Wednesday 11 August 2010

ਬੋਲੇ ਸੋ ਨਿਹਾਲ : ਪੱਚੀਵੀਂ ਕਿਸ਼ਤ :-

ਪੱਚੀਵੀਂ ਕਿਸ਼ਤ : ਬੋਲੇ ਸੋ ਨਿਹਾਲ





ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਅਹਿਮਦ ਸ਼ਾਹ ਅਬਦਾਲੀ ਸਰਹਿੰਦ ਹੁੰਦਾ ਹੋਇਆ 3 ਮਾਰਚ ਨੂੰ ਲਾਹੌਰ ਪਹੁੰਚਿਆ। ਇਹ ਪਹਿਲਾ ਮੌਕਾ ਸੀ ਜਦੋਂ ਉਸਨੇ ਸਤਿਲੁਜ ਤੇ ਬਿਆਸ ਆਰਾਮ ਨਾਲ ਪਾਰ ਕੀਤੇ। ਸਿੱਖਾਂ ਨੇ ਉਸਨੂੰ ਕਿਤੇ ਵੀ ਪ੍ਰੇਸ਼ਾਨ ਨਹੀਂ ਕੀਤਾ ਤੇ ਉਸਦਾ ਪਿੱਛਾ ਨਹੀਂ ਲੁੱਟਿਆ। ਉਹ ਖ਼ੁਸ਼ ਸੀ ਤੇ ਉਸਨੇ ਆਪਣੇ ਵਜ਼ੀਰ ਵਲੀ ਖ਼ਾਂ ਨੂੰ ਕਿਹਾ, “ਪਤਾ ਨਹੀਂ ਕਿਹੜੀਆਂ ਖੁੱਡਾਂ ਵਿਚ ਜਾ ਲੁਕੇ ਨੇ। ਕਿਤੇ ਇਕ ਵੀ ਸਿੱਖ ਨਜ਼ਰ ਨਹੀਂ ਆਇਆ।” ਉਹ ਇਕ ਛਿਣ ਰੁਕਿਆ ਤੇ ਫੇਰ ਸੁਰ ਬਦਲ ਕੇ ਅੱਗੇ ਕਹਿਣ ਲੱਗਾ, “ਫੇਰ ਵੀ, ਇਹ ਫਤਹਿ ਉਹ ਫਤਹਿ ਨਹੀਂ ਜਿਸਦੀ ਮੈਨੂੰ ਤਮੰਨਾ ਸੀ। ਮੈਂ ਚਾਹੁੰਦਾ ਸਾਂ ਕਿ ਇਹਨਾਂ ਸਿੱਖ ਸਰਦਾਰਾਂ ਦੀਆਂ ਲਾਸ਼ਾਂ ਮੈਦਾਨ ਵਿਚ ਤੜਫਦੀਆਂ ਦਿਖਾਈ ਦੇਂਦੀਆਂ ਜਾਂ ਫੇਰ ਜੰਜੀਰਾਂ ਵਿਚ ਜਕੜੇ ਹੋਏ ਉਹ ਮੇਰੇ ਸਾਹਮਣੇ ਖੜ੍ਹੇ ਹੁੰਦੇ। ਅਗਿਓਂ ਘੇਰਿਆ ਨਹੀਂ ਜਾ ਸਕਿਆ ਤੇ ਨਿਕਲ ਗਏ।”
“ਜਹਾਂਪਨਾਹ! ਉਹਨਾਂ ਦੀ ਬਹਾਦੁਰੀ ਤੇ ਹੌਸਲੇ ਦੀ ਦਾਦ ਦੇਣੀ ਪਏਗੀ। ਲੜਦੇ-ਲੜਦੇ ਭੱਜਣਾ ਤੇ ਭੱਜਦੇ-ਭੱਜਦੇ ਪਲਟ-ਪਲਟ ਕੇ ਲੜਨਾ, ਇਸਦਾ ਵੀ ਜਵਾਬ ਨਹੀਂ।” ਵਜ਼ੀਰ ਨੇ  ਜਿਹੜਾ ਖ਼ੁਦ ਇਕ ਬਹਾਦੁਰ ਜਰਨੈਲ ਸੀ, ਗੱਲ ਨਾਲ ਗੱਲ ਮੇਲੀ।
“ਬੇਸ਼ੱਕ, ਬੇਸ਼ੱਕ।” ਅਬਦਾਲੀ ਨੇ ਉਦਾਰ ਭਾਵ ਨਾਲ ਮੁਸਕਰਾ ਕੇ ਸਮਰਥਨ ਕੀਤਾ ਤੇ ਸਿਰ ਹਿਲਾਇਆ। “ਪਰ ਹੁਣ ਅਸੀਂ ਜਵਾਬ ਪੈਦਾ ਕਰਨਾ ਏਂ ਤੇ ਸਿੱਖਾਂ ਨੂੰ ਦੱਸ ਦੇਣਾ ਏਂ ਕਿ ਹੁਣ ਉਹਨਾਂ ਦਾ ਵਾਸਤਾ ਮੁਗਲਾਂ ਨਾਲ ਨਹੀਂ, ਦੁਰਾਨੀ ਨਾਲ ਏ। ਮੈਂ ਜਦ ਤਕ ਜਵਾਬ ਪੈਦਾ ਨਹੀਂ ਕਰ ਲੈਂਦਾ ਤੇ ਇਹਨਾਂ ਜ਼ਹਿਰੀਲੇ ਸੱਪਾਂ ਦਾ ਸਿਰ ਨਹੀ ਫੇਹ ਦੇਂਦਾ, ਇੱਥੋਂ ਵਾਪਸ ਨਹੀਂ ਜਾਵਾਂਗਾ।” ਉਸਨੇ ਤਲਵਾਰ ਦੀ ਮੁੱਠ ਉੱਤੇ ਹੱਥ ਰੱਖਿਆ ਜਿਵੇਂ ਇਰਾਦੇ ਨੂੰ ਅਮਲ ਵਿਚ ਲਿਆਉਣ ਦੀ ਸੌਂ ਖਾ ਰਿਹਾ ਹੋਏ।
ਵਜ਼ੀਰ ਵਲੀ ਖ਼ਾਂ ਕੁਝ ਚਿਰ ਚੁੱਪ ਬੈਠਾ ਆਪਣੇ ਬਾਦਸ਼ਾਹ ਦੇ ਮੂੰਹ ਵੱਲ ਦੇਖਦਾ ਰਿਹਾ ਤੇ ਫੇਰ ਹੌਲੀ ਜਿਹੀ ਬੋਲਿਆ, “ਪਰ ਉਧਰ ਬਾਲਾ ਹਿਸਾਰ ਵਿਚ ਵੀ ਤੁਹਾਡਾ ਮੌਜੂਦ ਰਹਿਣਾ ਲਾਜ਼ਮੀਂ ਹੈ। ਤੁਹਾਡੀ ਗੈਰ ਮੌਜੂਦਗੀ ਵਿਚ ਕੌਣ ਜਾਣੇ ਉੱਥੇ ਕੀ ਹੋ ਜਾਏ।”
“ਕੋਈ ਫ਼ਿਕਰ ਨਹੀਂ। ਤੁਸੀਂ ਖ਼ਬਰਾਂ ਦਾ ਸਿਲਸਿਲਾ ਮਜ਼ਬੂਤ ਤੇ ਦਰੁਸਤ ਬਣਾਈ ਰੱਖੋ। ਉਧਰ ਜੋ ਹੋਏਗਾ ਦੇਖ ਲਵਾਂਗੇ। ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਸਾਡੇ ਹੱਥ ਵਿਚ ਹੈ। ਇੱਥੋਂ ਦਿੱਲੀ ਤਕ ਇਕ ਬਹੁਤ ਵੱਡੀ ਬਿਸਾਤ ਸਾਡੇ ਸਾਹਮਣੇ ਵਿਛੀ ਹੋਈ ਏ ਤੇ ਸਾਨੂੰ ਇਸ ਉਪਰ ਆਪਣੇ ਮੋਹਰੇ ਇੰਜ ਫਿੱਟ ਕਰਨੇ ਪੈਣੇ ਨੇ ਕਿ ਸੋਨੇ ਦੇ ਆਂਡੇ ਦੇਣ ਵਾਲੀ ਇਸ ਮੁਰਗੀ ਉੱਤੇ ਸਾਡੀ ਪਕੜ ਮਜ਼ਬੂਤ ਬਣੀ ਰਹੇ...ਤੇ ਆਂਡੇ ਕਾਬੁਲ ਪਹੁੰਚਦੇ ਰਹਿਣ। ਬਾਲਾ ਹਿਸਾਰ ਦੀ ਸ਼ਾਨ ਨੂੰ ਚਾਰ ਚੰਦ ਤਦ ਈ ਲੱਗਣਗੇ, ਜਦ ਸਾਡੀ ਜਨਤਾ ਨੂੰ ਐਸ਼ੋ-ਆਰਾਮ ਦਾ ਜੀਵਨ ਮਿਲੇਗਾ, ਤੇ ਫੇਰ ਹੀ ਅਸੀਂ ਬਾਦਸ਼ਾਹ ਅਖਵਾਉਣ ਦੇ ਹੱਕਦਾਰ ਹੋਵਾਂਗੇ।”
ਵਜ਼ੀਰ ਚੁੱਪ ਰਿਹਾ ਤੇ ਅਬਦਾਲੀ ਨੇ ਬਿਸਾਤ ਉਪਰ ਮੋਹਰੇ ਬਿਠਾਉਣ ਦਾ ਕੰਮ ਵਿੱਢ ਦਿੱਤਾ। ਹਿੰਦੁਸਤਾਨ ਵਿਚ ਉਸਦੇ ਜਿੰਨੇ ਬਗਲੀ-ਬੱਚੇ ਸਨ, ਉਹਨਾਂ ਸਾਰਿਆਂ ਨੂੰ ਹੁਕਮ ਦਿੱਤਾ ਕਿ ਉਹ ਆਪਣੇ ਆਪਣੇ ਪ੍ਰਤੀਨਿੱਧ ਲਾਹੌਰ ਭੇਜਣ ਤਾਂ ਕਿ ਪ੍ਰਸ਼ਾਸਨੀ ਪ੍ਰਬੰਧ ਨੂੰ ਇਕ ਨਿਯਮਬੱਧ ਰੂਪ ਦਿੱਤਾ ਜਾਏ ਤੇ ਆਰਥਿਕ ਸਾਧਨਾ ਨੂੰ ਮੁੜ ਕੜੀ-ਬੱਧ ਕੀਤਾ ਜਾਏ। ਜੈਨ ਖ਼ਾਂ ਨੂੰ ਪਹਿਲਾਂ ਹੀ ਲਾਹੌਰ ਦਾ ਸੂਬੇਦਾਰ ਬਣਾ ਦਿੱਤਾ ਗਿਆ ਸੀ। ਦਿੱਲੀ ਦੇ ਨੁਮਾਇੰਦੇ ਨਜੀਬੂਦੌਲਾ ਤੇ ਯਾਕੂਬ ਅਲੀ ਖ਼ਾਂ ਨੂੰ ਜਿਹੜੇ ਉਸਦੇ ਨਾਲ ਆਏ ਸਨ, ਉਹਨਾਂ ਨਾਲ ਗੱਲਬਾਤ ਕਰਕੇ ਆਲਮਗੀਰ ਦੂਜੇ ਨੂੰ ਬਾਦਸ਼ਾਹ ਦੀ ਸਨਦ ਦੇ ਦਿੱਤੀ ਗਈ ਤੇ ਸ਼ੁਜਾਊਦੌਲਾ ਨੂੰ ਵਜ਼ੀਰ ਨਿਯੁਕਤ ਕਰ ਦਿੱਤਾ ਗਿਆ। ਤੈਅ ਹੋਇਆ ਕਿ ਦਿੱਲੀ ਕਾਬੁਲ ਨੂੰ ਚਾਲ੍ਹੀ ਲੱਖ ਰੁਪਏ ਸਾਲਾਨਾ ਰਾਜਸਵ ਦਿਆ ਕਰੇਗੀ। ਫੇਰ ਪੰਜਾਬ ਦੇ ਸਾਰੇ ਰਾਜਿਆਂ, ਨਵਾਬਾਂ ਤੇ ਜਾਗੀਰਦਾਰਾਂ ਨੂੰ ਲਾਹੌਰ ਬੁਲਾਇਆ ਗਿਆ ਤੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਸਿੱਖਾਂ ਨੂੰ ਕੁਚਲ ਦੇਣ ਦੀ ਯੋਜਨਾ ਤਿਆਰ ਕੀਤੀ ਗਈ।
“ਹਜ਼ੂਰ ਮੇਰੀ ਇਕ ਰਾਏ ਹੈ।” ਯੋਜਨਾ ਬਣ ਜਾਣ ਪਿੱਛੋਂ ਵਜ਼ੀਰ ਵਲੀ ਖ਼ਾਂ ਨੇ ਕਿਹਾ।
“ਕੀ ?”
“ਕਿ ਮਰਾਠਿਆਂ ਵੱਲ ਦੀ ਦੋਸਤੀ ਦਾ ਹੱਥ ਵਧਾਇਆ ਜਾਏ, ਵਰਨਾ ਉਹ ਸਿੱਖਾਂ ਦੀ ਮਦਦ ਕਰ ਸਕਦੇ ਨੇ।”
“ਦਰੁਸਤ ਫਰਮਾਇਆ।” ਦੁਰਾਨੀ ਨੇ, ਜਿਹੜਾ ਇਕ ਕੁਸ਼ਲ ਕੁਟਨੀਤਕ ਸੀ ਤੇ ਦੁਸ਼ਮਣ ਨੂੰ ਵੀ ਦੋਸਤ ਬਣਾਉਣਾ ਜਾਣਦਾ ਸੀ, ਵਜ਼ੀਰ ਦਾ ਸਮਰਥਨ ਕੀਤਾ।
ਬਾਦਸ਼ਾਹ ਨੇ  ਆਪਣੇ ਵਜ਼ੀਰ ਦੀ ਸਲਾਹ ਨਾਲ ਖਿਲਅਤ, ਹੀਰੇ-ਜਵਾਹਰ, ਕੁਝ ਘੋੜੇ ਤੇ ਇਕ ਹਾਥੀ ਦੇ ਕੇ ਪੇਸ਼ਵਾ ਕੋਲ ਆਪਣਾ ਦੂਤ ਭੇਜ ਦਿੱਤਾ ਤੇ ਉਸਦੇ ਹੱਥ ਵਿਚ ਪਰਵਾਨਾ ਵੀ ਭੇਜਿਆ, ਜਿਸ ਉਪਰ ਕੇਸਰ ਨਾਲ ਪੰਜੇ ਦਾ ਨਿਸ਼ਾਨ ਲਾ ਕੇ ਮਰਾਠਿਆਂ ਦੀ ਰਾਜਸੱਤਾ ਨੂੰ ਪ੍ਰਵਾਨ ਕੀਤਾ ਗਿਆ ਸੀ। ਸਿੱਟਾ ਇਹ ਕਿ ਦੋਸਤਾਨਾਂ ਸੰਬੰਧ ਕਾਇਮ ਹੋ ਗਏ ਤੇ ਮਰਾਠਿਆਂ ਦਾ ਰਾਜਦੂਤ ਲਾਹੌਰ ਵਿਚ ਰਹਿਣ ਲੱਗ ਪਿਆ।
ਅਬਦਾਲੀ ਦੇ ਲਾਹੌਰ ਪਹੁੰਚਣ ਤੋਂ ਸਵਾ ਮਹੀਨਾ ਬਾਅਦ 10 ਅਪਰੈਲ 1761 ਦੀ ਵਿਸਾਖੀ ਆਈ। ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਚ ਜੋੜ ਮੇਲਾ ਭਰਦਾ ਹੁੰਦਾ ਸੀ। ਅਹਿਮਦ ਸ਼ਾਹ ਮੇਲੇ ਤੋਂ ਇਕ ਦਿਨ ਪਹਿਲਾਂ ਹੀ ਬਹੁਤ ਵੱਡੀ ਫੌਜ ਲੈ ਕੇ ਉੱਥੇ ਜਾ ਪਹੁੰਚਿਆ। ਉਸਨੇ ਹਰਿਮੰਦਰ ਤੇ ਉਸ ਦੇ ਆਸੇ ਪਾਸੇ ਬਣੇ ਮਕਾਨਾ ਨੂੰ ਬਾਰੂਦ ਨਾਲ ਉਡਾ ਦਿੱਤਾ। ਹਰਿਮੰਦਰ ਤੇ ਮਕਾਨਾ ਦੇ ਮਲਬੇ ਨਾਲ ਸਰੋਵਰ ਪੁਰ ਕਰਵਾ ਕੇ ਉਸ ਉਪਰ ਹਲ ਚਲਵਾ ਦਿੱਤਾ।
ਆਪਣਾ ਇਹ ਕਰਿਸ਼ਮਾਂ ਦੇਖ ਕੇ ਅਬਦਾਲੀ ਨੇ ਸੁਖ ਦਾ ਸਾਹ ਲਿਆ ਤੇ ਵਲੀ ਖ਼ਾਂ ਵੱਲ ਦੇਖਦਿਆਂ ਹੋਇਆਂ ਸਥਿਰ ਆਵਾਜ਼ ਵਿਚ ਕਿਹਾ, “ਮੈਂ ਸਿੱਖਾਂ ਦੇ ਈਮਾਨ ਨੂੰ ਮਿੱਟੀ ਵਿਚ ਮਿਲਾ ਦਿੱਤਾ ਏ—ਹੁਣ ਇਹ ਮੰਦਰ ਤੇ ਇਹ ਤਲਾਅ ਮੇਰੀ ਜ਼ਿੰਦਗੀ ਵਿਚ ਦੁਬਾਰਾ ਨਹੀਂ ਬਣ ਸਕਣਗੇ।”
ਕੁਪ ਦੀ ਲੜਾਈ ਵਿਚੋਂ ਜਿਹੜੇ ਸਿੱਖ ਬਚ ਨਿਕਲੇ ਸਨ, ਉਹ ਮਾਲਵੇ ਵਿਚ ਬਠਿੰਡਾ, ਕੋਟਕਪੂਰਾ ਤੇ ਫਰੀਦਕੋਟ ਵੱਲ ਚਲੇ ਗਏ ਸਨ। ਉਹਨਾਂ ਵਿਚ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਜਖ਼ਮੀ ਨਾ ਹੋਏ। ਉਹ ਟੋਲਿਆਂ ਵਿਚ ਵੰਡ ਕੇ ਆਪੋ ਆਪਣੇ ਫੱਟਾਂ ਦੀ ਦੁਆ-ਦਾਰੂ ਕਰ ਰਹੇ ਸਨ। ਜਦੋਂ ਉਹਨਾਂ ਨੂੰ ਹਰਿਮੰਦਰ ਸਾਹਿਬ ਤੇ ਸਰੋਵਰ ਦੀ ਬੇਅਦਬੀ ਦਾ ਸਮਾਚਾਰ ਮਿਲਿਆਂ ਤਾਂ ਉਹਨਾਂ ਦਾ ਖ਼ੂਨ ਉਬਾਲੇ ਖਾਣ ਲੱਗ ਪਿਆ। ਉਹ ਤਲਵਾਰਾਂ ਦੀ ਛਾਂ ਵਿਚ ਪਲੇ ਲੋਕ ਸਨ ਤੇ ਪਿੱਛਲੇ ਪੰਜਾਹ ਵਰ੍ਹਿਆਂ ਵਿਚ ਅਜਿਹੇ ਕਈ ਕਤਲੇਆਮ ਦੇਖ ਚੁੱਕੇ ਸਨ। ਉਹਨਾਂ ਨੂੰ ਆਪਣੇ ਪ੍ਰਾਣਾ ਦੀ ਪ੍ਰਵਾਹ ਨਹੀਂ ਸੀ; ਉਹ ਆਪਣੇ ਧਰਮ ਸਥਾਨ ਦੀ ਬੇ-ਇੱਜਤੀ ਬਰਦਾਸ਼ਤ ਨਹੀਂ ਕਰ ਸਕੇ। ਇਹ ਸਮਾਚਾਰ ਸੁਣਦਿਆਂ ਹੀ ਮੁਕਤਸਰ ਵਿਚ ਇੱਕਠੇ ਹੋਏ। ਪਵਿੱਤਰ ਸਰੋਵਰ ਵਿਚ ਇਸ਼ਨਾਨ ਕੀਤਾ ਤੇ ਦੀਵਾਨ ਸਜਿਆ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਖਾਲਸਾ ਨੂੰ ਸੰਬੋਧਤ ਕਰਦਿਆਂ ਹੋਇਆਂ ਕਿਹਾ, “ਹਰਿਮੰਦਰ ਤੇ ਸਰੋਵਰ ਦੀ ਬੇਅਦਬੀ ਕਰਨ ਵਾਲੇ ਅਹਿਮਦ ਸ਼ਾਹ ਦੁਰਾਨੀ ਨੂੰ ਅਸੀਂ ਦੱਸ ਦੇਣਾ ਏਂ ਕਿ ਜਿਸ ਨੂੰ ਉਹ ਆਪਣੀ ਜਿੱਤ ਸਮਝਦਾ ਏ, ਉਹ ਖਾਲਸੇ ਦੀ ਹਾਰ ਨਹੀਂ। ਖੂੰਖਾਰ ਦੁਸ਼ਮਣ ਦੇ ਅਚਾਨਕ ਹਮਲੇ ਤੇ ਤੋਪਾਂ ਦੇ ਮੂੰਹੋਂ ਬਚ ਕੇ ਨਿਕਲ ਜਾਣਾ ਖਾਲਸੇ ਦੀ ਹਾਰ ਨਹੀਂ, ਜਿੱਤ ਹੈ। ਦੁਸ਼ਮਣ ਤਾਦਾਦ ਵਿਚ ਵੀ ਜ਼ਿਆਦਾ ਸਨ ਤੇ ਉਹਨਾਂ ਕੋਲ ਹਥਿਆਰ ਵੀ ਸਾਥੋਂ ਕਿਤੇ ਵਧੀਆ ਸਨ। ਇਸ ਦੇ ਬਾਵਜੂਦ ਅਸੀਂ ਲੜੇ, ਜੀ ਤੋੜ ਕੇ ਲੜੇ ਤੇ ਦੁਸ਼ਮਣ ਦੇ ਛੱਕੇ ਛੁਡਾਅ ਦਿੱਤੇ। ਅਸੀਂ ਸਿਰਫ ਲੜਨਾ ਹੀ ਨਹੀਂ ਸੀ ਆਪਣੀ ਵਹੀਰ ਦੀ ਹਿਫ਼ਾਜਤ ਵੀ ਕਰਨੀ ਸੀ। ਜੇ ਵਹੀਰ ਨਾਲ ਨਾ ਹੁੰਦੀ ਤਾਂ ਖਾਲਸਾ ਉਹ ਹੱਥ ਦਿਖਾਉਂਦਾ ਕਿ ਦੁਰਾਨੀ ਮੈਦਾਨ ਛੱਡ ਕੇ ਭੱਜ ਖੜ੍ਹਾ ਹੁੰਦਾ। ਖਾਲਸੇ ਦੇ ਹੱਥ ਉਹ ਹੁਣ ਵੀ ਦੇਖੇਗਾ। ਅਸੀਂ ਉਸ ਤੋਂ ਕੁਪ ਦੇ ਕਤਲੇਆਮ ਤੇ ਦਰਬਾਰ ਸਾਹਿਬ ਦੀ ਬੇਹੁਰਮਤੀ ਦਾ ਬਦਲਾ ਲਵਾਂਗੇ...ਤੇ ਅਜਿਹਾ ਬਦਲਾ ਲਵਾਂਗੇ ਕਿ ਉਹ ਕਾਬੁਲ ਵੱਲ ਦੌੜਿਆ ਜਾਂਦਾ ਨਜ਼ਰ ਆਏਗਾ।”
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!” ਦੇ ਜਿਹੜੇ ਜੈਕਾਰੇ ਲੱਗੇ ਉਹਨਾਂ ਵਿਚ ਰੋਸਾ, ਗੁੱਸਾ ਤੇ ਨਫ਼ਰਤ ਏਨੀ ਸੀ, ਜਿੰਨਾਂ ਹੌਂਸਲਾ ਤੇ ਮਾਣ। ਕੁਪ ਦਾ ਘੱਲੂਘਾਰਾ ਅਜਿਹੀ ਕੁਠਾਲੀ ਸੀ, ਜਿਸ ਵਿਚੋਂ ਖਾਲਸਾ ਕੁੰਦਨ ਬਣ ਕੇ ਨਿਕਲਿਆ ਸੀ। ਇਹੀ ਗੱਲ ਇਕ ਨਿਹੰਗ ਸਿੰਘ ਆਪਣੀ ਭਾਸ਼ਾ ਤੇ ਉੱਚੇ ਸੁਰਾਂ ਵਿਚ ਇੰਜ ਕਹਿ ਰਿਹਾ ਸੀ—
'ਤੱਤ ਖਾਲਸੇ ਸੋ ਰਹਯੋ ਗਯੋ ਜੋ ਖੋਟ ਗੰਵਾਈ।'
(ਖਾਲਸ ਖਾਲਸਾ ਜਿਵੇਂ ਦੀ ਤਿਵੇਂ ਮੌਜੂਦ ਹੈ, ਮੋਹ ਮਾਇਆ ਦੀ ਜਿਹੜੀ ਨਸ਼ਵਰ ਮੂਰਤੀ ਸੀ, ਉਹ ਅਲੋਪ ਹੋ ਗਈ।)
ਘੱਲੂਘਾਰੇ ਦੇ ਤਿੰਨ ਮਹੀਨੇ ਬਾਅਦ ਹੀ ਖਾਲਸੇ ਦੀਆਂ ਗਤੀ ਵਿਧੀਆਂ ਮੁੜ ਚਾਲੂ ਹੋ ਗਈਆਂ। ਗੁਰਮਤਾ ਪਾਸ ਕੀਤਾ ਗਿਆ ਕਿ ਪਹਿਲਾਂ ਸਰਹਿੰਦ ਦੇ ਫੌਜਦਾਰ ਜੈਨ ਖ਼ਾਂ ਨਾਲ ਨਿਬੜਿਆ ਜਾਏ, ਕਿਉਂਕਿ ਘੱਲੂਘਾਰੇ ਵਿਚ ਉਸਨੇ ਸਿੱਖਾਂ ਨੂੰ ਬੜਾ ਨੁਕਸਾਨ ਪਹੁੰਚਾਇਆ ਸੀ ਤੇ ਉਹ ਨੇੜੇ ਵੀ ਸੀ। ਜਖ਼ਮ ਅਜੇ ਭਰੇ ਨਹੀਂ ਸਨ ਤੇ ਹੋਰ ਅਹਿਮਦ ਸ਼ਾਹ ਲਾਹੌਰ ਵਿਚ ਮੌਜ਼ੂਦ ਸੀ। ਇਸ ਦੇ ਬਾਵਜੂਦ ਸਿੱਖਾਂ ਨੇ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਵਿਚ ਮਈ 1762 ਨੂੰ ਸਰਹਿੰਦ ਉੱਤੇ ਅਚਾਨਕ ਹੱਲਾ ਬੋਲ ਦਿੱਤਾ। ਜੈਨ ਖ਼ਾਂ ਨੂੰ ਅਜਿਹੀ ਕਰਾਰੀ ਹਾਰ ਹੋਈ ਕਿ ਉਸਨੇ ਜਾਨ ਬਚਾਉਣ ਲਈ ਪੰਜਾਹ ਹਜ਼ਾਰ ਰੁਪਏ ਦਾ ਨਜ਼ਰਾਨਾ ਦਿੱਤਾ।
ਸਖ਼ਤ ਗਰਮੀ ਤੇ ਲੂ ਕਰਕੇ ਅਬਦਾਲੀ ਲਾਹੌਰ ਤੋਂ ਕਲਾਨੂਰ ਚਲਾ ਗਿਆ ਸੀ। ਉਹ ਜੈਨ ਖ਼ਾਂ ਦੀ ਮਦਦ ਲਈ ਨਹੀਂ ਆ ਸਕਿਆ। ਜੁਲਾਈ ਤੇ ਅਗਸਤ ਵਿਚ ਬਰਸਾਤਾਂ ਕਰਕੇ ਨਦੀਆਂ ਵਿਚ ਹੜ੍ਹ ਆ ਗਿਆ। ਸਿੱਖਾਂ ਨੇ ਇਸਦਾ ਲਾਭ ਉਠਾਇਆ, ਹਰ ਜਗ੍ਹਾ ਉਥਲ-ਪੁਥਲ ਮਚਾ ਦਿੱਤੀ। ਅਬਦਾਲੀ ਦੀ ਫੌਜ ਉਹਨਾਂ ਦਾ ਪਿੱਛਾ ਕਰਨ ਵਿਚ ਅਸਮਰਥ ਸੀ। ਪੰਜਾਬ ਵਿਚ ਜਿਹੜੇ ਜ਼ਿਮੀਂਦਾਰ ਸਨ...ਅਵੱਲ ਤਾਂ ਸਿੱਖਾਂ ਨਾਲ ਮੁਕਾਬਲਾ ਕਰਨ ਦਾ ਹੌਸਲਾ ਨਹੀਂ ਸਨ ਕਰਦੇ ਤੇ ਜੇ ਕਿਤੇ ਕਰਦੇ ਵੀ ਸਨ ਤਾਂ ਆਸਾਨੀ ਨਾਲ ਹਰਾ ਦਿੱਤੇ ਜਾਂਦੇ ਸਨ। ਇਧਰ ਸਿੱਖਾਂ ਦੀਆਂ ਸਰਗਰਮੀਆਂ ਵਧ ਰਹੀਆਂ ਸਨ ਉਧਰ ਅਫ਼ਗਾਨ ਸਿਪਾਹੀਆਂ ਨੇ ਲੁੱਟ ਮਚਾਈ ਹੋਈ ਸੀ। ਅਨਾਜ ਦੇ ਭਾਅ ਕਾਫੀ ਵਧ ਗਏ ਸਨ ਤੇ ਲੋਕਾਂ ਦਾ ਜਿਊਣਾ ਬੜਾ ਦੁਭਰ ਹੋ ਗਿਆ ਸੀ।
ਦੁਰਾਨੀ ਬੜਾ ਪ੍ਰੇਸ਼ਾਨ ਹੋਇਆ। ਉਸਨੇ ਆਪਣੇ ਅਫ਼ਗਾਨ ਸਰਦਾਰਾਂ ਨੂੰ ਸਿੱਖਾਂ ਪਿੱਛੇ ਦੌੜਾਇਆ। ਉਸਦੇ ਸਰਦਾਰ ਸਿੱਖਾਂ ਨੂੰ ਹਮਲੇ ਕਰਨ ਤੋਂ ਰੋਕ ਨਹੀਂ ਸਕੇ। ਜੇ ਕਦੀ ਕੋਈ ਸਿੱਖ ਇਕੱਲਾ ਦੁਕੱਲਾ ਇਹਨਾਂ ਦੇ ਹੱਥ ਲੱਗ ਜਾਂਦਾ ਤਾਂ ਉਹ ਉਸਨੂੰ ਹਥਿਆਰ ਸੁੱਟ ਦੇਣ ਲਈ ਕਹਿੰਦੇ ਤੇ ਉਹ ਨਿੱਡਰ ਭਾਵ ਨਾਲ ਉਤਰ ਦੇਂਦਾ, “ਨਹੀਂ ਮੈਂ ਆਪਣੇ ਸ਼ਸਤਰ ਨਹੀਂ ਸੁੱਟਾਂਗਾ। ਸ਼ਸਤਰਾਂ ਸਜਿਆ ਹੋਣਾ ਹੀ ਖਾਲਸੇ ਦੀ ਪਛਾਣ ਹੈ।”
ਲਗਾਤਾਰ ਮਿਲੀਆਂ ਸਫਲਤਾਵਾਂ ਨੇ ਸਿੱਖਾਂ ਦੇ ਹੌਸਲੇ ਵਧਾ ਦਿੱਤੇ ਸਨ। ਜੱਸਾ ਸਿੰਘ ਆਹਲੂਵਾਲੀਆ ਨੇ ਸਾਰੇ ਮਿਸਲਦਾਰਾਂ ਨੂੰ ਇਕੱਠਾ ਕੀਤਾ ਤੇ ਦਲ ਖਾਲਸਾ ਦੁਬਾਰਾ ਜਲੰਧਰ ਉੱਤੇ ਟੁੱਟ ਪਿਆ। ਜਿੰਨਾਂ ਪਿੰਡਾਂ ਨੇ ਦੁਸਮਣ ਦਾ ਸਾਥ ਦਿੱਤਾ ਸੀ, ਸਿੱਖਾਂ ਨੇ ਸਿਰਫ ਉਹਨਾਂ ਨੂੰ ਲੁੱਟਿਆ। ਇਸ ਲੁੱਟ ਵਿਚ ਧਨ, ਘੋੜੇ, ਅਨਾਜ ਤੇ ਬਹੁਤ ਸਾਰਾ ਹੋਰ ਸਾਮਾਨ ਹੱਥ ਲੱਗਿਆ। ਉਹ ਫੇਰ ਮਾਲਵੇ ਦੇ ਟਿੱਬਿਆਂ ਵੱਲ ਨਿਕਲ ਗਏ।
ਦੀਵਾਲੀ ਨੇੜੇ ਆ ਰਹੀ ਸੀ। ਖਾਲਸੇ ਨੇ ਅੰਮ੍ਰਿਤਸਰ ਜਾ ਕੇ ਮਨਾਉਣ ਦਾ ਫੈਸਲਾ ਕੀਤਾ ਤੇ ਤਿਆਰੀਆਂ  ਸ਼ੁਰੂ ਕਰ ਦਿੱਤੀ। ਉਹ ਸਤਲੁਜ ਪਾਰ ਕਰਕੇ ਕਰਨਾਲ ਤੇ ਪਾਨੀਪਤ ਦੇ ਨੇੜੇ ਜਾ ਪਹੁੰਚੇ। 25 ਅਗਸਤ ਤੋਂ 24 ਸਤੰਬਰ ਤਕ ਉੱਥੇ ਹੀ ਰਹੇ। 17 ਅਕਤੂਬਰ ਦੀ ਦੀਵਾਲੀ ਸੀ। ਹਰ ਪਾਸੇ ਸੁਨੇਹੇ ਭੇਜ ਦਿੱਤੇ ਗਏ ਕਿ ਉਸ ਦਿਨ ਸਿੱਖ ਵੱਧ ਤੋਂ ਵੱਧ ਤਾਦਾਦ ਵਿਚ ਅੰਮ੍ਰਿਤਸਰ ਪਹੁੰਚਣ ਤੇ ਸਿਰਾਂ ਉੱਤੇ ਕਫ਼ਨ ਬੰਨ੍ਹ ਕੇ ਆਉਣ, ਕਿਉਂਕਿ ਦੁਰਾਨੀ ਨਾਲ ਦੋ ਦੋ ਹੱਥ ਹੋਣਗੇ।
24 ਸਤੰਬਰ ਨੂੰ 60 ਹਜ਼ਾਰ ਸਿੱਖ ਅੰਮ੍ਰਿਤਸਰ ਵੱਲ ਰਵਾਨਾ ਹੋ ਗਏ। ਉਹਨਾਂ ਵਿਚੋਂ ਵਧੇਰਿਆਂ ਦੇ ਸਰੀਰ ਉੱਤੇ ਕਈ ਕਈ ਜਖਮਾਂ ਦੇ ਨਿਸ਼ਾਨ ਸਨ। ਉਹ ਦੀਵਾਲੀ ਤੋਂ ਇਕ ਦਿਨ ਪਹਿਲਾਂ ਅੰਮ੍ਰਿਤਸਰ ਜਾ ਪਹੁੰਚੇ। ਹਰਿਮੰਦਰ ਦਾ ਮਲਵਾ ਤੇ ਸਰੋਵਰ ਦੀ ਬੇਅਦਬੀ ਦੇਖ ਕੇ ਉਹਨਾਂ ਦੀਆਂ ਅੱਖਾਂ ਵਿਚ ਲਹੂ ਉਤਰ ਆਇਆ। ਮਨੁੱਖ ਸਥੂਲਤਾ ਤੇ ਸੂਖਮਤਾ ਦਾ, ਨੀਚਤਾ ਤੇ ਸ਼ਰੇਸਟਾ, ਬੁਜ਼ਦਿਲੀ ਤੇ ਸਾਹਸ ਦਾ ਮਿਸ਼ਰਣ ਹੈ। ਸਿੱਖਾਂ ਨੇ ਕੂਪ ਦੀ ਹਾਰ ਦਾ ਬਦਲਾ ਲੈਣਾ ਸੀ ਤੇ ਪੰਥ ਦੀ ਆਣ ਤੇ ਸ਼ਾਨ ਦੀ ਖਾਤਰ ਜਾਨ ਉਪਰ ਖੇਡ ਜਾਣਾ ਸੀ। ਦੀਵਾਲੀ ਵਾਲੇ ਦਿਨ ਪੂਰਨ ਸੂਰਜ ਗ੍ਰਹਿਣ ਵੀ ਲੱਗਣਾ ਸੀ। ਦੁਸ਼ਮਣ ਤੋਂ ਬਦਲਾ ਲੈਣ ਤੇ ਪੰਥ ਦੇ ਸਨਮਾਣ ਲਈ ਜਾਨ 'ਤੇ ਖੇਡ ਜਾਣ ਲਈ ਇਹ ਇਕ ਸ਼ੁਭ ਮੌਕਾ ਸੀ। ਖਾਲਸੇ ਨੇ ਸਹੂੰ ਚੁੱਕੀ¸“'ਹੁਣ ਅਬਦਾਲੀ ਨੇ ਹਮਲਾ ਕੀਤਾ ਤਾਂ ਅਸੀਂ ਉਸਦੀ ਫੌਜ ਨੂੰ ਵੱਢ ਦਿਆਂਗੇ। ਇਕ ਅਫ਼ਗਾਨ ਨੂੰ ਜਿਉਂਦਾ ਨਹੀਂ ਰਹਿਣ ਦੇਣਾ।”
ਅਹਿਮਦ ਸ਼ਾਹ ਅਬਦਾਲੀ ਇਸ ਸਮੇਂ ਲਾਹੌਰ ਵਿਚ ਸੀ। ਉਹ ਇਹ ਸਮਾਚਾਰ ਸੁਣ ਕੇ ਹੈਰਾਨ ਰਹਿ ਗਿਆ। ਉਸਨੂੰ ਉੱਕਾ ਹੀ ਉਮੀਦ ਨਹੀਂ ਸੀ ਕਿ ਕੂਪ ਦੀ ਲੜਾਈ ਵਿਚ ਸਿੱਖਾਂ ਨੂੰ ਜਿਹੜੀ ਮਾਰ ਪਈ ਹੈ, ਉਸ ਪਿੱਛੋਂ ਉਹ ਏਨੀ ਛੇਤੀ ਸੰਭਲ ਜਾਣਗੇ ਤੇ ਏਡੀ ਵੱਡੀ ਗਿਣਤੀ ਵਿਚ ਮੁਕਾਬਲੇ ਲਈ ਆ ਡਟਣਗੇ। ਉਸ ਕੋਲ ਇਸ ਸਮੇਂ ਜਿੰਨੀ ਫੌਜ ਸੀ, ਉਹ ਬੜੀ ਥੋੜ੍ਹੀ ਸੀ। ਕਾਰਨ ਇਹ ਕਿ ਕੂਪ ਦੀ ਲੜਾਈ ਵਿਚ ਉਸਦੇ ਵੀ ਬਹੁਤ ਸਾਰੇ ਸਿਪਾਹੀ ਮਾਰੇ ਗਏ ਸਨ। ਜਿਹੜੇ ਬਚੇ ਸਨ, ਉਹਨਾਂ ਵਿਚੋਂ ਕੁਝ ਤਾਂ ਪਿੰਡਾਂ ਵਿਚ ਘੁੰਮ ਰਹੇ ਸਨ ਤੇ ਫੌਜ ਦਾ ਵੱਡਾ ਹਿੱਸਾ ਕਸ਼ਮੀਰ ਦੀ ਮੁਹਿੰਮ ਤੇ ਚਲਾ ਗਿਆ ਸੀ। ਸਮਾਂ ਏਨਾ ਘੱਟ ਸੀ ਕਿ ਮੁਲਤਾਨ, ਜਲੰਧਰ ਤੇ ਸਰਹਿੰਦ ਦੇ ਫੌਜਦਾਰਾਂ ਨੂੰ ਵੀ ਮਦਦ ਲਈ ਨਹੀਂ ਸੀ ਬੁਲਾਇਆ ਜਾ ਸਕਦਾ। ਅਬਦਾਲੀ ਨੇ ਵਜ਼ੀਰ ਨੂੰ ਸਲਾਹ ਮਸ਼ਵਰੇ ਲਈ ਬੁਲਾਇਆ।
“ਇਹ ਸਿੱਖ ਤਾਂ ਬੜੇ ਸਖ਼ਤ ਜਾਨ ਨੇ ਬਈ...ਏਨੀ ਛੇਤੀ ਫੇਰ ਆ ਧਮਕੇ!” ਅਬਦਾਲੀ ਨੇ ਗੱਲ ਸ਼ੁਰੂ ਕੀਤੀ।
“ਜੀ ਇਸ ਵਿਚ ਕੋਈ ਸ਼ੱਕ ਨਹੀਂ...ਉਹ ਬੜੇ ਸਖ਼ਤ ਜਾਨ ਨੇ।” ਵਜ਼ੀਰ ਨੇ ਉਤਰ ਦਿੱਤਾ।
“ਫੇਰ ਹੁਣ ਕੀ ਕੀਤਾ ਜਾਏ? ਆਪਣੀ ਜੋ ਹਾਲਤ ਏ, ਉਹ ਤਾਂ ਤੁਸੀਂ ਦੇਖ ਈ ਰਹੇ ਓ।”
“ਕੁਝ ਵੀ ਹੋਏ, ਲੜੇ ਬਗ਼ੈਰ ਕੋਈ ਚਾਰਾ ਨਹੀਂ। ਜੇ ਅਸੀਂ ਨਹੀਂ ਲੜਾਂਗੇ ਤਾਂ ਉਹਨਾਂ ਦਾ ਹੌਸਲਾ ਹੋਰ ਵੀ ਵਧੇਗਾ ਤੇ ਉਹ ਲਾਹੌਰ ਉੱਤੇ ਚੜ੍ਹ ਆਉਣਗੇ।”
“ਮੈਂ ਸੋਚ ਰਿਹਾਂ ਕਿ ਮੌਕਾ ਸੰਭਾਲਨ ਲਈ ਆਰਜੀ ਤੌਰ 'ਤੇ ਸਮਝੌਤਾ ਕਰ ਲਿਆ ਜਾਏ।”
“ਸਮਝੌਤਾ ਵੀ ਤਾਂ ਹੀ ਹੋਏਗਾ, ਜੇ ਉਹ ਰਜ਼ਾਮੰਦ ਹੋਣਗੇ। ਇਕ ਹੱਥ ਨਾਲ ਤਾਂ ਤਾੜੀ ਨਹੀਂ ਵੱਜਣੀ।”
“ਯਕੀਨਨ ਤਾੜੀ ਦੋਹਾਂ ਹੱਥਾਂ ਨਾਲ ਹੀ ਵੱਜੇਗੀ ਤੇ ਵੱਜੇਗੀ ਵੀ ਜ਼ਰੂਰ। ਅਸੀਂ ਉਹਨਾਂ ਸਾਹਵੇਂ ਇਹ ਤਜ਼ਵੀਜ ਰੱਖਾਂਗੇ ਕਿ ਜੇ ਉਹ ਸਾਡੀ ਰਿਆਇਆ ਬਨਣਾ ਮੰਜ਼ੂਰ ਕਰ ਲੈਣ ਤੇ ਸਾਨੂੰ ਖ਼ਿਰਾਜਤ ਭੇਜਦੇ ਰਹਿਣ ਤਾਂ ਅਸੀਂ ਪੰਜਾਬ ਉਹਨਾਂ ਦੇ ਹਵਾਲੇ ਕਰ ਦੇਣ ਲਈ ਤਿਆਰ ਹਾਂ। ਇਸ ਤਰ੍ਹਾਂ ਉਹਨਾਂ ਦੀ ਗੱਲ ਵੀ ਰਹਿ ਜਾਏਗੀ ਤੇ ਸਾਡੀ ਵੀ। ਇਹ ਸੁਲਾਹ ਆਰਜੀ ਨਹੀਂ, ਹਮੇਸ਼ਾ ਲਈ ਪੱਕੀ ਵੀ ਹੋ ਸਕਦੀ ਹੈ।” ਅਬਦਾਲੀ ਨੇ ਇਕ ਇਕ ਸ਼ਬਦ ਉੱਤੇ ਜ਼ੋਰ ਦਿੱਤਾ ਤੇ ਵਜ਼ੀਰ ਦੀ ਰਾਏ ਜਾਨਣ ਲਈ ਨਜ਼ਰਾਂ ਉਸਦੇ ਚਿਹਰੇ ਉੱਤੇ ਗੱਡ ਦਿੱਤੀਆਂ।
ਕੁਝ ਪਲ ਮੌਨ ਵਿਚ ਬੀਤੇ। ਵਲੀ ਖ਼ਾਂ ਗੰਭੀਰ ਭਾਵ ਬੈਠਾ ਕੁਝ ਸੋਚਦਾ ਰਿਹਾ। ਅਖ਼ੀਰ ਉਸਨੇ ਹੌਲੀ ਜਿਹੀ ਸਿਰ ਹਿਲਾ ਕੇ ਕਿਹਾ—
“ਕੋਸ਼ਿਸ਼ ਕਰ ਲਓ...ਪਰ ਉਮੀਦ ਘੱਟ ਹੀ ਹੈ।” ਅਨੁਭਵੀ ਵਜ਼ੀਰ ਸਾਫ ਸਾਫ ਗੱਲ ਕਹਿ ਦੇਣ ਦਾ ਆਦੀ ਸੀ।
ਅਹਿਮਦ ਸ਼ਾਹ ਅਬਦਾਲੀ ਨੇ ਸੁਲਾਹ ਦੀ ਗੱਲ ਕਰਨ ਲਈ ਆਪਣਾ ਏਲਚੀ ਅੰਮ੍ਰਿਤਸਰ ਭੇਜਿਆ। ਪਰ ਸਿੱਖ ਕਿਸੇ ਵੀ ਕੀਮਤ 'ਤੇ ਸੁਲਾਹ ਕਰਨ ਲਈ ਤਿਆਰ ਨਹੀਂ ਸਨ। ਹਰਿਮੰਦਰ ਤੇ ਸਰੋਵਰ ਦੀ ਬੇਅਦਬੀ ਨੇ ਉਹਨਾਂ ਦੇ ਕਰੋਧ ਦੀ ਅੱਗ ਨੂੰ ਪ੍ਰਚੰਡ ਕਰ ਦਿੱਤਾ ਸੀ ਤੇ ਉਹ ਅਬਦਾਲੀ ਤੋਂ ਬਦਲਾ ਲੈਣ ਦੀ ਧਾਰੀ ਬੈਠੇ ਸਨ। ਕੁਝ ਸਿੱਖਾਂ ਨੇ ਏਲਚੀ ਤੇ ਉਸਦੇ ਸਾਥੀਆਂ ਦਾ ਮਾਲ ਸਾਮਾਨ ਖੋਹ ਕੇ ਉਹਨਾਂ ਨੂੰ ਉੱਥੋਂ ਭਜਾ ਦਿੱਤਾ।
ਅਬਦਾਲੀ ਲਈ ਹੁਣ ਚੁੱਪ ਬਹਿਣਾ ਮੁਸ਼ਕਲ ਸੀ। ਉਸਨੇ ਤੁਰੰਮ ਅੰਮ੍ਰਿਤਸਰ ਉੱਤੇ ਚੜ੍ਹਾਈ ਕਰ ਦਿੱਤੀ ਤੇ ਦੀਵਾਲੀ ਤੋਂ ਇਕ ਦਿਨ ਪਹਿਲਾਂ 16 ਅਕਤੂਬਰ ਦੀ ਸ਼ਾਮ ਨੂੰ ਸ਼ਹਿਰ ਦੇ ਨੇੜੇ ਡੇਰੇ ਆ ਲਾਏ। ਅਗਲੇ ਦਿਨ ਪਹੁ-ਫੁਟਾਲੇ ਦੇ ਨਾਲ ਹੀ ਸਿੱਖਾਂ ਨੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ। ਅਗੋਂ ਦੁਰਾਨੀ ਵੀ ਲੜਨ ਆਏ ਸਨ, ਘਮਾਸਾਨ ਮੱਚ ਗਿਆ। ਸਿੱਖਾਂ ਨੂੰ ਦੁਹਰਾ ਗੁੱਸਾ ਸੀ। ਇਕ ਘਲੂਘਾਰੇ ਦਾ ਤੇ ਦੂਜਾ ਹਰਿਮੰਦਰ ਦੀ ਬੇਅਦਬੀ ਦਾ। ਲੜਾਈ ਉਹਨਾਂ ਖ਼ੁਦ ਸਹੇੜੀ ਸੀ ਤੇ ਉਹ ਸ਼ਹੀਦੀਆਂ ਦੇਣ ਲਈ ਸਿਰ ਹੱਥੇਲੀਆਂ ਉੱਤੇ ਰੱਖ ਕੇ ਆਏ ਸਨ। ਅਜਿਹੇ ਜਾਨ 'ਤੇ ਖੇਡ ਜਾਣ ਵਾਲੇ ਸੂਰਿਆਂ ਨਾਲ ਦੁਰਾਨੀਆਂ ਦਾ ਪਹਿਲੀ ਵੇਰ ਟਾਕਰਾ ਹੋਇਆ ਸੀ। ਉਹਨਾਂ ਦੀ ਭੂਤਨੀ ਭੁੱਲ ਗਈ। ਲੜਾਈ ਚੱਲ ਹੀ ਰਹੀ ਸੀ ਕਿ ਪੂਰਣ ਸੂਰਜ ਗ੍ਰਹਿਣ ਲੱਗ ਗਿਆ ਤੇ ਏਨਾ ਹਨੇਰਾ ਹੋ ਗਿਆ ਕਿ ਦਿਨੇ ਤਾਰੇ ਨਿੱਕਲ ਆਏ। ਅੱਗੇ ਰਾਤ ਵੀ ਮੱਸਿਆ ਦੀ ਸੀ। ਹਨੇਰਾ ਹੋਰ ਗੂੜ੍ਹਾ ਹੋ ਗਿਆ ਤੇ ਲੜਾਈ ਬੰਦ ਹੋ ਗਈ। ਦੋਹੇਂ ਸੈਨਾਵਾਂ ਆਪੋ ਆਪਣੇ ਖ਼ੇਮਿਆਂ ਵਿਚ ਚਲੀਆਂ ਗਈਆਂ।
ਸਵੇਰ ਹੋਈ ਤਾਂ ਪਤਾ ਲੱਗਿਆ ਕਿ ਦੁਰਾਨੀ ਰਾਤ ਦੇ ਹਨੇਰੇ ਵਿਚ ਲਾਹੌਰ ਪਰਤ ਗਏ ਹਨ। ਸਿੱਖਾਂ ਨਾਲ ਦੁਬਾਰਾ ਖੁੱਲ੍ਹੀ ਟੱਕਰ ਨਹੀਂ ਹੋ ਸਕੀ।
ਇਸ ਪਿੱਛੋਂ ਅਬਦਾਲੀ ਦੋ ਮਹੀਨੇ ਲਾਹੌਰ ਵਿਚ ਰੁਕਿਆ ਤੇ ਪੰਜਾਬ ਵਿਚ ਆਪਣੀ ਸਥਿਤੀ ਠੀਕ ਕੀਤੀ। ਕਾਂਗੜੇ ਦੇ ਰਾਜੇ ਘੁਮੰਡ ਚੰਦ ਨੂੰ ਰਾਜੇ ਦਾ ਖ਼ਿਤਾਬ ਦਿੱਤਾ ਤੇ ਬਿਆਸ ਤੋਂ ਸਤਲੁਜ ਤਕ ਦੇ ਪਹਾੜੀ ਇਲਾਕੇ ਦਾ ਪ੍ਰਬੰਧ ਉਸਦੇ ਅਧੀਨ ਕਰ ਦਿੱਤਾ। ਸਆਦਤ ਯਾਰ ਖ਼ਾਂ ਨੂੰ ਜਲੰਧਰ ਦੁਆਬੇ ਦਾ ਤੇ ਮੁਰਾਦ ਖ਼ਾਂ ਨੂੰ ਬਾਰੀ ਦੁਆਬੇ ਦਾ ਹਾਕਮ ਥਾਪ ਦਿੱਤਾ। ਜਹਾਨ ਖ਼ਾਂ, ਜਿਹੜਾ ਪੇਸ਼ਾਵਰ ਦਾ ਹਾਕਮ ਸੀ, ਉਸਦੇ ਅਧਿਕਾਰ ਦੀ ਸੀਮਾ ਰਚਨਾ ਦੁਆਬੇ ਤੇ ਸਿੱਧ ਦੁਆਬੇ ਤਕ ਵਧਾ ਦਿੱਤੀ ਗਈ। ਲਾਹੌਰ ਦਾ ਹਾਕਮ ਕਾਬੁਲੀ ਮੱਲ ਨੂੰ ਤੇ ਕਸ਼ਮੀਰ ਦਾ ਨੁਰੂਦੀਨ ਵਾਮੇਜਈ ਨੂੰ ਬਣਾ ਦਿੱਤਾ ਗਿਆ।
ਉਧਰ ਅਫ਼ਗਾਨਿਸਤਾਨ ਵਿਚ ਗੜਬੜੀ ਦੀਆਂ ਖ਼ਬਰਾਂ ਆ ਰਹੀਆਂ ਸਨ। ਬਾਲਾ ਹਿਸਾਰ ਦੀ ਸੁਰੱਖਿਆ ਖ਼ਤਰੇ ਵਿਚ ਸੀ, ਇਸ ਲਈ ਉਸਦਾ ਉੱਥੇ ਪਹੁੰਚਣਾ ਜ਼ਰੂਰੀ ਹੋ ਗਿਆ ਸੀ। ਸੋ 12 ਦਸੰਬਰ 1762 ਨੂੰ ਉਹ ਲਾਹੌਰ ਤੋਂ ਕਾਬੁਲ ਵੱਲ ਹੋ ਗਿਆ।
ਜਦੋਂ ਉਹ ਰਾਵੀ ਪਾਰ ਕਰ ਰਿਹਾ ਸੀ ਤਾਂ ਸਿੱਖਾਂ ਨੇ ਉਸ ਉੱਤੇ ਏਨੇ ਨੇੜੇ ਹੋ ਹੋ ਕੇ ਹਮਲੇ ਕੀਤੇ ਕਿ ਉਸਨੂੰ ਆਪਣੀ ਮਜ਼ਬੂਰੀ ਉੱਤੇ ਗੁੱਸਾ ਚੜ੍ਹਨ ਲੱਗ ਪਿਆ। ਪਿਸ਼ਾਵਰ ਤੋਂ ਦਿੱਲੀ ਤਕ ਪੱਕੇ ਇੰਤਜ਼ਾਮ ਕਰਨ ਦੀ ਜਿਹੜੀ ਯੋਜਨਾ ਉਸਨੇ ਬਣਾਈ ਸੀ, ਬੋਦੀ ਪੁਰਾਣੀ ਰੱਸੀ ਵਾਂਗ ਟੁੱਟਦੀ ਹੋਈ ਨਜ਼ਰ ਆਈ।
***

No comments:

Post a Comment