Wednesday 11 August 2010

ਬੋਲੇ ਸੋ ਨਿਹਾਲ : ਦਸਵੀਂ ਕਿਸ਼ਤ :-

ਦਸਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਇਧਰ ਮੀਰ ਮੰਨੂੰ ਨੇ ਆਪਣੀ ਸਾਰੀ ਤਾਕਤ ਸਿੱਖਾਂ ਨੂੰ ਮਿਟਾਉਣ ਵਿਚ ਲਾਈ ਹੋਈ ਸੀ। ਉਧਰ ਸਫਦਰ ਜੰਗ ਉਸਦੀਆਂ ਜੜਾਂ ਪੁਟਣ ਦਾ ਛੜਯੰਦਰ ਰਚ ਰਿਹਾ ਸੀ।
ਜ਼ਕਰੀਆ ਖਾਂ ਦਾ ਵੱਡਾ ਪੁੱਤਰ ਯਹੀਆ ਖਾਂ ਆਪਣੇ ਛੋਟੇ ਭਰਾ ਸ਼ਾਹ ਨਵਾਜ ਤੋਂ ਹਾਰ ਕੇ ਦਿੱਲੀ ਭੱਜ ਗਿਆ ਸੀ ਤੇ ਸ਼ਾਹ ਨਵਾਜ ਵੀ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਕੇ ਦਿੱਲੀ ਨੱਸ ਆਇਆ ਸੀ। ਯਹੀਆ ਖਾਂ ਨੇ ਰਾਜ-ਪਾਠ ਦੇ ਸੁਪਨੇ ਦੇਖਣੇ ਛੱਡ ਕੇ ਫਕੀਰੀ ਲੈ ਲਈ ਸੀ ਤੇ ਉਹ ਯਹੀਆ ਖਾਂ ਤੋਂ 'ਦਰਵੇਸ਼ ਯਹੀਆ ਸ਼ਾਹ' ਬਣ ਗਿਆ ਸੀ। ਪਰ ਸ਼ਾਹ ਨਵਾਜ ਖਾਂ ਧੁਨ ਦਾ ਪੱਕਾ ਸੀ ਤੇ ਉਹ ਲਾਹੌਰ ਦੀ ਨਵਾਬੀ ਉਪਰ ਆਪਣਾ ਹੱਕ ਸਮਝਦਾ ਸੀ। ਮੁਗਲ ਅਫਸਰਾਂ ਤੇ ਅਮੀਰਾਂ ਵਿਚ ਉਸਦਾ ਅਸਰ-ਰਸੂਖ਼ ਸੀ। ਲਾਹੌਰ ਤੇ ਮੁਲਤਾਨ ਵਿਚ ਉਸਦੇ ਹਮਾਇਤੀ ਮੌਜੂਦ ਸਨ। ਅਦੀਨਾ ਬੇਗ ਵਰਗੇ ਚਾਲਬਾਜ ਆਦਮੀ ਉੱਤੇ ਵੀ ਉਸਨੂੰ ਭਰੋਸਾ ਸੀ। ਸ਼ੁਰੂ ਤੋਂ ਹੀ ਹਰ ਮਾਮਲੇ ਵਿਚ ਉਹ ਉਸਦਾ ਸਲਾਹਕਾਰ ਰਿਹਾ ਸੀ। ਪਹਿਲਾਂ ਯਹੀਆ ਖਾਂ ਦੇ ਖ਼ਿਲਾਫ਼ ਲੜਾਈ ਵਿਚ ਤੇ ਫੇਰ ਅਬਦਾਲੀ ਦੇ ਖ਼ਿਲਾਫ਼ ਲੜਾਈ ਵਿਚ ਉਸਨੇ ਉਸਦਾ ਪੂਰਾ ਪੂਰਾ ਸਾਥ ਦਿੱਤਾ ਸੀ। ਉਸਨੂੰ ਵਿਸ਼ਵਾਸ ਸੀ ਕਿ ਅਦੀਨਾ ਬੇਗ ਉਸਦਾ ਆਦਮੀ ਹੈ ਤੇ ਲੋੜ ਪੈਣ ਉੱਤੇ ਕੰਮ ਆਏਗਾ। ਉਹ ਪਿਤਾ ਦੀ ਵਿਰਾਸਤ ਵਿਚ ਮਿਲੀ ਨਵਾਬੀ ਨੂੰ ਹਾਸਲ ਕਰਨ ਲਈ ਹੀ ਹੱਥ ਪੈਰ ਮਾਰ ਰਿਹਾ ਸੀ।
ਵਜ਼ੀਰ ਸਫਦਰ ਜੰਗ ਵੀ ਇਸ ਮਹੱਤਵਪੂਰਨ ਨੌਜਵਾਨ ਨੂੰ ਆਪਣੇ ਛੜਯੰਤਰ ਵਿਚ ਇਸਤੇਮਾਲ ਕਰਨਾ ਚਾਹੁੰਦਾ ਸੀ। ਮੁਸ਼ਕਲ ਇਹ ਸੀ ਕਿ ਈਰਾਨੀ-ਦਲ ਦੇ ਲੋਕ ਸ਼ੀਆ ਸਨ ਤੇ ਤੂਰਾਨੀ-ਦਲ ਦੇ ਲੋਕ ਸੂਨੀ ਸਨ। ਜ਼ਕਰੀਆ ਖਾਂ ਵੀ ਸੂਨੀ ਸੀ ਤੇ ਉਸਦਾ ਸਬੰਧ ਤੂਰਾਨੀ-ਦਲ ਨਾਲ ਸੀ। ਸਵਾਲ ਇਹ ਸੀ ਕਿ ਕੀ ਸ਼ਾਹ ਨਵਾਜ ਉਸਦੀ ਇਮਦਾਦ ਲੈਣ ਲਈ ਸ਼ੀਆ ਬਣਨਾ ਤੇ ਈਰਾਨੀ-ਦਲ ਵਿਚ ਸ਼ਾਮਲ ਹੋਣਾ ਮੰਨ ਲਏਗਾ? ਸਫਦਰ ਜੰਗ ਨੇ ਆਪਣੀ ਫਿਰੋਜ਼ਾ ਨਾਂ ਦੀ ਦਾਸੀ ਨੂੰ ਭੇਜ ਕੇ ਸ਼ਾਹ ਨਵਾਜ ਨੂੰ ਇਕਾਂਤ ਵਿਚ ਆਪਣੇ ਕੋਲ ਬੁਲਾਇਆ ਤਾਂ ਕਿ ਦਾਣਾ ਸੁੱਟ ਕੇ ਟੋਹ ਲਿਆ ਜਾਏ।
ਸਫਦਰ ਜੰਗ ਸ਼ਾਹ ਨਵਾਜ ਨਾਲ ਬੜੇ ਪਿਆਰ ਤੇ ਅਪਣੱਤ ਨਾਲ ਮਿਲਿਆ ਤੇ ਉਸਨੂੰ ਆਪਣੇ ਕੋਲ ਬਿਠਾਅ ਕੇ ਗੱਲ ਸ਼ੁਰੂ ਕੀਤੀ, “ਤੇਰੇ ਵਾਲਿਦ ਸਾਹਬ ਮੇਰੇ ਜ਼ਿਗਰੀ ਦੋਸਤ ਸਨ। ਸੋਚਿਆ ਕਿ ਬੁਲਾਅ ਕੇ ਹਾਲਚਾਲ ਈ ਪਤਾ ਕਰ ਲਵਾਂ।”
“ਹਾਲਚਾਲ ਜੋ ਹੈ, ਉਹ ਤਾਂ ਤੁਹਾਨੂੰ ਪਤਾ ਈ ਏ। ਵੱਡਾ ਭਰਾ ਫਕੀਰ ਹੋ ਗਿਐ...”
“ਬਰਖ਼ੁਰਦਾਰ! ਉਹ ਮੈਨੂੰ ਪਤਾ ਏ। ਉਸਦੀ ਗੱਲ ਛੱਡ।” ਵਜ਼ੀਰ ਨੇ ਉਸਨੂੰ ਵਿਚਕਾਰ ਹੀ ਟੋਕ ਦਿੱਤਾ ਤੇ ਅੱਗੇ ਕਿਹਾ, “ਤੂੰ ਆਪਣੇ ਵਾਲਿਦ ਸਾਹਬ ਦੀ ਤਰ੍ਹਾਂ ਹੀ ਬਹਾਦੁਰ ਮਰਦ ਏਂ...ਦੱਸ ਤੇਰੇ ਕੀ ਇਰਾਦੇ ਨੇ?”
ਜਿਵੇਂ ਕਿ ਸਫਦਰ ਜੰਗ ਜਾਣਦਾ ਹੀ ਸੀ ਕਿ ਸ਼ਾਹ ਨਵਾਜ ਲਾਹੌਰ ਦਾ ਨਵਾਬ ਬਣਨ ਲਈ ਹੱਥ ਪੈਰ ਮਾਰ ਰਿਹਾ ਹੈ, ਓਵੇਂ ਹੀ ਸ਼ਾਹ ਨਵਾਜ ਵੀ ਜਾਣਦਾ ਸੀ ਕਿ ਸਫਦਰ ਜੰਗ ਮੁਈਨੁਲ ਮੁਲਕ ਨੂੰ ਉਖਾੜਨ ਦੀ ਫਿਕਰ ਵਿਚ ਹੈ, ਪਰ ਭੋਲਾ ਬਣ ਕੇ ਬੋਲਿਆ, “ਮੇਰੇ ਜੋ ਇਰਾਦੇ ਸਨ, ਸਭ ਖਾਕ ਵਿਚ ਮਿਲ ਚੁੱਕੇ ਨੇ। ਹੁਣ ਮੈਂ ਆਪਣੀ ਹਾਰ ਦੀ ਆਵਾਜ਼ ਹਾਂ। ਹਸਰਤ ਭਰੀਆਂ ਨਜ਼ਰਾਂ ਨਾਲ ਆਸਮਾਨ ਵੱਲ ਵੇਖਦਾ ਹਾਂ, ਜਦ ਕੁਝ ਵੀ ਨਜ਼ਰ ਨਹੀਂ ਆਉਂਦਾ ਤਾਂ ਮੁੜ ਨਜ਼ਰਾਂ ਜ਼ਮੀਨ 'ਤੇ ਟਿਕਾਅ ਲੈਂਦਾ ਹਾਂ।”
“ਜਵਾਨੀ ਹਿੰਮਤ ਦਾ ਨਾਂ ਏਂ। ਖਾਕ ਵਿਚ ਮਿਲੇ ਇਰਾਦਿਆਂ ਨੂੰ ਜੇ ਹਿੰਮਤ ਦੇ ਪਾਣੀ ਨਾਲ ਸਿੰਜਿਆ ਜਾਵੇ ਤਾਂ ਉਹ ਫਲਦਾਰ ਰੁੱਖ ਬਣ ਸਕਦੇ ਨੇ।”
ਸਫਦਰ ਜੰਗ ਸ਼ਾਹ ਨਵਾਜ ਵੱਲ ਦੇਖ ਕੇ ਮੁਸਕਰਾਇਆ। ਇਸ ਮੁਸਕਰਾਹਟ ਨੇ ਉਹ ਸਭ ਕੁਝ ਕਹਿ ਦਿੱਤਾ ਜੋ ਉਹ ਕਹਿਣਾ ਚਾਹੁੰਦਾ ਸੀ ਤੇ ਸ਼ਾਹ ਨਵਾਜ ਸੁਣਨਾ ਚਾਹੁੰਦਾ ਸੀ।
“ਮੇਰੇ ਅਜੀਜ਼! ਆਪਣੀ ਗੱਲ ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ।” ਸਫਦਰ ਜੰਗ ਨੇ ਅਰਥਪੂਰਨ ਢੰਗ ਨਾਲ ਸਿਰ ਹਿਲਾਇਆ ਤੇ ਕੁਝ ਪਲ ਰੁਕ ਕੇ ਅੱਗੇ ਕਿਹਾ, “ਮੈਂ ਤੈਨੂੰ ਲਾਹੌਰ ਦਾ ਨਵਾਬ ਬਣਾ ਸਕਦਾ ਹਾਂ, ਬਸ਼ਰਤ ਏ ਕਿ...”
“ਹਾਂ, ਹਾਂ ਫਰਮਾਓ ਸ਼ਰਤ ਕੀ ਏ?” ਸ਼ਾਹ ਨਵਾਜ ਨੇ ਉਤਸੁਕਤਾ ਨਾਲ ਪੁੱਛਿਆ।
“ਸ਼ਰਤ ਹੈ ਕਿ ਕੀ ਤੈਨੂੰ ਸ਼ੀਆ ਬਣਨਾ ਤੇ ਮੇਰੇ ਦਲ ਵਿਚ ਸ਼ਾਮਲ ਹੋਣਾ ਮੰਜ਼ੂਰ ਹੈ?”
ਸ਼ਾਹ ਨਵਾਜ ਦਾ ਬਾਪ ਸੂਨੀ ਸੀ। ਸ਼ੀਆ ਤੇ ਸੂਨੀ ਵਿਚ ਕੀ ਫਰਕ ਹੈ ਇਹ ਉਸਨੇ ਕਦੀ ਸੋਚਿਆ ਹੀ ਨਹੀਂ ਸੀ, ਤੇ ਨਾ ਹੀ ਸੋਚਣ ਦੀ ਲੋੜ ਮਹਿਸੂਸ ਕੀਤੀ ਸੀ। ਭਾਵੇਂ ਏਨਾ ਜ਼ਰੂਰ ਸਮਝ ਗਿਆ ਸੀ ਕਿ ਸ਼ੀਆ ਅਤੇ ਸੂਨੀ ਦੋ ਦਲ ਹਨ ਜਿਹੜੇ ਸੱਤਾ ਖਾਤਰ ਆਪੋ ਵਿਚ ਲੜਦੇ ਰਹਿੰਦੇ ਹਨ। ਜਿਸ ਦਲ ਦੇ ਹੱਥ ਵਿਚ ਸੱਤਾ ਆ ਜਾਏ ਉਹ ਵਿਰੋਧੀ ਦਲ ਨੂੰ ਨੀਵਾਂ ਦਿਖਾਉਣ ਤੇ ਆਪ ਸੱਤਾ ਵਿਚ ਰਹਿਣ ਲਈ ਕਿਸੇ ਵੀ ਹੱਥ ਕੰਡੇ ਤੋਂ ਕੰਮ ਲੈਣਾ ਜਾਇਜ਼ ਸਮਝਦਾ ਹੈ। ਸ਼ੀਆ ਮਿੱਥਿਆ ਹੈ, ਸੂਨੀ ਮਿੱਥਿਆ ਹੈ; ਸੱਤਾ ਹੀ ਸਭ ਕੁਝ ਹੈ।
“ਬੋਲ ਮੰਜ਼ੂਰ ਏ?” ਸ਼ਾਹ ਨਵਾਜ ਨੂੰ ਸੋਚਾਂ ਵਿਚ ਖੁੱਬਿਆਂ ਦੇਖ ਕੇ ਸਫਦਰ ਜੰਗ ਨੇ ਪੁੱਛਿਆ।
“ਮੰਜ਼ੂਰ ਏ।” ਸ਼ਾਹ ਨਵਾਜ ਨੇ ਉਤਰ ਦਿੱਤਾ। ਉਸੇ ਵੇਲੇ ਮਸਜਿਦ ਵਿਚੋਂ ਅਜਾਨ ਦੀ ਆਵਾਜ਼ ਆਈ। ਅਸ਼ਰ (ਆਥਣ) ਦੀ ਨਮਾਜ਼ ਦਾ ਵੇਲਾ ਹੋ ਗਿਆ ਸੀ।
“ਮੈਂ ਕੱਲ੍ਹ ਤੈਨੂੰ,” ਅਜਾਨ ਦੀ ਆਵਾਜ਼ ਆਉਣੀ ਬੰਦ ਹੋਈ ਤਾਂ ਸਫਦਰ ਜੰਗ ਨੇ ਆਪਣੀ ਸਕੀਮ ਸਮਝਾਉਣੀ ਸ਼ੁਰੂ ਕੀਤੀ, “ਮੁਲਤਾਨ ਦੀ ਸੂਬੇਦਾਰੀ ਦਾ ਸ਼ਾਹੀ ਫਰਮਾਨ ਦਿਆਂਗਾ, ਫੌਜ ਦਿਆਂਗਾ। ਮੁਲਤਾਨ ਉੱਤੇ ਕਬਜਾ ਕਰਨ ਪਿੱਛੋਂ ਲਾਹੌਰ ਪਹੁੰਚਣਾ ਤੇਰਾ ਕੰਮ ਏ।”
“ਤੁਹਾਡਾ ਇਹ ਅਜੀਜ਼ ਇਸ ਕੰਮ ਨੂੰ ਚੁੱਟਕੀ ਵਿਚ ਕਰ ਦਿਖਾਏਗਾ।”
ਸ਼ਾਹ ਨਵਾਜ ਦੀਆਂ ਬਰਾਛਾਂ ਖਿੜ ਗਈਆਂ। ਇਹ ਸੁਣ ਕੇ ਸਫਦਰ ਜੰਗ ਵੀ ਖਿੜ ਗਿਆ ਸੀ।

ਸ਼ਾਹ ਨਵਾਜ ਸ਼ਾਹੀ ਫਰਮਾਨ ਤੇ ਫੌਜ ਲੈ ਕੇ ਚੁੱਪਚਾਪ ਤੇ ਏਨੀ ਤੇਜ਼ੀ ਨਾਲ ਮੁਲਤਾਨ ਪਹੁੰਚਿਆ ਕਿ ਮੀਰ ਮੰਨੂੰ ਨੂੰ ਉਦੋਂ ਹੀ ਪਤਾ ਲੱਗਿਆ, ਜਦੋਂ ਉਸਦੇ ਆਦਮੀਆਂ ਨੂੰ ਕੁੱਟਮਾਰ ਕਰਕੇ ਉੱਥੋਂ ਭਜਾ ਦਿੱਤਾ ਗਿਆ ਤੇ ਸ਼ਾਹ ਨਵਾਜ ਉੱਥੋਂ ਦਾ ਹਾਕਮ ਬਣ ਬੈਠਾ।
ਇਸ ਸਮਾਚਾਰ ਦੇ ਨਾਲ ਹੀ ਦੂਜਾ ਸਮਾਚਾਰ ਇਹ ਮਿਲਿਆ ਕਿ ਆਪਣੀ ਹਾਰ ਦੀ ਨਮੋਸ਼ੀ ਮਿਟਾਉਣ ਖਾਤਰ ਅਹਿਮਦ ਸ਼ਾਹ ਅਬਦਾਲੀ ਫੇਰ ਆ ਰਿਹਾ ਹੈ।
ਮੀਰ ਮੰਨੂੰ ਮੁਸ਼ਕਲ ਵਿਚ ਫਸ ਗਿਆ। ਉਹ ਅੰਮ੍ਰਿਤਸਰ ਆਇਆ ਤੇ ਸਲਾਹ ਕਰਨ ਲਈ ਯੁੱਧ ਪਰਿਸ਼ਦ ਦੀ ਮੀਟਿੰਗ ਬੁਲਾਈ।
ਜੱਸਾ ਸਿੰਘ ਆਹਲੂਵਾਲੀਆ ਨੇ ਮੀਰ ਮੰਨੂੰ ਦੇ ਦੀਵਾਨ ਕੌੜਾ ਮੱਲ ਨੂੰ ਲਿਖਿਆ ਸੀ ਕਿ ਕਿਲੇ ਵਿਚ ਘੇਰੇ ਹੋਏ ਤਿੰਨ ਸੌ ਜਵਾਨਾ ਦੀ ਜਾਨ ਬਚਾਉਣ ਦਾ ਕੋਈ ਉਪਾਅ ਕਰੇ। ਉਪਾਅ ਹੁਣ ਖੁਦ-ਬ-ਖੁਦ ਸਾਹਮਣੇ ਆ ਗਿਆ।
“ਦੋ ਦੁਸ਼ਮਣ ਦਰਵਾਜ਼ੇ ਉੱਤੇ ਦਸਤਕ ਦੇ ਰਹੇ ਨੇ। ਇਸ ਹਾਲਤ ਵਿਚ ਬਿਹਤਰ ਹੈ ਕਿ ਸਿੱਖਾਂ ਨਾਲ ਸੁਲਾਹ ਕਰ ਲਈ ਜਾਵੇ।” ਦੀਵਾਨ ਕੌੜਾ ਮੱਲ ਨੇ ਮੀਰ ਮੰਨੂੰ ਨੂੰ ਸਲਾਹ ਦਿੱਤੀ।
“ਸਿੱਖਾਂ ਨਾਲ ਸੁਲਾਹ!” ਮੀਰ ਮੰਨੂੰ ਨੇ ਹੈਰਾਨੀ ਪ੍ਰਗਟ ਕੀਤੀ ਤੇ ਅੱਗੇ ਕਿਹਾ, “ਇਹ ਕਿਵੇਂ ਸੰਭਵ ਹੋ ਸਕਦਾ ਹੈ?”
“ਸਿੱਖ ਬਹਾਦਰ ਨੇ, ਸਮੇਂ 'ਤੇ ਕੰਮ ਆਉਣਗੇ।...ਤੇ ਕੌਣ ਨਹੀਂ ਜਾਣਦਾ ਕਿ ਸਮੇਂ ਦੀ ਲੋੜ ਹਰ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੀ ਏ। ਉਹਨਾਂ ਨੂੰ ਏਨੀ ਜ਼ਮੀਨ ਦੇ ਦਿਓ ਕਿ ਅਮਨ ਤੇ ਆਰਾਮ ਨਾਲ ਰਹਿ ਸਕਣ।”
“ਸਮੇਂ ਦੀ ਲੋੜ ਕੁਝ ਵੀ ਹੋਏ, ਮੈਂ ਸਿੱਖਾਂ ਨਾਲ ਸੁਲਾਹ ਦੇ ਖ਼ਿਲਾਫ਼ ਹਾਂ। ਅਜਮਾਏ ਨੂੰ ਮੁੜ ਅਜਮਾਉਣਾ ਬੇਵਕੂਫੀ ਏ। ਸਿੱਖ ਨਾ ਕਦੀ ਅਮਨ ਨਾਲ ਰਹਿ ਸਕਦੇ ਨੇ ਤੇ ਨਾ ਹੀ ਕਦੀ ਰਹੇ ਨੇ।” ਅਦੀਨਾ ਬੇਗ ਨੇ ਜ਼ੋਰਦਾਰ ਸ਼ਬਦਾਂ ਵਿਚ ਵਿਰੋਧ ਕੀਤਾ।
ਮੀਰ ਮੰਨੂੰ ਅਦੀਨਾ ਬੇਗ ਦੇ ਦੋਹਰੇ ਚਰਿੱਤਰ ਨੂੰ ਖ਼ੂਬ ਸਮਝਦਾ ਸੀ, ਉਹ ਜਾਣਦਾ ਸੀ ਕਿ ਚਾਹੇ ਲੱਖ ਉਪਰੋਂ ਉਸਦਾ ਬਣੇ ਅਸਲ ਵਿਚ ਸ਼ਾਹ ਨਵਾਜ ਨਾਲ ਅੰਦਰੇ-ਅੰਦਰ ਉਸਦਾ ਗੰਢਜੋੜ ਹੈ। ਉਹ ਸਾਨੂੰ ਇਸ ਲਈ ਸਿੱਖਾਂ ਨਾਲ ਉਲਝਾਈ ਰੱਖਣਾ ਚਾਹੁੰਦਾ ਹੈ ਕਿ ਸ਼ਾਹ ਨਵਾਜ ਨੂੰ ਮੁਲਤਾਨ ਵਿਚ ਆਪਣੀ ਸਥਿਤੀ ਮਜਬੂਤ ਕਰਨ ਦਾ ਮੌਕਾ ਮਿਲ ਜਾਏ। ਉਸਦੇ ਵਿਰੋਧ ਕਰਨ ਦਾ ਅਸਰ ਇਹ ਹੋਇਆ ਕਿ ਦੀਵਾਨ ਕੌੜਾ ਮੱਲ ਦੇ ਸੁਝਾਅ ਨੂੰ ਬਲ ਮਿਲਿਆ।
“ਸਾਨੂੰ ਦੀਵਾਨ ਕੌੜਾ ਮੱਲ ਉਪਰ ਪੂਰਾ ਭਰੋਸਾ ਏ। ਉਹ ਜੋ ਕੁਝ ਵੀ ਕਰਦੇ ਨੇ, ਸਰਕਾਰ ਦੇ ਹਿੱਤ ਲਈ ਹੀ ਕਰਦੇ ਨੇ।” ਮੀਰ ਮੰਨੂੰ ਨੇ ਦੀਵਾਨ ਕੌੜਾ ਮੱਲ ਦਾ ਸਮਰਥਨ ਕਰਦਿਆਂ ਹੋਇਆਂ ਅਦੀਨਾ ਬੇਗ ਵੱਲ ਮੁਸਕਰਾ ਕੇ ਦੇਖਿਆ।
“ਨਵਾਬ ਸਾਹਬ ਸੋਚ ਲਓ। ਬਦ ਦੇ ਨਾਲ ਭਲਾਈ ਨੇਕ ਬੰਦਿਆਂ ਨਾਲ ਬੁਰਾਈ ਹੁੰਦੀ ਹੈ।”
ਮੀਰ ਮੰਨੂੰ ਨੇ ਦੀਵਾਨ ਕੌੜਾ ਮੱਲ ਦਾ ਸੁਝਾਅ ਮੰਨ ਲਿਆ। ਸਿੱਖਾਂ ਨੂੰ ਪੱਟੀ ਪਰਗਨਾ ਦਾ ਚੌਥਾ ਹਿੱਸਾ ਲਗਾਨ ਦੇਣਾ ਮੰਜੂਰ ਕਰਕੇ ਉਹ ਲਾਹੌਰ ਪਰਤ ਆਇਆ।
ਰਾਮ ਰੌਣੀ ਦੀ ਘੇਰਾਬੰਦੀ ਹਟ ਜਾਣ ਨਾਲ ਸਿੱਖਾਂ ਨੂੰ ਰਾਹਤ ਮਿਲੀ। ਉਹਨਾਂ ਵਿਚੋਂ ਕੁਝ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਤੇ ਕੁਝ ਨੂੰ ਕੌੜਾ ਮੱਲ ਨੇ ਆਪਣੀ ਫੌਜ ਵਿਚ ਭਰਤੀ ਕਰ ਲਿਆ।

ਅਹਿਮਦ ਸ਼ਾਹ ਅਬਦਾਲੀ 1749 ਦੇ ਦਸੰਬਰ ਵਿਚ ਸਿੰਧ ਨਦੀ ਪਾਰ ਕਰਦੇ ਚਨਾਬ ਦੇ ਸੱਜੇ ਕਿਨਾਰੇ ਕੋਪਰਾ ਵਿਚ ਆ ਪਹੁੰਚਿਆ। ਮੀਰ ਮੰਨੂੰ ਵੀ ਤੁਰੰਤ ਲਾਹੌਰ ਤੋਂ ਚੱਲਿਆ ਤੇ ਚਨਾਬ ਦੇ ਖੱਬੇ ਕਿਨਾਰੇ ਸੋਧਰਾ ਵਿਚ ਜਾ ਕੇ ਰੁਕਿਆ। ਅਬਦਾਲੀ ਨੇ ਮੀਰ ਮੰਨੂੰ ਨੂੰ ਖਤ ਲਿਖ ਕੇ ਚਾਹਾਰ ਮੱਹਲ ਦੇ ਬਕਾਇਆ ਲਗਾਨ ਦੀ ਤੇ ਅੱਗੇ ਤੋਂ ਬਾਕਾਇਦਾ ਲਗਾਨ ਦਿੰਦੇ ਰਹਿਣ ਦੀ ਮੰਗ ਕੀਤੀ। ਚਾਹਾਰ ਮੱਹਲ ਨੂੰ ਨਾਦਰ ਸ਼ਾਹ ਨੇ ਆਪਣੇ ਰਾਜ ਵਿਚ ਮਿਲਾ ਲਿਆ ਸੀ।
ਮੀਰ ਮੰਨੂੰ ਨੂੰ ਆਪਣੀ ਫੌਜੀ ਤਾਕਤ ਦਾ ਪਤਾ ਸੀ। ਉਸਨੇ ਅਬਦਾਲੀ ਦੀ ਮੰਗ ਪੂਰੀ ਕਰ ਦਿੱਤੀ। ਅਬਦਾਲੀ ਵੀ ਆਪਣੇ ਮਾਣੂਪੁਰ ਦੇ ਜੇਤੂ ਦੀ ਸ਼ਕਤੀ ਦਾ ਅੰਦਾਜਾ ਲਾਉਣ ਆਇਆ ਸੀ¸ ਅੱਗੇ ਵਧਨ ਦਾ ਕੋਈ ਇਰਾਦਾ ਨਹੀਂ ਸੀ ਉਸਦਾ। ਉਹ ਔਰੰਗਾਬਾਦ, ਗੁਜਰਾਤ, ਸਿਆਕੋਟ ਤੇ ਪਸਰੂਰ ਦਾ ਬਕਾਇਆ 14 ਲੱਖ ਰੁਪਈਆ ਲੈ ਕੇ ਕੰਧਾਰ ਪਰਤ ਗਿਆ।
ਇਸ ਦੌਰਾਨ ਸ਼ਾਹ ਨਵਾਜ ਨੇ ਮੁਲਤਾਨ ਵਿਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਸੀ। ਉਸਨੇ ਆਪਣੀ ਸੈਨਾ ਵਧਾ ਕੇ 15 ਹਜ਼ਾਰ ਕਰ ਲਈ ਤੇ ਮੰਨੂੰ ਨੂੰ ਖਤ ਲਿਖ ਕੇ ਆਪਣੇ ਪਿਤਾ ਦੇ ਮਕਬਰੇ ਦੀ ਜ਼ਿਆਰਤ ਲਈ ਲਾਹੌਰ ਆਉਣ ਦੀ ਇਜਾਜ਼ਤ ਮੰਗੀ। ਮੰਨੂੰ ਨੇ ਸ਼ਾਹ ਨਵਾਜ ਦੇ ਇਰਾਦਿਆਂ ਨੂੰ ਪਹਿਲਾਂ ਹੀ ਤਾੜ ਲਿਆ ਸੀ। ਉਸਨੇ ਉਤਰ ਵਿਚ ਲਿਖ ਭੇਜਿਆ ਕਿ ਤੂੰ ਲਾਹੌਰ ਆ ਸਕਦਾ ਏਂ, ਸ਼ਰਤ ਇਹ ਕਿ ਆਪਣੀ ਫੌਜ ਨਾਲ ਨਾ ਲਿਆਵੇਂ। ਸ਼ਾਹ ਨਵਾਜ ਨੇ ਅਖੱੜਪਨ ਨਾਲ ਕਹਿ ਭੇਜਿਆ, “ਮੈਂ ਵੀ ਆਵਾਂਗਾ ਤੇ ਮੇਰੀ ਫੌਜ ਵੀ ਆਵੇਗੀ। ਦੇਖਾਂਗਾ, ਤੂੰ ਕਿੰਜ ਰੋਕਦਾ ਹੈਂ।”
ਮੀਰ ਮੰਨੂੰ ਨੇ ਲੜਾਈ ਦੀ ਤਿਆਰੀ ਕੀਤੀ ਤੇ ਉਸਦੀ ਸੈਨਾ ਨੇ ਦੀਵਾਨ ਕੌੜਾ ਮੱਲ ਦੀ ਕਮਾਨ ਹੇਠ ਮੁਲਤਾਨ ਉਪਰ ਚੜ੍ਹਾਈ ਕਰ ਦਿੱਤੀ। ਦੂਜੇ ਪਾਸੇ ਦੱਖਣ ਪੱਛਮ ਦੇ ਬਲੋਚ, ਭਾਵਲਪੁਰੀਏ, ਮਨਕੋਰੀਏ ਤੇ ਸਿਆਲਾਂ ਵੀ ਆਪਣੀ ਆਪਣੀ ਸੈਨਾ ਲੈ ਕੇ ਸ਼ਾਹ ਨਵਾਜ ਦੀ ਮਦਦ ਲਈ ਆ ਪਹੁੰਚੇ। ਉਹਨਾਂ ਸਾਰਿਆਂ ਦੀ ਮਿਲੀ ਜੁਲੀ ਫੌਜ ਨੇ ਕੌੜਾ ਮੱਲ ਨੂੰ ਆ ਰੋਕਿਆ। ਛੋਟੀਆਂ ਛੋਟੀਆਂ ਝੜਪਾਂ ਹੋਈਆਂ। ਵੱਡੀ ਲੜਾਈ ਨਾ ਹੋ ਸਕਣ ਕਾਰਨ ਕੋਈ ਫੈਸਲਾ ਨਾ ਹੋ ਸਕਿਆ। ਮੀਰ ਮੰਨੂੰ ਚਾਹੁੰਦਾ ਸੀ ਕਿ ਉਸਦੀ ਫੌਜ ਅੱਗੇ ਵਧੇ ਤੇ ਮੁਲਤਾਨ ਉਪਰ ਛੇਤੀ ਤੋਂ ਛੇਤੀ ਕਬਜਾ ਕਰ ਲਏ ਪਰ ਸ਼ਕਤੀ ਘੱਟ ਹੋਣ ਕਾਰਨ ਕੌੜਾ ਮੱਲ ਮਜ਼ਬੂਰ ਸੀ।
ਕੌੜਾ ਮੱਲ ਨੇ ਆਪਣਾ ਇਕ ਵਿਸ਼ਵਾਸ ਪਾਤਰ ਜਾਸੂਸ ਤੁਰੰਤ ਅੰਮ੍ਰਿਤਸਰ ਭੇਜਿਆ। ਸਿੱਖਾਂ ਨੇ ਉਸਦਾ ਸਵਾਗਤ ਕੀਤਾ ਤੇ ਜੱਸਾ ਸਿੰਘ ਆਹਲੂਵਾਲੀਆ ਦੀ ਜੱਥੇਦਾਰੀ ਵਿਚ ਦਸ ਹਜ਼ਾਰ ਸਿੱਖ ਕੌੜਾ ਮੱਲ ਦੀ ਸਹਾਇਤਾ ਲਈ ਚੱਲ ਪਏ। ਅੱਠ ਆਨੇ ਰੋਜ਼ ਪਿਆਦਾ, ਇਕ ਰੁਪਈਆ ਘੋੜਸਵਾਰ ਤੇ ਪੰਜ ਰੁਪਏ ਰੋਜ਼ ਫੀ ਸਰਦਾਰ ਦੇਣਾ ਤੈਅ ਹੋਇਆ ਤੇ ਦੋ ਮਹੀਨਿਆਂ ਦਾ ਖਰਚ ਯਕਲਖਤ ਪੇਸ਼ਗੀ ਦੇ ਦਿੱਤਾ ਗਿਆ। ਸਮੇਂ ਦੇ ਰਿਵਾਜ ਅਨੁਸਾਰ ਇਹ ਵੀ ਤੈਅ ਹੋਇਆ ਕਿ ਮੁਹਿੰਮ ਦੌਰਾਨ ਲੁੱਟ ਦਾ ਜਿੰਨਾਂ ਮਾਲ ਸਿੱਖਾਂ ਦੇ ਹੱਥ ਆਏਗਾ, ਉਹਨਾਂ ਦਾ ਹੋਏਗਾ।
ਮੁਲਤਾਨ ਦੇ ਇਧਰ, ਦੋਰਾਣ ਲੰਗਾਣ ਪਿੰਡ ਦੇ ਨੇੜੇ ਲੜਾਈ ਹੋਈ। ਜਾਹਦ ਖਾਂ ਤੇ ਉਸਦੇ ਪੁੱਤਰ ਸੁਜਾ ਖਾਂ ਨੇ ਜ਼ੋਰਦਾਰ ਧਾਵਾ ਬੋਲ ਕੇ ਕੌੜਾ ਮੱਲ ਦੀ ਖਾਸ ਫੌਜ ਨੂੰ ਪਿੱਛੇ ਧਰੀਕ ਦਿੱਤਾ। ਜਦੋਂ ਘਮਸਾਨ ਦਾ ਯੁੱਧ ਹੋ ਰਿਹਾ ਸੀ, ਅਦੀਨਾ ਬੇਗ ਦੇ ਆਦਮੀ ਆਪਣੇ ਦੁਸ਼ਮਣ ਉੱਤੇ ਹਾਵੀ ਹੋ ਰਹੇ ਦਿਖਾਈ ਦਿੱਤੇ। ਸ਼ਾਹ ਨਵਾਜ ਬੜੀ ਬਹਾਦਰੀ ਨਾਲ ਲੜਦਾ ਹੋਇਆ ਕੌੜਾ ਮੱਲ ਵੱਲ ਵਧ  ਰਿਹਾ ਸੀ। ਉਸਦੇ ਇਕ ਸੈਨਾਪਤੀ ਖਵਾਜਾ ਸ਼ਾਹ ਦੀ ਫੌਜ ਕੌੜਾ ਮੱਲ ਦੀ ਫੌਜ ਉਪਰ ਭਾਰੀ ਹੁੰਦੀ ਜਾ ਰਹੀ ਸੀ। ਖਵਾਜਾ ਸ਼ਾਹ ਨੇ ਸ਼ਾਹ ਨਵਾਜ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ, “ਮੈਂ ਇਸ ਕਾਫਰ ਨੂੰ ਫੜ੍ਹ ਕੇ ਹੁਣੇ ਤੁਹਾਡੇ ਸਾਹਮਣੇ ਪੇਸ਼ ਕਰਦਾ ਹਾਂ।” ਪਰ ਜਦੋਂ ਖਵਾਜਾ ਸ਼ਾਹ ਨੇ ਕੌੜਾ ਮੱਲ ਨੂੰ ਲਲਕਾਰਿਆ, ਖਾਲਸੇ ਨੇ ਉਦੋਂ ਹੀ ਆਪਣੀਆਂ ਬੰਦੂਕਾਂ ਸ਼ਾਹ ਨਵਾਜ ਉਪਰ ਦਾਗ ਦਿੱਤੀਆਂ। ਉਹ ਬਚਾਅ ਲਈ ਮੁੜਨਾ ਹੀ ਚਾਹੁੰਦਾ ਸੀ ਕਿ ਇਕ ਗੋਲੀ ਨੇ ਉਸਦਾ ਕੰਮ ਤਮਾਮ ਕਰ ਦਿੱਤਾ। ਭੀਮ ਸਿੰਘ ਨਾਂ ਦੇ ਸਿੱਖ ਸਵਾਰ ਨੇ ਸ਼ਾਹ ਨਵਾਜ ਦੇ ਡਿੱਗਦਿਆਂ ਹੀ ਉਸਦਾ ਸਿਰ ਆਪਣੀ ਤਲਵਾਰ ਨਾਲ ਕੱਟ ਸੁੱਟਿਆ। ਇਸ ਬਹਾਦਰੀ ਲਈ ਭੀਮ ਸਿੰਘ ਨੂੰ ਕੜਿਆਂ ਦੀ ਜੋੜੀ, ਸ਼ਸਤਰ-ਬਸਤਰ ਤੇ ਇਕ ਵਧੀਆ ਘੋੜਾ ਇਨਾਮ ਵਜੋਂ ਮਿਲਿਆ।
ਸ਼ਾਹ ਨਵਾਜ ਦੇ ਮਰਦਿਆਂ ਹੀ ਉਸਦੇ ਹਮਾਇਤੀ ਭੱਜ ਖੜ੍ਹੇ ਹੋਏ। ਸਿੱਖਾਂ ਨੇ ਉਹਨਾਂ ਦਾ ਪਿੱਛਾ ਕਰਕੇ ਰੇੜ੍ਹੇ, ਸਾਮਾਨ ਤੇ ਘੋੜੇ ਆਦਿ ਕਬਜੇ ਵਿਚ ਕਰ ਲਏ। ਕੌੜਾ ਮੱਲ ਦੇ ਸਾਥੀ ਸਰਦਾਰਾਂ ਵਿਚੋਂ ਅਬਦੁੱਲ ਅਜੀਜ਼ ਤੇ ਮਿਰਜ਼ਾ ਇਸਮਤ ਬੇਗ ਮਾਰੇ ਗਏ।
ਲੜਾਈ ਬੰਦ ਹੋਣ ਪਿੱਛੋਂ ਕੌੜਾ ਮੱਲ ਨੇ ਸ਼ਾਹ ਨਵਾਜ ਦੀ ਲਾਸ਼ ਤਲਾਸ਼ ਕਰਵਾਈ ਤੇ ਰਾਜਸੀ ਸਨਮਾਨ ਦੇ ਨਾਲ ਸ਼ਮਸ ਤਬਰੇਜ ਦੇ ਮਕਬਰੇ ਕੋਲ ਉਸਨੂੰ ਦਫਨ ਕਰ ਦਿੱਤਾ।
ਇਸ ਪਿੱਛੋਂ ਦੀਵਾਨ ਕੌੜਾ ਮੱਲ ਸ਼ਹਿਰ ਮੁਲਤਾਨ ਵਿਚ ਦਾਖਲ ਹੋਇਆ ਤੇ ਸੂਬੇ ਉਪਰ ਕਬਜਾ ਕਰ ਲਿਆ।
ਇਸ ਜਿੱਤ ਦੀ ਖੁਸ਼ੀ ਵਿਚ ਮੀਰ ਮੰਨੂੰ ਨੇ ਕੌੜਾ ਮੱਲ ਨੂੰ 'ਮਹਾਰਾਜ' ਦਾ ਖਿਤਾਬ ਦਿੱਤਾ ਤੇ ਮੁਲਤਾਨ ਦਾ ਹਾਕਮ ਥਾਪ ਦਿੱਤਾ।
ਇਸ ਲੜਾਈ ਵਿਚ ਸਿੱਖਾਂ ਵੱਲੋਂ ਜੋ ਸਹਾਇਤਾ ਮਿਲੀ, ਉਸਦਾ ਧੰਨਵਾਦ ਕਰਦਿਆਂ ਹੋਇਆਂ ਦੀਵਾਨ ਕੌੜਾ ਮੱਲ ਨੇ ਤਿੰਨ ਲੱਖ ਰੁਪਏ ਖਰਚ ਕਰਕੇ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੀ ਬਾਲ ਲੀਲ੍ਹਾ ਨਾਮਕ ਗੁਰਦੁਆਰਾ ਬਣਵਾਇਆ ਤੇ ਉਸਦੇ ਨਾਲ ਇਕ ਵੱਡਾ ਸਰੋਵਰ ਵੀ। ਇਸ ਸੇਵਾ ਦੀ ਯਾਦਗਾਰ ਦੇ ਤੌਰ 'ਤੇ ਗੁਰਦੁਆਰੇ ਦੀ ਅੰਦਰਲੀ ਕੰਧ ਉਪਰ ਇਕ ਚਿੱਤਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਮਹਾਰਾਜ ਕੌੜਾ ਮੱਲ ਹਾਥੀ ਉਪਰ ਸਵਾਰ ਹਨ ਤੇ ਫੌਜ ਤੇ ਘੋੜਿਆਂ ਨਾਲ ਮੁਹਿੰਮ ਉਪਰ ਜਾ ਰਹੇ ਹਨ।
ਹੁਣ ਸਿੱਖਾਂ ਨੇ 'ਕੌੜਾ ਮੱਲ' ਦੇ ਬਜਾਏ ਉਹਨਾਂ ਨੂੰ 'ਮਿੱਠਾ ਮੱਲ' ਕਹਿਣਾ ਸ਼ੁਰੂ ਕਰ ਦਿੱਤਾ ਸੀ।
***

No comments:

Post a Comment