀ। ਅਫਗਾਨਾਂ ਦੇ ਟਿੱਡੀ ਦਲ ਦਾ ਸਿੱਧਾ ਮੁਕਾਬਲਾ ਕਰਨ ਦੀ ਅਜੇ ਉਹਨਾਂ ਦੀ ਸ਼ਕਤੀ ਨਹੀਂ ਸੀ ਬਣੀ, ਪਰ ਅਬਦਾਲੀ ਦੇ ਹਮਲੇ ਨਾਲ ਜਿਹੜੀ ਹਫੜਾ-ਦਫੜੀ ਮੱਚੀ ਉਸਦਾ ਉਹਨਾਂ ਪੂਰਾ ਲਾਭ ਉਠਾਇਆ। ਆਪਣੀ ਰਾਖੀ-ਪ੍ਰਣਾਲੀ ਦਾ ਵਿਸਥਾਰ ਕਰਕੇ ਆਪਣੀ ਸ਼ਕਤੀ ਵਧਾਈ। ਹੁਣ ਸਿੱਖ ਜੱਥੇ ਇੱਥੇ-ਉੱਥੇ ਘਾਤ ਲਾਈ ਬੈਠੇ ਸਨ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਪਰਤਣ ਦੀ ਉਡੀਕ ਕਰ ਰਹੇ ਸਨ। ਜਾਸੂਸੀ ਦਾ ਪ੍ਰਬੰਧ ਏਨਾ ਚੰਗਾ ਸੀ ਕਿ ਉਹਨਾਂ ਦੇ ਸੂਹੀਏ ਦਿੱਲੀ ਦੀ ਰਾਈ-ਰਾਈ ਦੀ ਖਬਰ ਲਿਆ ਰਹੇ ਸਨ। ਸ਼ਹਿਜਾਦਾ ਤੈਮੂਰ ਮਾਰਚ 1757 ਦੇ ਤੀਜੇ ਹਫਤੇ ਦਿੱਲੀ ਤੋਂ ਲਾਹੌਰ ਵੱਲ ਤੁਰਿਆ ਤਾਂ ਸਰਦਾਰ ਆਹਲੂਵਾਲੀਆ ਨੂੰ ਇਸ ਸਿਲਸਿਲੇ ਵਿਚ ਇਕ ਰੁੱਕਾ ਮਿਲਿਆ। ਲਿਖਿਆ ਸੀ—
'ਕੀ ਦੱਸੀਏ ਅਕਲ ਹੈਰਾਨ ਹੈ। ਕੁੱਕੜਾਂ ਦੀਆਂ ਲੜਾਈਆਂ ਤਾਂ ਬਥੇਰੀਆਂ ਦੇਖੀਆਂ ਸਨ ਪਰ ਕੱਲ੍ਹ ਇੱਥੇ ਇਕ ਕੁੱਕੜ ਕੁੱਕੜੀ ਦਾ ਵਿਆਹ ਹੋਇਆ। ਕਫਨ ਚੋਰ ਮਾਲਾ ਮਾਲ ਹੈ, ਸ਼ਰੀਫ ਲੋਕਾਂ ਦਾ ਬੁਰਾ ਹਾਲ ਹੈ।  ਵੱਡੇ ਮੀਆਂ ਤੇ ਛੋਟੇ ਮੀਆਂ ਵਿਚਕਾਰ ਬਾਰਾਂ ਆਨੇ ਤੇ ਚਾਰ ਆਨੇ ਦੀ ਪੱਤੀ ਹੋ ਗਈ ਹੈ। ਵੱਡੇ ਮੀਆਂ ਅਜੇ ਰੁਕਣਗੇ, ਪਰ ਛੋਟੇ ਮੀਆਂ ਲਾਹੌਰ ਲਈ ਚੱਲ ਪਏ ਨੇ।'  ਮ.ਅ.।
ਰੁੱਕਾ ਸੰਕੇਤ ਭਾਸ਼ਾ ਵਿਚ ਸੀ ਤੇ ਮ.ਅ. ਵੀ ਰੁੱਕਾ ਲਿਖਣ ਵਾਲੇ ਦਾ ਸੰਕੇਤ ਭਾਸ਼ਾ ਵਿਚ ਨਾਂ ਸੀ। ਮੁਲਤਾਨੀ ਬੇਗਮ ਦਿੱਲੀ ਗਈ ਤਾਂ ਤਹਿਮਸ ਖਾਂ ਮਸਕੀਨ ਵੀ ਦਿੱਲੀ ਗਿਆ ਤੇ ਉਸਦੇ ਨਾਲ ਰੋਜਨਾਮਚੇ ਦੀ ਨਕਲ ਕਰਨ ਲਈ ਸ਼ਾਦ ਅਲੀ ਯਾਨੀ ਮੇਹਰ ਅਲੀ ਉਰਫ਼ ਮੇਹਰ ਚੰਦ ਵੀ ਗਿਆ। ਇਹ ਰੁੱਕਾ ਉਸਦਾ ਲਿਖਿਆ ਹੋਇਆ ਸੀ। ਉਸਨੇ ਇਹ ਲਾਲ ਕਿਲੇ ਦੇ ਬਾਹਰ ਇਕ ਦਰਵੇਸ਼ ਨੂੰ ਫੜਾ ਦਿੱਤਾ ਤੇ ਫੇਰ ਹੱਥੋ ਹੱਥ ਝਟਪਟ ਸਰਦਾਰ ਆਹਲੂਵਾਲੀਆ ਕੋਲ ਪਹੁੰਚ ਗਿਆ। ਦਿੱਲੀ ਦੀ ਹਾਲਤ ਬਿਆਨ ਕਰਨ ਦੇ ਨਾਲ ਦੱਸਿਆ ਗਿਆ ਸੀ ਕਿ ਸ਼ਹਿਜਾਦਾ ਤੈਮੂਰ ਲਾਹੌਰ ਵੱਲ ਤੁਰ ਪਿਆ ਹੈ। ਉਸਦੇ ਨਾਲ ਇਕ ਚੌਥਾਈ ਫੌਜ ਹੈ ਤੇ ਤਿੰਨ ਚੌਥਾਈ ਫੌਜ ਅਹਿਮਦ ਸ਼ਾਹ ਅਬਦਾਲੀ ਨਾਲ ਦਿੱਲੀ ਵਿਚ ਰਹੇਗੀ।
ਤੈਮੂਰ ਨੇ ਅਜੇ ਸਰਹਿੰਦ ਪਾਰ ਕੀਤਾ ਹੀ ਸੀ ਕਿ ਸਿੱਖ ਗੁਰੀਲੇ ਉਸ ਉੱਤੇ ਝਪਟ ਪਏ। ਪਹਿਲਾਂ ਆਲਾ ਸਿੰਘ ਨੇ ਦੂਜੇ ਜੱਥਿਆਂ ਦੀ ਮਦਦ ਨਾਲ ਅੰਬਾਲੇ ਤੇ ਪਟਿਆਲੇ ਵਿਚਕਾਰ ਸਨੂਰ ਕੋਲ ਉਹਨਾਂ ਦਾ ਰਸਤਾ ਆ ਰੋਕਿਆ। ਅਚਾਨਕ ਹੋਏ ਹਮਲੇ ਕਾਰਨ ਅਫਗਾਨ ਸੈਨਾ ਘਬਰਾ ਗਈ। ਜਿਹੜਾ ਲੁੱਟ ਦਾ ਮਾਲ ਤੇ ਖਜਾਨਾ ਲਾਹੌਰ ਲਿਜਾਅ ਰਹੇ ਸਨ, ਸਿੱਖਾਂ ਨੇ ਲਗਭਗ ਅੱਧਾ ਖੋਹ ਲਿਆ। ਤੈਮੂਰ ਅਗੇ ਵਧਿਆ ਤਾਂ ਸਿੱਖਾਂ ਦੇ ਦੂਜੇ ਜੱਥੇ ਨੇ ਉਸਨੂੰ ਮਲੇਰਕੋਟਲੇ ਵਿਚ ਫੇਰ ਆ ਘੇਰਿਆ ਤੇ ਅਜਿਹੀ ਮਾਰ ਮਾਰੀ ਕਿ ਉਹਨਾਂ ਦੀ ਬਹਾਦਰੀ ਦੇ ਕਿੱਸੇ ਬਣ ਗਏ। ਲੋਕਾਂ ਦਾ ਸੁਭਾਅ ਹੈ ਕਿ ਉਹ ਜਿਸ ਗੱਲ ਨੂੰ ਪਸੰਦ ਕਰਦੇ ਨੇ, ਉਸਨੂੰ  ਵਧਾਅ-ਚੜਾਅ ਕੇ ਬਿਆਨ ਕਰਦੇ ਨੇ ਤੇ ਆਪਣੀ ਕਲਪਨਾ ਨਾਲ ਉਸਨੂੰ ਅੱਤ-ਕੱਥਨੀ ਦਾ ਰੂਪ ਦੇ ਦਿੰਦੇ ਨੇ।...ਤੇ ਜਿਸਨੂੰ ਪਸੰਦ ਨਹੀਂ ਕਰਦੇ, ਉਸਨੂੰ ਵੀ ਅੱਤ-ਕੱਥਨੀ ਦਾ ਰੂਪ ਦੇ ਦਿੰਦੇ ਨੇ। ਇਹ ਅਫਵਾਹ ਫੈਲ ਗਈ ਕਿ ਤੈਮੂਰ ਨੂੰ ਸਿੱਖਾਂ ਨੇ ਗਿਰਫਤਾਰ ਕਰ ਲਿਆ ਹੈ ਤੇ ਕਿਤੇ ਕਿਤੇ ਇਹ ਵੀ ਕਿਹਾ ਜਾਣ ਲੱਗਿਆ ਕਿ ਤੈਮੂਰ ਦਾ ਸਭ ਕੁਝ ਖੋਹ ਕੇ ਉਸਨੂੰ ਕਤਲ ਕਰ ਦਿੱਤਾ ਗਿਆ ਹੈ।
ਫੇਰ ਜਦੋਂ ਅਹਿਮਦ ਸ਼ਾਹ ਅਬਦਾਲੀ ਅਫਗਾਨਿਸਤਾਨ ਵੱਲ ਪਰਤਿਆ ਤਾਂ ਸਿੱਖਾਂ ਨੇ ਦਿੱਲੀ ਤੋਂ ਲੈ ਕੇ ਚਨਾਬ ਤਕ ਪੈਰ ਪੈਰ 'ਤੇ ਛਾਪੇ ਮਾਰੇ ਤੇ ਲੁੱਟ ਦੇ ਜਿਸ ਮਾਲ ਨਾਲ ਉਹ ਮਾਲੋ-ਮਾਲ ਹੋ ਕੇ ਚੱਲਿਆ ਸੀ, ਉਸਦਾ ਕਾਫੀ ਹਿੱਸਾ ਖੋਹ ਲਿਆ।
ਅਹਿਮਦ ਸ਼ਾਹ ਅਬਦਾਲੀ ਸਿੱਖਾਂ ਦੇ ਇਹਨਾਂ ਹਮਲਿਆਂ ਕਾਰਨ ਪਿੱਟ ਉੱਠਿਆ। ਉਹ ਮੱਧ ਏਸ਼ੀਆ ਦਾ ਸਭ ਤੋਂ ਵੱਡਾ ਜਰਨੈਲ ਸੀ, ਆਪਣੀ ਇਹ ਹੱਤਕ ਕਿੰਜ ਸਹਾਰ ਸਕਦਾ ਸੀ? ਉਹ ਆਪਣੀ ਇਸ ਹੱਤਕ ਦਾ ਬਦਲਾ ਲੈਣ ਲਈ ਕਾਫੀ ਸਮੇਂ ਤਕ ਲਾਹੌਰ ਵਿਚ ਰੁਕਿਆ ਰਿਹਾ। ਸਿੱਖਾਂ ਦੇ ਖ਼ਿਲਾਫ਼ ਮੁਹਿੰਮਾਂ ਲਾਮਬੰਦ ਕੀਤੀਆ, ਪਤਾ ਨਹੀਂ ਕਿੰਨਿਆਂ ਨੂੰ ਕਤਲ ਕੀਤਾ ਗਿਆ। ਅੰਮ੍ਰਿਤਸਰ ਸ਼ਹਿਰ ਨੂੰ ਲੁੱਟ ਲਿਆ। ਹਰਿਮੰਦਰ ਸਾਹਿਬ ਢਾਅ ਦਿੱਤਾ ਤੇ ਸਰੋਵਰ ਨੂੰ ਗੋਹੇ, ਗੰਦਗੀ, ਪਸ਼ੂਆਂ ਦੇ ਮਨੁੱਖਾਂ ਦੀਆਂ ਹੱਡੀਆਂ ਨਾਲ ਪੂਰਾ ਭਰ ਦਿੱਤਾ ਗਿਆ। ਸਿੱਖ ਲਾਹੌਰ ਤੇ ਅੰਮ੍ਰਿਤਸਰ ਦੇ ਆਸਪਾਸ ਦਾ ਇਲਾਕਾ ਛੱਡ ਕੇ ਸੰਦਲ ਬਾਰ ਵੱਲ ਚਲੇ ਗਏ ਤੇ ਜੰਮੂ ਦੀਆਂ ਪਹਾੜੀਆਂ ਵਿਚ ਜਾ ਛੁਪੇ, ਜਿੱਥੇ ਉਹਨਾਂ ਦਾ ਪਿੱਛਾ ਕਰਨਾ ਆਸਾਨ ਨਹੀਂ ਸੀ। ਅਬਦਾਲੀ ਬਹੁਤ ਝੁੰਜਲਾਇਆ ਹੋਇਆ ਸੀ ਤੇ ਅਬਦੁੱਲ ਸਮਦ, ਜ਼ਕਰੀਆ ਖਾਂ ਤੇ ਮੀਰ ਮੰਨੂੰ ਵਾਂਗ ਹੀ ਸਿੱਖਾਂ ਦਾ ਨਾਂ ਨਿਸ਼ਾਨ ਮਿਟਾਉਣ ਉੱਤੇ ਤੁਲਿਆ ਹੋਇਆ ਸੀ ਪਰ ਮਈ ਜੂਨ ਦੀ ਲੂ ਤੇ ਗਰਮੀ ਉਸ ਤੋਂ ਤੇ ਉਸਦੀ ਸੈਨਾ ਤੋਂ ਸਹਾਰੀ ਨਹੀਂ ਸੀ ਜਾ ਰਹੀ। ਨਾਲ ਉਸਦੀ ਗੈਰਹਾਜ਼ਰੀ ਕਾਰਨ ਅਫਗਾਨਿਸਤਾਨ ਵਿਚ ਬਗ਼ਾਵਤ ਫੁੱਟ ਪਈ ਸੀ, ਇਸ ਲਈ ਸਿੱਖਾਂ ਨੂੰ ਕੁਚਲਨ ਦੀ ਹਸਰਤ ਮਨ ਵਿਚ ਲੈ ਕੇ ਆਪਣੇ ਦੇਸ਼ ਪਰਤ ਜਾਣਾ ਪਿਆ। ਜਾਣ ਤੋਂ ਪਹਿਲਾਂ ਉਸਨੇ ਲਾਹੌਰ ਦਾ ਪ੍ਰਬੰਧ ਇੰਜ ਕੀਤਾ ਕਿ ਆਪਣੇ ਬੇਟੇ ਤੈਮੂਰ ਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਤੇ ਆਪਣੇ ਪ੍ਰਧਾਨ ਸੈਨਾਪਤੀ ਜਹਾਨ ਖਾਂ ਨੂੰ ਉਸਦਾ ਨਾਇਬ ਤੇ ਸਰਪ੍ਰਸਤ ਬਣਾ ਦਿੱਤਾ। ਆਪਣੀ ਨਿੱਜੀ ਫੌਜ ਦੇ ਚੁਣੇ ਹੋਏ ਦਸ ਹਜ਼ਾਰ ਸੈਨਕ ਲਾਹੌਰ ਵਿਚ ਤੈਮੂਰ ਸ਼ਾਹ ਦੇ ਕੋਲ ਰਹਿਣ ਦਿੱਤੇ ਤੇ ਉਸਨੂੰ ਹੁਕਮ ਦਿੱਤਾ ਕਿ ਉਹ ਹਿੰਦੁਸਤਾਨ ਵਿਚ ਪੈਦਾ ਹੋਏ ਤੁਰਕ, ਈਰਾਨੀ ਤੇ ਅਫਗਾਨ ਸਿਪਾਹੀ ਭਰਤੀ ਕਰਕੇ ਹੋਰ ਫੌਜ ਵੀ ਬਣਾ ਸਕਦਾ ਹੈ। ਮਤਲਬ ਇਹ ਕਿ ਉਸਨੂੰ ਵਿਦੇਸ਼ੀ ਨਸਲ ਦੇ ਤੁਰਕਾਂ, ਈਰਾਨੀਆਂ ਤੇ ਅਫਗਾਨਾਂ ਉਪਰ ਹੀ ਭਰੋਸਾ ਸੀ। ਹਿੰਦੁਸਤਾਨੀ ਮੁਸਲਮਾਨ ਵੀ ਭਰੋਸੇ ਯੋਗ ਨਹੀਂ ਸਨ। ਇਹ ਗੱਲ ਠੀਕ ਵੀ ਸੀ। ਵਿਦੇਸ਼ੀ ਨਸਲ ਦੇ ਇਹ ਲੋਕ ਭਾਸ਼ਾ, ਸਭਿਆਚਾਰ ਤੇ ਬਹਾਦਰੀ ਆਦਿ ਹਰੇਕ ਗੱਲ ਵਿਚ ਆਪਣੇ ਹਿੰਦੁਸਤਾਨੀ ਮੁਸਲਮਾਨਾਂ ਨਾਲੋਂ ਚੰਗੇ ਸਮਝੇ ਜਾਂਦੇ ਸਨ ਤੇ ਉਹਨਾਂ ਨਾਲ ਨਫਰਤ ਕਰਦੇ ਸਨ। ਇਸ ਲਈ ਭਰੋਸਾ ਕਿਵੇਂ ਹੋਏ। ਅਬਦਾਲੀ ਜਾਣਦਾ ਸੀ ਕਿ ਜਿਸਨੂੰ ਆਪਣੇ ਦੇਸ਼ ਨਾਲ ਪਿਆਰ ਹੈ, ਉਹ ਉਸਦਾ ਸਾਥ ਨਹੀਂ ਦਏਗਾ।
ਫੇਰ ਵੀ ਅਬਦਾਲੀ ਨੇ ਜੰਮੂ ਦੇ ਰਾਜੇ ਰਣਜੀਤ ਦੇਵ ਨਾਲ ਦੋਸਤੀ ਗੰਢੀ ਤਾਂਕਿ ਉਹ ਸਿੱਖਾਂ ਨੂੰ ਉਹਨਾਂ ਦੇ ਪਹਾੜੀ ਠਿਕਾਣਿਆਂ ਵਿਚੋਂ ਕੱਢੇ ਤੇ ਤੈਮੂਰ ਨੂੰ ਉਸਦਾ ਸਹਿਯੋਗ ਪ੍ਰਾਪਤ ਹੋਏ। ਇਸ ਦੋਸਤੀ ਦੇ ਬਦਲੇ ਵਿਚ ਸਿਆਲਕੋਟ ਜ਼ਿਲੇ ਦੇ ਜਫਰਵਾਰ, ਸਨਖਤਰਾ ਤੇ ਫੈਰੋਜਾਬਾਦ ਪਰਗਨੇ ਰਣਜੀਤ ਦੇਵ ਨੂੰ ਦੇ ਦਿੱਤੇ।
ਲਾਹੌਰ ਦੇ ਇਸ ਪ੍ਰਬੰਧ ਉਪਰ ਮੁਗਲਾਨੀ ਬੇਗਮ ਚਿੜ ਗਈ। ਉਸਨੇ ਅਬਦਾਲੀ ਨੂੰ ਬੁਲਾਇਆ ਸੀ ਤੇ ਆਪਣੇ ਵਾਅਦੇ ਅਨੁਸਾਰ ਦਿੱਲੀ ਨੂੰ ਲੁੱਟਣ ਵਿਚ ਉਸਦੀ ਮਦਦ ਕੀਤੀ ਸੀ। ਉਹ ਪੰਜਾਬ ਦੀ ਨਵਾਬੀ ਉਪਰ ਆਪਣਾ ਹੱਕ ਸਮਝਦੀ ਸੀ ਤੇ ਇਸ ਲਈ ਅਬਦਾਲੀ ਦੀ ਚਾਪਲੂਸੀ ਕਰਦੀ ਹੋਈ ਉਸਦੇ ਨਾਲ ਦਿੱਲੀ ਤੋਂ ਲਾਹੌਰ ਆਈ ਸੀ। ਜਦੋਂ ਅਬਦਾਲੀ ਨੇ ਤੈਮੂਰ ਨੂੰ ਸੂਬੇਦਾਰ ਬਣਾ ਦਿੱਤਾ, ਬੇਗਮ ਦੇ ਹੱਥਾਂ ਦੇ ਤੋਤੇ ਉੱਡ ਗਏ। “ਇਹ ਤੁਸੀਂ ਕੀ ਕੀਤਾ!” ਉਹ ਅੱਖਾਂ ਵਿਚ ਅੱਥਰੂ ਭਰ ਕੇ ਬੋਲੀ, “ਮੈਂ ਤੁਹਾਨੂੰ ਆਪਣਾ ਬਣਾਇਆ। ਤੁਸੀਂ ਮੇਰਾ ਹੱਕ ਮੈਨੂੰ ਦਿਓ।”
ਅਬਦਾਲੀ ਬੜਾ ਹੰਡਿਆ ਵਰਤਿਆ ਤੇ ਹਸਮੁਖ ਆਦਮੀ ਸੀ। ਮੁਸਕਰਾ ਕੇ ਬੋਲਿਆ, “ਤੂੰ ਮੇਰੀ ਬੇਟੀ ਏਂ, ਸੋ ਤੈਮੂਰ ਤੇਰਾ ਛੋਟਾ ਭਰਾ ਏ। ਤੂੰ ਹੋਈ ਜਾਂ ਤੇਰੀ ਜਗ੍ਹਾ ਤੈਮੂਰ ਹੋਇਆ ਇਕੋ ਗੱਲ ਏ। ਸਿਆਸਤ ਦੇ ਪੰਗਿਆਂ ਵਿਚ ਪੈਣਾ, ਖਾਹਮਖਾਹ ਦੀ ਸਿਰਦਰਦੀ ਮੁੱਲ ਲੈਣਾ ਹੁੰਦਾ ਏ। ਮੈਂ ਤੇਰੀ ਪੈਂਸ਼ਨ ਬੰਨ੍ਹ ਦਿੱਤੀ ਏ...ਲਾਹੌਰ ਵਿਚ ਰਹਿ ਤੇ ਆਪਣੀ ਐਸ਼ ਕਰ।”
ਅਬਦਾਲੀ ਨੇ ਸ਼ਾਹ ਵਲੀ ਖਾਂ ਤੇ ਜਹਾਨ ਖਾਂ ਨੂੰ ਕਿਹਾ ਕਿ ਉਹ ਬੇਗਮ ਨੂੰ ਸਮਝਾਉਣ, ਪਰ ਬੇਗਮ ਉੱਤੇ ਸਮਝਾਉਣ-ਬੁਝਾਉਣ ਦਾ ਕੋਈ ਅਸਰ ਨਹੀਂ ਹੋਇਆ। ਉਹ ਹਾੜ੍ਹੇ-ਮਿੰਨਤਾਂ ਕਰਦੀ ਜੇਹਲਮ ਤਕ ਅਬਦਾਲੀ ਦੇ ਨਾਲ ਗਈ। ਅਬਦਾਲੀ ਟੱਸ ਤੋਂ ਮੱਸ ਨਾ ਹੋਇਆ, ਬੇਗਮ ਨਿਰਾਸ਼ ਪਰਤੀ।
ਲਾਹੌਰ ਦੀ ਸਰਾਏ ਹਕੀਮਾ ਵਿਚ ਉਸਦੀ ਰਹਾਇਸ਼ ਸੀ। ਉਸ ਵਿਚ ਸਿਰਫ ਦੋ ਕਮਰੇ ਸਨ। ਬਾਕੀ ਸਾਰੀ ਇਮਾਰਤ ਖੰਡਰ ਹੋਈ ਪਈ ਸੀ। ਖੰਡਰ ਵਿਚ ਚਮਗਿੱਦੜਾਂ ਦਾ ਵਾਸਾ ਸੀ ਤੇ ਅਰਮਾਨਾ ਦੀ ਧੂੜ ਉੱਡਦੀ ਸੀ।
ਬੇਗਮ ਨੂੰ ਤੀਹ ਹਜ਼ਾਰ ਰੁਪਏ ਸਾਲਾਨਾ ਪੈਂਸ਼ਨ ਮਿਲਦੀ ਸੀ। ਮਸਕੀਨ ਹੁਣ ਵੀ ਉਸਦਾ ਨਿੱਜੀ ਸਕੱਤਰ ਸੀ।
***
ਬਾਬਾ ਦੀਪ ਸਿੰਘ ਇਕ ਭਲੇ-ਪੁਰਖ ਸਨ। ਹੁਣ ਉਹ ਬੁੱਢੇ ਹੋ ਗਏ ਸਨ ਤੇ ਉਹਨਾਂ ਸਸ਼ਤਰ ਸੰਘਰਸ਼ ਤੋਂ ਤਿਆਗ ਲੈ ਲਿਆ ਸੀ। ਤਲਵੰਡੀ ਭਾਵ ਦਮਦਮੇ ਵਿਚ ਉਹਨਾਂ ਦੀ ਗੜ੍ਹੀ ਸੀ। ਉਹ ਉੱਥੇ ਆਰਾਮ ਨਾਲ ਰਹਿੰਦੇ ਸਨ ਤੇ ਗ੍ਰੰਥ ਸਾਹਿਬ ਦੀਆਂ ਨਕਲਾਂ ਤਿਆਰ ਕਰ ਰਹੇ ਸਨ। ਜਦੋਂ ਸੁਣਿਆਂ ਕਿ ਅਫਗਾਨਾਂ ਨੇ ਹਰਿਮੰਦਰ ਤੇ ਸਰੋਵਰ ਦਾ ਅਪਮਾਨ ਕੀਤਾ ਹੈ ਤੇ ਅੰਮ੍ਰਿਤਸਰ ਜਾਣ ਉਪਰ ਪਾਬੰਦੀ ਲਾ ਦਿੱਤੀ ਹੈ ਤਾਂ ਉਹਨਾਂ ਦਾ ਠੰਡਾ ਖ਼ੂਨ ਵੀ ਉਬਾਲੇ ਖਾਣ ਲੱਗਿਆ। ਉਹਨਾਂ ਪ੍ਰਣ ਕੀਤਾ ਕਿ ਉਹ ਦੀਵਾਲੀ ਅੰਮ੍ਰਿਤਸਰ ਵਿਚ ਮਨਾਉਣਗੇ ਤੇ ਆਪਣਾ ਸਿਰ ਦਰਬਾਰ ਸਾਹਬ ਨੂੰ ਭੇਂਟ ਕਰਨਗੇ।
ਉਹਨਾਂ ਗੜ੍ਹੀ ਆਪਣੇ ਭਤੀਜੇ ਸਦਾ ਸਿੰਘ ਦੇ ਹਵਾਲੇ ਕੀਤੀ ਤੇ ਖ਼ੁਦ ਭਾਈ ਹੀਰਾ ਸਿੰਘ, ਨੱਥਾ ਸਿੰਘ ਤੇ ਗੁਰਬਖ਼ਸ਼ ਸਿੰਘ ਨੂੰ ਨਾਲ ਲੈ ਕੇ ਨਿਕਲ ਪਏ। ਜਾਗਾ, ਬਰਹਯਨ, ਨਾਹਨ ਵਾਲਾ, ਬੰਝੋਕੇ, ਗੁਰੂ ਚੌਂਤਰਾ, ਫੂਲਾ ਭੇਦਰਾਜ ਤੇ ਪਰਾਜ ਆਦਿ ਪਿੰਡਾਂ ਵਿਚੋਂ ਲਗਭਗ ਇਕ ਹਜ਼ਾਰ ਆਦਮੀ ਨਾਲ ਲਏ, ਜਿਹੜੇ ਧਰਮ ਦੇ ਨਾਂ ਉੱਤੇ ਮਰ-ਮਿਟਣ ਲਈ ਤਿਆਰ ਸਨ। ਉਹ ਸਾਰੇ ਅੰਮ੍ਰਿਤਸਰ ਪਹੁੰਚ ਕੇ ਦੀਵਾਲੀ ਮਨਾਉਣ ਲਈ ਤੁਰ ਪਏ। ਤਰਨਤਾਰਨ ਪਹੁੰਚ ਕੇ ਰੁਕੇ ਉੱਥੇ ਉਹਨਾਂ ਆਪਣੇ ਡੌਲਿਆਂ ਉਪਰ ਆਨੰਦੀ ਪੱਟੀਆਂ ਬੰਨ੍ਹੀਆਂ ਤੇ ਸਿਰਾਂ 'ਤੇ ਕੇਸਰ ਛਿੜਕਿਆ। ਮਤਲਬ ਇਹ ਕਿ ਉਹ ਜਾਨ ਉਪਰ ਖੇਡ ਜਾਣ ਲਈ ਤਿਆਰ ਹਨ। ਪਿੱਛੋਂ ਉਹ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦਾ ਜੈਕਾਰਾ ਲਾ ਕੇ ਅੰਮ੍ਰਿਤਸਰ ਵੱਲ ਤੁਰ ਪਏ।
ਜਹਾਨ ਖਾਂ ਕੋਲ ਖ਼ਬਰ ਪਹੁੰਚੀ ਕਿ ਚੱਕ ਗੁਰੂ ਵਿਚ ਬਹੁਤ ਸਾਰੇ ਸਿੱਖ ਇਕੱਠੇ ਹੋ ਗਏ ਹਨ। ਉਹ ਸਾਰੇ ਹਥਿਆਰਬੰਦ ਹਨ ਤੇ ਅੰਮ੍ਰਿਤਸਰ ਜਾ ਰਹੇ ਹਨ। ਹਾਜੀ ਅਤਾਰਾ ਖਾਂ ਦੀ ਕਮਾਨ ਵਿਚ ਅਫਗਾਨ ਫੌਜ ਦਾ ਇਕ ਦਸਤਾ ਅੰਮ੍ਰਿਤਸਰ ਦੇ ਆਸ-ਪਾਸ ਘੁੰਮ ਰਿਹਾ ਸੀ ਤਾਂਕਿ ਸਿੱਖਾਂ ਦਾ ਸਫਾਇਆ ਕਰਕੇ ਅਮਨ ਕਾਇਮ ਕੀਤਾ ਜਾਏ। ਜਹਾਨ ਖਾਂ ਨੇ ਖ਼ਤ ਲਿਖ ਕੇ ਹਾਜੀ ਅਤਾਰਾ ਖਾਂ ਨੂੰ ਹੁਕਮ ਦਿੱਤਾ ਕਿ ਉਹ ਆਪਣੀ ਫੌਜ ਦੇ ਨਾਲ ਝਟਪਟ ਫਲਾਂਨੇ ਦਿਨ ਚਕਗੁਰੂ ਪਹੁੰਚ ਜਾਏ ਤੇ ਉਹ ਵੀ ਉਸੇ ਦਿਨ ਉੱਥੇ ਪਹੁੰਚ ਰਿਹਾ ਹੈ ਤਾਂਕਿ ਇਹਨਾਂ ਸਿੱਖਾਂ ਨੂੰ ਜਹਨੁਮ-ਰਸੀਦ ਕੀਤਾ (ਨਰਕਾਂ ਵਿਚ ਭੇਜਿਆ) ਕੀਤਾ ਜਾ ਸਕੇ।
ਜਹਾਨ ਖਾਂ ਨੇ ਲਾਹੌਰ ਸ਼ਹਿਰ ਵਿਚ ਮਨਿਆਦੀ ਕਰਵਾ ਦਿੱਤੀ ਕਿ ਜਿਸ ਦੇ ਕੋਲ ਘੋੜਾ ਹੈ, ਉਹ ਭਾਵੇਂ ਸਰਕਾਰੀ ਮੁਲਾਜਮ ਹੋਏ, ਭਾਵੇਂ ਨਾ ਹੋਏ ਸਿੱਖਾਂ ਨਾਲ ਲੜਨ ਲਈ ਉਸਦੇ ਨਾਲ ਚੱਲ ਸਕਦਾ ਹੈ। ਮੁਲਤਾਨੀ ਬੇਗਮ ਨੇ ਵੀ ਆਪਣੇ ਪੰਦਰਾਂ ਮੁਲਾਜਮ ਤਹਿਮਸ ਮਸਕੀਨ ਦੀ ਅਗਵਾਈ ਵਿਚ ਰਵਾਨਾ ਕਰ ਦਿੱਤੇ। ਜਹਾਨ ਖਾਂ ਨਾਲ ਦੋ ਹਜ਼ਾਰ ਅਫਗਾਨ ਸੈਨਕ ਸਨ। ਉਹ ਸ਼ਾਮ ਹੁੰਦਿਆਂ ਹੁੰਦਿਆਂ ਲਾਹੌਰ ਤੋਂ ਬਾਰਾਂ ਕੋਹ ਦੇ ਫਾਸਲੇ ਉਪਰ ਖਖਨਾਨ ਪਹੁੰਚ ਗਏ। ਅਗਲੀ ਸਵੇਰ ਉੱਥੋਂ ਚੱਲੇ ਤੇ ਅੰਮ੍ਰਿਤਸਰ ਤੋਂ 6 ਕੋਹ ਇਧਰ ਗੋਲਵਾਲ ਪਿੰਡ ਵਿਚ ਆ ਪਹੁੰਚੇ। ਹਾਜੀ ਅਤਾਰਾ ਖਾਂ ਨੇ ਵੀ ਇੱਥੇ ਹੀ ਆਉਣਾ ਸੀ ਪਰ ਸਖਤ ਹਦਾਇਤ ਦੇ ਬਾਵਜੂਦ ਉਹ ਦਿੱਤੇ ਸਮੇਂ 'ਤੇ ਨਹੀਂ ਪਹੁੰਚ ਸਕਿਆ।
ਸੂਹੀਆਂ ਦੁਆਰਾ ਇਸ ਗੱਲ ਦੀ ਖਬਰ ਬਾਬਾ ਦੀਪ ਸਿੰਘ ਨੂੰ ਮਿਲੀ ਤਾਂ ਉਹਨਾਂ ਨੇ ਆਪਣੇ ਸਾਥੀਆਂ ਨੂੰ ਕਿਹਾ, “ਦੇਖਦੇ ਕੀ ਓ, ਹੱਲਾ ਬੋਲ ਕੇ ਅਫਗਾਨਾਂ ਨੂੰ ਦੱਸ ਦਿਓ ਕਿ ਇਕ ਖਾਲਸਾ ਸਵਾ ਲੱਖ ਉੱਤੇ ਭਾਰੀ ਹੈ।”
ਸਿੱਖਾਂ ਨੇ ਅਫਗਾਨਾਂ ਨੂੰ ਚਾਰੇ ਪਾਸਿਓਂ ਘੇਰ ਲਿਆ। ਘਮਾਸਾਨ ਦਾ ਯੁੱਧ ਹੋਇਆ। ਸਿੱਖਾਂ ਨੇ ਆਪਣਾ ਘੇਰਾ ਪਲ ਪਲ ਤੰਗ ਕਰਦਿਆਂ ਹੋਇਆਂ ਏਨੇ ਕਰਾਰੇ ਹੱਥ ਵਿਖਾਏ ਕਿ ਮੁਗਲ ਸੈਨਕਾਂ ਦੇ ਪੈਰ ਉੱਖੜਨ ਲੱਗੇ ਤੇ ਉਹਨਾਂ ਵਿਚੋਂ ਬਹੁਤ ਸਾਰੇ ਭੱਜ ਖੜ੍ਹੇ ਹੋਏ, ਪਰ ਭੱਜਦੇ ਹੋਏ ਅਫਗਾਨਾਂ ਲਈ ਬਚ ਨਿਕਲਨ ਦਾ ਕੋਈ ਰਾਸਤਾ ਨਹੀਂ ਸੀ। ਉਹ ਨਿਰਾਸ਼ ਹੋ ਕੇ ਆਪਣੇ ਸੈਨਾ ਵਿਚ ਪਰਤ ਆਏ। ਜਹਾਨ ਖਾਂ ਚਿੜਚਿੜੇ ਮਜਾਜ਼ ਦਾ ਬੰਦਾ ਸੀ ਉਹ ਹਿਰਖ ਵੱਸ ਆਪੇ 'ਚੋਂ ਬਾਹਰ ਹੋ ਗਿਆ। ਉਸਨੇ ਤਲਵਾਰ ਕੱਢੀ ਤੇ ਇਹ ਕਹਿੰਦਿਆਂ ਹੋਇਆਂ, “ਤੁਸੀਂ ਭੱਜੇ ਕਿਉਂ ਓਇ?” ਆਪਣੇ ਕਈ ਸਿਪਾਹੀਆਂ ਨੂੰ ਜ਼ਖਮੀ ਕਰ ਦਿੱਤਾ। ਅਫਗਾਨ ਸੈਨਕ ਫੇਰ ਇਕੱਠੇ ਹੋ ਗਏ। ਉਹ ਅਣਮੰਨੇ ਮਨ ਨਾਲ ਲੜ ਰਹੇ ਸਨ, ਕਿਉਂਕਿ ਲੜਨ ਦੇ ਸਿਵਾਏ ਹੋਰ ਕੋਈ ਚਾਰਾ ਵੀ ਨਹੀਂ ਸੀ। ਪਰ ਹੌਂਸਲੇ ਟੁੱਟ ਗਏ ਸਨ ਤੇ ਉਹ ਆਪਣੇ ਆਪ ਨੂੰ ਬੇਜਾਨ ਮਹਿਸੂਸ ਕਰ ਰਹੇ ਸਨ। ਉਧਰ ਸਿੱਖਾਂ ਦੇ ਹੌਂਸਲੇ ਬੁਲੰਦ ਸਨ ਤੇ '...ਅਕਾਲ-ਅਕਾਲ' ਦੇ ਨਾਅਰੇ ਜੈਕਾਰੇ ਆਕਾਸ਼ ਵਿਚ ਗੂੰਜ ਰਹੇ ਸਨ।
ਠੀਕ ਉਸੇ ਸਮੇਂ ਹਾਜੀ ਅਤਾਰਾ ਖਾਂ ਆਪਣੀ ਫੌਜ ਨਾਲ ਆ ਪਹੁੰਚਿਆ। ਸਿੱਖ ਜਿਹਨਾਂ ਦੇ ਹੌਂਸਲੇ ਵਧੇ ਹੋਏ ਸਨ, ਹੁਣ ਮੁਸੀਬਤ ਵਿਚ ਘਿਰ ਗਏ। ਅਫਗਾਨਾਂ ਦੀ ਗਿਣਤੀ ਬੜੀ ਜ਼ਿਆਦਾ ਸੀ ਤੇ ਉਹਨਾਂ ਕੋਲ ਤੋਪਾਂ ਤੇ ਬੰਦੂਕਾਂ ਵੀ ਸਨ। ਸਿੱਖ ਗੋਲੀਆਂ ਦੀ ਵਾਛੜ ਸਾਹਮਣੇ ਵਧੇਰੇ ਦੇਰ ਨਹੀਂ ਟਿਕ ਸਕੇ ਤੇ ਭੱਜ ਖੜ੍ਹੇ ਹੋਏ। ਅਫਗਾਨ ਸੈਨਕਾਂ ਨੇ ਚੱਕਗੁਰੂ ਤਕ ਉਹਨਾਂ ਦਾ ਪਿੱਛਾ ਕੀਤਾ। ਉੱਥੇ ਇਕ ਪਵਿੱਤਰ ਸਥਾਨ ਸੀ, ਜਿੱਥੇ ਗ੍ਰੰਥ ਸਾਹਿਬ ਰੱਖਿਆ ਹੋਇਆ ਸੀ ਤੇ ਪੰਜ ਸਿੱਖ ਸੈਨਕ ਪਹਿਰੇ ਉਪਰ ਸਨ। ਉਹ ਸਿੱਖ ਯੋਧੇ ਉਦੋਂ ਤਕ ਲੜਦੇ ਰਹੇ, ਜਦੋਂ ਤਕ ਦੁਸ਼ਮਣ ਸੈਨਾ ਦੇ ਬਹੁਤ ਸਾਰੇ ਸਿਪਾਹੀਆਂ ਨੂੰ ਤਲਵਾਰ ਦੇ ਘਾਟ ਉਤਾਰ ਕੇ ਸ਼ਹੀਦ ਨਹੀਂ ਹੋ ਗਏ। ਇਸ ਸੰਘਰਸ਼ ਵਿਚ ਮੀਰ ਨਿਯਾਮਤੂੱਲਾ ਨਾਂ ਦਾ ਇਕ ਮਸ਼ਹੂਰ ਅਫਗਾਨ ਜਰਨੈਲ ਵੀ ਮਾਰਿਆ ਗਿਆ।
ਬਾਬਾ ਦੀਪ ਸਿੰਘ ਦੇ ਨਾਲ ਜਿਹੜੇ ਸਿੱਖ ਲੜਦੇ ਹੋਏ ਸ਼ਹੀਦ ਹੋ ਗਏ, ਗੁਰੂ ਦੇ ਬਾਗ ਵਿਚ ਉਹਨਾਂ ਦੀ ਯਾਦਗਾਰ ਬਣਾਈ ਗਈ, ਜਿਸਦਾ ਨਾਂ ਸ਼ਹੀਦ ਗੰਜ ਰੱਖਿਆ ਗਿਆ।
ਇਹ ਗੱਲ ਲੋਕ ਕਥਾ ਬਣ ਗਈ ਹੈ ਕਿ ਜਦੋਂ ਅਫਗਾਨਾਂ ਨੇ ਜ਼ੋਰਦਾਰ ਹੱਲਾ ਬੋਲਿਆ ਤਾਂ ਬਾਬਾ ਦੀਪ ਸਿੰਘ ਦਾ ਸਿਰ ਇਕ ਅਫਗਾਨ ਸੈਨਕ ਦੀ ਤਲਵਾਰ ਨਾਲ ਕੱਟਿਆ ਗਿਆ। ਕੋਲ ਖੜ੍ਹੇ ਇਕ ਸਿੱਖ ਸੈਨਕ ਨੇ ਉਹਨਾਂ ਨੂੰ ਕਿਹਾ, “ਬਾਬਾ ਜੀ, ਤੁਸੀਂ ਤਾਂ ਇਹ ਪ੍ਰਣ ਕਰ ਕੇ ਆਏ ਸੀ ਕਿ ਆਪਣਾ ਸਿਰ ਦਰਬਾਰ ਸਾਹਿਬ ਨੂੰ ਭੇਂਟ ਕਰੋਗੇ!” ਇਹ ਸੁਣਦਿਆਂ ਹੀ ਬਾਬਾ ਦੀਪ ਸਿੰਘ ਨੇ ਆਪਣਾ ਸਿਰ ਹਥੇਲੀ ਉਪਰ ਰੱਖਿਆ ਤੇ ਇਕ ਹੱਥ ਨਾਲ ਖੰਡਾ ਵਾਹੁੰਦੇ ਹੋਏ ਅੱਗੇ ਵਧੇ। ਇਹ ਕੌਤਕ ਦੇਖ ਕੇ ਜ਼ਹਾਨ ਖਾਂ ਦੰਗ ਰਹਿ ਗਿਆ। ਕਿਸੇ ਲਈ ਵੀ ਬਾਬੇ ਨੂੰ ਰੋਕਣਾ ਮੁਸ਼ਕਿਲ ਹੋ ਗਿਆ ਤੇ ਉਹਨਾਂ ਹਰਿਮੰਦਰ ਸਾਹਿਬ ਪਹੁੰਚ ਕੇ ਆਪਣਾ ਸ਼ੀਸ਼ ਭੇਂਟ ਕੀਤਾ।
ਫਿਰ ਇਕ ਹੋਰ ਘਟਨਾ ਇੰਜ ਵਾਪਰੀ ਕਿ ਸਰਹਿੰਦ ਤੋਂ ਆਉਂਦੇ ਹੋਏ ਦੋ ਅਫਗਾਨ ਸੈਨਕਾਂ ਦੀ ਕਰਤਾਰਪੁਰ ਕੋਲ ਹੱਤਿਆ ਹੋ ਗਈ। ਸੁਣਦਿਆਂ ਹੀ ਜ਼ਹਾਨ ਖਾਂ ਦਾ ਪਾਰਾ ਚੜ੍ਹ ਗਿਆ। ਉਸਨੇ ਦੋਸ਼ੀਆਂ ਨੂੰ ਸਜਾ ਦੇਣ ਲਈ ਨਾਸਿਰ ਅਲੀ ਖਾਂ ਜਲੰਧਰੀ ਦੀ ਕਮਾਨ ਹੇਠ ਸੈਨਾ ਭੇਜੀ। ਸੋਢੀ ਵੱਡਭਾਗ ਸਿੰਘ ਇਕ ਸਤਿਕਾਰਤ ਸਿੱਖ ਤੇ ਇਸ ਇਲਾਕੇ ਦੇ ਚੌਧਰੀ ਸਨ। ਅਫਗਾਨਾਂ ਨੇ ਚੌਧਰੀ ਵੱਡਭਾਗ ਸਿੰਘ ਨੂੰ ਕਿਹਾ ਕਿ ਉਹ ਅਪਰਾਧੀਆਂ ਦੇ ਨਾਂ ਦੱਸਣ ਤੇ ਉਹਨਾਂ ਨੂੰ ਪੇਸ਼ ਕਰਨ। ਉਹਨਾਂ ਦੇ ਕੁਝ ਨਾ ਦੱਸਣ ਉਪਰ ਉਹਨਾਂ ਨੂੰ ਏਨੀ ਕੁੱਟਮਾਰ ਕੀਤੀ ਗਈ ਕਿ ਲੱਗਭੱਗ ਅੱਧ-ਮੋਇਆਂ ਕਰ ਦਿੱਤਾ ਗਿਆ। ਸੋਢੀ ਵੱਡਭਾਗ ਸਿੰਘ ਗੁਰਦੁਆਰਾ ਥੰਮ ਸਾਹਿਬ ਦੇ ਗ੍ਰੰਥੀ ਵੀ ਸਨ। ਉਹ ਰਾਤ ਨੂੰ ਉੱਥੋਂ ਨਿਕਲੇ ਤੇ ਹੁਸ਼ਿਆਰਪੁਰ ਜ਼ਿਲੇ ਦੇ ਬਾਹੀਰੀ ਪਿੰਡ ਵਿਚ ਜਾ ਛੁਪੇ। ਅਫਗਾਨਾਂ ਨੇ ਗੁਰਦੁਆਰਾ ਥੰਮ ਸਾਹਿਬ ਢਾਅ ਦਿੱਤਾ ਤੇ ਉੱਥੇ ਗਊਆਂ ਮਾਰ ਕੇ ਸੁੱਟ ਦਿੱਤੀਆਂ। ਫੇਰ ਉਹਨਾਂ ਕਰਤਾਰਪੁਰ ਸ਼ਹਿਰ ਲੁੱਟਿਆ ਤੇ ਉੱਥੇ ਜਿੰਨੀਆਂ ਵੀ ਹਿੰਦੂ ਸਿੱਖ ਔਰਤਾਂ ਸਨ, ਉਹਨਾਂ ਨੂੰ ਮੁਸਲਮਾਨ ਬਣਾ ਲਿਆ।
ਸਿੱਖਾਂ ਵਿਚ ਜਿਸ ਤਰ੍ਹਾਂ ਭਾਈ ਮਨੀ ਸਿੰਘ ਦੀ ਸ਼ਹਾਦਤ ਪਿੱਛੋਂ ਰੋਸ ਫੈਲਿਆ ਸੀ, ਉਸੇ ਤਰ੍ਹਾਂ ਇਸ ਘਟਨਾ ਪਿੱਛੋਂ ਰੋਸ ਤੇ ਰੋਹ ਫੈਲ ਗਿਆ। ਉਹਨਾਂ ਜ਼ਹਾਨ ਖਾਂ ਤੋਂ ਬਦਲਾ ਲੈਣ ਦੀ ਠਾਣ ਲਈ।
***

No comments:

Post a Comment