Wednesday 11 August 2010

ਬੋਲੇ ਸੋ ਨਿਹਾਲ : ਚੌਥੀ ਕਿਸ਼ਤ :-

ਚੌਥੀ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਜਦੋਂ ਜ਼ਕਰੀਆ ਖਾਂ ਅਤੇ ਸਿੱਖਾਂ ਵਿਚਾਲੇ ਮੌਤ ਤੇ ਜ਼ਿੰਦਗੀ ਦਾ ਸੰਘਰਸ਼ ਚੱਲ ਰਿਹਾ ਸੀ, ਉਦੋਂ ਹੀ ਨਾਦਰ ਸ਼ਾਹ ਦਾ ਹਮਲਾ ਹੋਇਆ ਸੀ। ਇਸ ਨਾਲ ਜੋ ਉਲਟ-ਪਲਟ ਹੋਈ ਉਸਦਾ ਸਿੱਖਾਂ ਦੀ ਸੰਗਠਤ ਸ਼ਕਤੀ ਨੇ ਪੂਰਾ ਲਾਭ ਉਠਾਇਆ। ਹੁਣ ਉਹਨਾਂ ਕੋਲ ਨਵਾਬ ਕਪੂਰ ਸਿੰਘ, ਬਾਘ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਯੋਗ ਤੇ ਪ੍ਰਭਾਵਸ਼ਾਲੀ ਨੇਤਾ ਸਨ। ਉਹ ਜੰਗਲਾਂ ਤੇ ਪਹਾੜਾਂ ਵਿਚੋਂ ਨਿਕਲ ਕੇ ਮੈਦਾਨਾਂ ਵਿਚ ਆ ਗਏ ਤੇ ਉਹਨਾਂ ਨੇ ਲਾਹੌਰ ਤੋਂ ਲੈ ਕੇ ਸ਼ਿਵਾਲਕ ਦੀ ਤਲਹਟੀ ਤਕ, ਰਚਨਾ ਦੁਆਬੇ ਤੋਂ ਬਾਰੀ ਦੁਆਬੇ ਤਕ ਦੇ ਪੂਰੇ ਇਲਾਕੇ ਉਪਰ ਆਪਣਾ ਕਬਜਾ ਕਰ ਲਿਆ। ਅੰਮ੍ਰਿਤਸਰ ਉਹਨਾਂ ਦਾ ਪ੍ਰਮੁੱਖ ਤੇ ਸਰਬਉਚ ਸਥਾਨ ਸੀ। ਉੱਥੇ ਉਹਨਾਂ ਰਾਵੀ ਦੇ ਕੰਢੇ ਡੱਲੇਵਾਲ ਦੇ ਸੰਘਣੇ ਜੰਗਲ ਵਿਚ ਕਿਲਾ ਬਣਾਇਆ, ਇਸ ਦੇ ਆਸੇ-ਪਾਸੇ ਅੰਨ ਤੇ ਪੱਠੇ-ਦੱਥੇ ਉਗਾਉਣ ਲਈ ਉਪਜਾਊ ਜ਼ਮੀਨ ਸੀ। ਜੰਗਲਾਂ ਜਾਂ ਪਹਾੜਾਂ ਵਿਚ ਛੁਪਣ ਦੇ ਬਜਾਏ ਹੁਣ ਉਹ ਇਸ ਕਿਲੇ ਵਿਚ ਪਨਾਹ ਲੈ ਸਕਦੇ ਸਨ¸ ਅਮੀਰਾਂ ਤੇ ਜ਼ਿੰਮੀਦਾਰਾਂ ਨੂੰ ਲੁੱਟ ਕੇ ਜਿਹੜਾ ਸਾਮਾਨ ਹੱਥ ਲੱਗਦਾ ਸੀ, ਉਸਨੂੰ ਇੱਥੇ ਰੱਖ ਸਕਦੇ ਸਨ।
ਇੱਥੋਂ ਦਾ ਪ੍ਰਬੰਧਕ ਬਾਘ ਸਿੰਘ ਆਹਲੂਵਾਲੀਆ ਸੀ। ਉਸ ਦਾ ਭਾਣਜਾ ਜੱਸਾ ਸਿੰਘ ਆਹਲੂਵਾਲੀਆ ਜਿਹੜਾ ਸੋਹਣਾ-ਸੁਣੱਖਾ, ਸਾਹਸੀ ਜਵਾਨ ਬਣ ਚੁੱਕਿਆ ਸੀ, ਸਾਰੇ ਮਾਮਲਿਆਂ ਵਿਚ ਆਪਣੇ ਮਾਮੇ ਦਾ ਸਹਾਇਕ ਤੇ ਸਲਾਹਕਾਰ ਸੀ। ਬੁੱਢਾ-ਦਲ ਤੇ ਤਰੁਣਾ-ਦਲ ਦੇ ਸਾਰੇ ਜੱਥੇਦਾਰ ਉਸਦੀ ਆਗਿਆ ਦਾ ਪਾਲਣ ਕਰਦੇ ਸਨ।
ਨਾਦਰ ਸ਼ਾਹ ਦੇ ਹੱਥੋਂ ਮੁਗਲਾਂ ਦੀ ਹਾਰ ਉਪਰ ਲੋਕ ਖੁਸ਼ ਸਨ। ਸਿੱਖ ਰਾਜ ਨੂੰ ਉਹ ਆਪਣਾ ਰਾਜ ਸਮਝਦੇ ਸਨ। ਵਰ੍ਹਿਆਂ ਦੀ ਗ਼ੁਲਾਮੀ ਦਾ ਜੂਲਾ ਮੋਢਿਆਂ ਤੋਂ ਉਤਰਿਆ ਸੀ। ਹੁਣ ਉਹ ਧੌਣ ਉਚੀ ਕਰਕੇ ਤੁਰ ਸਕਦੇ ਸਨ। ਜੱਸਾ ਸਿੰਘ ਆਹਲੂਵਾਲੀਆ ਜਿਸ ਦੀ ਰਾਹਨੁਮਾਈ ਵਿਚ ਸਿੱਖ ਯੋਧਿਆਂ ਨੇ ਨਾਦਰ ਸ਼ਾਹ ਨੂੰ ਲੁੱਟਿਆ ਸੀ ਤੇ ਬੰਦੀ ਬਣਾਏ ਹੋਏ ਮਰਦ-ਔਰਤਾਂ ਨੂੰ ਮੁਕਤ ਕਰਵਾ ਕੇ ਘਰੋ-ਘਰੀ ਪਹੁੰਚਾਇਆ ਸੀ। ਇਹਨਾਂ ਗੱਲਾਂ ਕਾਰਨ ਉਹਨਾਂ ਦਾ ਮਾਣ-ਆਦਰ ਹੋਰ ਵੀ ਵਧ ਗਿਆ ਸੀ ਤੇ ਉਹ ਲੋਕ ਨਾਇਕ ਬਣ ਗਏ ਸਨ¸ ਉਹਨਾਂ ਦੀ ਬਹਾਦਰੀ ਦੇ ਸੱਚੇ-ਝੂਠੇ ਕਿੱਸੇ ਹਰੇਕ ਦੀ ਜ਼ਬਾਨ 'ਤੇ ਸਨ। ਲੋਕੀਂ ਸੱਥਾਂ ਵਿਚ ਇਕੱਠੇ ਹੁੰਦੇ ਤਾਂ ਗੱਲਾਂ ਚੱਲਦੀਆਂ..:
“ਤੈਂ ਜੱਸਾ ਸਿੰਘ ਨੂੰ ਦੇਖਿਆ ਏ ?”
“ਦੇਖਿਆ ਤਾਂ ਨਹੀਂ, ਪਰ ਸੁਣਿਆਂ ਏਂ, ਦਰਸ਼ਨੀ-ਜਵਾਨ  ਏਂ। ਲੰਮਾ-ਉਚਾ ਕੱਦ ਤੇ ਹੱਥ ਗੋਡਿਆਂ ਤੋਂ ਥੱਲੇ ਤੀਕ ਜਾਂਦੇ ਨੇ।”
“ਗੁਰੂ ਗੋਬਿੰਦ ਸਿੰਘ ਦਾ ਅਵਤਾਰ ਐ ਜੀ। ਯੁੱਧ ਵਿਚ ਉਸ ਦਾ ਘੋੜਾ ਦੁਸ਼ਮਣ ਦੀ ਛਾਤੀ 'ਤੇ ਜਾ ਚੜ੍ਹਦੈ ਤੇ ਤਲਵਾਰ ਬਿਜਲੀ ਵਾਂਗ ਲਿਸ਼ਕਦੀ ਆ।”
“ਜਿਸ ਨਾਦਰ ਸ਼ਾਹ ਨੇ ਮੁਗਲਾਂ ਦੀ ਨੱਕ ਕੱਟ ਦਿੱਤੀ, ਕਮਾਲ ਤਾਂ ਇਹ ਵੇ ਕਿ ਜੱਸਾ ਸਿੰਘ ਨੇ ਉਸਦੀ ਨੱਕ ਕੱਟ ਲਈ ਜੀ।” ਇਸ ਉਪਰ ਸਾਰਿਆਂ ਨੇ ਹਾਸੇ ਦਾ ਠਹਾਕਾ ਲਾਇਆ।
ਸਿੱਖਾਂ ਦੇ ਜੱਥੇ ਜਦੋਂ ਪਿੰਡੋ-ਪਿੰਡੀ ਘੁੰਮ ਕੇ ਸ਼ਾਤੀ ਬਹਾਲ ਕਰਦੇ ਤੇ ਜ਼ਿਮੀਂਦਾਰਾਂ ਤੋਂ ਟੈਕਸ ਉਗਰਾਉਂਦੇ ਤੇ ਜਦੋਂ ਪਤਾ ਲੱਗਦਾ ਸੀ ਕਿ ਜੱਸਾ ਸਿੰਘ ਆਪਣੇ ਜੱਥੇ ਨਾਲ ਉਹਨਾਂ ਦੇ ਜਾਂ ਕਿਸੇ ਗੁਆਂਢੀ ਪਿੰਡ ਵਿਚ ਆ ਰਿਹਾ ਹੈ ਤਾਂ ਲੋਕ ਉਸਦੇ ਦਰਸ਼ਨਾਂ ਲਈ ਇਕੱਠੇ ਹੋ ਜਾਂਦੇ। 'ਦੇਗ ਤੇਗ ਫਤਿਹ' ਦੇ ਜੈਕਾਰਿਆਂ ਨਾਲ ਉਸਦਾ ਸਵਾਗਤ ਹੁੰਦਾ। ਨਵਾਬ ਕਪੂਰ ਸਿੰਘ ਤੋਂ ਪਿੱਛੋਂ ਹੁਣ ਜੱਸਾ ਸਿੰਘ ਹੀ ਹਰਮਨ ਪਿਆਰਾ ਆਗੂ ਸੀ। ਹੁਣ ਉਸਦੇ ਹੱਥੋ ਪਾਹੁਲ (ਖੰਡੇ ਬਾਟੇ ਦਾ ਅੰਮ੍ਰਿਤ) ਛਕ ਕੇ ਸਿੱਖ ਬਣਨਾ/ ਸਿੰਘ ਸਜਨਾ ਮਾਣ ਵਾਲੀ ਗੱਲ ਸਮਝੀ ਜਾਂਦੀ ਸੀ।
ਜੱਸਾ ਸਿੰਘ ਦੇ ਆਉਣ ਦੀ ਖਬਰ ਜਦੋਂ ਜ਼ਿਲਾ ਸ਼ੇਖੁਪੁਰਾ ਦੇ ਪਿੰਡ ਜੰਡਿਆਲਾ ਸ਼ੇਰ ਖਾਂ ਵਿਚ ਪਹੁੰਚੀ ਤਾਂ ਜਿੰਨੀ ਖੁਸ਼ੀ ਸੁਖਵੰਤ ਕੌਰ ਨੂੰ ਹੋਈ, ਕਿਸੇ ਹੋਰ ਨੂੰ ਨਹੀਂ ਹੋਈ ਹੋਣੀ। ਉਹ ਦਰਮਿਆਨੇ ਕੱਦ, ਸੁਡੌਲ ਜੁੱਸੇ ਤੇ ਪੱਕੀ ਉਮਰ ਦੀ ਜਨਾਨੀ ਸੀ। ਉਸਦਾ ਪਤੀ ਵਰਿਆਮ ਸਿੰਘ ਬੰਦਾ ਬਹਾਦੁਰ ਦੀ ਸੇਵਾ ਵਿਚ ਸੰਤ ਸਿਪਾਹੀ ਹੁੰਦਾ ਸੀ। ਬੰਦਾ ਬਹਾਦੁਰ ਦੀ ਸ਼ਹਾਦਤ ਪਿੱਛੋਂ ਵੀ ਉਸਨੇ ਹਥਿਆਰ ਨਹੀਂ ਸੀ ਸੁੱਟੇ। ਉਹ ਵੀ ਵਿਦੇਸ਼ੀ ਸਰਕਾਰ ਨਾਲ ਲੋਹਾ ਲੈਣ ਵਾਲੇ ਸਿੱਖ ਬਾਗੀਆਂ ਨਾਲ ਜੰਗਲ ਵਿਚ ਚਲਾ ਗਿਆ ਸੀ। ਕਦੀ ਕਦੀ ਰਾਤ ਦੇ ਹਨੇਰੇ ਵਿਚ ਘਰ ਆ ਜਾਂਦਾ ਤੇ ਦਿਨ ਨਿਕਲਣ ਤੋਂ ਪਹਿਲਾਂ ਹੀ ਜੰਗਲ ਵਿਚ ਪਰਤ ਜਾਂਦਾ। ਇਕ ਵਾਰੀ ਸੌਣ ਦੇ ਮਹੀਨੇ ਦੀ ਹਨੇਰੀ ਰਾਤ ਸੀ, ਵਰਿਆਮ ਸਿੰਘ ਛੁਪਦਾ-ਛਿਪਾਂਦਾ ਘਰ ਆਇਆ। ਉਹ ਸਿਰ ਤੋਂ ਪੈਰਾਂ ਤੀਕ ਭਿੱਜਿਆ ਹੋਇਆ ਸੀ। ਸਤਵੰਤ ਕੌਰ ਪਹਿਲਾਂ ਹੀ ਉਸਦੀ ਉਡੀਕ ਵਿਚ ਸੀ। ਉਸਨੂੰ ਪਤਾ ਸੀ ਕਿ ਪਤੀ ਇਹੋ ਜਿਹੀਆਂ ਰਾਤਾਂ ਵਿਚ ਹੀ ਘਰ ਆਉਂਦਾ ਹੁੰਦਾ ਹੈ, ਕਿਉਂਕਿ ਅਜਿਹੀਆਂ ਰਾਤਾਂ ਵਿਚ ਗਸ਼ਤੀ-ਫੌਜ ਗਸ਼ਤ ਲਾਉਣ ਦੇ ਬਜਾਏ ਆਪਣੇ ਠਿਕਾਣਿਆ ਵਿਚ ਲੁਕੀ ਹੁੰਦੀ ਹੈ ਤੇ ਮੁਖਬਰ ਵੀ ਬੂਥੀਆਂ ਬਾਹਰ ਨਹੀਂ ਕੱਢਦੇ। ਵਰਿਆਮ ਸਿੰਘ ਨੇ ਭਿੱਜੇ ਕੱਪੜੇ ਲਾਹ ਕੇ ਪਤਨੀ ਦੁਆਰਾ ਪਹਿਲਾਂ ਹੀ ਤਿਆਰ ਰੱਖੇ ਸੁੱਕੇ ਕੱਪੜੇ ਪਾ ਲਏ ਤੇ ਆਰਾਮ ਨਾਲ ਮੰਜੇ ਉੱਤੇ ਬੈਠ ਗਿਆ।
“ਮੈਂ ਕੱਲ੍ਹ ਟਾਹਲੀ ਹੇਠ ਰੋਟੀਆਂ ਰੱਖ ਆਈ ਸਾਂ, ਮਿਲ ਗਈਆਂ ਸੀ ਨਾ?” ਸਤਵੰਤ ਕੌਰ ਨੇ ਪਤੀ ਦੇ ਮੋਢੇ ਉੱਤੇ ਹੱਥ ਰੱਖ ਕੇ, ਮੂੰਹ ਕੰਨ ਕੋਲ ਲਿਜਾਅ ਕੇ ਪੁੱਛਿਆ।
“ਹਾਂ, ਮਿਲ ਗਈਆਂ ਸੀ।” ਵਰਿਆਮ ਸਿੰਘ ਨੇ ਉਤਰ ਦਿੱਤਾ। “ਸਾਨੂੰ ਪਤਾ ਸੀ ਤੂੰ ਨੇਮ ਦੀ ਪੱਕੀ ਏਂ, ਬਰਸਾਤ ਵਿਚ ਵੀ ਰੋਟੀਆਂ ਜ਼ਰੂਰ ਰੱਖ ਜਾਏਂਗੀ।”
“ਹੋਰ ਲੋਕ ਵੀ ਰੱਖ ਜਾਂਦੇ ਨੇ?”
“ਹਾਂ, ਹੋਰ ਵੀ ਰੱਖ ਜਾਂਦੇ ਨੇ।”
“ਇਹਨਾਂ ਨਾਲ ਤੁਹਾਡਾ ਕੰਮ ਚੱਲ ਜਾਂਦੈ  ਜਾਂ...?”
ਅੰਦਰ ਦੀਵੇ ਦੀ ਮੱਧਮ ਰੌਸ਼ਨੀ ਸੀ। ਬਾਹਰ ਮੀਂਹ ਪੈ ਰਿਹਾ ਸੀ। ਮੀਂਹ ਕੱਲ੍ਹ ਵੀ ਪਿਆ ਸੀ¸ ਝੜੀ ਲੱਗ ਗਈ ਜਾਪਦੀ ਸੀ।
“ਸਤਵੰਤ ਕੌਰੇ,” ਵਰਿਆਮ ਸਿੰਘ ਪਤਨੀ ਵੱਲ ਦੇਖ ਕੇ ਮਿੰਨਾਂ-ਮਿੰਨਾਂ ਮੁਸਕਰਾਇਆ ਤੇ ਜ਼ਰਾ ਰੁਕ ਕੇ ਬੋਲਿਆ, “ਕੰਮ ਭਾਵੇਂ ਨਾ ਚੱਲੇ, ਪਰ ਇਹਨਾਂ ਰੋਟੀਆਂ ਦਾ ਇਕ ਵਿਸ਼ੇਸ਼ ਮਹੱਤਵ ਏ¸ ਇਹ ਰੋਟੀਆਂ ਸ਼ਰਧਾ, ਵਿਸ਼ਵਾਸ ਤੇ ਤਿਆਗ ਦਾ ਪ੍ਰਤੀਕ ਨੇ। ਇਹਨਾਂ ਨਾਲ ਸਾਡਾ ਮਨੋਬਲ ਵਧਦਾ ਏ ਤੇ ਆਪਣੇ ਲੋਕਾਂ ਵਿਚ ਵਿਸ਼ਵਾਸ ਪੈਦਾ ਹੁੰਦਾ ਏ।” ਹਵਾ ਦਾ ਇਕ ਤੇਜ਼ ਬੁੱਲ੍ਹਾ ਆਇਆ। ਦੀਵੇ ਦੀ ਲੋਅ ਥਰਥਰ ਕੰਬੀ। ਇਸ ਖ਼ਿਆਲ ਨਾਲ ਕਿ ਕਿਤੇ ਦੀਵਾ ਬੁਝ ਨਾ ਜਾਏ ਸਤਵੰਤ ਕੌਰ ਨੇ ਲੋਅ ਦੁਆਲੇ ਹਥੇਲੀਆਂ ਦੀ ਓਟ ਕਰ ਦਿੱਤੀ। ਬੁੱਲ੍ਹਾ ਲੰਘ ਜਾਣ ਪਿੱਛੋਂ ਲੋਅ ਸਥਿਰ ਹੋਈ ਤਾਂ ਵਰਿਅਮ ਸਿੰਘ ਬੋਲਿਆ, “ਤੁਹਾਡੀਆਂ ਰੋਟੀਆਂ ਖਾ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਏ। ਘਰ ਦੀ ਯਾਦ ਉਹਨਾਂ ਵਿਚ ਰਸ ਘੋਲ ਦਿੰਦੀ ਏ। ਵਰਨਾ ਤੂੰ ਜਾਣਦੀ ਏਂ,” ਉਸਦੀ ਆਵਾਜ਼ ਬਦਲ ਗਈ ਤੇ ਉਹ ਸੱਜੀ ਬਾਂਹ ਹਵਾ ਵਿਚ ਉਲਾਰ ਕੇ ਬੋਲਿਆ, “ਸਾਡਾ ਆਪਣਾ ਬਹੁਬਲ ਤੇ ਗੁਰੂ ਦੀਆਂ ਕਿਰਪਾਨਾਂ ਨੇ। ਅਸੀਂ ਦੁਸ਼ਮਣ ਨੂੰ ਸੋਧ ਕੇ ਉਸਦੀ ਰਸਦ ਤੇ ਉਸ ਦੇ ਹਥਿਆਰ ਖੋਹ ਲੈਂਦੇ ਹਾਂ। ਇਹ ਨਾ ਹੋਏ ਤਾਂ ਸ਼ਿਕਾਰ ਨਾਲ ਕੰਮ ਚਲਾ ਲੈਣੇ ਆਂ ਤੇ ਭੁੱਖੇ ਵੀ ਮੌਜ-ਮਸਤੀ ਨਾਲ ਦਿਨ ਬਿਤਾਉਂਦੇ ਆਂ।”
ਪਤੀ ਪਤਨੀ ਦੋਹੇਂ ਮੁਸਕਰਾ ਪਏ। ਦੀਵੇ ਦੀ ਲੋਅ ਕੰਬੀ। ਕੁਝ ਪਲ ਮੌਨ ਵਿਚ ਲੰਘੇ।
“ਮੱਝ ਦੁੱਧ ਦੇ ਰਹੀ ਏ ਨਾ?” ਵਰਿਆਮ ਸਿੰਘ ਨੇ ਵਿਸ਼ਾ ਬਦਲਿਆ।
“ਹਾਂ, ਦੇ ਰਹੀ ਏ। ਪਰ ਮੁਸ਼ਕਲ ਨਾਲ ਚਾਰ ਕੁ ਸੇਰ।”
“ਏਨਾ ਹੀ ਬਥੇਰਾ ਏ। ਉਸਨੇ ਤਿੰਨਾਂ ਮਹੀਨਿਆਂ ਪਿੱਛੋਂ ਸੂਣਾ ਵੀ ਤਾਂ ਹੈ।”
ਜਦੋਂ ਇਹ ਗੱਲਾਂ ਹੋ ਰਹੀਆਂ ਸਨ। ਉਹਨਾਂ ਦਾ ਇਕਲੌਤਾ ਪੁੱਤਰ ਭੂਪ ਸਿੰਘ ਜਾਗ ਪਿਆ। ਵਰਿਆਮ ਸਿੰਘ ਨੇ 'ਭੂਪਾ, ਭੂਪਾ! ਮੇਰਾ ਪੁੱਤਰ ਭੂਪਾ!' ਕਹਿੰਦਿਆਂ ਹੋਇਆਂ ਉਸਨੂੰ ਜੱਫੀ ਵਿਚ ਲੈ ਲਿਆ ਤੇ ਭੂਪੇ ਨੇ ਵੀ 'ਭਾਪਾ, ਭਾਪਾ!' ਕਹਿ ਕੇ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਆਪਣੇ ਭਾਪੇ ਦੇ  ਗਲ਼ ਵਿਚ ਪਾ ਦਿੱਤੀਆਂ।
ਭੂਪੇ ਦੀ ਉਮਰ ਚਾਰ ਕੁ ਸਾਲ ਦੀ ਸੀ। ਰੰਗ ਗੋਰਾ, ਅੱਖਾਂ ਭੂਰੀਆਂ, ਨੱਕ ਮਿੱਡਾ, ਚਿਹਰਾ ਗੋਲ ਤੇ ਭਰਿਆ-ਭਰਿਆ।।
“ਹੁਣ ਇਹ ਸਿਆਣਾ ਹੋ ਗਿਆ ਏ। ਮੈਂ ਚਲਾ ਜਾਂਨਾਂ ਤਾਂ ਯਾਦ ਕਰਦਾ ਹੋਏਗਾ?”
“ਹਾਂ, ਪੁੱਛਦਾ ਏ ਭਾਪਾ ਕਦੋਂ ਆਏਗਾ? ਪਰ ਤੇਰੇ ਘਰ ਆਉਣ ਬਾਰੇ ਕਿਸੇ ਨੂੰ ਨਹੀਂ ਦੱਸਦਾ। ਹਵਾ ਨਹੀਂ ਕੱਢਦਾ।”
“ਇਹ ਤਾਂ ਫੇਰ ਵੀ ਆਦਮੀ ਦਾ ਬੱਚਾ ਏ¸ ਪਸ਼ੂ-ਪੰਖੀਆਂ ਦੇ ਬੱਚੇ ਵੀ ਖਤਰੇ ਨੂੰ ਤਾੜ ਲੈਂਦੇ ਨੇ, ਤੇ ਉਸਤੋਂ ਬਚਦੇ ਨੇ।”
ਸਤਵੰਤ ਕੌਰ ਨੇ ਖੁਸ਼ੀ ਤੇ ਹੈਰਾਨੀ ਭਰੀਆਂ ਨਜ਼ਰਾਂ ਨਾਲ ਆਪਣੇ ਪਤੀ ਵੱਲ ਤੱਕਿਆ। ਸੰਘਰਸ਼ ਵਿਚ ਪੈ ਕੇ ਆਦਮੀ ਕਿੰਨਾਂ ਬਦਲ ਜਾਂਦਾ ਹੈ! ਪਤੀ ਦਾ ਬਦਲਿਆ ਹੋਇਆ ਰੂਪ ਉਸ ਦੇ ਸਾਹਮਣੇ ਸੀ। ਸਿੱਧਾ-ਸਾਦਾ ਕਿਸਾਨ, ਦਾਰਸ਼ਨੀਕ ਬਣ ਚੁੱਕਿਆ ਸੀ। ਜੰਗਲ ਵਿਚ ਪਸ਼ੂ-ਪੰਛੀਆਂ ਵਿਚਕਾਰ ਰਹਿ ਕੇ ਜੋ ਦੇਖਿਆ, ਅਨੁਭਵ ਕੀਤਾ ਸੀ, ਉਸਦੀਆਂ ਗੱਲਾਂ ਕਰ ਰਿਹਾ ਸੀ। ਮਨੁੱਖ ਦਾ ਸਾਰਾ ਗਿਆਨ ਅਨੁਭਵ ਤੋਂ ਹੀ ਪੈਦਾ ਹੋਇਆ ਹੈ।
ਸਤਵੰਤ ਕੌਰ ਦੀ ਸੱਜੀ ਅੱਖ ਹੇਠ ਇਮਲੀ ਦੀ ਗੁਠਲੀ ਜਿੱਡਾ ਮੱਸਾ ਸੀ, ਜਿਹੜਾ ਉਸਦੇ ਅੰਡਾ-ਕਾਰ ਸੁੰਦਰ ਚਿਹਰੇ ਨੂੰ ਹੋਰ ਵੀ ਸੁੰਦਰ ਬਣਾ ਦਿੰਦਾ ਸੀ। ਉਸਦਾ ਆਪਣਾ ਜੀਵਨ ਵੀ ਬੜੇ ਸੰਘਰਸ਼ ਵਿਚ ਬੀਤਿਆ ਸੀ। ਇਸ ਸੰਘਰਸ਼ ਵਿਚ ਹੀ ਉਸਦੇ ਵਿਅਕਤੀਤਵ ਦਾ ਵਿਕਾਸ ਹੋਇਆ ਸੀ ਤੇ ਭੂਪੇ ਦੇ ਜਨਮ ਦੀ ਘਟਨਾ ਇਸ ਗੱਲ ਦੀ ਸਾਖੀ ਸੀ…:
ਪਤੀ ਤੋਂ ਬਾਅਦ ਘਰ ਵਿਚ ਸਿਰਫ ਬੁੱਢੀ ਸੱਸ ਰਹਿ ਗਈ। ਘਰ ਤੋਰਨ ਲਈ ਸਤਵੰਤ ਕੌਰ ਨੂੰ ਬੜੀ ਮਿਹਨਤ ਕਰਨੀ ਪਈ ਸੀ। ਜਦੋਂ ਭੂਪਾ ਢਿੱਡ ਵਿਚ ਸੀ ਤੇ ਦਿਨ ਪੂਰੇ ਹੋਏ ਹੋਏ ਸਨ, ਉਹ ਖੇਤ ਵਿਚ ਮੱਝ ਲਈ ਪੱਠੇ ਵੱਢ ਰਹੀ ਸੀ ਕਿ ਅਚਾਨਕ ਪੀੜਾਂ ਸ਼ੁਰੂ ਹੋ ਗਈਆਂ ਸਨ। ਉਹ ਪੱਠੇ ਉੱਥੇ ਹੀ ਛੱਡ ਕੇ ਨਿੰਮ ਦੀ ਛਾਂ ਹੇਠ ਆ ਗਈ। ਫੁਲਕਾਰੀ, ਜਿਹੜੀ ਉਸਨੇ ਉੱਤੇ ਲਈ ਹੋਈ ਸੀ, ਲਾਹ ਕੇ ਹੇਠਾਂ ਵਿਛਾਈ। ਉਸ ਉਪਰ ਲੇਟ ਕੇ ਬੱਚੇ ਨੂੰ ਜਨਮ ਦਿੱਤਾ, ਦਾਤਰੀ ਨਾਲ ਉਸਦਾ ਨਾੜੂਆ ਕੱਟਿਆ ਤੇ ਫੁਲਕਾਰੀ ਵਿਚ ਲਪੇਟ ਕੇ ਉਸਨੂੰ ਉੱਥੇ ਹੀ ਪਾ ਦਿੱਤਾ¸ ਫੇਰ ਪੱਠੇ ਵੱਢੇ, ਉਹਨਾਂ ਦਾ ਗੱਠਾ ਬੰਨ੍ਹ ਕੇ ਸਿਰ ਉਪਰ ਰੱਖਿਆ ਤੇ ਇਕ ਬਾਂਹ ਉਪਰ ਫੁਲਕਾਰੀ ਵਿਚ ਲਪੇਟੇ ਬੱਚੇ ਨੂੰ ਚੁੱਕ ਕੇ ਘਰ ਆ ਗਈ।
ਜਦੋਂ ਵਰਿਆਮ ਸਿੰਘ ਘਰ ਆਇਆ ਤਾਂ ਬੱਚੇ ਦੇ ਜਨਮ ਦੀ ਕਹਾਣੀ ਸੁਣ ਕੇ ਉਸਨੇ ਪਤਨੀ ਵੱਲ ਪ੍ਰਸ਼ੰਸਾ ਤੇ ਹੈਰਾਨੀ ਭਰੀਆਂ ਅੱਖਾਂ ਨਾਲ ਤੱਕਿਆ ਸੀ, ਜਿਵੇਂ ਪਤਨੀ ਅੱਜ ਉਸ ਵੱਲ ਦੇਖ ਰਹੀ ਸੀ।
ਬਾਹਰ ਮੀਂਹ ਤੇਜ਼ ਹੋ ਗਿਆ। ਬਿਜਲੀ ਕੜਕੀ। ਭੂਪਾ ਡਰ ਗਿਆ। ਵਰਿਆਮ ਸਿੰਘ ਨੇ ਉਸਨੂੰ ਛਾਤੀ ਨਾਲ ਲਾ ਕੇ ਪੁਚਕਾਰਿਆ, “ਪੁੱਤਰ ਡਰ ਨਾ। ਤੂੰ ਸਿੰਘ ਦਾ ਪੁੱਤਰ ਏਂ ਸ਼ੇਰਾ, ਤੇ ਸ਼ੇਰ ਕਦੀ ਡਰਦੇ ਨਹੀਂ ਹੁੰਦੇ। ਅਸੀਂ ਲੋਕ ਮੌਤ ਨਾਲ ਖੇਡ ਰਹੇ ਆਂ। ਧਰਮ ਲਈ ਲੜ ਰਹੇ ਹਾਂ। ਬਿਨਾਂ ਲੜਿਆਂ ਕੁਝ ਨਹੀਂ ਮਿਲਦਾ। ਜੋ ਡਰਦਾ ਏ, ਉਹ ਲੜ ਨਹੀਂ ਸਕਦਾ। ਮੇਰਿਆ ਪੁੱਤਰਾ, ਡਰਨਾ ਨਹੀਂ।”
ਉਸਨੇ ਬੱਚੇ ਨੂੰ ਦੋਹਾਂ ਹੱਥਾਂ ਵਿਚ ਸਿਰ ਤੋਂ ਉਚਾ ਚੁੱਕਿਆ, ਸੱਜੇ-ਖੱਬੇ ਝੁਲਾਇਆ ਤੇ ਮੂੰਹ ਚੁੰਮ ਕੇ ਪਤਨੀ ਨੂੰ ਫੜਾ ਦਿੱਤਾ।
ਇਹ ਪਲ ਸੁਖ ਦੇ ਪਲ ਸਨ। ਵਰਿਆਮ ਸਿੰਘ ਜਦੋਂ ਘਰੋਂ ਨਿਕਲਿਆ, ਮੀਂਹ ਰੁਕ ਚੁੱਕਿਆ ਸੀ। ਸੰਘਣਾ ਹਨੇਰ ਸੀ ਤੇ ਚੁੱਪ ਵਾਪਰੀ ਹੋਈ ਸੀ। ਸਿਰਫ ਰੁੱਖਾਂ ਤੋਂ ਬੂੰਦਾਂ ਡਿੱਗ ਰਹੀਆਂ ਸਨ। ਵਰਿਆਮ ਸਿੰਘ ਸੁਖਮਈ ਯਾਦਾਂ ਵਿਚ ਗਵਾਚਿਆ, ਨਿਸ਼ਚਿੰਤ ਹੋ ਕੇ ਤੁਰਿਆ ਜਾ ਰਿਹਾ ਸੀ। ਅਜੇ ਉਸਨੇ ਜੰਗਲ ਵਿਚ ਪ੍ਰਵੇਸ਼ ਨਹੀਂ ਸੀ ਕੀਤਾ ਕਿ ਘਾਤ ਲਾਈ ਬੈਠੇ ਦੁਸ਼ਮਣ ਨੇ ਉਸਨੂੰ ਦਬੋਚ ਲਿਆ ਤੇ ਲਾਹੌਰ ਲਿਜਾ ਕੇ ਨਖਾਸ ਚੌਂਕ ਵਿਚ ਸ਼ਹੀਦ ਕਰ ਦਿੱਤਾ।
ਸਤਵੰਤ ਕੌਰ ਨੂੰ ਇਸ ਘਟਨਾ ਦਾ ਪਤਾ ਨਹੀਂ ਸੀ ਲੱਗਿਆ। ਉਹ ਹਨੇਰੀਆਂ ਰਾਤਾਂ ਵਿਚ ਪਤੀ ਨੂੰ ਉਡੀਕਦੀ ਤੇ ਔਂਸੀਆਂ ਪਾਉਂਦੀ ਰਹੀ। ਇੰਤਜ਼ਾਰ ਕਰਦਿਆਂ ਪੂਰੇ ਦੋ ਵਰ੍ਹੇ ਬੀਤ ਗਏ, ਪਰ ਵਰਿਆਮ ਸਿੰਘ ਨਹੀਂ ਆਇਆ। ਭੂਪਾ ਛੇ ਸਾਲ ਦਾ ਹੋ ਗਿਆ। ਉਹ ਮਾਂ ਤੇ ਦਾਦੀ ਦਾ ਲਾਡਲਾ ਤੇ ਜ਼ਿੰਦਗੀ ਦਾ ਇਕੋਇਕ ਸਹਾਰਾ ਸੀ। ਸਾਰਾ ਦਿਨ ਬੱਚਿਆਂ ਨਾਲ ਖੇਡਦਾ ਤੇ ਖੁਸ਼ ਰਹਿੰਦਾ, ਰਾਤੀਂ ਜਦੋਂ ਮਾਂ ਦੀਵੇ ਦੇ ਚਾਨਣ ਵਿਚ ਔਂਸੀਆਂ ਪਾ ਰਹੀ ਹੁੰਦੀ ਤਾਂ ਉਦਾਸ ਜਿਹੀ ਆਵਾਜ਼ ਵਿਚ ਪੁੱਛਦਾ, “ਮਾਂ, ਭਾਪਾ ਕਦੋਂ ਆਏਗਾ?” ਮਾਂ ਪੁੱਤਰ ਵੱਲ ਦੇਖਦੀ ਤਾਂ ਮਨ ਵਿਚ ਹੂਕ ਜਿਹੀ ਉਠਦੀ। ਬੱਚੇ ਨੂੰ ਪਰਚਾਉਣ ਖਾਤਰ ਸਨੇਹ-ਭਿੱਜੀ ਆਵਾਜ਼ ਵਿਚ ਉਤਰ ਦਿੰਦੀ, “ਮੇਰੇ ਲਾਡੇ, ਉਹ ਕਿਧਰੇ ਦੂਰ ਚਲਾ ਗਿਆ ਏ। ਆਏਗਾ, ਤੇ ਛੇਤੀ ਈ ਆਏਗਾ।” ਪਰ ਇਸ ਉਤਰ ਨਾਲ ਨਾ ਬੱਚੇ ਦੀ ਤਸੱਲੀ ਹੁੰਦੀ ਤੇ ਨਾ ਹੀ ਉਸਦੀ ਆਪਣੀ। ਉਹ ਸਮਝ ਚੁੱਕੀ ਸੀ ਕਿ ਹੁਣ ਉਹ ਸੰਸਾਰ ਵਿਚ ਨਹੀਂ ਰਿਹਾ। ਗੁਰੂ ਦੇ ਸਰੀਰ ਵਾਂਗ ਉਸਦਾ ਸਰੀਰ ਵੀ ਪੰਥ ਦੇ ਲੇਖੇ ਲੱਗ ਗਿਆ ਏ।
ਪਰ ਇਸ ਦੇ ਬਾਵਜੂਦ ਵੀ ਉਹਨਾਂ ਦੇ ਘਰ ਢੇਰ ਸਾਰੀਆਂ ਰੋਟੀਆਂ ਪੱਕਦੀਆਂ ਰਹੀਆਂ, ਜਿਹਨਾਂ ਨੂੰ ਮੱਖਣ ਤੇ ਲੱਸੀ ਵਾਲੇ ਕੁੱਜੇ ਸਮੇਤ, ਉਹ ਜੰਗਲ ਵਿਚ ਨਿਸ਼ਚਤ ਸਥਾਨ ਉਪਰ ਰੱਖ ਆਉਂਦੀ ਰਹੀ। ਉਸਦੇ ਘਰ ਦੇ ਨਾਲ ਦਾ ਘਰ ਸੱਯਦ ਕੁਤਬ ਸ਼ਾਹ ਕਾ ਸੀ। ਜਦੋਂ ਉਹ ਰੋਟੀਆਂ ਲੈ ਕੇ ਜੰਗਲ ਵੱਲ ਜਾਂਦੀ ਤਾਂ ਕੁਤਬ ਸ਼ਾਹ ਆਪ ਜਾਂ ਉਸਦੀ ਪਤਨੀ ਅੱਲਾ ਰੱਖੀ ਉਸਦੇ ਨਾਲ ਹੋ ਲੈਂਦੀ।
ਭੂਪਾ ਸਭ ਕੁਝ ਦੇਖਦਾ ਤੇ ਸਮਝਦਾ ਸੀ ਕਿ ਏਨੀਆਂ ਰੋਟੀਆਂ ਕਿਸ ਲਈ ਪੱਕਦੀਆਂ ਹਨ। ਮਾਂ ਉਸਨੂੰ ਸ਼ਹੀਦਾਂ ਦੇ ਬਲੀਦਾਨ ਦੀਆਂ ਕਹਾਣੀਆਂ ਸੁਣਾਉਂਦੀ ਰਹਿੰਦੀ ਸੀ, ਜਿਸ ਕਰਕੇ ਉਸਦੇ ਮਨ ਵਿਚ ਗ਼ੁਲਾਮੀ ਤੇ ਜੁਲਮ ਦੇ ਵਿਰੁੱਧ ਲੜਨ ਦੀ ਭਾਵਨਾ ਪੱਕੀ ਹੁੰਦੀ ਗਈ। ਜਦੋਂ ਉਹ ਬਾਰਾਂ ਸਾਲ ਦਾ ਹੋਇਆ ਤਾਂ ਮਾਂ ਨੇ ਉਸਨੂੰ ਸਾਈਂ ਜਹੀਰ ਬਖ਼ਸ਼ ਭਾਵ ਬਾਬੇ ਗੁਰਬਖ਼ਸ਼ ਸਿੰਘ ਦੇ ਤਕੀਏ ਵਿਚ ਅਲਹੋਲ ਭੇਜ ਦਿੱਤਾ। ਉੱਥੇ ਉਸ ਅਰਬੀ ਫਾਰਸੀ ਪੜ੍ਹੀ, ਭੇਸ ਬਦਲ ਕੇ ਜਾਸੂਸੀ ਕਰਨਾ ਸਿੱਖਿਆ ਤੇ ਦੁਸ਼ਮਣ ਦੀ ਨਜ਼ਰ ਤੋਂ ਵੀ ਬਚਿਆ ਰਿਹਾ। ਹੁਣ ਜਦੋਂ ਹਾਲਾਤ ਬਦਲੇ, ਉਹ ਘਰ ਆ ਗਿਆ। ਉਸਦੀ ਉਮਰ ਅਠਾਰਾਂ ਸਾਲ ਤੋਂ ਦੋ ਮਹੀਨੇ ਉਤੇ ਸੀ। ਨਿੱਕੀਆਂ ਨਿੱਕੀਆਂ ਮੁੱਛਾਂ ਤੇ ਦਾੜ੍ਹੀ ਫੁੱਟ ਆਈ ਸੀ। ਕੱਦ ਦਰਮਿਆਨਾ ਤੇ ਸਰੀਰ ਪੂਰਾ ਨਰੋਆ ਸੀ। ਚਿਹਰੇ 'ਚੋਂ ਦ੍ਰਿੜ੍ਹ ਸੰਕਲਪ ਦੀ ਭਾਅ ਮਾਰਦੀ ਸੀ।
ਜੱਸਾ ਸਿੰਘ ਦੇ ਜੱਥੇ ਦਾ ਸਵਾਗਤ ਕਰਨ ਲਈ ਇਕੱਠੇ ਹੋਏ ਮਰਦ-ਔਰਤਾਂ ਵਿਚ ਸੱਯਦ ਕੁਤਬ ਸ਼ਾਹ ਤੇ ਸਤਵੰਤ ਕੌਰ ਸਭ ਨਾਲੋਂ ਅੱਗੇ ਸਨ। ਉਹ ਦੋਹਾਂ ਪਿੰਡਾਂ ਵਿਚ ਜਾਣੇ-ਪਛਾਣੇ ਜਾਂਦੇ ਸਨ ਤੇ ਲੋਕ ਉਹਨਾਂ ਦਾ ਆਦਰ ਕਰਦੇ ਸਨ। ਜਦੋਂ ਪਾਹੁਲ ਛਕਾਉਣ ਦੀ ਰਸਮ ਸ਼ੁਰੂ ਹੋਈ ਤਾਂ ਸਤਵੰਤ ਕੌਰ ਨੇ ਸਭ ਤੋਂ ਪਹਿਲਾਂ ਆਪਣੇ  ਪੁੱਤਰ ਭੂਪ ਸਿੰਘ ਨੂੰ ਜੱਸਾ ਸਿੰਘ ਸਾਹਮਣੇ ਲਿਜਾ ਖੜ੍ਹਾ ਕੀਤਾ ਤੇ ਬੜੀ ਨਿਮਰਤਾ ਨਾਲ ਬੋਲੀ, ''ਇਹ ਮੇਰਾ ਇਕਲੌਤਾ ਪੁੱਤਰ ਭੂਪਾ ਏ। ਜਿਵੇਂ ਤੁਹਾਡੀ ਵਿਧਵਾ ਮਾਂ ਨੇ ਤੁਹਾਨੂੰ ਨਵਾਬ ਕਪੂਰ ਸਿੰਘ ਦੇ ਸਪੁਰਦ ਕੀਤਾ ਸੀ, ਮੈਂ ਇਕ ਵਿਧਵਾ ਮਾਂ ਆਪਣਾ ਪੁੱਤਰ ਤੁਹਾਡੇ ਸਪੁਰਦ ਕਰਦੀ ਹਾਂ।''
''ਭੈਣਾ ਤੂੰ ਨਿਸਚਿੰਤ ਰਹੁ। ਤੇਰਾ ਪੁੱਤਰ ਭੂਪ ਸਿੰਘ ਹੁਣ ਮੇਰਾ ਪੁੱਤਰ ਏ, ਪੰਥ ਦਾ ਪੁੱਤਰ ਏ। ਉਸਦਾ ਹਰ ਤਰ੍ਹਾਂ ਨਾਲ ਖਿਆਲ ਰੱਖਿਆ ਜਾਏਗਾ।'' ਜੱਸਾ ਸਿੰਘ ਆਹਲੂਵਾਲੀਆ ਨੇ ਤਸੱਲੀ ਦਿਵਾਈ ਤੇ ਭੂਪ ਸਿੰਘ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸੰਤ-ਸਿਪਾਹੀ ਬਣਾ ਲਿਆ।
ਦੀਵਾਨ ਵਿਚ ਜੈਕਾਰੇ ਛੱਡੇ ਗਏ।
ਅਰਜਨ ਲਾਲ ਖੱਤਰੀ ਦੇ ਦੋ ਪੁੱਤਰ ਸਨ, ਕਰਮ ਚੰਦ ਤੇ ਭੀਮ ਚੰਦ ਦੋਹੇਂ ਅੰਮ੍ਰਿਤ ਛਕ ਕੇ ਸਿੰਘ ਸਜ ਗਏ। ਇਹ ਸਿਲਸਿਲਾ ਦੁਪਹਿਰ ਦੇ ਦੋ ਵਜੇ ਸ਼ੁਰੂ ਹੋਇਆ ਸੀ ਤੇ ਸ਼ਾਮ ਦੇ ਪੰਜ, ਸਵਾ-ਪੰਜ ਵਜੇ ਤਕ ਚਲਦਾ ਰਿਹਾ। ਨਿਰੰਜਨ ਦਰਜੀ, ਸੋਭਾ ਤਖਾਣ, ਭੀਖਾ ਨਾਈ, ਮੋਹਨਾਂ ਧੋਬੀ, ਚਤਰਾ ਝਿਊਰ ਤੇ ਭੋਲਾ ਮੋਚੀ ਵਗੈਰਾ ਕਈ ਜਣੇ ਸਿੰਘ ਸਜ ਗਏ। ਉਹਨਾਂ ਦਾ ਜਿੱਥੇ ਨਾਂ ਬਦਲਿਆ ਗਿਆ, ਉੱਥੇ ਹੀ ਜਾਤ-ਪਾਤ ਦਾ ਫਰਕ ਵੀ ਮਿਟ ਗਿਆ। ਹੁਣ ਉਹ ਧਰਮ ਦੀ ਰੱਖਿਆ ਅਤੇ ਦੇਸ਼ ਦੀ ਆਜਾਦੀ ਲਈ ਲੜਨ ਵਾਲੇ ਸੰਤ-ਸਿਪਾਹੀ ਸਨ। ਇਹ ਉਹਨਾਂ ਦੇ ਦੂਜੇ ਜਨਮ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ।
ਸੱਯਦ ਕੁਤਬ ਸ਼ਾਹ ਨੇ ਜਿਸ ਦੇ ਚਿਹਰੇ ਉਪਰ ਮਹਿੰਦੀ ਨਾਲ ਰੰਗੀ ਸ਼ਰਈ-ਦਾੜ੍ਹੀ ਸੀ, ਨਵੇਂ ਸਿੰਘਾਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ, “ਜੁਲਮ ਕਿਸੇ ਵੀ ਤਰ੍ਹਾਂ ਦਾ ਹੋਏ, ਉਸਦੇ ਖ਼ਿਲਾਫ਼ ਲੜਨਾਂ ਇਨਸਾਨ ਦਾ ਫ਼ਰਜ਼ ਹੈ।”
ਸਮਾਰੋਹ ਸਮਾਪਤ ਹੋਇਆ ਤਾਂ ਜੱਥੇ ਨੂੰ 'ਫਤਹਿ-ਫਤਹਿ' ਦੇ ਨਾਅਰਿਆਂ ਨਾਲ ਭਾਵ-ਭਿੱਜੀ ਵਿਦਾਈ ਦਿੱਤੀ ਗਈ। ਕੁਤਬ ਸ਼ਾਹ ਦਾ ਨਿੱਕਾ ਬੇਟਾ, ਜਿਸ ਦੀ ਉਮਰ ਪੰਜ ਕੁ ਸਾਲ ਦੀ ਸੀ, ਪਿਓ ਦੀ ਉਂਗਲ ਫੜ੍ਹੀ ਖੜ੍ਹਾ ਇਹ ਦ੍ਰਿਸ਼ ਦੇਖ ਰਿਹਾ ਸੀ। ਉਹ ਵੀਰ੍ਹ ਗਿਆ ਤੇ ਭੌਇਂ ਤੇ ਲਿਟਣ ਲੱਗਾ ਕਿ 'ਮੈਂ ਵੀ ਜਾਵਾਂਗਾ, ਮੈਂ ਵੀ ਲੜਾਂਗਾ।'
ਉਹ ਆਪਣੇ ਅੱਬਾ ਤੋਂ ਹੱਥ ਛੁਡਾਉਣ ਦਾ ਯਤਨ ਕਰ ਰਿਹਾ ਸੀ ਤੇ ਵਾਰੀ ਵਾਰੀ ਦੂਹਰਾ ਰਿਹਾ ਸੀ, 'ਮੈਂ ਵੀ ਜਾਵਾਂਗਾ, ਮੈਂ ਵੀ ਲੜਾਂਗਾ'। ਉਸਦੀ ਇਸ ਜਿੱਦ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿਚਿਆ। ਜੱਸਾ ਸਿੰਘ ਨੇ ਉਸਨੂੰ ਗੋਦੀ ਵਿਚ ਚੁੱਕ ਕੇ ਪਿਆਰ ਕੀਤਾ ਤੇ ਉਸਦੀਆਂ ਗਲ੍ਹਾਂ ਥਾਪੜਦਿਆਂ ਹੋਇਆਂ ਕਿਹਾ, “ਤੂੰ ਇਕ ਚੰਗਾ ਬੱਚਾ ਏਂ। ਚੰਗੇ ਬੱਚੇ ਜ਼ਰੂਰ ਲੜਦੇ ਨੇ, ਪਰ ਜਦੋਂ ਤੂੰ ਏਨਾ ਵੱਡਾ ਹੋ ਜਾਏਂਗਾ¸ ਅਸੀਂ ਤੈਨੂੰ ਵੀ ਆਪਣੇ ਨਾਲ ਲੈ ਜਾਵਾਂਗੇ।”
ਬੱਚੇ ਦਾ ਨਾਂ ਵਾਰਿਸ ਸੀ; ਪੰਜਾਬੀ ਦਾ ਹੋਣ ਵਾਲਾ ਮਹਾਂਕਵੀ ਵਾਰਿਸ ਸ਼ਾਹ, ਜਿਹੜਾ ਬੁੱਲ੍ਹੇ ਸ਼ਾਹ ਦੀ ਮੌਤ ਤੋਂ ਤਿੰਨ, ਸਾਢੇ-ਤਿੰਨ ਸਾਲ ਪਹਿਲਾਂ ਪੈਦਾ ਹੋਇਆ ਸੀ¸ ਉਹ ਜੱਸਾ ਸਿੰਘ ਦੇ ਪੁਚਕਾਰਨ ਨਾਲ ਸ਼ਾਂਤ ਹੋਇਆ ਸੀ ਤੇ ਜੱਥਾ ਚਲਾ ਗਿਆ ਸੀ।
-----------

No comments:

Post a Comment