Wednesday 11 August 2010

ਬੋਲੇ ਸੋ ਨਿਹਾਲ : ਛੱਬੀਵੀਂ ਕਿਸ਼ਤ :-

ਛੱਬੀਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਹੁਣ ਜਦੋਂ ਅਹਿਮਦ ਸ਼ਾਹ ਅਬਦਾਲੀ ਅਫ਼ਗਾਨਿਸਤਾਨ ਵਾਪਸ ਚਲਾ ਗਿਆ ਸੀ, ਸਿੱਖਾਂ ਨੇ ਦੋ ਕੰਮ ਕਰਨੇ ਸਨ—ਇਕ ਸੀ ਅਬਦਾਲੀ ਨੇ ਪੇਸ਼ਾਵਰ ਤੋਂ ਦਿੱਲੀ ਤਕ ਆਪਣੀ ਬਿਸਾਤ ਉੱਤੇ ਜਿਹੜੇ ਮੋਹਰੇ ਬਿਠਾਏ ਸਨ ਉਹਨਾਂ ਨੂੰ  ਕੁੱਟਣਾ, ਮਾਰਨਾ ਤੇ ਖਿਲਾਰਣਾ। ਦੂਜਾ ਕੰਮ ਸੀ ਹਰਿਮੰਦਰ ਸਾਹਬ ਦਾ ਨਿਰਮਾਣ ਤੇ ਸਰੋਵਰ ਦੀ ਖ਼ੁਦਾਈ। ਸਰਦਾਰ ਆਹਲੂਵਾਲੀਆ ਨੇ ਦਲ ਖਾਲਸਾ ਦੇ ਸਰਦਾਰਾਂ ਨੂੰ ਸੱਦਾ ਭੇਜਿਆ ਤੇ ਸਰਬਤ ਖਾਲਸਾ ਨੇ ਫੈਸਲਾ ਲਿਆ ਕਿ ਦੁਆਬੇ ਤੇ ਮਾਲਵੇ ਦੀਆਂ ਮਿਸਲਾਂ—ਆਹਲੂਵਾਲੀਆ, ਸਿੰਘ ਪੁਰੀਆ, ਡੱਲੇ ਵਾਲੀਆ, ਕਰੋੜ ਸਿੰਘੀਆ, ਨਿਸ਼ਾਨ ਵਾਲੇ ਤੇ ਸ਼ਹੀਦ, ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਅਬਦਾਲੀ ਦੇ ਮੋਹਰਿਆਂ ਨੂੰ ਉਜਾੜਨ-ਉਖਾੜਨਗੇ ਤੇ ਜਿਸ ਕਿਸੇ ਨੇ ਵੀ ਖਾਲਸੇ ਉਪਰ ਵਾਧਾ ਕੀਤਾ ਸੀ, ਉਸਦੀ ਭਾਜੀ ਮੋੜਨਗੇ ਤਾਂਕਿ ਪੰਜਾਬ ਦੀ ਧਰਤੀ ਤੋਂ ਬਾਹਰੀ ਤੇ ਅੰਦਰੂਨੀ ਦੁਸ਼ਮਣਾ ਦਾ ਸਫਾਇਆ ਕੀਤਾ ਜਾ ਸਕੇ। ਦੂਜੇ ਪਾਸੇ ਮਾਝੇ ਤੇ ਰਿਆੜ ਦੀਆਂ ਮਿਸਲਾਂ—ਰਾਮਗੜ੍ਹੀਆ, ਕਨ੍ਹਈਆ, ਸ਼ੁਕਰ ਚੱਕੀਆ, ਭੰਗੀ ਅਤੇ ਨਕਈ ਹਰੀ ਸਿੰਘ ਭੰਗੀ ਦੀ ਅਗਵਾਈ ਵਿਚ ਹਰਿਮੰਦਰ ਤੇ ਸਰੋਵਰ ਦੇ ਨਿਰਮਾਣ ਦਾ ਕੰਮ ਕਰਨਗੀਆਂ।
10 ਅਪਰੈਲ 1763 ਦੀ ਵਿਸਾਖੀ ਸੀ। ਇਸ ਸਮੇਂ ਖਾਲਸੇ ਦਾ ਬੋਲਬਾਲਾ ਸੀ। ਰਾਜਨੀਤਕ, ਸਮਾਜਿਕ ਤੇ ਧਾਰਮਿਕ ਮਾਮਲਿਆਂ ਵਿਚ ਉਹ ਸਭ ਦੀ ਫ਼ਰਿਆਦ ਸੁਣਦਾ ਸੀ ਤੇ ਦੀਨ ਦੁਖੀਆਂ ਦੇ ਕੰਮ ਆਉਂਦਾ ਸੀ। ਇਸ ਦਿਨ ਦੀਵਾਨ ਸਜਿਆ ਹੋਇÎਆ ਸੀ ਤੇ ਹਰੀ ਸਿੰਘ ਭੰਗੀ ਉੱਥੇ ਬੈਠਾ ਸੀ। ਇਕ ਬ੍ਰਾਹਮਣ ਨੇ ਆ ਕੇ ਫ਼ਰਿਆਦ ਕੀਤੀ ਕਿ ਉਸਮਾਨ ਖ਼ਾਂ ਕਸੂਰੀਆ ਉਸਦੀ ਪਤਨੀ ਨੂੰ ਚੁੱਕ ਕੇ ਲੈ ਗਿਆ ਹੈ। ਹਰੀ ਸਿੰਘ ਬ੍ਰਾਹਮਣ ਦੀ ਮਦਦ ਲਈ ਤਿਆਰ ਹੋ ਗਿਆ, ਪਰ ਕੁਝ ਸਿੱਖਾਂ ਨੇ ਵਿਰੋਧ ਕੀਤਾ...ਤਰਕ ਇਹ ਸੀ ਕਿ ਕਸੂਰ ਦੇ ਪਠਾਨ ਬੜੇ ਤਾਕਤਵਰ ਨੇ;  ਉੱਥੇ ਅਨੇਕਾਂ ਗੜ੍ਹੀਆਂ ਬਣੀਆਂ ਹੋਈਆਂ ਨੇ, ਜਿਹਨਾਂ ਵਿਚ ਗੋਲਾ ਬਾਰੂਦ ਤੇ ਹਥਿਆਰ ਭਰੇ ਪਏ ਨੇ, ਦੂਜੇ ਪਠਾਨ ਉਸਦੀ ਮਦਦ ਲਈ ਆ ਜਾਣਗੇ ਜਦਕਿ ਖਾਲਸੇ ਦੀ ਨਫਰੀ ਬੜੀ ਘੱਟ ਹੈ।
ਹਰੀ ਸਿੰਘ ਨੇ ਉਤਰ ਦਿੱਤਾ, “ਇਸ ਬ੍ਰਾਹਮਣ ਨੇ ਗੁਰੂ ਦੇ ਦਰਬਾਰ ਵਿਚ ਪੁਕਾਰ ਕੀਤੀ ਏ। ਇਸ ਲਈ ਇਸਦੀ ਸਹਾਇਤਾ ਕਰਨਾ ਸਾਡਾ ਫ਼ਰਜ਼ ਬਣਦਾ ਹੈ।”
ਚੜ੍ਹਤ ਸਿੰਘ ਨੇ ਤਲਵਾਰ ਮਿਆਨ ਵਿਚੋਂ ਕੱਢ ਕੇ ਕਿਹਾ, “ਸ਼੍ਰੀ ਦਰਬਾਰ ਸਾਹਬ ਵਿਚ ਗ੍ਰੰਥ ਸਾਹਬ ਦੀ ਹਜ਼ੂਰੀ ਵਿਚ ਅਰਦਾਸ ਕਰ ਕੇ ਵਾਕ ਲਿਆ ਜਾਵੇ ਤੇ ਜੋ ਹੁਕਮ ਹੋਵੇ, ਉਸਦੀ ਪਾਲਨਾ ਕੀਤੀ ਜਾਵੇ।”
ਇਹ ਗੱਲ ਸਾਰਿਆਂ ਨੇ ਮੰਨ ਲਈ। ਗ੍ਰੰਥ ਸਾਹਬ ਦੇ ਪੰਨੇ ਉਲਦੇ ਗਏ, ਜਿਹੜਾ ਪੰਨਾ ਖੁੱਲ੍ਹਿਆ ਉਸ ਉੱਤੇ ਪਹਿਲਾ ਵਾਕ ਇਹ ਸੀ—
ਪੰਜੇ ਬੰਧੇ ਮਹਾਬਲੀ ਕਰਿ ਸਚਾ ਢੋਆ
ਆਪਣੇ ਚਰਨ ਜਮਾਈ ਨੂ ਵਿਚ ਦਾਯੁ ਖਾਲੋਆ।
ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ।
ਦਿਨ ਰੈਣੀ ਨਾਮੁ ਧਿਆਈਆ ਫਿਰਿ ਪਾਈ ਨ ਮੋਆ।
ਜਿਸਤੋਂ ਤੇ ਉਪਜਿਆ ਨਾਨਕ ਸੋਈ ਫਿਰਿ ਹੋਆ।
( ਜਿਸਨੇ ਲੋਭ, ਮੋਹ, ਕਰੋਧ, ਹੰਕਾਰ ਤੇ ਕਾਮ ਵਰਗੇ ਮਹਾਬਲੀਆਂ ਨੂੰ ਜਿੱਤ ਲਿਆ ਉਸ ਦੇ ਸਭ ਰੋਗ ਮਿਟ ਜਾਂਦੇ ਨੇ ਤੇ ਉਹ ਹਮੇਸ਼ਾ ਸਵਸਥ ਤੇ ਸੁਕੁਸ਼ਲ ਰਹਿੰਦਾ ਹੈ। ਨਾਨਕ ਜਿਹੜਾ ਦਿਨ-ਰਾਤ ਰਾਮ ਨਾਮ ਜਪਦਾ ਹੈ, ਉਹ ਕਦੀ ਮਰਦਾ ਨਹੀਂ, ਜਿਸ ਤੋਂ ਉਪਜਿਆ ਹੈ ਉਸੇ ਵਿਚ ਵਿਲੀਨ ਹੋ ਜਾਂਦਾ ਹੈ।)
ਇਸ ਮਹਾਵਾਕ ਨਾਲ ਖਾਲਸੇ ਦੇ ਸਾਰੇ ਸ਼ੰਕੇ ਮਿਟ ਗਏ। ਉਹਨਾਂ ਤੁਰੰਤ ਕਸੂਰ ਉੱਤੇ ਚੜ੍ਹਾਈ ਕਰ ਦਿੱਤੀ। ਰਸਤੇ ਵਿਚ ਨਾ ਝੰਡੇ ਲਹਿਰਾਏ ਨਾ ਨਗਾਰੇ ਵਜਾਏ ਤੇ ਨਾ ਹੀ ਕਿਸੇ ਨੂੰ ਛੇੜਿਆ। ਦੁਕਾਨਦਾਰਾਂ ਤੇ ਸੁਦਾਗਰਾਂ ਦੇ ਭੇਸ ਵਿਚ ਆਪਣੇ ਕੁਝ ਜਾਸੂਸ ਅੱਗੇ ਭੇਜ ਦਿੱਤੇ ਸਨ। ਰਮਜਾਨ ਦਾ ਮਹੀਨਾ ਸੀ ਤੇ ਅੰਤਾਂ ਦੀ ਗਰਮੀ ਪੈ ਰਹੀ ਸੀ। ਉਹ ਖ਼ਬਰ ਲਿਆਏ ਕਿ ਪਠਾਨ ਭੋਰਿਆਂ ਵਿਚ ਦਿਨ ਗੁਜ਼ਾਰ ਰਹੇ ਨੇ। ਸਿੱਖ ਚੁੱਪਚਾਪ ਤੇ ਅਚਾਨਕ ਸਿਖਰ ਦੁਪਹਿਰੇ ਸ਼ਹਿਰ ਵਿਚ ਜਾ ਦਾਖਲ ਹੋਏ।
ਸ਼ਹਿਰ ਦੇ ਦਰਵਾਜ਼ੇ ਬੰਦ ਕਰਕੇ ਉਹਨਾਂ ਉੱਤੇ ਆਪਣਾ ਪਹਿਰਾ ਬਿਠਾ ਦਿੱਤਾ। ਆਵਾਜਾਈ ਦਾ ਸਿਲਸਿਲਾ ਬੰਦ ਹੋ ਗਿਆ। ਮਾਮੂਲੀ ਜਿਹੀ ਲੜਾਈ ਹੋਈ। ਉਸਮਾਨ ਖ਼ਾਂ ਆਪਣੇ ਪੰਜ ਸੌ ਆਦਮੀਆਂ ਨਾਲ ਮਾਰਿਆ ਗਿਆ। ਬ੍ਰਾਹਮਣ ਦੀ ਪਤਨੀ ਉਸਦੇ ਹਵਾਲੇ ਕਰ ਦਿੱਤੀ ਗਈ। ਉਸਮਾਨ ਖ਼ਾਂ ਦੇ ਭਤੀਜੇ ਹਮੀਦ ਖ਼ਾਂ ਨੇ ਸਰਦਾਰ ਝੰਡਾ ਸਿੰਘ ਦੇ ਪੈਰਾਂ ਉੱਤੇ ਡਿੱਗ ਕੇ ਜਾਨ ਬਖ਼ਸ਼ ਦੇਣ ਦੀ ਅਰਜੋਈ ਕੀਤੀ ਤੇ ਇਸ ਲਈ ਚਾਰ ਲੱਖ ਰੁਪਏ ਨਜ਼ਰਾਨਾ ਦਿੱਤਾ। ਉਸ ਤੋਂ ਬਾਅਦ ਲੁੱਟ ਮੱਚੀ। ਸ਼ਹਿਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਸਨ। ਲੁੱਟ ਵਿਚ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਸ਼ਾਮਲ ਹੋ ਗਏ। ਇਸ ਲੁੱਟ ਵਿਚ ਏਨਾ ਧਨ ਹੱਥ ਲੱਗਿਆ ਕਿ ਬਹੁਤਿਆਂ ਦੇ ਦਲਿੱਦਰ ਦੂਰ ਹੋ ਗਏ ਤੇ ਕਸੂਰ ਸ਼ਹਿਰ ਬਰਬਾਦ ਹੋ ਗਿਆ।
ਜੱਸਾ ਸਿੰਘ  ਆਹਲੂਵਾਲੀਆ ਆਪਣੀ ਡੱਲੇਵਾਲੀਆ ਤੇ ਸਿੰਘ ਪੁਰੀਆ ਮਿਸਲ ਨਾਲ ਜਲੰਧਰ ਦੁਆਬੇ ਵਿਚ ਪਹੁੰਚਿਆ,  ਇੱਥੇ ਅਹਿਮਦ ਸ਼ਾਹ ਅਬਦਾਲੀ, ਸਆਦਤ ਖ਼ਾਂ ਨੂੰ ਫੌਜਦਾਰ ਥਾਪ ਕੇ ਗਿਆ ਸੀ। ਸਆਦਤ ਖ਼ਾਂ ਦੀ ਹਿੰਮਤ ਹੀ ਨਹੀਂ ਪਈ ਕਿਸ ਸਿੰਘਾਂ ਨਾਲ ਟੱਕਰ ਲੈ ਸਕੇ। ਉਹ ਚੁੱਪਚਾਪ ਜਲੰਧਰ ਵਿਚ ਬੈਠਾ ਰਿਹਾ। ਜਿਹੜੇ ਇਲਾਕੇ ਪਹਿਲਾਂ ਸਿੱਖਾਂ ਦੀ ਰਾਖੀ ਪ੍ਰਣਾਲੀ ਦੇ ਅਧੀਨ ਸਨ, ਉਹਨਾਂ ਉਪਰ ਮੁੜ  ਕਬਜਾ ਕਰ ਲਿਆ ਗਿਆ।
1763 ਦੀ ਵਿਸਾਖੀ ਨੂੰ ਜੱਸਾ ਸਿੰਘ ਆਨੰਦਪੁਰ ਵਿਚ ਸੀ। ਉੱਥੇ ਗੁਰੂਦਵਾਰਿਆਂ ਦੇ ਦਰਸ਼ਨਾ ਲਈ ਆਏ ਸਿੰਘਾਂ ਨੇ ਦੱਸਿਆ ਕਿ ਕਾਠਗੜ੍ਹ ਦਾ ਗੋਲੇ ਖ਼ਾਂ ਤੇ ਗੜ੍ਹ ਸ਼ੰਕਰ ਦੇ ਰੰਘੜ ਰਸਤੇ ਵਿਚ ਸੰਗਤਾਂ ਨੂੰ ਲੁੱਟ ਲੈਂਦੇ ਹਨ। “ਰੰਘੜਾਂ ਦੀ ਇਹ ਹਿੰਮਤ ਕਿ ਉਸ ਸਾਡੇ ਹੁੰਦਿਆਂ ਸੰਗਤਾਂ ਨੂੰ ਲੁੱਟ ਲੈਣ...” ਜੱਸਾ ਸਿੰਘ ਨੂੰ ਗੁੱਸਾ ਆ ਗਿਆ ਤੇ ਉਸਨੇ ਤੁਰੰਤ ਦੋਹੇਂ ਇਲਾਕੇ ਆਪਣੇ ਕਬਜੇ ਵਿਚ ਲੈ ਲਏ।
ਆਨੰਦਪੁਰ ਤੋਂ ਖਾਲਸਾ ਦਲ ਮਾਲਵੇ ਵਿਚ ਆ ਗਿਆ। ਮਲੇਰਕੋਟਲੀਏ ਭੀਖਨ ਖ਼ਾਂ ਨੇ ਘੱਲੂਘਾਰੇ ਵਿਚ ਅਹਿਮਦ ਸ਼ਾਹ ਅਬਦਾਲੀ ਦਾ ਸਾਥ ਦੇ ਕੇ ਸਿੱਖਾਂ ਨੂੰ ਖਾਸਾ ਨੁਕਸਾਨ ਪੁਚਾਇਆ ਸੀ। ਹੁਣ ਦਲ ਖਾਲਸ ਨੇ ਮਲੇਰਕੋਟਲੇ ਦਾ ਪੂਰਾ ਇਲਾਕਾ ਮਿੱਧ ਸੁੱਟਿਆ ਤੇ ਨਵਾਬ ਭੀਖਨ ਖ਼ਾਂ ਇਕ ਲੜਾਈ ਵਿਚ ਮਾਰਿਆ ਗਿਆ। ਇਸ ਪਿੱਛੋਂ ਦਲ ਖਾਲਸਾ ਨੇ ਸਰਹਿੰਦ ਵਲ ਕੂਚ ਕੀਤਾ ਤੇ ਆਸਪਾਸ ਦਾ ਇਲਾਕਾ ਉਗਰਾ ਲਿਆ।
ਬਰਸਾਤ ਸ਼ੁਰੂ ਹੋਈ ਤਾਂ ਖਾਲਸਾ ਦੁਆਬੇ ਵਿਚ ਪਰਤ ਆਇਆ ਤੇ ਦੋ ਢਾਈ ਮਹੀਨੇ ਆਰਾਮ ਕੀਤਾ।
5 ਮਾਰਚ, 1763 ਦੀ ਦੀਵਾਲੀ ਸੀ। ਸਰਬਤ ਖਾਲਸਾ ਛੇਤੀ ਤੋਂ ਛੇਤੀ ਸਰਹਿੰਦ ਉੱਤੇ ਚੜ੍ਹਾਈ ਕਰਨ ਦੀ ਵਿਉਂਤ ਬੰਦੀ ਕਰ ਰਿਹਾ ਸੀ। ਉਦੋਂ ਹੀ  ਗੁਜਰਾਂਵਾਲਾ ਤੋਂ ਚੜ੍ਹਤ ਸਿੰਘ ਦਾ ਸੁਨੇਹਾ ਆਇਆ ਕਿ ਅਹਿਮਦ ਸ਼ਾਹ ਦੁਰਾਨੀ ਦੇ ਜਰਨੈਲ ਜਹਾਨ ਖ਼ਾਂ ਨੇ ਅਟਕ ਪਾਰ ਕਰ ਲਿਆ ਹੈ ਤੇ ਉਹ ਜੰਮੂ ਦੇ ਰਾਜੇ ਰਣਜੀਤ ਦੇਵ ਦੀ ਸਹਾਇਤਾ ਨਾਲ ਸਿੱਖਾਂ ਉੱਤੇ ਹਮਲਾ ਕਰੇਗਾ। ਇਹ ਪਤਾ ਲੱਗਦਿਆਂ ਹੀ ਜੱਸਾ ਸਿੰਘ ਆਹਲੂਵਾਲੀਆ, ਝੰਡਾ ਸਿੰਘ ਤੇ ਗੁਜਰ ਸਿੰਘ ਚੜ੍ਹਤ ਸਿੰਘ ਨਾਲ ਆ ਮਿਲੇ ਤੇ ਜਹਾਨ ਖ਼ਾਂ ਨੂੰ ਜਾ ਲਲਕਾਰਿਆ। ਲੜਾਈ ਵਿਚ ਜਹਾਨ ਖ਼ਾਂ ਦਾ ਘੋੜਾ ਮਰ ਗਿਆ। ਜਹਾਨ ਖ਼ਾਂ ਭੋਇਂ ਤੇ ਆ ਡਿੱਗਿਆ। ਇਹ ਦੇਖਦਿਆਂ ਹੀ ਸਿੰਘ 'ਮਾਰ ਲਿਆ, ਮਾਰ ਲਿਆ...ਜਹਾਨ ਖ਼ਾਂ ਮਾਰ ਲਿਆ। ਬੋਲੇ ਸੋ ਨਿਹਾਲ, ਸਤ ਸ਼੍ਰੀ ਆਕਾਲ; ਵਾਹਿਗੁਰ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ...” ਦੇ ਜੈਕਾਰੇ ਛੱਡਦੇ ਹੋਏ ਅਫ਼ਗਾਨਾ 'ਤੇ ਟੁੱਟ ਪਏ ਤੇ ਉਹਨਾਂ ਵਿਚ ਭਗਦੜ ਮੱਚ ਗਈ। ਜਹਾਨ ਖ਼ਾਂ ਜਾਨ ਬਚਾਅ ਕੇ ਰੋਹਤਾਸ ਗੜ੍ਹ ਵੱਲ ਭੱਜ ਲਿਆ। ਉਸਦਾ ਇਕ ਹਾਥੀ, ਜੰਗੀ ਸਾਮਾਨ ਤੇ ਪੂਰੇ ਦਾ ਪੂਰਾ ਪਰਵਾਰ ਸਿੱਖਾਂ ਦੇ ਹੱਥ ਲੱਗਿਆ।
ਜਹਾਨ ਖ਼ਾਂ ਦੀ ਬੇਗ਼ਮ ਨੇ ਸਰਦਾਰ ਜੱਸਾ ਸਿੰਘ ਨੂੰ ਅਰਜ ਕੀਤੀ ਕਿ 'ਇਸ ਵੇਲੇ ਸਾਡਾ ਪਰਦਾ ਤੇ ਸਾਡੀ ਇੱਜ਼ਤ ਤੁਹਾਡੇ ਹੱਥ ਵਿਚ ਹੈ।' ਇਹ ਵੀ ਪਤਾ ਲੱਗਿਆ ਕਿ ਜੇਵਰ ਤੇ ਹੋਰ ਬਹੁਤ ਸਾਰਾ ਕੀਮਤੀ ਸਾਮਾਨ ਵੀ ਔਰਤਾਂ ਕੋਲ ਹੈ। ਸਰਦਾਰ ਜੱਸਾ ਸਿੰਘ ਨੇ ਬੇਗ਼ਮ ਨੂੰ ਕਹਿ ਭੇਜਿਆ ਕਿ 'ਤੁਸੀਂ ਜ਼ਰਾ ਵੀ ਫਿਕਰ ਨਾ ਕਰੋ। ਤੁਹਾਡੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ। ਲੜਾਈ, ਲੜਨ ਵਾਲੇ ਨਾਲ ਸੀ। ਤੁਹਾਡੀ ਤੇ ਤੁਹਾਡੇ ਮਾਲ ਦੀ ਹਰ ਤਰ੍ਹਾਂ ਹਿਫਾਜ਼ਤ ਕੀਤੀ ਜਾਏਗੀ। ਜਿੱਥੇ ਤੁਸੀਂ ਜਾਣਾ ਚਾਹੋਂ, ਅਸੀਂ ਤੁਹਾਨੂੰ ਉੱਥੇ ਪਹੁੰਚਾ ਦਿਆਂਗੇ।'
ਬੇਗ਼ਮ ਨੇ ਜੰਮੂ ਜਾਣ ਦੀ ਇੱਛਾ ਪਰਗਟ ਕੀਤੀ ਤੇ ਜੱਸਾ ਸਿੰਘ ਨੇ ਆਪਣੇ ਡੋਲੀ ਬਰਦਾਰਾਂ ਦੇ ਨਾਲ ਉਸਨੂੰ ਉੱਥੇ ਪਹੁੰਚਾ ਦਿੱਤਾ।
ਹੁਣ ਸਰਹਿੰਦ ਦੀ ਵਾਰੀ ਸੀ। ਸਰਹਿੰਦ ਦੀ ਜਿੱਤ ਦਾ ਅਰਥ ਸੀ, ਮਾਲਵੇ ਵਿਚ ਅਹਿਮਦ ਸ਼ਾਹ ਅਬਦਾਲੀ ਦੀ ਹਕੂਮਤ ਦਾ ਸਫਾਇਆ। ਜੱਸਾ ਸਿੰਘ ਆਹਲੂਵਾਲੀਆ ਨੂੰ ਇਹ ਸੂਚਨਾ ਮਿਲ ਚੁੱਕੀ ਸੀ ਕਿ ਸਰਹਿੰਦ ਦਾ ਫੌਜਦਾਰ ਜੈਨ ਖ਼ਾਂ ਧਨ ਇਕੱਠਾ ਕਰਨ ਵਿਚ ਰੁੱਝਿਆ ਹੋਇਆ ਹੈ ਤੇ ਉਸਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਅੰਨ੍ਹੀ ਲੁੱਟ ਮਚਾਈ ਹੋਈ ਹੈ। ਇਸ ਅੰਨ੍ਹੀ ਲੁੱਟ ਹੱਥੋਂ ਲੋਕ ਦੁਖੀ ਹਨ। ਕਾਰਨ ਇਹ ਕਿ ਉਸਨੇ ਤਨਖਾਹਾਂ ਦੇਣੀਆਂ ਬੰਦ ਕਰ ਦਿੱਤੀਆਂ ਸਨ। ਉਗਰਾਈ ਵਿਚ ਜਿਹੜਾ ਅਨਾਜ ਆਉਂਦਾ, ਉਸਦਾ ਕੁਝ ਹਿੱਸਾ ਅਫ਼ਸਰਾਂ ਤੇ ਸਿਪਾਹੀਆਂ ਨੂੰ ਦੇ ਦਿੱਤਾ ਜਾਂਦਾ ਸੀ ਜਿਹੜਾ ਉਹਨਾਂ ਦੀ ਇਕ ਚੌਥਾਈ ਤਨਖ਼ਾਹ ਦੇ ਬਰਾਬਰ ਵੀ ਨਹੀਂ ਸੀ ਹੁੰਦਾ। ਸਿੱਟਾ ਇਹ ਕਿ ਉਸਦੇ ਕਈ ਅਫ਼ਸਰ ਉਸਦੀ ਨੌਕਰੀ ਛੱਡ ਕੇ ਗੰਗ ਦੁਆਬੇ ਵਿਚ ਨਜੀਬੂਦੌਲਾ ਕੋਲ ਚਲੇ ਗਏ ਸਨ। ਜੈਨ ਖ਼ਾਂ ਨੂੰ ਛੱਡ ਕੇ ਚਲੇ ਜਾਣ ਵਾਲੇ ਅਫ਼ਸਰਾਂ ਵਿਚ ਕਾਸਿਮ ਖ਼ਾਂ, ਮੁਰਤਜਾ ਖ਼ਾਂ ਤੇ ਤਹਿਮਸ ਖ਼ਾਂ ਮਿਸਕੀਨ ਵੀ ਸੀ।
ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਜੈਨ ਖ਼ਾਂ ਨੂੰ ਸਰਹਿੰਦ ਦਾ ਫੌਜਦਾਰ ਥਾਪਿਆ ਸੀ ਤਾਂ ਤਹਿਮਸ ਖ਼ਾਂ ਉਸਦੀ ਮੁਲਾਜਮਤ ਵਿਚ ਚਲਾ ਗਿਆ ਸੀ। ਜਦੋਂ ਤਕ ਤਹਿਮਸ ਖ਼ਾਂ ਸਰਹਿੰਦ ਵਿਚ ਰਿਹਾ ਸ਼ਾਦ ਅਲੀ ਯਾਨੀ ਮੇਹਰ ਚੰਦ ਉਰਫ਼ ਮੇਹਰ ਅਲੀ ਵੀ ਉਸਦੇ ਨਾਲ ਸਰਹਿੰਦ ਵਿਚ ਰਿਹਾ। ਪਰ ਜਦੋਂ ਤਹਿਮਸ ਖ਼ਾਂ ਨਵੀਂ ਨੌਕਰੀ ਦੀ ਭਾਲ ਵਿਚ ਗੰਗ ਦੁਆਬੇ ਚਲਾ ਗਿਆ ਤਾਂ ਮੇਹਰ ਚੰਦ ਉਰਫ ਮੇਹਰ ਅਲੀ ਪੰਜਾਬ ਪਰਤ ਆਇਆ ਤੇ ਸਰਦਾਰ  ਆਹਲੂਵਾਲੀਆ ਨੂੰ ਇਹ ਜਾਣਕਾਰੀ ਉਸੇ ਤੋਂ ਮਿਲੀ।
ਸਰਬਤ ਖਾਲਸਾ ਨੇ ਅੰਮ੍ਰਿਤਸਰ ਅਕਾਲ ਤਖ਼ਤ ਦੇ ਹਜ਼ੂਰ ਵਿਚ ਅਰਦਾਸ ਕੀਤੀ ਤੇ 13 ਜਨਵਰੀ 1764 ਨੂੰ ਸ਼ੁਕਰਵਾਰ ਵਾਲੇ ਦਿਨ ਸਰਹਿੰਦ ਉੱਤੇ ਚੜ੍ਹਾਈ ਕਰ ਦਿੱਤੀ। ਜੈਨ ਖ਼ਾਂ ਆਪਣੀ ਫੌਜ ਨਾਲ ਪਿੰਡਾਂ ਵਿਚ ਉਗਰਾਈ ਕਰਦਾ ਘੁੰਮ ਰਿਹਾ ਸੀ। ਦਲ ਖਾਲਸੇ ਦੀ ਗਿਣਤੀ ਪੰਜਾ ਹਜ਼ਾਰ ਸੀ। ਜੱਸਾ ਸਿੰਘ ਨੇ ਉਹਨਾਂ ਨੂੰ ਕਿਹਾ, “ਸਾਡੇ ਲਈ ਚੰਗਾ ਮੌਕਾ ਏ ਕਿ ਅਸੀਂ ਜੈਨ ਖ਼ਾਂ ਨੂੰ ਪਿੰਡਾਂ ਵੱਲ ਹੀ ਘੇਰ ਲਈਏ, ਜੇ ਉਹ ਸ਼ਹਿਰ ਪਹੁੰਚ ਕੇ ਕਿਲੇ ਵਿਚ ਵੜ ਗਿਆ ਤਾਂ ਲੜਾਈ ਲੰਮੀ ਹੋ ਜਾਏਗੀ।” ਇਹ ਸਲਾਹ ਸਾਰਿਆਂ ਨੂੰ ਪਸੰਦ ਆਈ। ਬੁੱਢਾ ਦਲ ਨੇ ਜੱਸਾ ਸਿੰਘ ਦੀ ਕਮਾਂਡ ਵਿਚ ਜੈਨ ਖ਼ਾਂ ਨੂੰ ਅੱਗਿਓਂ ਰੋਕਣ ਲਈ ਬਸੀ ਦੇ ਪੂਰਬ ਵਿਚ ਭਾਗਲਪੁਰ ਜਾ ਮੋਰਚਾ ਲਇਆ ਤੇ ਤਰੁਣਾ ਦਾਲ ਚੜ੍ਹਤ ਸਿੰਘ ਦੀ ਕਮਾਨ ਵਿਚ ਦੱਖਣ ਪੂਰਬ ਵਿਚ ਮਨਹੇੜੀ ਜਾ ਪਹੁੰਚਿਆ। ਜਿਸ ਤਰ੍ਹਾਂ ਸਿੱਖ ਕੁਪ ਵਿਚ ਘਿਰ ਗਏ ਸਨ, ਐਨ ਉਸੇ ਤਰ੍ਹਾਂ ਜੈਨ ਖ਼ਾਂ ਦੋਹੇਂ ਪਾਸਿਓਂ ਘਿਰ ਗਿਆ। ਸਿੰਘਾਂ ਨੇ ਸਾਰੀ ਰਾਤ ਤਿਆਰ ਬਰ ਤਿਆਰ ਘੋੜਿਆਂ ਉੱਤੇ ਬਿਤਾਈ। ਉਧਰ ਜੈਨ ਖ਼ਾਂ ਨੂੰ ਪਤਾ ਲੱਗਿਆ ਤਾਂ ਉਸਨੇ ਵੀ ਰਾਤ ਖੜ੍ਹੇ ਖੜ੍ਹੇ ਹੀ ਲੰਘਾਈ।
24 ਜਨਵਰੀ ਦੀ ਸਵੇਰ ਦੇ ਘੁਸਮੁਸੇ ਵਿਚ ਜੈਨ ਖ਼ਾਂ ਕੁਝ ਸਵਾਰਾਂ ਨੂੰ ਨਾਲ ਲੈ ਕੇ ਮਨਹੇੜੇ ਵੱਲ ਤੁਰ ਪਿਆ ਤਾਂ ਕਿ ਅੱਖ ਬਚਾ ਕੇ ਚੁੱਪਚਾਪ ਨਿਕਲ ਜਾਏ ਤੇ ਸ਼ਹਿਰ ਵਿਚ ਪਹੁੰਚ ਜਾਏ। ਤੋਪਾਂ, ਜੰਬੂਰੇ ਤੇ ਘੋੜੇ ਆਦੀ ਉਸਨੇ ਬਹੀਰ ਕੋਲ ਛੱਡ ਦਿੱਤੇ ਤੇ ਉਹਨਾਂ ਨੂੰ ਧੌਂਸੇ ਤੇ ਨਗਾੜੇ ਵਜਾਉਂਦੇ ਰਹਿਣ ਦਾ ਹੁਕਮ ਦਿੱਤਾ। ਉਸਨੇ ਸੋਚਿਆ ਸੀ ਕਿ ਨਗਾੜਿਆਂ ਦੀ ਆਵਾਜ਼ ਸੁਣ ਕੇ ਖਾਲਸੇ ਦਾ ਧਿਆਨ ਉਧਰ ਹੋ ਜਾਏਗਾ ਤੇ ਉਹ ਸਾਮਾਨ ਲੁੱਟਣ ਲਈ ਟੁੱਟ ਪੈਣਗੇ ਤੇ ਉਸਨੂੰ ਸਰਹਿੰਦ ਪਹੁੰਚ ਕੇ ਕਿਲੇ ਵਿਚ ਮੋਰਚਾ ਲੈਣ ਦਾ ਮੌਕਾ ਮਿਲ ਜਾਏਗਾ।
ਪਰ ਇੰਜ ਨਾ ਹੋ ਸਕਿਆ। ਸਰਦਾਰ ਆਹਲੂਵਾਲੀਆ ਹਰ ਪੱਖ ਤੋਂ ਚੁਕੰਨਾ ਸੀ। ਉਸਨੇ ਸੂਹੀਏ ਛੱਡੇ ਹੋਏ ਸਨ। ਧੌਂਸ ਦੀ ਆਵਾਜ਼ ਸੁਣ ਕੇ ਤਰੁਣਾ ਦਲ ਦੇ ਮਝੈਲ ਬਹੀਰ ਵੱਲ ਦੌੜੇ। ਸੂਹੀਆਂ ਨੇ ਜੱਸਾ ਸਿੰਘ ਨੂੰ ਖ਼ਬਰ ਦਿੱਤੀ ਤਾਂ ਬੁੱਢਾ ਦਾਲ ਨੇ ਜੈਨ ਖ਼ਾਂ ਨੂੰ ਜਾ ਘੇਰਿਆ। ਜੈਨ ਖ਼ਾਂ ਨੇ ਕੁਝ ਫੌਜ ਸਿੱਖ ਦਸਤਿਆਂ ਦੇ ਮੁਕਾਬਲੇ ਲਈ ਭੇਜ ਦਿੱਤੀ ਤੇ ਆਪ ਸ਼ਹਿਰ ਵੱਲ ਵਧਣਾ ਜ਼ਾਰੀ ਰੱਖਿਆ। ਪਰ ਅੱਗੇ ਵੀ ਸਿੱਖ ਮੌਜ਼ੂਦ ਸਨ। ਉਹਨਾਂ ਦੀਆਂ ਗੋਲੀਆਂ ਦੀ ਵਾਛੜ ਨਾਲ ਜਖ਼ਮੀ ਹੋ ਕੇ ਜੈਨ ਖ਼ਾਂ ਭੁੰਜੇ ਡਿੱਗ ਪਿਆ। ਉਸਦੇ ਸਾਥੀਆਂ ਵਿਚ ਸ਼ੋਰ ਮੱਚ ਗਿਆ, 'ਬਰਕੁਨ, ਬਰਕੁਨ' ਦੀਆਂ ਆਵਾਜ਼ਾਂ ਸੁਣ ਕੇ ਸਿੱਖ ਸਮਝ ਗਏ ਕਿ ਜੈਨ ਖ਼ਾਂ ਡਿੱਗ ਪਿਆ ਹੈ ਤੇ ਬਹੁਤ ਸਾਰੇ ਸਿੱਖ ਉੱਥੇ ਜਾ ਪਹੁੰਚੇ। ਮਾੜੀ ਦੇ ਤਾਰਾ ਸਿੰਘ ਨੇ ਅੱਗੇ ਵਧ ਕੇ ਜੈਨ ਖ਼ਾਂ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਜੈਨ ਖ਼ਾਂ ਦੇ ਮਾਰੇ ਜਾਣ ਦੀ ਦੇਰ ਸੀ ਕਿ ਅਫ਼ਗਾਨ ਫੌਜ ਭੱਜ ਖੜ੍ਹੀ ਹੋਈ ਤੇ ਮੈਦਾਨ ਖਾਲਸੇ ਦੇ ਹੱਥ ਰਿਹਾ।
ਜੱਥੇ ਬਾਣ ਲਾਗੀ।
ਤੱਥੇ ਰੋਸ ਜਾਗੀ।।
ਘੱਲੂਕਾਰਾ ਕਾਂਢ ਨੇ ਸਿੱਖਾਂ ਵਿਚ ਭਾਰੀ ਰੋਸ ਪੈਦਾ ਕਰ ਦਿੱਤਾ ਸੀ। ਉਸ ਤੋਂ ਠੀਕ ਦੋ ਸਾਲ ਪਿੱਛੋਂ ਸਰਹਿੰਦ ਫਤਿਹ ਕਰਕੇ ਉਹਨਾਂ ਉਸਦਾ ਬਦਲਾ ਲੈ ਲਿਆ। 14 ਜਨਵਰੀ, 1761 ਨੂੰ ਅਹਿਮਦ ਸ਼ਾਹ ਦੁਰਾਨੀ ਨੇ ਪਾਨੀਪਤ ਵਿਚ ਮਰਾਠਿਆਂ ਨੂੰ ਹਰਾਇਆ ਸੀ। ਉਸ ਤੋਂ ਤਿੰਨ ਸਾਲ ਬਾਅਦ 14 ਜਨਵਰੀ, 1764 ਨੂੰ ਦੁਰਾਨੀਆਂ ਨੂੰ ਸਰਹਿੰਦ ਵਿਚ ਹਰਾ ਕੇ ਖਾਲਸੇ ਨੇ ਸਤਿਲੁਜ ਪਾਰ ਦੇ ਦੱਖਣੀ ਇਲਾਕੇ ਵਿਚੋਂ ਉਹਨਾਂ ਦੀ ਹਕੂਮਤ ਹਮੇਸ਼ਾ ਹਮੇਸ਼ਾ ਲਈ ਖ਼ਤਮ ਕਰ ਦਿੱਤੀ।
ਸਿੱਖਾਂ ਨੇ ਸ਼ਹਿਰ ਵਿਚ ਪ੍ਰਵੇਸ਼ ਕਰਕੇ ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਤਾਂਕਿ ਕਿ ਕੋਈ ਵੀ ਆਦਮੀ ਬਾਹਰ ਨਾ ਜਾ ਸਕੇ। ਕਈ ਕਈ ਸਿੱਖ ਸਿਪਾਹੀ ਹਰ ਘਰ ਵਿਚ ਜਾ ਘੁਸੇ। ਸੋਨਾ, ਚਾਂਦੀ, ਜੇਵਰ ਤੇ ਨਕਦੀ ਸਭ ਖੋਹ ਲਿਆ ਗਿਆ। ਨੱਪਿਆ-ਲੁਕਾਇਆ ਹੋਇਆ ਧਨ ਲੱਭਣ ਲਈ ਮਕਾਨਾ ਦੇ ਫ਼ਰਸ਼ ਤੇ ਛੱਤਾਂ ਉਖਾੜ ਦਿੱਤੀਆਂ ਗਈਆਂ। ਕੁਝ ਮਕਾਨਾ ਨੂੰ ਅੱਗ ਲਾ ਕੇ ਤੇ ਕੁਝ ਦੀ ਇੱਟ ਨਾਲ ਇੱਟ ਵਜਾ ਕੇ ਪੂਰਾ ਸ਼ਹਿਰ ਬਰਬਾਦ ਕਰ ਦਿੱਤਾ ਗਿਆ।
ਇਸ ਪਿੱਛੋਂ ਸਿੰਘਾਂ ਨੇ ਕਿਲੇ ਵਿਚ ਪਰਵੇਸ਼ ਕੀਤਾ। ਉਸਦੀਆਂ ਕੰਧਾਂ ਢਾਅ ਦਿੱਤੀਆਂ ਗਈਆਂ, ਜਿਹਨਾਂ ਵਿਚ ਫੌਜਦਾਰ ਵਜ਼ੀਰ ਖ਼ਾਂ ਨੇ ਦਸੰਬਰ 1705 ਨੂੰ ਗੁਰੂ ਗੋਬਿੰਦ ਸਿੰਘ ਦੇ ਦੋ ਛੋਟੇ ਸਾਹਿਬਜਾਦੇ—ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਚਿਣਵਾਇਆ ਸੀ। ਉੱਥੇ ਇਕ ਗੁਰੂਦੁਆਰਾ ਬਣਾਇਆ ਗਿਆ, ਜਿਸਦਾ ਨਾਂ ਫਤਿਹ ਗੜ੍ਹ ਰੱਖਿਆ ਗਿਆ।
***
ਸਿੰਘ ਅਜੇ ਸਰਹਿੰਦ ਨੂੰ ਮਿਸਲਾਂ ਵਿਚ ਵੰਡਣ ਤੇ ਉਸਦਾ ਪ੍ਰਬੰਧ ਕਰਨ ਵਿਚ ਰੁੱਝੇ ਸਨ ਕਿ ਭਰਤ ਪੁਰ ਦੇ ਰਾਜੇ ਜਵਾਹਰ ਸਿੰਘ ਦੇ ਵਕੀਲ ਗੁਰੂ ਦੇ ਦਰਬਾਰ ਵਿਚ ਫ਼ਰਿਆਦ ਲੈ ਕੇ ਆਏ ਕਿ ਨਜੀਬੂਦੌਲਾ ਰੋਹੇਲਾ ਨੇ ਭਰਤਪੁਰ ਰਾਜ ਵਿਚ ਤਰਥੱਲੀ ਮਚਾਈ ਹੋਈ ਹੈ। ਜਵਾਹਰ ਸਿੰਘ ਸੰਕਟ ਵਿਚ ਹੈ ਤੇ ਉਸਨੇ ਖਾਲਸੇ ਤੋਂ ਮਦਦ ਮੰਗੀ ਹੈ।
ਨਜੀਬੂਦੌਲਾ ਅਹਿਮਦ ਸ਼ਾਹ ਅਬਦਾਲੀ ਦਾ ਖਾਸ ਹਿਮਾਇਤੀ ਤੇ ਮੁੱਖ ਪਿੱਠੂ ਸੀ। ਦਲ ਖਾਲਸਾ ਨੇ ਪਹਿਲਾਂ ਹੀ ਦੇਸ਼ ਦੁਸ਼ਮਣਾ ਤੇ ਪਿੱਠੂਆਂ ਨੂੰ ਖ਼ਤਮ ਕਰਨ ਦੀ ਮੁਹਿੰਮ ਛੇੜੀ ਹੋਈ ਸੀ। ਹੁਣ ਇਹ ਚੰਗਾ ਮੌਕਾ ਹੱਥ ਲੱਗਾ ਸੀ, ਸੋ ਉਹਨਾਂ ਜਵਾਹਰ ਸਿੰਘ ਦੀ ਮਦਦ ਕਰਨਾ ਮੰਨ ਲਿਆ।
ਇਸ ਸਮੇਂ ਸਾਰੀਆਂ ਮਿਸਲਾਂ ਦੇ ਸਰਦਾਰ ਸਰਹਿੰਦ ਵਿਚ ਸਨ ਤੇ ਜਵਾਹਰ ਸਿੰਘ ਦੀ ਮਦਦ ਲਈ ਉਹਨਾਂ ਨੂੰ ਜਮਾਨਾ ਪਾਰ ਕਰਕੇ ਗੰਗ ਦੁਆਬੇ ਜਾਣਾ ਪੈਣਾ ਸੀ, ਪਰ ਪੰਜਾਬ ਪਿੱਛੇ ਰਹਿ ਗਿਆ ਸੀ ਤੇ ਉੱਥੇ ਹਾਲੇ ਅਬਦਾਲੀ ਦੇ ਹਮਾਇਤੀ ਮੌਜ਼ੂਦ ਸਨ। ਉਹਨਾਂ ਦਾ ਖਾਤਮਾਂ ਕਰਨਾ ਵੀ ਜ਼ਰੂਰੀ ਸੀ। ਇਸ ਲਈ ਆਹਲੂਵਾਲੀਆ ਨੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, “ਖਾਲਸਾ ਜੀ, ਅਸੀਂ ਜਵਾਹਰ ਸਿੰਘ ਦੀ ਮਦਦ ਇਸ ਲਈ ਕਰਨੀ ਹੈ ਕਿ ਉਸਦੀ ਮਦਦ ਅਸਲ ਵਿਚ ਸਾਡੀ ਆਪਣੀ ਮਦਦ ਹੋਏਗੀ।...ਤੇ ਮਦਦ ਦਾ ਸਭ ਤੋਂ ਚੰਗਾ, ਵੱਡਾ ਤੇ ਬਿਹਤਰ ਢੰਗ ਇਹ ਹੈ ਕਿ ਅਸੀਂ ਨਜੀਬੂਦੌਲਾ ਦੇ ਇਲਾਕੇ ਉੱਤੇ ਹਮਲਾ ਬੋਲ ਦੇਈਏ। ਇਸ ਨਾਲ ਰੋਹੇਲੇ ਘਬਰਾ ਜਾਣਗੇ। ਉਹ ਜਵਾਹਰ ਸਿੰਘ ਦੇ ਖ਼ਿਲਾਫ਼ ਮੁਹਿੰਮ ਨੂੰ ਛੱਡ ਕੇ ਆਪਣੇ ਘਰ ਦੀ ਸੁਰੱਖਿਆ ਲਈ ਭੱਜਿਆ ਆਏਗਾ।”
ਮਿਸਲ ਦੇ ਸਾਰੇ ਸਰਦਾਰਾਂ ਨੇ 'ਸਤ ਬਚਨ' ਕਹਿ ਕੇ ਇਕ ਸੁਰ ਵਿਚ ਇਸ ਸੁਝਾਅ ਦਾ ਸਮਰਥਣ ਕੀਤਾ। ਜੱਸਾ ਸਿੰਘ ਇਕ ਪਲ ਲਈ ਚੁੱਪ ਰਿਹਾ, ਫੇਰ ਬੋਲਿਆ, “ਦੂਜੀ ਗੱਲ ਇਹ ਹੈ ਕਿ ਪੰਜਾਬ ਵਿਚ ਅਬਦਾਲੀ ਦੇ ਜਿਹੜੇ ਹਿਮਾਇਤੀ ਅਜੇ ਮੌਜ਼ੂਦ ਨੇ, ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਖ਼ਤਮ ਕਰਨਾ ਹੈ...ਤਾਂਕਿ ਅਬਦਾਲੀ ਜਦੋਂ ਹਮਲਾ ਕਰੇ, ਉਸਨੂੰ ਅੰਦਰੋਂ ਕੋਈ ਮਦਦ ਨਾ ਮਿਲ ਸਕੇ। ਇਸ ਲਈ ਮੇਰੀ ਰਾਏ ਇਹ ਹੈ ਕਿ ਬੁੱਢਾ ਦਲ, ਜਵਾਹਰ ਸਿੰਘ ਦੀ ਮਦਦ ਲਈ ਗੰਗ ਦੁਆਬੇ ਜਾਏ ਤੇ ਤਰੁਣਾ ਦਾਲ ਪੰਜਾਬ ਪਰਤ ਕੇ ਉੱਥੇ ਕੋਨੇ ਕੋਨੇ ਵਿਚ ਹੂੰਝਾ ਫੇਰ ਕੇ ਦੁਸ਼ਮਣਾ ਦਾ ਸਫਾਇਆ ਕਰ ਦਏ।”
ਨਵਾਬ ਕਪੂਰ ਸਿੰਘ ਵਾਂਗ ਹੀ ਜੱਸਾ ਸਿੰਘ ਇਕ ਸੂਝਵਾਲ ਤੇ ਦੁਰਦਰਸ਼ੀ ਨੇਤਾ ਸੀ ਤੇ ਦਲ ਨੂੰ ਦਿਸ਼ਾ ਤੇ ਦ੍ਰਿਸ਼ਟੀ ਦੋਹੇਂ ਪ੍ਰਦਾਨ ਕਰਦਾ ਸੀ। ਉਸਦਾ ਇਕ ਇਕ ਸ਼ਬਦ ਦਿਲ ਲੱਗ ਜਾਂਦਾ ਸੀ।
ਅਗਲੇ ਦਿਨ 19 ਜਨਵਰੀ, 1764 ਨੂੰ ਬੁੱਢਾ ਦਲ ਨੇ ਜਮਨਾ ਪਾਰ ਕਰਕੇ ਗੰਗ ਦੁਆਬੇ ਵਿਚ ਪ੍ਰਵੇਸ਼ ਕੀਤਾ ਤੇ ਤਰੁਣਾ ਦਲ ਚੜ੍ਹਤ ਸਿੰਘ ਸ਼ੁਕਰਚਕੀਆ ਦੀ ਅਗਵਾਈ ਵਿਚ ਪੰਜਾਬ ਵੱਲ ਰਵਾਨਾ ਹੋ ਗਿਆ।...ਆਓ ਅਸੀਂ ਵੀ ਤਰੁਣਾ ਦਲ ਨਾਲ ਪੰਜਾਬ ਚੱਲੀਏ ਤੇ ਇਹ ਦੇਖੀਏ ਕਿ ਉਹਨਾਂ ਹੂੰਝਾ ਫੇਰਨ ਦਾ ਕੰਮ ਕਿਸ ਖ਼ੂਬੀ ਨਾਲ ਨੇਫਰੇ ਚਾੜ੍ਹਿਆ। ਉਸ ਪਿੱਛੋਂ ਅਸੀਂ ਬੁੱਢਾ ਦਲ ਦੇ ਕਾਰਨਾਮੇਂ ਦੇਖਣ ਲਈ ਗੰਗ ਦੁਆਬੇ ਚੱਲਾਂਗੇ।
ਜਲੰਧਰ ਦੁਆਬੇ ਦਾ ਫੌਜਦਾਰ ਸਆਦਤ ਖ਼ਾਂ ਸਰਹਿੰਦ ਵਿਚ ਜੈਨ ਖ਼ਾਂ ਦੀ ਹਾਰ ਤੇ ਮੌਤ ਦੀ ਖ਼ਬਰ ਸੁਣ ਕੇ ਏਨਾ ਡਰਿਆ ਹੋਇਆ ਸੀ ਕਿ ਜਦੋਂ ਉਸਨੂੰ ਤਰੂਣਾ ਦਲ ਦੇ ਇਧਰ ਆਉਣ ਦਾ ਪਤਾ ਲੱਗਿਆ ਤਾਂ ਉਹ ਚੁੱਪਚਾਪ ਭੱਜ ਖੜ੍ਹਾ ਹੋਇਆ। ਇੰਜ ਜਲੰਧਰ ਦੁਆਬੇ ਉੱਤੇ ਸਹਿਜੇ ਹੀ ਖਾਲਸੇ ਦਾ ਕਬਜਾ ਹੋ ਗਿਆ।
ਇਸ ਪਿੱਛੋਂ ਤਰੂਣਾ ਦਲ ਨੇ ਲਾਹੌਰ ਉੱਤੇ ਚੜਾਈ ਕੀਤੀ ਤੇ ਸ਼ਹਿਰ ਦੀ ਘੇਰਾਬੰਦੀ ਕਰਕੇ ਉੱਥੋਂ ਦੇ ਹਾਕਮ ਕਾਬੁਲੀ ਮੱਲ ਨੂੰ ਕਿਹਾ ਕਿ 'ਉਹਨਾਂ ਕਸਾਈਆਂ ਨੂੰ ਸਜ਼ਾ ਦੇਵੇ, ਜਿਹਨਾਂ ਪਿੱਛਲੇ ਦਿਨੀਂ ਹਿੰਦੂਆਂ ਦਾ ਦਿਲ ਦੁਖਾਉਣ ਲਈ ਤੀਹ ਗਊਆਂ ਦੀ ਸ਼ਰੇਆਮ ਹੱਤਿਆ ਕੀਤੀ ਸੀ।' ਕਾਬੁਲੀ ਮੱਲ ਨੇ ਜਵਾਬ ਦਿੱਤਾ, “ਖਾਲਸਾ ਜੀ, ਮੈਂ ਮੁਸਲਮਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦਾ ਨੌਕਰ ਹਾਂ। ਮੈਂ ਗਊ ਹੱਤਿਆ ਬੰਦ ਕਰਾਂਗਾ ਤਾਂ ਉਹ ਮੇਰੇ ਉੱਤੇ ਨਰਾਜ਼ ਹੋ ਜਾਏਗਾ।” ਪਰ ਸ਼ਹਿਰ ਨੂੰ ਘੇਰਾ ਪਿਆ ਹੋਇਆ ਸੀ। ਆਵਾਜਾਵੀ ਬੰਦ ਹੋ ਜਾਣ ਕਾਰਨ ਲੋਕੀਂ ਪ੍ਰੇਸ਼ਾਨ ਸਨ। ਇਸ ਲਈ ਕਾਬੁਲੀ ਮੱਲ ਨੇ ਸ਼ਹਿਰ ਦੇ ਪਤਵੰਤੇ ਸੱਜਨਾ ਤੋਂ ਮੰਜ਼ੂਰੀ ਲੈ ਕੇ ਦੋ-ਤਿੰਨ ਕਸਾਈਆਂ ਦੇ ਨੱਕ-ਕੰਨ ਕੱਟ ਕੇ ਉਹਨਾਂ ਨੂੰ ਸ਼ਹਿਰ ਵਿਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਿਨਾਂ ਕਾਫੀ ਵੱਡਾ ਨਜ਼ਰਾਨਾ ਦੇ ਕੇ ਖਾਲਸੇ ਨਾਲ ਸੁਲਾਹ ਕਰ ਲਈ। ਹਰੀ ਸਿੰਘ ਭੰਗੀ ਦੇ ਵਕੀਲ ਟੇਕ ਚੰਦ ਨੂੰ ਦਸ ਰੁਪਏ ਰੋਜ਼ ਦੀ ਤਨਖ਼ਾਹ ਉੱਤੇ ਆਪਣੇ ਕੋਲ ਰੱਖ ਲਿਆ ਤੇ ਸਾਰੇ ਕੰਮ ਉਸਦੀ ਇੱਛਾ ਅਨੁਸਾਰ ਹੋਣ ਲੱਗੇ। ਇੰਜ ਲਾਹੌਰ ਖਾਲਸੇ ਦੀ ਅਧੀਨਤਾ ਵਿਚ ਆ ਗਿਆ।
ਇਸ ਪਿੱਛੋਂ ਤਰੁਣਾ ਦਲ ਨੂੰ ਦੋ ਟੋਲਿਆਂ ਵਿਚ ਵੰਡਿਆ ਗਿਆ—ਇਕ ਹਿੱਸਾ ਚੜ੍ਹਤ ਸਿੰਘ ਸ਼ੁਕਰਚਕੀਆ ਦੀ ਕਮਾਂਡ ਵਿਚ ਉਤਰ ਪੱਛਮ ਵੱਲ ਚਲਾ ਗਿਆ ਤੇ ਦੂਜਾ ਟੋਲਾ ਹਰੀ ਸਿੰਘ ਦੀ ਕਮਾਨ ਵਿਚ ਮੁਲਤਾਨ ਵੱਲ ਰਵਾਨਾ ਹੋ ਗਿਆ। ਚੜ੍ਹਤ ਸਿੰਘ ਰਚਨਾ ਦੁਆਬੇ ਤੇ ਚਜ ਦੁਆਬੇ ਨੂੰ ਦੜਦਾ ਹੋਇਆ ਅੱਗੇ ਵਧਿਆ ਤੇ ਰੋਹਤਾਸ ਦੇ ਪ੍ਰਸਿੱਧ ਕਿਲੇ ਨੂੰ ਜਾ ਘੇਰਾ ਪਾਇਆ। ਕਿਲੇ ਦੇ ਫੌਜਦਾਰ ਨੇ ਦਰਵਾਜ਼ੇ ਬੰਦ ਕਰਕੇ ਕੰਧਾਂ ਉੱਤੇ ਤੋਪਾਂ ਚੜ੍ਹਾ ਲਈਆਂ ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਸਿੱਖਾਂ ਨੇ ਬਿਨਾਂ ਘਬਰਾਏ ਘੇਰਾ ਜਾਰੀ ਰੱਖਿਆ।
ਪਰ ਜਦੋਂ ਚਾਰ ਮਹੀਨਿਆਂ ਦੀ ਘੇਰਾਬੰਦੀ ਪਿੱਛੋਂ ਵੀ ਕਿਲਾ ਸਰ ਹੁੰਦਾ ਨਹੀਂ ਦਿਸਿਆ ਤਾਂ ਸਿੱਖਾਂ ਨੇ ਇਕ ਚਾਲ ਚੱਲੀ। ਉਹਨਾਂ ਅਚਾਨਕ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਅਫ਼ਗਾਨ ਉਹਨਾਂ ਦਾ ਪਿੱਛਾ ਕਰਨ ਲਈ ਤੁਰੰਤ ਕਿਲੇ 'ਚੋਂ ਬਾਹਰ ਨਿਕਲ ਆਏ। ਪਿੱਛੇ ਹਟਣ ਦਾ ਮੰਤਵ ਵੀ ਇਹੋ ਸੀ। ਚੜ੍ਹਤ ਸਿੰਘ ਨੇ ਪਲਟ ਕੇ ਅਜਿਹਾ ਜ਼ੋਰਦਾਰ ਹਮਲਾ ਕੀਤਾ ਕਿ ਕਿਲੇ ਦੇ ਇਕ ਹਿੱਸੇ ਉੱਤੇ ਜਾ ਕਬਜਾ ਕੀਤਾ। ਏਨੇ ਵਿਚ ਗੁਜਰ ਸਿੰਘ ਭੰਗੀ ਵੀ ਆਪਣੇ ਜੱਥੇ ਸਮੇਤ ਉਹਨਾਂ ਨਾਲ ਆ ਰਲਿਆ। ਅਫ਼ਗਾਨ ਫੌਜ ਅੱਗੋਂ ਪਿੱਛੋਂ ਘਿਰ ਗਈ। ਬਚ ਨਿਕਲਣ ਦਾ ਕੋਈ ਚਾਰਾ ਨਜ਼ਰ ਨਾ ਆਇਆ ਤਾਂ ਉਹਨਾਂ ਹਥਿਆਰ ਸੁੱਟ ਦਿੱਤੇ। ਸਰਫਰਾਜ਼ ਨੂੰ ਆਪਣੇ ਕੁਝ ਹਮਰਾਹੀਆਂ ਸਮੇਤ ਕਿਲੇ ਵਿਚੋਂ ਨਿਕਲ ਜਾਣ ਦੀ ਛੂਟ ਦੇ ਦਿੱਤੀ ਗਈ।
ਸਰਫਰਾਜ਼ ਖਾਂ ਨੇ ਕਸ਼ਮੀਰ ਦੇ ਫੌਜਦਾਰ ਸਰਬੁਲੰਦ ਖ਼ਾਂ ਨੂੰ ਆਪਣੀ ਮਦਦ ਲਈ ਬੁਲਾਇਆ ਸੀ, ਪਰ ਉਹ ਉਦੋਂ ਪਹੁੰਚਿਆ ਸੀ ਜਦੋਂ ਕਿਲਾ ਸਰ ਹੋ ਚੁੱਕਿਆ ਸੀ। ਸ਼ਾਇਦ ਉਸਨੂੰ ਪਹਾੜੀ ਰਸਤਿਆਂ ਕਾਰਨ ਦੇਰ ਹੋ ਗਈ ਸੀ। ਉਸ ਨਾਲ 12000 ਘੋੜ ਸਵਾਰ ਤੇ ਪੈਦਲ ਫੌਜ ਸੀ। ਚੜ੍ਹਤ ਸਿੰਘ ਕਿਲੇ ਦਾ ਪ੍ਰਬੰਧ ਕਰਨ ਵਿਚ ਰੁੱਝਿਆ ਹੋਇਆ ਸੀ, ਪਰ ਜਦੋਂ ਉਸਨੂੰ ਸਰਬੁਲੰਦ ਖ਼ਾਂ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਉਸਦਾ ਮੁਕਾਬਲਾ ਕਰਨ ਲਈ ਨਿਕਲ ਪਿਆ।
ਖੋਦੀ ਦਾੜ੍ਹੀ ਤੇ ਚੌੜੇ ਮੱਥੇ ਵਾਲਾ ਚੜ੍ਹਤ ਸਿੰਘ ਇਕ ਅਜਿਹਾ ਯੋਧਾ ਸੀ ਜਿਹੜਾ ਰਣਖੇਤਰ ਵਿਚ ਸ਼ੇਰ ਵਾਂਗ ਝਟਕਦਾ ਤੇ ਦੁਸ਼ਮਣ ਦੇ ਛੱਕੇ ਛੁਡਾਅ ਦੇਂਦਾ ਸੀ। ਅਟਕ ਲਾਗੇ ਲੜਾਈ ਹੋਈ। ਚੜ੍ਹਤ ਸਿੰਘ ਨੇ ਬੜੀ ਦਲੇਰੀ ਨਾਲ ਹਮਲਾ ਕਰਕੇ ਬਹੁਤ ਸਾਰੇ ਅਫ਼ਗਾਨਾ ਨੂੰ ਮਾਰ ਮੁਕਾਇਆ ਤੇ ਉਹਨਾਂ ਦਾ ਸਾਜ-ਸਮਾਨ ਲੁੱਟ ਲਿਆ। ਜਿਹੜੇ ਬਚੇ ਉਹ ਛੇਤੀ ਹੀ ਭੱਜ ਖੜ੍ਹੇ ਹੋਏ ਤੇ ਉਹਨਾਂ ਦਾ ਕਮਾਂਡਰ ਸਰਬੁਲੰਦ ਖ਼ਾਂ ਗਿਰਫਤਾਰ ਕਰ ਲਿਆ ਗਿਆ। ਚੜ੍ਹਤ ਸਿੰਘ ਨੇ ਉਸਨੂੰ ਕਿਲੇ ਵਿਚ ਲਿਆ ਕੇ ਸਨਮਾਨ ਸਹਿਤ ਕੈਦ ਕਰ ਦਿੱਤਾ ਤੇ ਸਾਰੀਆਂ ਸਹੂਲਤਾਂ ਦਿੱਤੀਆਂ।
ਇਸ 'ਤੇ ਖ਼ੁਸ਼ ਹੋ ਕੇ ਸਰਬੁਲੰਦ ਖ਼ਾਂ ਨੇ ਚੜ੍ਹਤ ਸਿੰਘ ਨੂੰ ਕਿਹਾ, “ਜੇ ਕਦੀ ਤੁਸੀਂ ਬਾਦਸ਼ਾਹ ਬਣ ਜਾਓਂ ਤਾਂ ਮੈਂ ਤੁਹਾਡਾ ਫੌਜਦਾਰ ਬਣ ਕੇ ਤੁਹਾਡੀ ਖ਼ਿਦਮਤ ਕਰਨ ਵਿਚ ਹਮੇਸ਼ਾ ਆਪਣੀ ਖ਼ੁਸ਼ ਨਸੀਬੀ ਸਮਝਾਂਗਾ।”
ਚੜ੍ਹਤ ਸਿੰਘ ਨੇ ਮੁਸਕਰਾਂਦਿਆਂ ਹੋਇਆਂ ਉਤਰ ਦਿੱਤਾ, “ਸਤਿਗੁਰ ਨੇ ਬਾਦਸ਼ਾਹੀ ਤਾਂ ਖਾਲਸੇ ਨੂੰ ਪਹਿਲਾਂ ਹੀ ਬਖ਼ਸ਼ੀ ਹੋਈ ਏ। ਤੁਹਾਨੂੰ ਗਿਰਫ਼ਤਾਰ ਕਰਕੇ ਰੱਖਣ ਦਾ ਮੰਤਕ ਸਿਰਫ ਇਹ ਹੈ ਕਿ ਦੁਨੀਆਂ ਜਹਾਨ ਨੂੰ ਇਹ ਪਤਾ ਲੱਗ ਜਾਏ ਕਿ ਚੜ੍ਹਤ ਸਿੰਘ ਨੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਚਾਚੇ ਨੂੰ ਕੈਦੀ ਬਣਾ ਕੇ ਰੱਖਿਆ ਹੋਇਆ ਹੈ।”
“ਜੇ ਤੁਸੀਂ ਮੈਨੂੰ ਰਿਹਾਅ ਕਰ ਦਿਓਂ ਤਾਂ ਤੁਹਾਡੀ ਸ਼ੋਹਰਤ ਹੋਰ ਵੀ ਵਧ ਹੋਏਗੀ।”
“ਮੈਂ ਰਿਹਾ ਕਰ ਸਕਦਾ ਹਾਂ, ਪਰ ਤੁਸੀਂ ਇਹ ਦੱਸੋ ਕਿ ਨਜ਼ਰਾਨਾ ਕੀ ਦਿਓਗੇ?”
“ਦੋ ਲੱਖ।”
ਚੜ੍ਹਤ ਸਿੰਘ ਨੇ ਦੋ ਲੱਖ ਰੁਪਏ ਲੈ ਕੇ ਉਸਨੂੰ ਰਿਹਾਅ ਕਰ ਦਿੱਤਾ।
ਜਦੋਂ ਚੜ੍ਹਤ ਸਿੰਘ ਤੇ ਗੁਜਰ ਸਿੰਘ ਰੋਹਤਾਸ ਫਤਿਹ ਕਰਨ ਵਿਚ ਰੁੱਝੇ ਹੋਏ ਸਨ, ਹਰੀ ਸਿੰਘ ਭੰਗੀ ਤੇ ਹੀਰਾ ਸਿੰਘ ਨਕਈ ਦੀ ਕਮਾਂਡ ਵਿਚ ਤਰੁਣਾ ਦਲ ਦਾ ਦੂਜਾ ਟੋਲਾ ਦੱਖਣ ਪੱਛਮ ਵੱਲ ਕੂਚ ਕਰ ਗਿਆ। ਮੁਲਤਾਨ ਫਤਿਹ ਕਰਨ ਪਿੱਛੋਂ ਉਹਨਾਂ ਸਿੰਧ ਨਦੀ ਪਾਰ ਕੀਤੀ ਤੇ ਬਿਨਾਂ ਕਿਸੇ ਵਿਰੋਧ ਦੇ ਡੇਰਾ ਇਸਮਾਈਲ ਖ਼ਾਂ ਤੇ ਡੇਰਾ ਗਾਜ਼ੀ ਖ਼ਾਂ ਤਕ ਜਾ ਪਹੁੰਚੇ।
ਇਸ ਪਿੱਛੋਂ ਹਰੀ ਸਿੰਘ ਤੇ ਹੀਰਾ ਸਿੰਘ ਨੇ ਸਿਆਲ ਤੇ ਝੰਗ ਖੇਤਰ ਉੱਤੇ ਧਾਵਾ ਬੋਲਿਆ। ਸਿਆਲਾਂ ਨੇ ਸਿੱਖਾਂ ਦਾ ਡਟ ਕੇ ਮੁਕਾਬਲਾ ਕੀਤਾ, ਪਰ ਉਹ ਹਾਰ ਗਏ। ਝੰਗ, ਖ਼ੁਸ਼ਾਬ, ਚਿਕੋਟ ਉੱਤੇ ਭੰਗੀ ਮਿਸਲ ਦਾ ਕਬਜਾ ਹੋ ਗਿਆ।
ਤਰੁਣਾ ਦਲ ਨੇ ਖ਼ੂਬ ਹੂੰਝਾ ਫੇਰਿਆ।...ਆਓ ਹੁਣ ਗੰਗ ਦੁਆਬੇ ਵੱਲ ਚੱਲੀਏ ਤੇ ਬੁੱਢਾ ਦਲ ਦੇ ਕਾਰਨਾਮੇ ਦੇਖੀਏ—
ਸਰਦਾਰ ਜੱਸਾ ਸਿੰਘ ਦੀ ਕਮਾਨ ਵਿਚ ਸਰਦਾਰ ਖ਼ੁਸ਼ਹਾਲ ਸਿੰਘ, ਕੌੜਾ ਸਿੰਘ, ਬਘੇਲਾ ਸਿੰਘ, ਤਾਰਾ ਸਿੰਘ ਗੋਬਾ, ਗੁਰਬਖ਼ਸ਼ ਸਿੰਘ, ਕਰਮ ਸਿੰਘ, ਰਾਮ ਸਿੰਘ ਆਦੀ ਨੇ ਚਾਲੀ ਹਜ਼ਾਰ ਘੋੜਸਵਾਰਾਂ ਨਾਲ ਥੁੜੀਘਾਟ ਤੋਂ ਜਮਨਾ ਪਾਰ ਕੀਤੀ ਤੇ 21 ਫਰਬਰੀ ਨੂੰ ਸਹਾਰਨਪੁਰ ਉੱਤੇ ਜਾ ਕਬਜਾ ਕੀਤਾ। ਉੱਥੋਂ ਮਿਸਲ ਸਰਦਾਰ ਵੱਖ ਵੱਖ ਦਿਸ਼ਾਵਾਂ ਵੱਲ ਨਿਕਲ ਪਏ। ਇਹ ਖ਼ਬਰ ਸੁਣਦਿਆਂ ਹੀ ਨਜੀਬ ਖ਼ਾਂ ਦੇ ਹੱਥ ਪੈਰ ਫੁੱਲ ਗਏ। ਕਿੱÎਥੇ ਤਾਂ ਉਹ ਭਰਤਪੁਰ ਨੂੰ ਜਿੱਤਣ ਗਿਆ ਹੋਇਆ ਸੀ ਤੇ ਕਿੱਥੇ ਆਪਣੇ ਹੀ ਇਲਾਕੇ ਦੀ ਫ਼ਿਕਰ ਪੈ ਗਈ ਸੀ। ਉਹ ਕਾਹਲ ਨਾਲ ਵਾਪਸ ਪਰਤਿਆ, ਪਰ ਉਸ ਤੋਂ ਕੁਝ ਵੀ ਨਹੀਂ ਹੋ ਸਕਿਆ। ਜੇ ਉਹ ਇਕ ਸ਼ਹਿਰ ਵੱਲ ਜਾਂਦਾ ਤਾਂ ਸਿੱਖ ਦੂਜੇ ਉੱਤੇ ਹਮਲਾ ਕਰ ਦਿੰਦੇ। ਜੇ ਉਹ ਉਧਰ ਪਲਟਦਾ ਤਾਂ ਸਿੱਖ ਕਿਸੇ ਤੀਜੇ ਸ਼ਹਿਰ ਉੱਤੇ ਧਾਵਾ ਬੋਲ ਦਿੰਦੇ ਇੰਜ ਖਾਲਸੇ ਨੇ ਥੋੜ੍ਹੇ ਦਿਨਾਂ ਵਿਚ ਹੀ ਸ਼ਾਮਲੀ, ਕਾਂਧਲਾ, ਮੀਰ ਪੁਰ, ਦੇਵਬੰਦ, ਮੁਜਫ਼ਰਗੜ੍ਹ, ਜਵਾਲਾ ਪੁਰ, ਕਨਖ਼ਲ, ਲੰਡੋਰਾ, ਨਜੀਬਾ ਬਾਦ ਆਦੀ ਉੱਤੇ ਝਪਟੇ ਮਾਰ-ਮਾਰ ਕੇ ਨਜੀਬ ਖ਼ਾਂ ਨੂੰ ਹੈਰਾਨ-ਪ੍ਰੇਸ਼ਾਨ ਤੇ ਸ਼ਹਿਰਾਂ ਨੂੰ ਉਜਾੜ-ਵੀਰਾਨ ਕਰ ਦਿੱਤਾ। ਜਦੋਂ ਬਚਾਅ ਦੀ ਕੋਈ ਸੂਰਤ ਨਜ਼ਰ ਨਹੀਂ ਆਈ ਤਾਂ ਉਸਨੇ ਖਾਲਸੇ ਵੱਲ ਆਪਣੇ ਵਜ਼ੀਰ ਘੱਲੇ ਤੇ ਗਿਆਰਾਂ ਲੱਖ ਰੁਪਏ ਨਜ਼ਰਾਨਾ ਦੇ ਕੇ ਸਮਝੌਤਾ ਕਰ ਲਿਆ।
ਖਾਲਸੇ ਦਾ ਮਕਸਦ ਪੂਰਾ ਹੋ ਗਿਆ। ਉਹਨਾਂ ਨੂੰ ਪੈਸਾ ਵੀ ਮਿਲ ਗਿਆ ਤੇ ਜਵਾਹਰ ਸਿੰਘ ਦੀ ਮਦਦ ਵੀ ਹੋ ਗਈ।
ਇਸ ਨਾਲ ਜਵਾਹਰ ਸਿੰਘ ਦਾ ਹੌਸਲਾ ਵਧ ਗਿਆ। ਉਹ ਨਜੀਬ ਖ਼ਾਂ ਤੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸਨੇ ਮਲਹਾਰ ਰਾਵ ਹੁਲਕਰ ਨਾਲ ਗੰਢ-ਸੰਢ ਕੀਤੀ ਤੇ ਖਾਲਸੇ ਨੂੰ ਵੀ ਮਦਦ ਕਰਨ ਲਈ ਲਿਖਿਆ। ਨਜੀਬ ਇਸ ਸਮੇਂ ਦਿੱਲੀ ਵਿਚ ਅਹਿਮਦ ਸ਼ਾਹ ਦੁਰਾਨੀ ਵੱਲੋਂ ਥਾਪੇ ਬਾਦਸ਼ਾਹ ਆਲਮ ਸ਼ਾਹ ਦੂਜੇ ਦਾ ਵਕੀਲੇ-ਮੁਤਲਿਕਾ ਭਾਵ ਕੁਲ ਕਾਰ ਮੁਖਤਿਆਰ ਸੀ। ਇਸ ਲਈ ਜਵਾਹਰ ਸਿੰਘ ਨੇ ਦਿੱਲੀ ਉੱਤੇ ਹਮਲਾ ਕਰ ਦਿੱਤਾ। 15-16 ਨਵੰਬਰ ਨੂੰ ਨਜੀਬ ਖ਼ਾਂ ਨਾਲ ਮੁੱਢਲੀ ਟੱਕਰ ਹੋਈ। ਇਸ ਦੌਰਾਨ ਮਲਹਾਰ ਰਾਵ ਹੁਲਕਰ ਤਮਾਸ਼ਾ ਦੇਖਦਾ ਰਿਹਾ ਤੇ ਉਸਨੇ ਜਵਾਹਰ ਸਿੰਘ ਦੀ ਕੋਈ ਖਾਸ ਮਦਦ ਨਹੀਂ ਕੀਤੀ। ਇਸ ਲਈ ਜਵਾਹਰ ਸਿੰਘ ਦਾ ਮਰਾਠਿਆਂ ਉੱਤੇ ਭਰੋਸਾ ਨਹੀਂ ਰਿਹਾ।
ਜਨਵਰੀ 1765 ਦੇ ਪਹਿਲੇ ਹਫ਼ਤੇ ਜੱਸਾ ਸਿੰਘ ਆਹਲੂਵਾਲੀਆ ਵੀ ਪੰਦਰਾਂ ਹਜ਼ਾਰ ਸਿੰਘਾਂ ਨੂੰ ਨਾਲ ਲੈ ਕੇ ਦਿੱਲੀ ਜਾ ਪਹੁੰਚਿਆ। ਜਦੋਂ ਖਾਲਸਾ ਬਰਾੜੀ ਘਟ 'ਤੇ ਪਹੁੰਚਿਆ ਤਾਂ ਜਵਾਹਰ ਸਿੰਘ ਜਮਨਾ ਪਾਰ ਕਰਕੇ ਉਹਨਾਂ ਨੂੰ ਮਿਲਣ ਆਇਆ। ਯੋਜਨਾ ਇਹ ਬਣੀ ਕਿ ਸਿੱਖ ਸਬਜੀ ਮੰਡੀ ਵਾਲੇ ਪਾਸਿਓਂ ਸ਼ਹਿਰ ਉੱਤੇ ਹੱਲੇ ਕਰਨ ਤੇ ਨਜੀਬ ਖ਼ਾਂ ਦੇ ਇਲਾਕੇ ਨੂੰ ਉਜਾੜਨ ਤਾਂਕਿ ਉਸਨੂੰ ਉਧਰ ਦੀ ਫ਼ਿਕਰ ਹੀ ਪਈ ਰਹੇ। ਖਾਲਸੇ ਦੇ ਇਹਨਾਂ ਹਮਲਿਆਂ ਨੇ ਨਜੀਬ ਖ਼ਾਂ ਨੂੰ ਖਾਸਾ ਪ੍ਰੇਸ਼ਾਨ ਕੀਤਾ, ਪਰ ਖਾਲਸੇ ਕੋਲ ਤੋਪਾਂ ਨਹੀਂ ਸਨ, ਉਸ ਉਪਰ ਕੋਈ ਵਿਸ਼ੇਸ਼ ਪ੍ਰਭਾਵ ਨਹੀਂ ਪੈ ਸਕਿਆ। ਫੇਰ 4 ਫਰਬਰੀ, 1765 ਨੂੰ ਖਾਲਸੇ ਤੇ ਨਜੀਬੂਦੌਲਾ ਵਿਚਕਾਰ ਘਮਾਸਾਨ ਦੀ ਲੜਾਈ ਹੋਈ, ਜਿਸ ਵਿਚ ਰੋਹੇਲਿਆਂ ਨੂੰ ਹਾਰ ਕੇ ਪਿੱਛੇ ਹਟਣਾ ਪਿਆ।
ਇਸ ਦੌਰਾਨ ਖ਼ਬਰਾਂ ਆਉਣ ਲੱਗ ਪਈਆਂ ਕਿ ਅਹਿਮਦ ਸ਼ਾਹ ਨਜੀਬੂਦੌਲਾ ਦੇ ਸੱਦੇ ਉੱਤੇ ਪੰਜਾਬ ਪਹੁੰਚ ਗਿਆ ਹੈ। ਇਸ ਨਾਲ ਮਰਾਠਿਆਂ ਨੂੰ ਫ਼ਿਕਰ ਪੈ ਗਈ। ਹੁਲਕਰ ਪਹਿਲਾਂ ਹੀ ਨਜੀਬ ਖ਼ਾਂ ਨੂੰ ਨੁਕਸਾਨ ਪਹੁੰਚਾਉਣ ਦੇ ਪੱਖ ਵਿਚ ਨਹੀਂ ਸੀ। ਇਮਾਦੁਲ-ਮੁਲਕ ਗਾਜ਼ੀਉਲਦੀਨ ਵੀ ਸੂਰਜ ਮੱਲ ਦੇ ਸਮੇਂ ਤੋਂ ਭਰਤ ਪੁਰ ਵਿਚ ਸ਼ਰਨਾਰਥੀ ਸੀ। ਉਸਨੇ ਤੇ ਹੁਲਕਰ ਨੇ ਨਜੀਬ ਖ਼ਾਂ ਨਾਲ ਸੁਲਾਹ ਦੀ ਗੱਲ ਤੋਰੀ। ਪਰ ਜਵਾਹਰ ਸਿੰਘ ਸੁਲਾਹ ਦੇ ਪੱਖ ਵਿਚ ਨਹੀਂ ਸੀ, ਪਰ ਜਦੋਂ ਉਹ ਦੋਹੇਂ ਦੁਸ਼ਮਣ ਨਾਲ ਜਾ ਰਲੇ ਤਾਂ ਮਜ਼ਬੂਰਨ ਉਸਨੂੰ ਵੀ ਸੁਲਾਹ ਕਰਨੀ ਪਈ।
ਹੁਣ ਜੱਸਾ ਸਿੰਘ ਆਹਲੂਵਾਲੀਆ ਦੇ ਉੱਥੇ ਰੁਕਣ ਦੇ ਕੋਈ ਅਰਥ ਨਹੀਂ ਸਨ। ਅਹਿਮਦ ਸ਼ਾਹ ਪੰਜਾਬ ਪਹੁੰਚ ਚੁੱਕਿਆ ਸੀ ਤੇ ਖਾਲਸੇ ਦਾ ਉੱਥੇ ਹੋਣਾ ਜ਼ਰੂਰੀ ਸੀ। ਇਸ ਲਈ ਉਹ ਜਲਦੀ ਤੋਂ ਜਲਦੀ ਪੰਜਾਬ ਵੱਲ ਪਰਤ ਗਏ।
***

No comments:

Post a Comment