Wednesday 11 August 2010

ਬੋਲੇ ਸੋ ਨਿਹਾਲ : ਚੌਵੀਵੀਂ ਕਿਸ਼ਤ :-

ਚੌਵੀਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਜਨਵਰੀ 1762 ਦੀ ਗੱਲ ਹੈ ਕਿ ਸਿੱਖਾਂ ਨੇ ਲਾਹੌਰ ਦੀ ਜਿੱਤ ਤੋਂ ਬਾਅਦ ਜੰਡਿਆਲੇ ਉਪਰ ਚੜਾਈ ਕਰ ਦਿੱਤੀ, ਜਿਹੜਾ ਲਾਹੌਰ ਤੋਂ ਕੋਈ ਬਾਰਾਂ ਮੀਲ ਦੇ ਫਾਸਲੇ ਉਪਰ ਸੀ। ਬੀਤੀ ਦੀਵਾਲੀ ਨੂੰ ਉਹਨਾਂ ਦੋ ਗੁਰਮਤੇ ਪਾਸ ਕੀਤੇ ਸਨ, ਉਹਨਾਂ ਵਿਚ ਪਹਿਲਾ ਗੁਰਮਤਾ ਲਾਹੌਰ ਦੀ ਜਿੱਤ ਦਾ ਤੇ ਦੂਜਾ ਲਾਹੌਰ ਦੇ ਮਹੰਤ ਆਕਿਲ ਦਾਸ ਨੂੰ ਸਜ਼ਾ ਦੇਣ ਦਾ ਸੀ। ਆਕਿਲ ਦਾਸ ਸਿੱਖਾਂ ਦੇ ਖ਼ਿਲਾਫ਼ ਲਾਹੌਰ ਦੇ ਮੁਗਲ ਨਵਾਬਾਂ ਦਾ ਸਾਥ ਦਿੰਦਾ ਰਿਹਾ ਸੀ ਤੇ ਹੁਣ ਉਹ ਅਹਿਮਦ ਸ਼ਾਹ ਅਬਦਾਲੀ ਦਾ ਸਾਥ ਦੇ ਰਿਹਾ ਸੀ। ਸਿੱਖਾਂ ਦੀ ਚੜ੍ਹਾਈ ਦੀ ਖਬਰ ਜਦੋਂ ਆਕਿਲ ਦਾਸ ਨੂੰ ਮਿਲੀ ਤਾਂ ਉਸਨੇ ਤੇਜ਼ ਸਾਂਢਨੀ ਸਵਾਰ ਦੇ ਹੱਥ ਅਬਦਾਲੀ ਨੂੰ ਸੁਨੇਹਾ ਭੇਜਿਆ ਕਿ ਉਹ ਸਿੱਖਾਂ ਦੇ ਵਿਰੁੱਧ ਉਸਦੀ ਮਦਦ ਕਰੇ।
ਅਬਦਾਲੀ ਪਹਿਲਾਂ ਹੀ ਸਿੱਖਾਂ ਉਪਰ ਦੰਦ ਪੀਹ ਰਿਹਾ ਸੀ। ਉਹ ਲਾਮ-ਲਸ਼ਕਰ ਨਾਲ ਲੈ ਕੇ ਪੰਜਾਬ ਵੱਲ ਤੁਰ ਪਿਆ। ਆਕਿਲ ਦਾਸ ਦਾ ਸੁਨੇਹਾਂ ਤੇ ਚਿੱਠੀ ਉਸਨੂੰ ਰੋਹਤਾਸ ਵਿਚ ਮਿਲੀ, ਜਿਸ ਦੁਆਰਾ ਉਸਨੂੰ ਸਿੱਖਾਂ ਦੇ ਜੰਡਿਆਲੇ ਦੀ ਘੇਰਾਬੰਦੀ ਕਰਨ ਦਾ ਪਤਾ ਲੱਗਿਆ। ਉਹ ਕੁਝ ਚੁਣੇ ਹੋਏ ਸਿਪਾਹੀ ਨਾਲ ਲੈ ਕੇ ਤੇਜ਼ੀ ਨਾਲ ਜੰਡਿਆਲੇ ਵੱਲ ਵਧਿਆ, ਪਿੱਛੋਂ ਫੌਜ ਵੀ ਆ ਗਈ।
ਜੱਸਾ ਸਿੰਘ ਆਹਲੂਵਾਲੀਆ ਨੂੰ ਜਦੋਂ ਅਬਦਾਲੀ ਦੇ ਆਉਣ ਦੀ ਖਬਰ ਮਿਲੀ ਤਾਂ ਉਸਨੇ ਦਲ ਦੇ ਸਰਦਾਰਾਂ ਨਾਲ ਰਾਏ-ਮਸ਼ਵਰਾ ਕੀਤਾ। ਰਾਏ ਇਹ ਬਣੀ ਕਿ ਸਾਨੂੰ ਆਪਣੇ ਪਰਿਵਾਰਾਂ ਨੂੰ ਮਾਲਵੇ ਵਿਚ ਸੁਰੱਖਿਅਤ ਸਥਾਨਾਂ ਉਪਰ ਭੇਜ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਦੁਰਾਨੀਆਂ ਦਾ ਬੇਫਿਕਰ ਹੋ ਕੇ ਮੁਕਾਬਲਾ ਕਰ ਸਕੀਏ। ਇਸ ਰਾਏ ਅਨੁਸਾਰ ਉਹਨਾਂ ਨੇ ਜੰਡਿਆਲੇ ਦੀ ਘੇਰਾਬੰਦੀ ਹਟਾਅ ਲਈ ਤੇ ਸਤਿਲੁਜ ਪਾਰ ਚਲੇ ਗਏ।
ਅਬਦਾਲੀ ਜਦੋਂ ਜੰਡਿਆਲੇ ਪਹੁੰਚਿਆ ਤਾਂ ਇਹ ਦੇਖ ਕੇ ਕਿ ਸਿੱਖ ਉੱਥੋਂ ਚਲੇ ਗਏ ਹਨ, ਬੜਾ ਪ੍ਰੇਸ਼ਾਨ ਹੋਇਆ। ਉਸਨੇ ਆਪਣੇ ਆਦਮੀ ਇਹ ਪਤਾ ਕਰਨ ਲਈ ਇਧਰ ਉਧਰ ਦੌੜਾਏ ਕਿ ਉਹ ਕਿੱਥੇ ਹਨ।
ਇਧਰ ਮਲੇਰਕੋਟਲੇ ਦੇ ਪਠਾਨ ਹਾਕਮ ਭੀਖਨ ਖਾਂ ਨੂੰ ਜਸੂਸਾਂ ਨੇ ਆ ਕੇ ਦੱਸਿਆ ਕਿ ਸਿੱਖ ਰਾਏਪੁਰ ਗੁਜਰਾਂਵਾਲਾ ਵਿਚ ਮਲੇਰਕੋਟਲੇ ਤੋਂ ਅੱਠ ਦਸ ਮੀਲ ਦੀ ਦੂਰੀ ਉਪਰ ਹਨ। ਭੀਖਨ ਖਾਂ ਦਾ ਮੱਥਾ ਠਣਕਿਆ ਤੇ ਉਸਨੇ ਸੋਚਿਆ ਕਿ ਸਿੱਖ ਮਲੇਰਕੋਟਲੇ ਉਪਰ ਧਾਵਾ ਬੋਲਣਗੇ। ਸਬੱਬ ਨਾਲ ਸਰਹਿੰਦ ਦਾ ਫੌਜਦਾਰ ਜੈਨ ਖਾਂ ਨੇੜੇ ਹੀ ਦੌਰੇ ਉਪਰ ਆਇਆ ਹੋਇਆ ਸੀ। ਭੀਖਨ ਖਾਂ ਨੇ ਉਸਨੂੰ ਆਪਣੀ ਮਦਦ ਲਈ ਬੁਲਾਅ ਭਜਿਆ ਤੇ ਨਾਲ ਹੀ ਅਹਿਮਦ ਸ਼ਾਹ ਨੂੰ ਖਬਰ ਕਰ ਦਿੱਤੀ ਕਿ ਸਿੱਖ ਇਸ ਪਾਸੇ ਇਕੱਠੇ ਹੋ ਗਏ ਹਨ। ਜੇ ਤੁਸੀਂ ਜਲਦੀ ਪਹੁੰਚ ਜਾਓ ਤਾਂ ਘੇਰਾ ਪਾ ਕੇ ਖਤਮ ਕਰ ਦੇਣਾ ਆਸਾਨ ਹੋਏਗਾ।
ਅਹਿਮਦ ਸ਼ਾਹ ਅਬਦਾਲੀ ਲਈ ਇਸ ਤੋਂ ਚੰਗੀ ਖਬਰ ਹੋਰ ਕੀ ਹੋ ਸਕਦੀ ਸੀ। ਉਸਨੇ 3 ਫਰਬਰੀ ਨੂੰ ਸਵੇਰੇ ਸਵੇਰੇ ਲਾਹੌਰ ਵੱਲ ਕੂਚ ਕਰ ਦਿੱਤਾ। ਦੋ ਦਿਨਾਂ ਤੋਂ ਘੱਟ ਸਮੇਂ ਵਿਚ ਬਿਆਸ ਤੇ ਸਤਿਲੁਜ ਦੋਹੇਂ ਪਾਰ ਕੀਤੇ ਤੇ ਬਿਨਾਂ ਕਿਤੇ ਰੁਕਿਆਂ 150 ਕੋਹ ਦਾ ਪੰਧ ਮੁਕਾਇਆ। ਰਸਤੇ ਵਿਚ 4 ਫਰਬਰੀ ਨੂੰ ਅਬਦਾਲੀ ਨੇ ਆਪਣੇ ਘੋੜਸਵਾਰ ਜੈਨ ਖਾਂ ਵੱਲ ਦੌੜਾਏ ਕਿ ਮੈਂ ਪੰਜ ਫਰਬਰੀ ਦੀ ਸਵੇਰ ਨੂੰ ਸਿੱਖਾਂ ਉਪਰ ਹਮਲਾ ਕਰਾਂਗਾ ਤੇ ਉਸਨੂੰ ਹੁਕਮ ਦਿੱਤਾ ਕਿ ਉਹ ਵੀ ਆਪਣੀ ਸਾਰੀ ਫੌਜ ਲੈ ਕੇ 5 ਫਰਬਰੀ ਨੂੰ ਉੱਥੇ ਪਹੁੰਚ ਜਾਏ ਤੇ ਸਿੱਖਾਂ ਉਪਰ ਅਗਲੇ ਪਾਸਿਓਂ ਧਾਵਾ ਬੋਲੇ। ਇਹ ਹੁਕਮ ਸੁਣਦਿਆਂ ਹੀ ਜੈਨ ਖਾਂ, ਭੀਖਨ ਖਾਂ, ਲਕਸ਼ਮੀ ਨਾਰਾਇਣ ਤੇ ਹੋਰ ਅਫਸਰ ਸਿੱਖਾਂ ਦੇ ਕਤਲੇਆਮ ਦੀ ਤਿਆਰੀ ਕਰਨ ਲੱਗ ਪਏ।
11 ਰਜਬ 1175 ਭਾਵ 5 ਫਰਬਰੀ 1762 ਦੀ ਸਵੇਰ ਜੈਨ ਖਾਂ ਨੇ ਫੌਜ ਲੈ ਕੇ ਚੜ੍ਹਾਈ ਕਰ ਦਿੱਤੀ ਤੇ ਕਾਸਿਮ ਖਾਂ ਬੜਾਈਚ ਨੂੰ ਸਿੱਖਾਂ ਉਪਰ ਹਮਲਾ ਕਰਨ ਦਾ ਹੁਕਮ ਦਿੱਤਾ। ਉਧਰੋਂ ਅਬਦਾਲੀ ਵੀ ਆ ਪਹੁੰਚਿਆ ਤੇ ਉਸਨੇ ਜੈਨ ਖਾਂ ਨੂੰ ਸੰਦੇਸ਼ ਭੇਜਿਆ ਕਿ ਮੈਂ ਆਪਣੇ ਉਜਬੁਕ ਦਸਤਿਆਂ ਨੂੰ ਹੁਕਮ ਦੇ ਦਿੱਤਾ ਹੈ ਕਿ ਉਹਨਾਂ ਨੂੰ ਜਿੱਥੇ ਕਿਤੇ ਵੀ ਪੰਜਾਬੀ ਭੇਸ ਵਿਚ ਕੋਈ ਆਦਮੀ ਨਜ਼ਰ ਆਏ, ਉਸਨੂੰ ਕਤਲ ਕਰ ਦਿਓ। ਇਸ ਲਈ ਤੂੰ ਆਪਣੇ ਆਦਮੀਆਂ ਨੂੰ ਕਹਿ ਦੇ ਕਿ ਉਹ ਦਰਖਤਾਂ ਦੇ ਹਰੇ ਪੱਤੇ ਜਾਂ ਹਰੀ ਘਾਹ ਸਿਰਾਂ ਉਪਰ ਟੰਗ ਲੈਣ ਤਾਂ ਕਿ ਉਹਨਾਂ ਨੂੰ ਵੱਖ ਪਛਾਣਿਆਂ ਜਾ ਸਕੇ।
ਸ਼ਾਦ ਅਲੀ ਯਾਨੀ ਮੇਹਰ ਚੰਦ ਉਰਫ਼ ਮੇਹਰ ਅਲੀ ਤਹਿਮਸ ਖਾਂ ਮਸਕੀਨ ਦੇ ਨਾਲ ਲਾਹੌਰ ਵਿਚ ਸੀ। ਉਹ ਦੁਸ਼ਮਣ ਦੀਆਂ ਗਤੀਵਿਧੀਆਂ ਦੀ ਸੂਚਨਾ ਲਗਾਤਾਰ ਪਹੁੰਚਾ ਰਿਹਾ ਸੀ। ਪਰ ਅਹਿਮਦ ਸ਼ਾਹ ਅਬਦਾਲੀ ਨੇ ਇਹ ਹਮਲਾ ਅਚਾਨਕ ਕੀਤਾ ਸੀ ਤੇ ਉਹ ਏਨੀ ਤੇਜ਼ ਗਤੀ ਨਾਲ ਆਇਆ ਸੀ ਕਿ ਸੂਚਨਾ ਪਹੁੰਚਾਉਣ ਦਾ ਮੌਕਾ ਵੀ ਨਹੀਂ ਸੀ ਮਿਲਿਆ। ਇਸ ਕਰਕੇ ਸਿੱਖ ਅਚਾਨਕ ਘਿਰ ਗਏ।
ਅਹਿਮਦ ਸ਼ਾਹ ਅਬਦਾਲੀ ਨੇ ਆਪਣੀ ਸੈਨਾ ਨੂੰ ਤਿੰਨ ਭਾਗਾਂ ਵਿਚ ਵੰਡਿਆ। ਇਕ ਭਾਗ ਉਸਦੀ ਆਪਣੀ ਕਮਾਨ ਵਿਚ, ਦੂਜਾ ਵਜੀਰ ਸ਼ਾਹ ਵਲੀ ਖਾਂ ਦੀ ਕਮਾਨ ਵਿਚ ਤੇ ਤੀਜਾ ਭਾਗ ਜਹਾਨ ਖਾਂ ਦੀ ਕਮਾਨ ਵਿਚ ਸੀ। ਜਿਹੜਾ ਭਾਗ ਵਲੀ ਖਾਂ ਦੀ ਕਮਾਨ ਵਿਚ ਸੀ ਉਸਨੇ ਜੈਨ ਖਾਂ ਨਾਲ ਮਿਲ ਕੇ ਸਿੱਖ ਸੈਨਾ ਉੱਤੇ ਦੋ ਪਾਸਿਆਂ ਤੋਂ ਹਮਲਾ ਕਰਨਾ ਸੀ ਜਦੋਂ ਕਿ ਅਬਦਾਲੀ ਖ਼ੁਦ ਤੇ ਜਹਾਨ ਖਾਂ ਨੇ ਦੂਜੇ ਦੋ ਪਾਸਿਆਂ ਤੋਂ। ਇੰਜ ਸਿੱਖ ਚਹੁੰ-ਤਰਫਾ ਹਮਲੇ ਦੀ ਲਪੇਟ ਵਿਚ ਸਨ।
ਸਿੱਖਾਂ ਦੀ ਆਪਣੀ ਸਥਿਤੀ ਇਹ ਸੀ ਕਿ ਉਹਨਾਂ ਦੇ 50,000 ਆਦਮੀ, ਜਿਹਨਾਂ ਵਿਚ ਸੈਨਕ ਵੀ ਸਨ, ਕੁਪ ਪਿੰਡ ਵਿਚ ਡੇਰਾ ਲਾਈ ਬੈਠੇ ਸਨ। ਜਦੋਂ ਕਿ ਉਹਨਾਂ ਦੀ ਵਹੀਰ ਭਾਵ 5 ਹਜ਼ਾਰ ਔਰਤਾਂ, ਬੱਚੇ, ਬੁੱਢੇ, ਸੇਵਾਦਾਰ, ਘਰ ਦਾ ਸਮਾਨ, ਰਸਦ, ਹਥਿਆਰ ਤੇ ਲੰਗਰ ਦਾ ਸਮਾਨ ਚਾਰ ਕੋਹ ਦੀ ਦੂਰੀ ਉਪਰ 'ਪਿੰਡਗਾਰਮ' ਨਾਂ ਦੇ ਪਿੰਡ ਵਿਚ ਸੀ। ਚੁਣਵੇਂ ਤਜਰਬਾਕਾਰ ਸੈਨਕ ਤੇ ਅਫ਼ਸਰ ਇਸ ਵਹੀਰ ਦੀ ਰਖਵਾਲੀ ਕਰ ਰਹੇ ਸਨ। ਸਿੱਖਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਆਉਣ ਦਾ ਪਤਾ ਉਦੋਂ ਲੱਗਿਆ ਜਦੋਂ ਉਹ ਮਲੇਰਕੋਟਲੇ ਪਹੁੰਚ ਚੁੱਕਿਆ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀਅ, ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਸ਼ਾਮ ਸਿੰਘ ਕਰੋੜਸਿੰਘੀਆ ਤੇ ਹਰੀ ਸਿੰਘ ਭੰਗੀ ਮੀਟਿੰਗ ਕਰਨ ਬੈਠ ਗਏ।
“ਬੁਰੇ ਫਸੇ।” ਹਰੀ ਸਿੰਘ ਭੰਗੀ ਨੇ ਕਿਹਾ।
“ਫਸ ਤਾਂ ਗਏ, ਹੁਣ ਨਿਕਲਣ ਦੀ ਸੋਚੋ।” ਚੜ੍ਹਤ ਸਿੰਘ ਨੇ ਪਹਿਲਾਂ ਜੱਸਾ ਸਿੰਘ ਤੇ ਫੇਰ ਦੂਜੇ ਸਾਥੀਆਂ ਵੱਲ ਦੇਖ ਕੇ ਕਿਹਾ।
“ਜੇ ਭੱਜੀਏ ਤਾਂ ਵੀ ਬਚਣਾ ਮੁਸ਼ਕਿਲ ਏ। ਲੜਾਂਗੇ ਤਾਂ ਵੀ ਮੁਕਾਬਲਾ ਅਸਾਨ ਨਹੀਂ।” ਹਰੀ ਸਿੰਘ ਫੇਰ ਬੋਲੇ।
“ਜਿਹੜੀ ਸਿਰ 'ਤੇ ਆ ਪਈ ਏ, ਉਸ ਨੂੰ ਝੱਲਣਾ ਪਏਗਾ। ਮੇਰਾ ਖ਼ਿਆਲ ਏ ਕਿ ਅਸੀਂ ਡਟ ਕੇ ਲੜੀਏ। ਜੋ ਹੋਏਗਾ ਦੇਖਿਆ ਜਾਏਗਾ, ਗੁਰੂ ਭਲੀ ਕਰੇਗਾ।” ਸ਼ਾਮ ਸਿੰਘ ਕਰੋੜਸਿੰਘੀਆ ਦੀ ਰਾਏ ਸੀ।
“ਦੋਸਤੋ, ਲੜਨਾ ਹਰ ਹਾਲਤ ਵਿਚ ਹੈ। ਲੜੇ ਬਗ਼ੈਰ ਚਾਰਾ ਨਹੀਂ ਪਰ ਲੜਿਆ ਕਿਵੇਂ ਜਾਏ, ਸੋਚਣ ਵਾਲੀ ਵੱਲ ਇਹ ਹੈ। ਅਸੀਂ ਆਪਣੀ ਰੱਛਿਆ ਵੀ ਕਰਨੀ ਏਂ ਤੇ ਦੁਸ਼ਮਣ ਨਾਲ ਲੜਨਾ ਵੀ ਏ। ਇਸ ਲਈ ਸਾਨੂੰ ਕੋਈ ਨਵਾਂ ਦਾਅ ਵਰਤਣਾ ਪਏਗਾ। ਮੇਰੀ ਰਾਏ ਇਹ ਹੈ ਕਿ ਸਰਦਾਰ ਹਰੀ ਸਿੰਘ ਔਰਤਾਂ ਤੇ ਬੱਚਿਆਂ-ਬਜ਼ੁਰਗਾਂ ਨੂੰ ਦਲ ਦੇ ਵਿਚਕਾਰ ਰੱਖ ਕੇ ਉਹਨਾਂ ਦੀ ਹਿਫਾਜ਼ਤ ਕਰਨ। ਅਸੀਂ ਤਿੰਨੇ ਦੁਸ਼ਮਣ ਨਾਲ ਲੜਦੇ ਵੀ ਰਹਾਂਗੇ ਤੇ ਹੌਲੀ ਹੌਲੀ ਪਿੱਛੇ ਵੀ ਹਟਦੇ ਰਹਾਂਗੇ। ਕੋਸ਼ਿਸ਼ ਇਹ ਹੋਏਗੀ ਕਿ ਦੁਸ਼ਮਣ ਵਹੀਰ ਤਕ ਨਾ ਪਹੁੰਚ ਸਕੇ।”
ਇਧਰ ਇਹ ਵਿਊਂਤ ਬੰਦੀ ਹੋ ਰਹੀ ਸੀ, ਉਧਰ ਕਾਸਿਮ ਖ਼ਾਂ ਨੇ ਵਹੀਰ ਉਪਰ ਹਮਲਾ ਕਰ ਦਿੱਤਾ। ਸਿੱਖ ਸਰਦਾਰਾਂ ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਘੋੜਿਆਂ ਉਪਰ ਸਵਾਰ ਹੋ ਕੇ ਵਹੀਰ ਵਲ ਭੱਜੇ। ਕਾਸਿਮ ਖ਼ਾਂ ਉਹਨਾਂ ਦਾ ਮੁਕਬਲਾ ਨਹੀਂ ਕਰ ਸਕਿਆ। ਉਹ ਬੁਰੀ ਤਰ੍ਹਾਂ ਹਾਰਿਆ ਤੇ ਆਪਣੇ ਬਹੁਤ ਸਾਰੇ ਸੈਨਕ ਮਰਵਾ ਕੇ ਮਲੇਰਕੋਟਲੇ ਪਰਤ ਗਿਆ।
ਸਿੱਖ ਆਪਣੀ ਵਹੀਰ ਨੂੰ ਸੈਨਾ ਦੇ ਐਨ ਵਿਚਕਾਰ ਲੈ ਕੇ ਮਾਲਵੇ ਵਲ ਤੁਰ ਪਏ ਤਾਂ ਕਿ ਬੱਚਿਆਂ, ਔਰਤਾਂ ਤੇ ਬਜ਼ੁਰਗਾਂ ਨੂੰ ਸੁਰੱਖਿਅਤ ਜਗ੍ਹਾ ਪਹੁੰਚਾ ਦਿੱਤਾ ਜਾਏ। ਅਜੇ ਉਹ ਤਿੰਨ, ਸਵਾ ਤਿੰਨ ਮੀਲ ਗਏ ਹੋਣਗੇ ਕਿ ਵਲੀ ਖ਼ਾਂ ਤੇ ਭੀਖਨ ਖ਼ਾਂ ਉਹਨਾਂ ਉਪਰ ਟੁੱਟ ਪਏ। ਪਰ ਉਹਨਾਂ ਦੀ ਫੌਜ ਸਿੱਖਾਂ ਨੂੰ ਰੋਕਣ ਜਾਂ ਉਹਨਾਂ ਨੂੰ ਤਿੱਤਰ-ਬਿੱਤਰ ਕਰਨ ਵਿਚ ਅਸਫ਼ਲ ਰਹੀ। ਖਾਲਸੇ ਨੇ ਵਹੀਰ ਦੇ ਗਿਰਦ ਗੋਲਾਕਾਰ ਕਿਲੇ ਵਾਂਗ ਕੁੰਡਲ ਮਾਰਿਆ ਹੋਇਆ ਸੀ। ਉਹ ਲੜ ਰਹੇ ਸਨ ਤੇ ਲੜਦੇ-ਲੜਦੇ ਅੱਗੇ ਵਧ ਰਹੇ ਸਨ। ਉਹ ਪਲਟ ਕੇ ਦੁਸ਼ਮਣ ਉਪਰ ਹਮਲਾ ਕਰਦੇ ਤੇ ਉਸਨੂੰ ਪਿਛਾਂਹ ਧਰੀਕ ਕੇ ਫੇਰ ਵਹੀਰ ਨਾਲ ਜਾ ਰਲਦੇ।
ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਦੇਖਿਆ ਕਿ ਉਸਦਾ ਵਜੀਰ ਸ਼ਾਹ ਵਲੀ ਖ਼ਾਂ ਸਿੱਖਾਂ ਦਾ ਕੁੰਡਲ ਨਹੀਂ ਤੋੜ ਸਕਿਆ ਤਾਂ ਉਸ ਨੇ ਜਹਾਨ ਖ਼ਾਂ ਨੂੰ ਹੋਰ ਫੌਜ ਦੇ ਕੇ ਭੇਜਿਆ। ਪਰ ਉਹ ਵੀ ਕੁਝ ਨਾ ਕਰ ਸਕਿਆ। ਇਸ ਲਈ ਖਾਲਸੇ ਦੀ ਕਤਾਰ ਨੂੰ ਤੋੜਨ ਲਈ ਹੋਰ ਫੌਜ ਭੇਜੀ ਗਈ, ਪਰ ਸਿੰਘਾਂ ਨੇ ਦੁਰਾਨੀਆਂ ਨੂੰ ਵਹੀਰ ਤਕ ਨਹੀਂ ਪਹੁੰਚਣ ਦਿੱਤਾ। ਉਹਨਾਂ ਦਾ 'ਧਾਏ ਫਟ' ਵਾਲਾ ਤਰੀਕਾ ਏਨਾ ਸਫ਼ਲ ਸੀ ਕਿ ਦੁਸ਼ਮਣ ਉਹਨਾਂ ਦੇ ਪਲਟ-ਪਲਟ ਕੇ ਕੀਤੇ ਜਾਣ ਵਾਲੇ ਹਮਲਿਆਂ ਨੂੰ ਸਮਝ ਹੀ ਨਹੀਂ ਸੀ ਸਕਦਾ ਤੇ ਨਾ ਉਸ ਸਾਹਵੇਂ ਟਿਕ ਹੀ ਸਕਦਾ ਸੀ। ਜੱਸਾ ਸਿੰਘ ਤੇ ਚੜ੍ਹਤ ਸਿੰਘ ਜਿੱਥੇ ਜਿੱਥੇ ਲੋੜ ਹੁੰਦੀ ਸੀ, ਆਪਣੇ ਘੋੜਿਆਂ ਨੂੰ ਅੱਡੀ ਲਾ ਕੇ ਪਹੁੰਚ ਜਾਂਦੇ ਸਨ। ਸਿੱਖਾਂ ਦੀ ਦਲੇਰੀ ਤੇ ਹੌਸਲੇ ਦੇਖਣ ਵਾਲੇ ਸਨ। ਦੁਸ਼ਮਣ ਦੀਆਂ ਜਿਜ਼ਾਇਰੋਂਆਂ (ਛੋਟੀਆਂ ਤੋਪਾਂ) ਦਾ ਮੁਕਾਬਲਾ ਆਪਣੀਆਂ ਤਲਵਾਰਾਂ, ਖੰਡਿਆਂ ਤੇ ਬਰਛਿਆਂ ਨਾਲ ਕਰ ਰਹੇ ਸਨ। ਉਹ ਦੁਸ਼ਮਣ ਉਪਰ ਬਾਜ ਵਾਂਗ ਝਪਟਦੇ ਤੇ ਝਪਟ ਕੇ ਝੱਟ ਪਰਤ ਆਉਂਦੇ। ਉਹਨਾਂ ਦੇ ਘੋੜੇ ਵੀ ਉਹਨਾਂ ਦਾ ਇੰਜ ਸਾਥ ਦੇ ਰਹੇ ਸਨ, ਜਿਵੇਂ ਬਹਾਦੁਰੀ ਤੇ ਜਿੱਤ ਦਾ ਸਿਹਰਾ ਉਹਨਾਂ ਵੀ ਪ੍ਰਾਪਤ ਕਰਨਾ ਹੋਵੇ ਤੇ ਜਿਵੇਂ ਉਹ ਪਸ਼ੂ ਨਹੀਂ ਰਣ-ਖੇਤਰ ਵਿਚ ਜੂਝ ਰਹੇ ਯੋਧੇ ਹੋਣ। ਉਹ ਮਾੜੇ ਜਿਹੇ ਇਸ਼ਾਰੇ ਨਾਲ ਜਿਸ ਤੇਜ਼ੀ ਨਾਲ ਅੱਗੇ ਵਧਦੇ, ਉਸੇ ਨਾਲ ਪਰਤ ਆਉਂਦੇ। ਉਹਨਾਂ ਦੀ ਹਿਣਹਿਣਾਹਟ ਨਾਲ ਦੁਸ਼ਮਣ ਦਾ ਦਿਲ ਦਹਿਲ ਜਾਂਦਾ।
ਸਿੱਖ ਲੜਦੇ ਰਹੇ ਤੇ ਵਹੀਰ ਨੂੰ ਕੁੰਡਲ ਵਿਚ ਲਈ ਅੱਗੇ ਵਧਦੇ ਰਹੇ। ਅਫ਼ਗਾਨ ਉਹਨਾਂ ਦੀ ਕਤਾਰ ਤੋੜਨ ਵਿਚ ਅਸਫ਼ਲ ਰਹੇ।
ਅਹਿਮਦ ਸ਼ਾਹ ਅਬਦਾਲੀ ਯੁੱਧ ਦੇ 'ਧਾਏ ਫਟ' ਪੈਂਤੜੇ ਤੋਂ ਵਾਕਿਫ਼  ਨਹੀਂ ਸੀ, ਜਦੋਂ ਉਸਨੇ ਦੇਖਿਆ ਕਿ ਇੰਜ ਤੁਰੇ ਜਾ ਰਹੇ ਸਿੱਖਾਂ ਉਪਰ ਕੋਈ ਕਰਾਰੀ ਚੋਟ ਹੋ ਸਕਣੀ ਸੰਭਵ ਨਹੀਂ ਤਾਂ ਉਸਨੇ ਹਿਰਖ ਕੇ ਜੈਨ ਖ਼ਾਂ ਤੇ ਲਕਸ਼ਮੀ ਨਾਰਾਇਣ ਨੂੰ ਸੁਨੇਹਾ ਭੇਜਿਆ ਕਿ ਤੁਸੀਂ ਸਿੱਖਾਂ ਦੀ ਵਹੀਰ ਨੂੰ ਅੱਗੇ ਹੋ ਕੇ ਰੋਕਦੇ ਕਿਉਂ ਨਹੀਂ, “ਜੇ ਤੁਸੀਂ ਰੋਕੋ ਤੇ ਉਹਨਾਂ ਨੂੰ ਅੱਗੇ ਨਾ ਵਧਣ ਦਿਓਂ ਤਾਂ ਕੁਝ ਚਿਰ ਵਿਚ ਹੀ ਇਹਨਾਂ ਦਾ ਸਫਾਇਆ ਕੀਤਾ ਜਾ ਸਕਦਾ ਏ।”
“ਜਹਾਂਪਨਾਹ, ਇਹਨਾਂ ਨੂੰ ਅੱਗੇ ਹੋ ਕੇ ਰੋਕਣਾ ਸੰਭਵ ਨਹੀਂ। ਇਹ ਤਾਂ ਹਨੇਰੀ ਤੇ ਤੂਫ਼ਾਨ ਨੇ।” ਜੈਨ ਖ਼ਾਂ ਨੇ ਉਤਰ ਦਿੱਤਾ। ਹੋਰ ਕੋਈ ਉਪਾਅ ਨਾ ਦੇਖ ਦੇ ਅਬਦਾਲੀ ਨੇ ਚਾਰ ਚੁਣੇ ਹੋਏ ਦਸਤੇ ਲੈ ਕੇ ਖ਼ੁਦਾ ਧਾਵਾ ਬੋਲ ਦਿੱਤਾ। ਉਸਨੂੰ ਆਪਣੀ ਵੀਰਤਾ ਤੇ ਰਣਨੀਤੀ ਉਪਰ ਮਾਣ ਸੀ ਤੇ ਉਸਨੇ ਮਰਾਠਿਆਂ ਵਾਂਗ ਸਿੱਖਾਂ ਨੂੰ ਵੀ ਨੀਚਾ ਦਿਖਾਉਣ ਦਾ ਫੈਸਲਾ ਕੀਤਾ ਹੋਇਆ ਸੀ। ਪਰ ਸਿੱਖ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਸਨ। ਉਹਨਾਂ ਨੂੰ ਨੀਵਾਂ ਦਿਖਾਉਣਾ ਅਸਾਨ ਨਹੀਂ ਸੀ। ਘਮਸਾਨ ਦੀ ਲੜਾਈ ਹੋਈ। ਜੱਸਾ ਸਿੰਘ ਤੇ ਚੜ੍ਹਤ ਸਿੰਘ ਆਪਣੇ ਘੋੜਿਆਂ ਨੂੰ ਅੱਡੀ ਲਾ ਕੇ ਆਪਣੇ ਉਹਨਾਂ ਭਰਾਵਾਂ ਦੀ ਮਦਦ ਲਈ ਆ ਜਾਂਦੇ ਜਿਹੜੇ ਦੁਰਾਨੀਆਂ ਦੇ ਦਬਾਅ ਵਿਚ ਹੁੰਦੇ ਸਨ। ਉਹਨਾਂ ਦੇ ਘੋੜੇ ਸਿਪਾਹੀਆਂ ਤੇ ਘੋੜਿਆਂ ਦੀਆਂ ਲੋਥਾਂ ਟੱਪਦੇ ਹੋਏ ਜਿਸ ਪਾਸੇ ਇਸ਼ਾਰਾ ਕੀਤਾ ਜਾਂਦਾ ਸੀ, ਉਸੇ ਪਾਸੇ ਅਹੁਲਦੇ ਸਨ। ਉਹਨਾਂ ਦੀਆਂ ਤਲਵਾਰਾਂ 'ਸ਼ਾਂ-ਸ਼ਾਂ' ਇਧਰ-ਉਧਰ ਵਾਰ ਕਰਦੀਆਂ, ਕੱਟਦੀਆਂ-ਵੱਢਦੀਆਂ ਤੇ ਕਹਿਰ ਢਾਉਂਦੀਆਂ ਹੋਈਆਂ ਅੱਗੇ ਵਧ ਰਹੇ ਦੁਸ਼ਮਣ ਨੂੰ ਪਿੱਛੇ ਧਰੀਕ ਦਿੰਦੀਆਂ ਸਨ। ਉਹ ਫੇਰ ਘੋੜਿਆਂ ਨੂੰ ਅੱਡੀ ਲਾ ਉਸ ਜਗ੍ਹਾ ਜਾ ਪਹੁੰਚਦੇ ਜਿੱਥੇ ਆਪਣੀ ਜ਼ਰੂਰਤ ਸਮਝਦੇ। ਇੰਜ ਉਹ ਹਰ ਜਗ੍ਹਾ ਅਗਲੀ ਸਫ ਵਿਚ ਜੂਝਦੇ ਹੋਏ ਦਿਖਾਈ ਦਿੰਦੇ ਤੇ ਨਫ਼ਰਤ ਨਾਲ ਭਰੇ ਪੀਤੇ ਕਹਿੰਦੇ, “ਤੁਸੀਂ ਵਿਦੇਸ਼ੀ ਲੁਟੇਰੇ ਗੁਰੂ ਦੇ ਖਾਲਸੇ ਦਾ ਕੀ ਮੁਕਾਬਲਾ ਕਰੋਗੇ, ਓਇ।”
ਇਸ ਤਰ੍ਹਾਂ ਲੜਦੇ ਹੋਏ ਦੁਸ਼ਮਣ ਦੇ ਹੱਥੋਂ ਆਪਣਾ ਬਚਾਅ ਕਰਦੇ ਤੇ ਮਰਦੇ-ਮਾਰਦੇ ਹੋਏ ਸਿੰਘ ਲਗਾਤਾਰ ਅੱਗੇ ਵਧਦੇ ਰਹੇ। ਵਹੀਰ ਦਾ ਸੁਰੱਖਿਆ ਕੁੰਡਲ ਮੀਲਾਂ ਤਕ ਫੈਲਿਆ ਹੋਇਆ ਸੀ। ਉਹ ਸਭ ਪਾਸਿਓਂ ਮਜ਼ਬੂਤ ਨਹੀਂ ਸੀ ਰਹਿ ਸਕਦਾ। ਜਿੱਥੋਂ ਕਿਤੋਂ ਕੁੰਡਲ ਟੁੱਟ ਜਾਂਦਾ, ਦੁਰਾਨੀ ਵਹੀਰ ਨੂੰ ਨੁਕਸਾਨ ਪਹੁੰਚਾਉਣ ਤੋਂ ਨਹੀਂ ਸੀ ਖੁੰਝਦੇ।
ਇੰਜ ਲੜਦੇ-ਭਿੜਦੇ ਉਹ ਗਹਿਲ ਪਿੰਡ ਵਿਚ ਪਹੁੰਚ ਗਏ, ਜਿੱਥੇ ਦੁਰਾਨੀਆਂ ਨੇ ਕੁੰਡਲ ਤੋੜ ਦਿੱਤਾ। ਸਿੱਖ ਸਵਾਰ ਤੇ ਵਹੀਰ ਇਕ ਦੂਜੇ ਨਾਲੋਂ ਵੱਖ ਹੋ ਗਏ। ਵਹੀਰ ਦੇ ਬਜ਼ੁਰਗ, ਬੱਚੇ ਤੇ ਔਰਤਾਂ ਪਿੰਡ ਵਿਚ ਸ਼ਰਨ ਲੈਣੀ ਚਾਹੁੰਦੇ ਸਨ। ਲੋਕਾਂ ਦੀ ਹਮਦਰਦੀ ਭਾਵੇਂ ਸਿੱਖਾਂ ਦੇ ਨਾਲ ਸੀ, ਪਰ ਉਹਨਾਂ ਨੇ ਦੁਰਾਨੀ ਦੇ ਡਰ ਕਾਰਨ ਸ਼ਰਨ ਨਹੀਂ ਦਿੱਤੀ ਤੇ ਘਰਾਂ ਦੇ ਦਰਵਾਜ਼ੇ ਬੰਦ ਕਰ ਲਏ। ਸਿੱਟਾ ਇਹ ਕਿ ਕੁਝ ਪਾਥੀਆਂ ਦੇ ਗ੍ਹੀਰਿਆਂ, ਕੁਝ ਛਟੀਆਂ ਤੇ ਫੂਸ ਦੇ ਢੇਰਾਂ ਤੇ ਕੁਝ ਫਟੜਾਂ ਤੇ ਲਾਸ਼ਾਂ ਵਿਚਕਾਰ ਲੁਕ ਗਏ। ਸਿੱਖ ਸੈਨਿਕਾਂ ਨੇ ਅੱਗੇ ਵਧਣਾ ਜਾਰੀ ਰੱਖਿਆ। ਹੁਣ ਉਹਨਾਂ ਦੀ ਰਫ਼ਤਾਰ ਵੀ ਤੇਜ਼ ਹੋ ਗਈ ਸੀ ਕਿਉਂਕਿ ਉਹਨਾਂ ਵਹੀਰ ਦੇ ਸਮਾਨ ਦੀ ਹਿਫ਼ਾਜਤ ਨਹੀਂ ਕਰਨੀ ਸੀ। ਸ਼ਾਮ ਹੁੰਦਿਆਂ ਹੁੰਦਿਆਂ ਉਹ ਪਿੰਡ ਕੁਤਬ ਵਿਚ ਪਹੁੰਚ ਗਏ। ਉੱਥੇ ਪਾਣੀ ਦੀ ਇਕ ਢਾਬ ਸੀ। ਦੁਰਾਨੀ ਪਿਆਸ ਬੁਝਉਣ ਖਾਤਰ ਢਾਬ ਵਲ ਅਹੁਲੇ। ਸਿੱਖ ਵੀ ਸਵੇਰ ਦੇ ਭੁੱਖੇ ਤੇ ਪਿਆਸੇ ਸਨ। ਉਹਨਾਂ ਨੇ ਵੀ ਢਾਬ ਤੋਂ ਪਾਣੀ ਪੀਤਾ। ਇੰਜ ਲੜਾਈ ਰੁਕ ਗਈ ਤੇ ਦੁਬਾਰਾ ਜਾਰੀ ਨਾ ਹੋ ਸਕੀ। ਕਾਰਨ ਇਹ ਕਿ ਹਨੇਰਾ ਲੱਥ ਆਇਆ ਸੀ। ਸਿੱਖ ਮੌਕਾ ਵਿਚਾਰ ਕੇ ਕਾਹਲ ਨਾਲ ਮਾਲਵੇ ਵਲ ਵਧੇ। ਦੁਰਾਨੀਆਂ ਨੇ ਉਹਨਾਂ ਦਾ ਪਿੱਛਾ ਨਹੀਂ ਕੀਤਾ, ਕਿਉਂਕਿ ਉਹ ਥੱਕ ਕੇ ਚੂਰ ਹੋ ਚੁੱਕੇ ਸਨ। ਪਹਿਲਾਂ 36 ਘੰਟਿਆਂ ਵਿਚ 150 ਕੋਹ ਦਾ ਸਫ਼ਰ ਕੀਤਾ ਸੀ ਤੇ ਫੇਰ 10 ਘੰਟੇ ਲਗਾਤਾਰ ਲੜਦੇ ਰਹੇ ਸਨ। ਪਿੱਛਾ ਕਰਨ ਦੀ ਹਿੰਮਤ ਹੀ ਨਹੀਂ ਸੀ ਰਹੀ।
ਰਾਤ ਗੂੜ੍ਹੀ ਹੋ ਗਈ ਸੀ। ਥੱਕੇ ਹੋਏ ਦੁਰਾਨੀ ਘੂਕ ਸੁੱਤੇ ਪਏ ਸਨ। ਖ਼ੁਦ ਅਹਿਮਦ ਸ਼ਾਹ ਅਬਦਾਲੀ ਵੀ ਸੁੱਤਾ ਹੋਇਆ ਸੀ। ਗਹਿਲ ਪਿੰਡ ਵਿਚ ਕੁਝ ਲੋਕ ਮਸ਼ਾਲਾਂ ਤੇ ਪਾਣੀ ਦੇ ਘੜੇ ਚੁੱਕੀ ਲਾਸ਼ਾ ਵਿਚਕਾਰ ਘੁੰਮ ਰਹੇ ਸਨ। ਜਿੱਥੇ ਕਿਧਰੇ ਕਰਾਹੁਣ ਦੀ ਆਵਾਜ਼ ਸੁਣਾਈ ਦਿੰਦੀ, ਉਹ ਉਧਰ ਜਾਂਦੇ ਤੇ ਜਖ਼ਮੀ ਸੈਨਿਕ ਨੂੰ ਪਾਣੀ ਪਿਆਉਂਦੇ ਸਨ—ਚਾਹੇ ਉਹ ਸਿੱਖ ਹੁੰਦਾ ਚਾਹੇ ਦੁਰਾਨੀ। ਰਹਿ ਰਹਿ ਕੇ ਇਹ ਸ਼ਬਦ ਕੰਨਾਂ ਵਿਚ ਪੈਂਦੇ—
'ਕਬੀਰ ਥਾ ਇਕ ਇਨਸਾਨ
ਨ ਹਿੰਦੂ ਔਰ ਨ ਮੁਸਲਮਾਨ'
ਜਿਹੜੇ ਬੱਚੇ, ਔਰਤਾਂ ਤੇ ਬੁੱਢੇ ਏਧਰ ਉਧਰ ਛੁਪੇ ਹੋਏ ਸਨ, ਉਹਨਾਂ ਨੂੰ ਘਰਾਂ ਵਿਚ ਪਹੁੰਚਾਇਆ ਜਾ ਰਿਹਾ ਸੀ। ਲੜਾਈ ਬੰਦ ਸੀ। ਅਬਦਾਲੀ ਤੇ ਉਸਦੇ ਸੈਨਿਕ ਸੁੱਤੇ ਹੋਏ ਸਨ। ਉਹ ਜਖ਼ਮੀਆਂ ਦੀ ਸੇਵਾ ਕਰ ਰਹੇ ਸਨ ਤੇ ਵਹੀਰ ਦੇ ਨਿਆਸਰੇ ਬੱਚਿਆਂ, ਬੁੱਢਿਆਂ ਤੇ ਔਰਤਾਂ ਨੂੰ ਆਪਣੇ ਘਰਾਂ ਵਿਚ ਸ਼ਰਨ ਦੇ ਰਹੇ ਸਨ। ਬੇਨਾਮ ਸੂਫੀ ਫ਼ਕੀਰ ਉਹਨਾਂ ਦਾ ਨੇਤਾ ਸੀ ਤੇ ਉਹਨਾਂ ਸਾਰਿਆਂ ਦੀ ਇਕੋ ਜਾਤ ਸੀ—ਕਬੀਰ ਦੀ ਜਾਤ; ਇਨਸਾਨ ਦੀ ਜਾਤ।
ਇਸ ਇਕ ਦਿਨ ਦੀ ਲੜਾਈ ਵਿਚ 20 ਹਜ਼ਾਰ ਸਿੱਖ ਖੇਤ ਰਹੇ, ਜਿਹਨਾਂ ਵਿਚ ਬੁੱਢੇ, ਬੱਚੇ ਤੇ ਔਰਤਾਂ ਵੀ ਸਨ। ਕਿਸੇ ਇਕ ਲੜਾਈ ਵਿਚ ਸਿੱਖਾਂ ਦਾ ਪਹਿਲਾਂ ਕਦੀ ਏਨਾ ਨੁਕਸਾਨ ਨਹੀਂ ਸੀ ਹੋਇਆ। ਇਸ ਲਈ ਇਸ ਦਾ ਨਾਂ 'ਵੱਡਾ ਘਲੂਘਾਰਾ' ਪੈ ਗਿਆ।
ਕਿਹਾ ਜਾਂਦਾ ਹੈ ਕਿ ਜੱਸਾ ਸਿੰਘ ਆਹਲੂਵਾਲੀਆ ਦਾ ਘੋੜਾ ਜਦੋਂ ਥੱਕ ਕੇ ਚੂਰ ਹੋ ਗਿਆ ਤਾਂ ਉਹ ਇਕ ਜਗ੍ਹਾ ਅੜ ਗਿਆ। ਸਰਦਾਰ ਨੇ ਬੜੀਆਂ ਅੱਡੀਆਂ ਲਾਈਆਂ ਪਰ ਉਹ ਤੁਰਿਆ ਹੀ ਨਹੀਂ। ਇਸ ਲਈ ਉਹਨਾਂ ਦੇ ਨਾਲ ਵਾਲੇ ਗੁਰਮੁਖ ਸਿੰਘ ਨੇ ਘੋੜੇ ਨੂੰ ਮਾਰਨ ਲਈ ਚਾਬੁਕ ਉਗਾਸਿਆ ਪਰ ਜੱਸਾ ਸਿੰਘ ਨੇ ਉਸਨੂੰ ਇਸ਼ਾਰੇ ਨਾਲ ਰੋਕ ਦਿੱਤਾ, “ਚਾਬੁਕ ਨਾ ਮਾਰੀਓ ਸਿੰਘ ਜੀ। ਕਿਤੇ ਕੋਈ ਇੰਜ ਈ ਨਾ ਸਮਝ ਲਏ ਕਿ ਸਰਦਾਰ ਜਾਣ ਕੇ ਘੋੜੇ ਦੇ ਚਾਬੁਕ ਮਰਵਾ ਕੇ ਭੱਜ ਖੜਾ ਹੋਇਆ ਏ।” ਇਸ ਲੜਾਈ ਵਿਚ ਜੱਸਾ ਸਿੰਘ ਨੂੰ ਬਾਈ ਫੱਟ ਲੱਗੇ। ਫੇਰ ਵੀ ਉਹ ਅਗਲੀਆਂ ਸਫਾਂ ਵਿਚ ਰਿਹਾ ਤੇ ਜਿੱਥੇ ਜ਼ਰੂਰਤ ਪਈ, ਦੁਸ਼ਮਣ ਨਾਲ ਜਾ ਭਿੜਿਆ—
'ਜੱਸਾ ਸਿੰਘ ਖਾਈ ਬਾਈ ਘਾਵ
ਤੋ ਭੀ ਸਿੰਘ ਜੀ ਲੜਤੇ ਜਾਈ।'
***

No comments:

Post a Comment