Wednesday 11 August 2010

ਬੋਲੇ ਸੋ ਨਿਹਾਲ : ਬਾਰ੍ਹਵੀਂ ਕਿਸ਼ਤ :-

ਬਾਰ੍ਹਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਉਹਨਾਂ ਚਾਰ ਮਹੀਨਿਆਂ ਵਿਚ ਜਦੋਂ ਮੀਰ ਮੰਨੂੰ ਤੇ ਉਸਦੇ ਫੌਜਦਾਰ ਅਹਿਮਦ ਸ਼ਾਹ ਅਬਦਾਲੀ ਨਾਲ ਉਲਝੇ ਹੋਏ ਸਨ, ਸਿੱਖਾਂ ਨੂੰ ਆਪਣੀ ਸ਼ਕਤੀ ਵਧਾਉਣ ਦਾ ਮੌਕਾ ਮਿਲਿਆ ਤੇ ਉਹਨਾਂ ਨੇ ਆਪਣੀ ਆਜ਼ਾਦੀ ਲਈ ਯਤਨ ਸ਼ੁਰੂ ਕਰ ਦਿੱਤੇ। ਉਹਨਾਂ ਦੁਆਬਾ-ਬਾਰੀ ਤੇ ਦੁਆਬਾ-ਜਲੰਧਰ ਵਿਚ ਉਥਲ-ਪੁਥਲ ਮਚਾ ਦਿੱਤੀ। ਜਿਹੜੇ ਤਅਸੁਬੀ ਸੱਯਦ ਅਤੇ ਪੀਰਜਾਦੇ ਸਿੱਖਾਂ ਉਪਰ ਜੁਲਮ ਕਰਨ ਦੇ ਜ਼ਿੰਮੇਵਾਰ ਸਨ, ਉਹਨਾਂ ਤੋਂ ਗਿਣ-ਗਿਣ ਕੇ ਬਦਲੇ ਲਏ ਗਏ। ਫੇਰ ਉਹਨਾਂ ਨੇ ਸਤਲੁਜ ਪਾਰ ਕੀਤਾ ਤੇ ਸਰਹਿੰਦ, ਥਾਨੇਸਰ ਤੇ ਜੀਂਦ ਦੇ ਇਲਾਕੇ ਨੂੰ ਬਰਬਾਦ ਕਰਕੇ ਸੋਨੀਪਤ ਤੇ ਪਾਣੀਪਤ ਦੇ ਹਾਕਮ ਕਾਮਗਾਰ ਨਾਲ ਜਾ ਟੱਕਰ ਲਈ। ਕਾਮਗਾਰ ਨੇ ਉਹਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਤੇ ਕਾਫੀ ਨੁਕਸਾਨ ਪਹੁੰਚਾ ਕੇ ਪਿੱਛੇ ਧਕੇਲ ਦਿੱਤਾ।
ਦਲ ਖਾਲਸਾ ਦਾ ਇਕ ਟੋਲਾ ਚੜ੍ਹਤ ਸਿੰਘ ਸ਼ੁਕਰਚੱਕੀਆ ਦੀ ਕਮਾਨ ਵਿਚ ਦੁਆਬਾ-ਰਚਨਾ ਦੇ ਦੁਆਬਾ-ਚੱਜ ਵਿਚ ਜਾ ਦਾਖਲ ਹੋਇਆ ਤੇ ਉਸ ਨੇ ਜਿਹਲਮ ਪਾਰ ਕਰਕੇ ਸੱਯਦ ਬਸਰਾ ਤਕ ਦੇ ਪੂਰੇ ਇਲਾਕੇ ਨੂੰ ਆਪਣੇ ਕਬਜੇ ਵਿਚ ਕਰ ਲਿਆ। ਗੁਜਰਾਤ ਦੇ ਰਾਕਖੜ ਸਰਦਾਰ ਮਕਰਨ ਨਾਲ ਟੱਕਰ ਲਈ ਤੇ ਆਪਣੇ ਚਨਾਬ ਪਾਰ ਦੇ ਇਲਾਕੇ ਛੱਡ ਦੇਣ ਲਈ ਮਜ਼ਬੂਰ ਕਰ ਦਿੱਤਾ।
ਇੰਜ ਬਹੁਤ ਸਾਰਾ ਧਨ ਸਿੱਖਾ ਦੇ ਹੱਥ ਲੱਗਿਆ ਤੇ ਬਹੁਤ ਸਾਰੇ ਨੌਜਵਾਨ ਦਲ-ਖਾਲਸਾ ਵਿਚ ਭਰਤੀ ਹੋਏ।
ਅਹਿਮਦ ਸ਼ਾਹ ਅਬਦਾਲੀ ਦੇ ਨਾਲ ਸੁਲਾਹ ਹੋ ਜਾਣ ਪਿੱਛੋਂ ਬਾਹਰੀ ਹਮਲੇ ਦਾ ਖਤਰਾ ਟਲ ਗਿਆ ਤੇ ਦਿੱਲੀ ਦਾ ਦਖਲ ਵੀ ਖਤਮ ਹੋ ਗਿਆ। ਪਰ ਸਿੱਖਾਂ ਦਾ ਖਤਰਾ ਵਧ ਗਿਆ ਸੀ। ਮੀਰ ਮੰਨੂੰ ਲਈ ਹੁਣ ਉਹੀ ਸਭ ਤੋਂ ਵੱਡੀ ਤੇ ਸਭ ਤੋਂ ਪਹਿਲੀ ਸਮੱਸਿਆ ਸਨ। ਦੀਵਾਨ ਕੌੜਾ ਮੱਲ ਦੇ ਲੜਾਈ ਵਿਚ ਮਾਰੇ ਜਾਣ ਪਿੱਛੋਂ ਸਿੱਖਾਂ ਦਾ ਕੋਈ ਹਮਦਰਦ ਵੀ ਨਹੀਂ ਸੀ ਰਹਿ ਗਿਆ। ਮੀਰ ਮੰਨੂੰ ਨੂੰ ਉਹਨਾਂ ਦੇ ਪਿੱਛਲੇ ਕਾਰਨਾਮੇ ਯਾਦ ਆਏ ਤੇ ਸਮਝ ਲਿਆ ਕਿ ਉਹਨਾਂ ਲਈ ਜਾਗੀਰ ਦੇ ਲਾਲਚ ਦਾ ਕੋਈ ਮੰਤਕ ਨਹੀਂ। ਉਹਨਾਂ ਦਾ ਮੁੱਖ ਮੰਤਵ ਆਜ਼ਾਦੀ ਪ੍ਰਾਪਤ ਕਰਨਾ ਹੈ ਤੇ ਜਦੋਂ ਤਕ ਆਜ਼ਾਦੀ ਪ੍ਰਾਪਤ ਨਹੀਂ ਕਰ ਲੈਂਦੇ, ਉਹ ਚੁੱਪ ਬੈਠਣ ਵਾਲੇ ਨਹੀਂ। ਪੰਜਾਬ ਵਿਚ ਰਾਜ ਕਰਨਾ ਹੈ ਤਾਂ ਸਿੱਖਾਂ ਨੂੰ ਖਤਮ ਕਰਨਾ ਹੀ ਪਏਗਾ। ਇਹ ਦੋਹਾਂ ਲਈ ਜ਼ਿੰਦਗੀ ਮੌਤ ਦੀ ਲੜਾਈ ਹੈ, ਸੁਲਾਹ ਸਮਝੌਤੇ ਸਭ ਅਸਥਾਈ ਨੇ।
ਮੀਰ ਮੰਨੂੰ ਨੇ ਸਿੱਖਾਂ ਨੂੰ ਦਿੱਤੀ ਹੋਈ ਜਾਗੀਰ ਜਬਤ ਕਰਕੇ 1748 ਵਾਲਾ ਹੁਕਮ ਫੇਰ ਜਾਰੀ ਕਰ ਦਿੱਤਾ ਕਿ ਸਿੱਖ ਜਿੱਥੇ ਵੀ ਮਿਲੇ, ਫੜ੍ਹ ਕੇ ਲਾਹੌਰ ਭੇਜ ਦਿੱਤਾ ਜਾਏ। ਪਿੰਡਾਂ ਦੇ ਚੌਧਰੀਆਂ ਤੇ ਪਹਾੜੀ ਇਲਾਕਿਆਂ ਦੇ ਰਾਜਿਆਂ ਨੂੰ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਤੇ ਹਰ ਪਾਸੇ ਗਸ਼ਤੀ ਫੌਜ ਭੇਜ ਦਿੱਤੀ ਗਈ। ਦਮਨ ਦਾ ਮੁਕਾਬਲਾ ਕਰਦੇ ਹੋਏ ਸਿੱਖ ਵੀ ਖਾਸੇ ਹੁਸ਼ਿਆਰ ਤੇ ਚੁਕੰਨੇ ਹੋ ਚੁੱਕੇ ਸਨ। ਸਰਕਾਰੀ ਗਤੀਵਿਧੀਆਂ ਦੀ ਖਬਰ ਉਹਨਾਂ ਤਕ ਪਹੁੰਚਦੀ ਰਹਿੰਦੀ ਸੀ। ਲਾਹੌਰ ਤੋਂ ਗਸ਼ਤੀ ਫੌਜ ਦੇ ਰਵਾਨਾ ਹੁੰਦਿਆਂ ਹੀ ਸਿੰਘ ਪਿੰਡਾਂ ਵਿਚੋਂ ਨਿਕਲ ਕੇ ਸ਼ਿਵਾਲਕ ਦੀਆਂ ਪਹਾੜੀਆਂ ਵਿਚ ਜਾ ਪਹੁੰਚੇ।
ਸਿੰਘਾਂ ਦਾ ਇਹ ਸੱਤਵਾਂ ਕਤਲੇਆਮ ਸੀ। ਪਹਿਲਾ ਬਾਦਸ਼ਾਹ ਬਹਾਦੁਰ ਸ਼ਾਹ ਦੇ ਸਮੇਂ 1710 ਤੋਂ 1712 ਤਕ, ਦੂਜਾ ਫਰੂੱਖਸੀਅਰ ਤੇ ਅਬਦੁੱਲ ਸਮਦ ਦੇ ਸਮੇਂ, ਤੀਜਾ ਨਵਾਬ ਜ਼ਕਰੀਆ ਖਾਂ ਦੇ ਸਮੇਂ 1726 ਤੋਂ 1735 ਤਕ, ਚੌਥਾ ਵੀ ਜ਼ਕਰੀਆ ਖਾਂ ਦੇ ਸਮੇਂ 1739 ਤੋਂ 1745 ਤਕ, ਪੰਜਵਾਂ ਫੇਰ ਜ਼ਕਰੀਆ ਖਾਂ ਦੇ ਸਮੇਂ 1745 ਤੋਂ 1746 ਤਕ, ਛੇਵਾਂ ਮੀਰ ਮੰਨੂੰ ਦੇ ਸਮੇਂ 1748 ਵਿਚ ਤੇ ਹੁਣ ਸੱਤਵਾਂ ਵੀ ਮੀਰ ਮੰਨੂੰ ਦੇ ਹੱਥੋਂ ਸ਼ੁਰੂ ਹੋਇਆ।
ਇਹ ਸੱਤਵਾਂ ਕਤਲੇਆਮ ਪਹਿਲੇ ਛੇ ਕਤਲੇਆਮਾਂ ਨਾਲੋਂ ਕਿਤੇ ਵੱਧ ਭਿਆਨਕ ਤੇ ਬੜਾ ਹੀ ਵਿਸ਼ਾਲ ਸੀ। ਮੰਨੂੰ ਨੇ ਸਿੱਖਾਂ ਦਾ ਬੀਜ ਨਾਸ ਕਰਨ ਦੀ ਧਾਰ ਲਈ ਸੀ। ਇਸ ਕਤਲੇਆਮ ਵਿਚ ਰਾਠ, ਗੁਰਮੁਖ ਤੇ ਚਕਰੈਲ ਦਾ ਭੇਦ ਖਤਮ ਹੋਇਆ ਹੋ ਹੋਇਆ¸ਬੁੱਢਿਆਂ, ਬੱਚਿਆਂ ਤੇ ਨਿਰਦੋਸ਼ ਔਰਤਾਂ ਨੂੰ ਵੀ ਨਹੀਂ ਛੱਡਿਆ ਗਿਆ। ਏਨੇ ਸਿੱਖ ਕਤਲ ਕੀਤੇ ਗਏ ਕਿ ਉਹਨਾਂ ਦੇ ਸਿਰਾਂ ਨਾਲ ਕਈ ਖੂਹ ਭਰ ਗਏ। ਇਸ ਕਤਲੇਆਮ ਦੀ ਹੋਰ ਕੋਈ ਉਦਾਹਰਨ ਨਹੀਂ ਮਿਲਦੀ। ਸਿੱਖਾਂ ਦਾ ਜੋ ਪ੍ਰਤੀਕਰਮ ਸੀ, ਉਹ ਵੀ ਆਪਣੇ ਆਪ ਵਿਚ ਇਕ ਉਦਾਹਰਨ ਹੀ ਹੈ¸ਉਸਦੀ ਵੀ ਕੋਈ ਹੋਰ ਮਿਸਾਲ ਨਹੀਂ ਮਿਲਦੀ¸
 'ਮੰਨੂੰ ਸਾਡੀ ਦਾਤਰੀ, ਅਸੀਂ ਮੰਨੂੰ ਦੇ ਸੋਏ।
 ਜਿਉਂ ਜਿਉਂ ਮੰਨੂੰ ਵੱਢਦਾ, ਅਸੀਂ ਦੂਣ ਸਵਾਏ ਹੋਏ।।'
ਕਿੱਡਾ ਵੱਡਾ ਸਿਰੜ ਸੀ, ਕਿੱਡੇ ਕਿੱਡੇ ਹੌਂਸਲੇ ਸਨ। ਦੁੱਖ ਝੱਲ ਝੱਲ ਕੇ ਦੁੱਖ ਤੇ ਸੁਖ ਦਾ ਅੰਤਰ ਹੀ ਮਿਟ ਗਿਆ ਸੀ। ਉਸਦੀ ਜਗ੍ਹਾ ਮੌਤ ਨਾਲ ਕਲੋਲਾਂ ਕਰਨ ਵਾਲੇ ਹੌਂਸਲੇ ਨੇ ਲੈ ਲਈ ਸੀ। ਸੋਏ ਘਾਹ ਵਾਂਗ ਹੀ ਸਿੰਘਾਂ ਦੀਆਂ ਜੜਾਂ ਜਨਤਾ ਵਿਚ ਸਨ। ਮੀਰ ਮੰਨੂੰ ਦੀ ਦਾਤਰੀ ਜਿੰਨਾਂ ਉਹਨਾਂ ਨੂੰ ਵੱਢਦੀ, ਉਹ ਓਨਾਂ ਹੀ ਵਧਦੇ ਸਨ। ਅਤਿਆਚਾਰ ਤੋਂ ਤੰਗ ਆਏ ਲੋਕ ਸਿਰਾਂ ਉੱਤੇ ਕਫਨ ਬੰਨ੍ਹ ਕੇ ਖਾਲਸਾ ਦਲ ਵਿਚ ਆ ਰਲਦੇ। ਘਰ ਬਾਰ ਖੁੱਸ ਗਏ ਤਾਂ ਕੀ ਸੀ, ਸ਼ਿਵਾਲਕ ਦੀਆਂ ਪਹਾੜੀਆਂ ਦੀ ਗੋਦ ਤਾਂ ਉਹਨਾਂ ਲਈ ਖੁੱਲ੍ਹੀ ਸੀ। ਉੱਥੇ ਉਹ ਆਜ਼ਾਦੀ ਤੇ ਅਣਖ ਨਾਲ ਵਿਚਰਦੇ ਸਨ। ਜਦੋਂ ਦਾਅ ਲੱਗਦਾ ਸੀ ਜਾਂ ਕੋਈ ਮੁਗਲ ਅਧਿਕਾਰੀਆਂ ਦੇ ਵਿਰੁੱਧ ਫਰਿਆਦ ਲੈ ਕੇ ਆਉਂਦਾ ਸੀ, ਜਾ ਹੱਲਾ ਬੋਲਦੇ ਸਨ। ਇਸ ਨਾਲ ਉਹਨਾਂ ਨੂੰ ਜਨਤਾ ਦੀ ਹਮਦਰਦੀ ਪ੍ਰਾਪਤ ਹੁੰਦੀ ਤੇ ਪਹਾੜਾਂ ਵਿਚ ਦਿਨ ਲੰਘਾਉਣ ਲਈ ਰਸਦ-ਪਾਣੀ ਵੀ ਜੁੜ ਜਾਂਦਾ।
1762 ਦੀ ਬਰਸਾਤ ਖਤਮ ਹੋਈ ਤਾਂ ਮੰਨੂੰ ਦਾ ਇਕ ਅਧਿਕਾਰੀ ਪੂਰਬ ਦੀਆਂ ਪਹਾੜੀ ਰਿਆਸਤਾਂ ਤੋਂ ਲਗਾਨ ਵਸੂਲਣ ਆਇਆ। ਉਸਨੇ ਏਨਾ ਜ਼ਿਆਦਾ ਲਗਾਨ ਮੰਗਿਆ, ਜਿੰਨਾਂ ਉਹ ਦੇ ਨਹੀਂ ਸਨ ਸਕਦੇ...ਤੇ ਫੇਰ ਉਸ ਨੇ ਏਨੀ ਸ਼ਕਤੀ ਵਰਤੀ ਕਤੋਚ, ਹਰੀਪਰ ਤੇ ਮੰਡੀ ਦੇ ਰਾਜਿਆਂ ਦੇ ਵਕੀਲ ਫਰਿਆਦ ਲੈ ਕੇ ਜੱਸਾ ਸਿੰਘ ਆਹਲੂਵਾਲੀਆ ਕੋਲ ਆਣ ਪਹੁੰਚੇ। ਸਿੰਘਾਂ ਨੂੰ  ਹੋਰ ਕੀ ਚਾਹੀਦਾ ਸੀ, ਉਹ ਤਾਂ ਅਜਿਹੇ ਮੌਕੇ ਨੂੰ ਉਡੀਕਦੇ ਹੀ ਰਹਿੰਦੇ ਸਨ। ਜੱਸਾ ਸਿੰਘ ਕੁਝ ਹੋਰ ਸਰਦਾਰਾਂ ਨਾਲ ਨਦੌਣ ਆ ਪਹੁੰਚਿਆ, ਜਿੱਥੇ ਮੁਗਲਾਂ ਦੇ ਅਧਿਕਾਰੀ ਨੇ ਡੇਰੇ ਲਾਏ ਹੋਏ ਸਨ। ਉਹ ਵੀ ਅਗੋਂ ਤਿਆਰ ਸੀ। ਪਹਿਲੇ ਦਿਨ ਦੀ ਲੜਾਈ ਵਿਚ, ਛੇਤੀ ਰਾਤ ਪੈ ਜਾਣ ਕਾਰਨ, ਕੋਈ ਫੈਸਲਾ ਨਾ ਹੋ ਸਕਿਆ। ਅਗਲੀ ਸਵੇਰ ਹੁੰਦਿਆਂ ਹੀ ਸਿੰਘਾਂ ਨੇ ਫੇਰ ਉਸਨੂੰ ਜਾ ਲਲਕਾਰਿਆ। ਘਮਾਸਾਨ ਦੀ ਟੱਕਰ ਹੋਈ। ਜੱਸਾ ਸਿੰਘ ਨੇ ਮੁੱਖ ਅਧਿਕਾਰੀ ਨੂੰ ਆਪਣੀ ਗੋਲੀ ਦਾ ਨਿਸ਼ਾਨਾ ਬਣਾਇਆ। ਉਸਦੇ ਡਿੱਗਦਿਆਂ ਹੀ ਮੁਗਲ ਫੌਜ ਭੱਜ ਖੜ੍ਹੀ ਹੋਈ। ਖਾਲਸੇ ਦੀ ਜਿੱਤ ਹੋਈ ਤੇ ਪਾਹੜੀ ਰਾਜਿਆਂ ਨੂੰ ਸੁਖ ਦਾ ਸਾਹ ਮਿਲਿਆ। ਜੱਸਾ ਸਿੰਘ ਰਾਜਿਆਂ ਦੇ ਸ਼ੁਕਰਾਨੇ, ਨਜ਼ਰਾਨੇ ਲੈ ਕੇ ਆਨੰਦਪੁਰ ਪਰਤ ਆਇਆ।
ਜਦੋਂ ਮੀਰ ਮੰਨੂੰ ਨੂੰ ਨਦੌਣ ਦੀ ਹਾਰ ਦੀ ਖਬਰ ਮਿਲੀ, ਉਹ ਤੜਫ ਉਠਿਆ। ਉਸਨੇ ਦੁਆਬਾ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਤਾਕੀਦ ਕੀਤੀ ਕਿ ਉਹ ਸਿੱਖਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰੇ। ਮਕਬੂਲ ਬੁਟੀ ਦੀ ਲੜਾਈ ਵਿਚ ਉਸਦੇ ਗੱਦਾਰੀ ਭਰੇ ਰੱਵਈਏ ਕਾਰਨ ਮੰਨੂੰ ਦੇ ਦਿਲ ਵਿਚ ਜਿਹੜੀ ਮਾੜੀ ਭਾਵਨਾਂ ਪੈਦਾ ਹੋ ਗਈ ਸੀ, ਅਦੀਨਾ ਬੇਗ ਉਸਨੂੰ ਧੋ ਦੇਣਾ ਚਾਹੁੰਦਾ ਸੀ। ਦੂਜਾ ਸੀਮਾ ਦੇ ਇਲਾਕੇ ਵਿਚ ਸਿੰਘਾਂ ਦੀ ਤਾਕਤ ਦਾ ਵਧਣਾ ਨਾ ਸਿਰਫ ਮੰਨੂੰ ਲਈ ਬਲਕਿ ਖ਼ੁਦ ਉਸਦੇ ਲਈ ਵੀ ਖਤਰਨਾਕ ਸੀ। ਉਸਨੇ ਸਿੰਘਾਂ ਉਪਰ ਹਮਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ।
18, 19 ਫਰਬਰੀ 1753 ਨੂੰ ਆਨੰਦਪੁਰ ਵਿਚ ਹੋਲੇ-ਮਹੱਲੇ ਦਾ ਮੇਲਾ ਸੀ। ਸਿੱਖ ਇਸ ਮੇਲੇ ਵਿਚ ਭਾਰੀ ਗਿਣਤੀ ਵਿਚ ਇਕੱਠੇ ਹੋਏ ਸਨ। ਉਹਨਾਂ ਵਿਚ ਬੁੱਢੇ, ਬੱਚੇ ਤੇ ਔਰਤਾਂ ਵੀ ਸਨ ਤੇ ਇਧਰ ਉਧਰ ਖਿੱਲਰੇ ਹੋਏ ਸਨ। ਲੜਾਈ ਦਾ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ। ਮੇਲਾ, ਮੇਲਾ ਸੀ। ਅਦੀਨਾ ਬੇਗ ਤੇ ਸਦੀਕ ਬੇਗ ਨੇ ਅਚਾਨਕ ਹੱਲਾ ਬੋਲ ਦਿੱਤਾ। ਸਿੱਖਾਂ ਵਿਚ ਭਗਦੜ ਮੱਚ ਗਈ। ਜੱਸਾ ਸਿੰਘ ਆਹਲੂਵਾਲੀਆ ਤੇ ਚੜ੍ਹਤ ਸਿੰਘ ਸ਼ੁਕਰਚੱਕੀਆ ਨੂੰ ਇਸ ਦਾ ਪਤਾ ਲੱਗਿਆ ਤਾਂ ਉਹ ਮੁਕਾਬਲਾ ਕਰਨ ਆ ਪਹੁੰਚੇ, ਪਰ ਸਿੰਘ ਇਧਰ ਉਧਰ ਭੱਜ ਨਿਕਲੇ ਸਨ। ਉਹਨਾਂ ਨੂੰ ਲੜਾਈ ਲਈ ਇਕੱਠੇ ਕਰਨਾ ਅਸੰਭਵ ਸੀ। ਬਹੁਤ ਸਾਰੇ ਨਿਹੱਥੇ ਸਿੱਖ ਔਰਤਾਂ, ਬੱਚੇ ਤੇ ਬੁੱਢੇ ਸ਼ਹੀਦ ਹੋਏ ਤੇ ਅਨੇਕਾਂ ਫੱਟੜ। ਚੜ੍ਹਤ ਸਿੰਘ ਦੇ ਵੀ ਇਕ ਫੱਟ ਲੱਗਿਆ, ਜਿਹੜਾ ਕਾਫੀ ਡੂੰਘਾ ਸੀ ਪਰ ਛੇਤੀ ਹੀ ਉਹ ਠੀਕ ਹੋ ਗਿਆ।
ਕਸੂਰ ਦੇ ਪਠਾਨਾਂ ਨੇ ਮੀਰ ਮੋਮਿਨ ਖਾਂ ਤੇ ਹੁਸੈਨ ਬੇਗ ਦੀ ਅਗਵਾਨੀ ਵਿਚ ਸਿੱਖਾਂ ਵਿਰੁੱਧ ਦੋ ਮੁਹਿੰਮਾਂ ਚਲਾਈਆਂ। ਇਕ ਵਾਰੀ ਮੀਰ ਮੰਨੂੰ ਨੂੰ ਪਤਾ ਲੱਗਿਆ ਕਿ ਸਿੰਘ ਬਟਾਲੇ ਵਿਚ ਡੇਰਾ ਲਾਈ ਬੈਠੇ ਹਨ ਤੇ ਉਹਨਾਂ ਨੇ ਆਵਾਜਾਈ ਰੋਕ ਦਿੱਤੀ ਹੈ। ਉਸਦੇ ਹੁਕਮ ਨਾਲ ਸੱਯਦ ਜਮੀਉਲਦੀਨ ਤੇ ਬਖ਼ਸ਼ੀ ਗਾਜੀ ਖਾਂ ਬੇਗ ਨੇ ਉਹਨਾਂ ਦੇ ਖ਼ਿਲਾਫ਼ ਚੜ੍ਹਾਈ ਕਰ ਦਿੱਤੀ। ਸਿੰਘਾਂ ਨੇ ਰਾਮ-ਰੌਣੀ ਵਿਚ ਜਾ ਸ਼ਰਨ ਲਈ। ਉਹਨਾਂ ਦੀ ਗਿਣਤੀ ਨੌਂ ਸੌ ਦੇ ਲਗਭਗ ਸੀ। ਉਹ ਸਾਰੇ ਦੇ ਸਾਰੇ ਕਤਲ ਕਰ ਦਿੱਤੇ ਗਏ।
ਲਾਹੌਰ ਵਿਚ ਵਾਪਸੀ ਸਮੇਂ ਮੀਰ ਮੰਨੂੰ ਨੇ ਸ਼ਹਿਰ ਤੋਂ ਸੱਤ ਕੋਹ ਦੇ ਫਾਸਲੇ ਉਪਰ ਰਾਵੀ ਕੰਢੇ ਡੇਰਾ ਲਾ ਦਿੱਤਾ। ਖਵਾਜ਼ਾ ਮਿਰਜ਼ਾ ਦੀ ਅਗਵਾਈ ਵਿਚ ਉੱਥੇ ਉੱਥੇ ਸੈਨਕ ਭੇਜੇ ਜਿੱਥੇ ਜਿੱਥੇ ਸਿੰਘਾਂ ਦੇ ਹੋਣ ਦੀ ਖਬਰ ਮਿਲੀ। ਖਵਾਜ਼ਾ ਹਰ ਰੋਜ਼ ਤੀਹ ਕੋਹ ਦੇ ਇਲਾਕੇ ਵਿਚ ਪੁੱਛ ਪੜਤਾਲ ਕਰਦਾ। ਜਿੱਥੇ ਵੀ ਸਿੱਖਾਂ ਦੇ ਹੋਣ ਦੀ ਸੂੰਹ ਮਿਲਦੀ, ਉਹ ਉਹਨਾਂ ਉਪਰ ਝਪਟਦਾ ਤੇ ਕਤਲ ਕਰ ਦਿੰਦਾ। ਜਿਹੜਾ ਵੀ ਸਿੱਖਾਂ ਨੂੰ ਗਿਰਫ਼ਤਾਰ ਕਰਕੇ ਲਿਆਉਂਦਾ, ਸਿਰ ਕੱਟ ਕੇ ਲਿਆਉਂਦਾ ਜਾਂ ਉਹਨਾਂ ਦੇ ਘੋੜੇ ਖੋਹ ਕੇ ਲਿਆਉਂਦਾ, ਉਸਨੂੰ ਇਨਾਮ ਮਿਲਦਾ। ਨਖਾਸ ਚੌਂਕ ਵਿਚ ਸਿੱਖਾਂ ਨੂੰ ਚਰਖੀਆਂ ਉਪਰ ਚੜ੍ਹਾ ਕੇ, ਕੋੜੇ ਮਾਰ ਮਾਰ ਕੇ ਜਾਂ ਕਈ ਕਿਸਮ ਦੇ ਹੋਰ ਤਸੀਹੇ ਦੇ ਕੇ ਮਾਰਿਆ ਜਾਂਦਾ। ਇਹਨਾਂ ਸਾਰੀਆਂ ਸਖਤੀਆਂ ਦਾ ਸਾਹਮਣਾ ਉਹਨਾਂ ਸਿੱਖਾਂ ਨੂੰ ਵੀ ਕਰਨਾ ਪੈਂਦਾ, ਜਿਹਨਾਂ ਨੂੰ ਅਦੀਨਾ ਬੇਗ ਦੁਆਬਾ ਜਲੰਧਰ ਦੇ ਇਲਾਕੇ ਵਿਚੋਂ ਫੜ੍ਹ ਕੇ ਭੇਜਦਾ ਸੀ।
ਸਿੱਖਾਂ ਦੇ ਘਰਾਂ ਨੂੰ ਆਦਮੀਆਂ ਤੋਂ ਖਾਲੀ ਦੇਖ ਕੇ ਔਰਤਾਂ ਤੇ ਬੱਚਿਆਂ ਨੂੰ ਫੜ੍ਹ ਲਿਆ ਜਾਂਦਾ, ਲਾਹੌਰ ਲਿਆਂਦਾ ਜਾਂਦਾ ਤੇ ਨਖਾਸ ਚੌਂਕ ਦੇ ਕੋਲ ਹੀ ਹਨੇਰੀਆਂ ਤੰਗ ਕੋਠੜੀਆਂ ਵਿਚ ਬੰਦਾ ਕਰ ਦਿੱਤਾ ਜਾਂਦਾ। ਖਾਣ ਲਈ ਪੌਣੀ ਰੋਟੀ ਮਿਲਦੀ ਤੇ ਹਰ ਰੋਜ਼ ਸਵਾ ਮਣ ਅਨਾਜ ਪਿਸਵਾਇਆ ਜਾਂਦਾ। ਇਹਨਾਂ ਔਰਤਾਂ ਵਿਚ ਭੂਪੇ ਦੀ ਮਾਂ ਸਤਵੰਤ ਕੌਰ ਵੀ ਸੀ। ਜਦੋਂ ਉਹਨਾਂ ਨੂੰ ਧਰਮ ਬਦਲਣ ਲਈ ਕਿਹਾ ਗਿਆ ਤਾਂ ਸਤਵੰਤ ਕੌਰ ਨੇ ਉਤਰ ਦਿੱਤਾ, “ਅਸੀਂ ਤੁਹਾਡੇ ਉਸ ਮਜਹਬ ਉੱਤੇ ਜਿਹੜਾ ਤੁਹਾਨੂੰ ਜੁਲਮ ਢਾਉਣਾ ਤੇ ਹੱਤਿਆਵਾਂ ਕਰਨਾ ਸਿਖਾਉਂਦਾ ਹੈ¸ਥੂਹ-ਥੂਹ¸ਸੌ ਵਾਰੀ ਥੁੱਕਦੇ ਹਾਂ।” ਉਹਨਾਂ ਦੇ ਦੁੱਧ ਪੀਂਦੇ ਬੱਚਿਆਂ ਦੇ ਟੋਟੇ-ਟੋਟੇ ਕਰਕੇ ਉਹਨਾਂ ਦੀਆਂ ਝੋਲੀਆਂ ਵਿਚ ਪਾ ਦਿੱਤਾ ਜਾਂਦਾ ਸੀ। ਫੇਰ ਵੀ ਉਹ ਅੜੀਆਂ ਰਹਿੰਦੀਆਂ ਤੇ ਸ਼ਾਂਤ-ਸਿੱਥਲ ਆਵਾਜ਼ ਵਿਚ ਕਹਿੰਦੀਆਂ, “ਅਸੀਂ ਇਹਨਾਂ ਨੂੰ ਸ਼ਹੀਦ ਹੋਣ ਲਈ ਜੰਮਿਆਂ ਸੀ। ਚੰਗਾ ਹੈ, ਹੁਣੇ ਸ਼ਹੀਦ ਹੋ ਗਏ।”
ਔਰਤਾਂ ਤੇ ਬੱਚਿਆਂ ਉਪਰ ਜੁਲਮ ਹੁੰਦੇ ਦੇਖ ਕੇ ਸ਼ਹਿਰ ਵਿਚ ਹਾਹਾਕਾਰ ਮੱਚ ਗਈ। ਭਲੇ ਮੁਸਲਮਾਨਾਂ ਨੇ ਵੀ ਇਸ ਦੇ ਖ਼ਿਲਾਫ਼ ਆਵਾਜ਼ ਉਠਾਈ ਪਰ ਮੰਨੂੰ ਦੇ ਕੰਨ ਉੱਤੇ ਜੂੰ ਨਾ ਸਰਕੀ।
ਸਿੱਖਾਂ ਦਾ ਇਹ ਕਤਲੇਆਮ 1753 ਤਕ ਬੜੇ ਜ਼ੋਰ-ਸ਼ੋਰ ਨਾਲ ਹੁੰਦਾ ਰਿਹਾ ਤੇ ਇਹ ਮੰਨੂੰ ਦੀ ਮੌਤ ਨਾਲ ਹੀ ਖਤਮ ਹੋਇਆ।
ਇਸ ਸਾਲ ਦੀਵਾਲੀ 26 ਅਕਤੂਬਰ ਦੀ ਸੀ। ਸਿੰਘ ਸਰਕਾਰੀ ਮੁਖ਼ਬਰਾਂ ਤੇ ਪਹਿਰੇਦਾਰਾਂ ਦੀ ਅੱਖ ਬਚਾਅ ਕੇ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪਹੁੰਚ ਗਏ ਤੇ ਸਰੋਵਰ ਵਿਚ ਇਸ਼ਨਾਨ ਕਰਕੇ ਨੌਂ ਦੋ ਗਿਆਰਾਂ ਹੋ ਗਏ। ਇਹਨੀਂ ਦਿਨੀਂ ਮੀਰ ਮੰਨੂੰ ਖ਼ੁਦ ਫੌਜ ਲੈ ਕੇ ਸਿੱਖਾਂ ਦਾ ਸ਼ਿਕਾਰ ਕਰਨ ਜਾਂਦਾ ਹੁੰਦਾ ਸੀ। ਉਸ ਨੂੰ ਹਲਕਾਰਿਆਂ ਨੇ ਖਬਰ ਦਿੱਤੀ ਕਿ ਮਲਿਕਪੁਰ ਪਿੰਡ ਦੇ ਕੋਲ ਸਿੰਘ ਗੰਨੇ ਦੇ ਖੇਤਾਂ ਵਿਚ ਛੁਪੇ ਬੈਠੈ ਹਨ। ਮੀਰ ਮੰਨੂੰ ਨੇ ਝੱਟ ਉਹਨਾਂ ਉੱਤੇ ਚੜ੍ਹਾਈ ਕਰ ਦਿੱਤੀ ਤੇ ਖੇਤਾਂ ਵਿਚ ਛੁਪੇ ਬੈਠੇ ਸਿੰਘਾਂ ਨੂੰ ਜਾ ਘੇਰਿਆ। ਉੱਥੇ ਸਿੰਘਾਂ ਦੀ ਤਾਦਾਦ ਕਾਫੀ ਸੀ, ਪਰ ਵਧੇਰੇ ਬੁੱਢੇ, ਬੱਚੇ ਤੇ ਔਰਤਾਂ ਸਨ। ਜਦੋਂ ਦੇਖਿਆ ਕਿ ਦੁਸ਼ਮਣ ਸੈਨਾ ਨੇ ਘੇਰ ਲਿਆ ਹੈ ਤਾਂ ਸਿੰਘਾਂ ਨੇ ਆਪਣੇ ਬਚਾਅ ਲਈ ਬਾਹਰ ਵੱਲ ਗੋਲੀਆਂ ਦੀ ਵਾਛੜ ਕਰ ਦਿੱਤੀ। ਮੰਨੂੰ ਦਾ ਘੋੜਾ ਤ੍ਰਭਕ ਕੇ ਸਿੱਧਾ ਖੜ੍ਹਾ ਹੋ ਗਿਆ। ਮੰਨੂੰ ਘੋੜੇ ਤੋਂ ਹੇਠਾਂ ਡਿੱਗ ਪਿਆ, ਪਰ ਉਸਦਾ ਇਕ ਪੈਰ ਰਕਾਬ ਵਿਚ ਫਸਿਆ ਰਹਿ ਗਿਆ। ਘੋੜਾ ਪੂਰੀ ਰਫ਼ਤਾਰ ਨਾਲ ਦੌੜਿਆ ਤੇ ਉਸ ਨੂੰ ਕੰਡਿਆਂ ਝਾੜੀਆਂ ਘਸੀਟਦਾ ਹੋਇਆ ਲੈ ਗਿਆ। ਜਦੋਂ ਘੋੜਾ ਲਾਹੌਰ ਪਹੁੰਚਿਆ ਮੰਨੂੰ ਦਾ 'ਭੌਰ' ਉਡ ਚੁੱਕਿਆ ਸੀ।
ਮੰਨੂੰ ਦੇ ਘੋੜੇ ਤੋਂ ਡਿੱਗ ਕੇ ਮਰ ਜਾਣ ਦੀ ਖਬਰ ਨਾਲ ਸ਼ਹਿਰ ਵਿਚ ਅਫਰਾ-ਤਫਰੀ ਫੈਲ ਗਈ। ਫੌਜੀਆਂ ਨੂੰ ਕਾਫੀ ਚਿਰ ਤੋਂ ਤਨਖਾਹ ਨਹੀਂ ਸੀ ਮਿਲੀ। ਉਹਨਾਂ ਮੰਨੂੰ ਦੀ ਲਾਸ਼ ਉੱਤੇ ਕਬਜਾ ਕਰ ਲਿਆ ਕਿ ਜਦੋਂ ਤਕ ਸਾਡੀ ਤਨਖਾਹ ਨਹੀਂ ਮਿਲੇਗੀ, ਅਸੀਂ ਵਾਪਸ ਨਹੀਂ ਕਰਾਂਗੇ। ਅਫਰਾ-ਤਫਰੀ ਦੀ ਇਸ ਹਾਲਤ ਵਿਚ ਗੰਨੇ ਦੇ ਖੇਤਾਂ ਵਿਚ ਛੁਪੇ ਸਿੱਖਾਂ ਦਾ ਇਕ ਘੋੜਸਵਾਰ ਜੱਥਾ ਬੜੀ ਤੇਜ਼ੀ ਨਾਲ ਲਾਹੌਰ ਆਇਆ ਤੇ ਨਖਾਸ ਚੌਂਕ ਦੀਆਂ ਹਨੇਰੀਆਂ-ਭੀੜੀਆਂ ਕੋਠੜੀਆਂ ਵਿਚੋਂ ਔਰਤਾਂ ਤੇ ਬੱਚਿਆਂ ਨੂੰ ਘੋੜਿਆਂ ਦੇ ਅੱਗੇ ਪਿੱਛੇ ਬਿਠਾ ਕੇ ਕੱਢ ਕੇ ਲੈ ਗਿਆ।
***

No comments:

Post a Comment