Wednesday 11 August 2010

ਬੋਲੇ ਸੋ ਨਿਹਾਲ : ਹੰਸਰਾਜ ਰਹਿਬਰ



 
ਬੋਲੇ ਸੋ ਨਿਹਾਲ :
ਇਕ ਇਤਿਹਾਸਕ ਨਾਵਲ :
ਲੇਖਕ : ਹੰਸਰਾਜ ਰਹਿਬਰ
( 9 ਮਾਰਚ 1913 ਤੋਂ 23 ਜੁਲਾਈ 1994.)
ਅਨੁਵਾਦ : ਮਹਿੰਦਰ ਬੇਦੀ ਜੈਤੋ




ਅਨੁਵਾਦਕੀ : ਮਹਿੰਦਰ ਬੇਦੀ ਜੈਤੋ :- ਪੰਜਾਬੀ ਟ੍ਰਿਬਿਊਨ ਵਿਚ ਓਹਨੀਂ ਦਿਨੀ ਮੇਰਾ ਇਸਮਤ ਚੁਗ਼ਤਾਈ ਦੇ ਨਾਵਲਿੱਟ 'ਜੰਗਲੀ ਕਬੂਤਰ' ਦਾ ਅਨੁਵਾਦ ਚੱਲ ਹਟਿਆ ਸੀ ਤੇ ਮੈਂ ਰਾਬਿਨ ਸ਼ਾਹ ਪੁਸ਼ਪ ਦੇ ਨਾਵਲਿਟ 'ਜਾਗਦੀਆਂ ਅੱਖਾਂ ਦਾ ਸੁਪਨਾ' ਦਾ ਆਪਣਾ ਤਾਜ਼ਾ ਅਨੁਵਾਦ ਭਾਅ ਹਲਵਾਰਵੀ ਹੁਰਾਂ ਨੂੰ ਉਹਨਾਂ ਦੇ ਦਫ਼ਤਰ ਵਿਚ ਦਸਤੀ ਫੜਾਉਣ ਲਈ ਗਿਆ ਸਾਂ (ਕਿਉਂਕਿ ਏਡੇ ਵੱਡੇ ਹੱਥ ਲਿਖਤ ਖਰੜੇ ਨੂੰ ਡਾਕ ਰਾਹੀਂ ਭੇਜ ਕੇ ਮਨ ਵਿਚ ਇਹ ਖ਼ਿਆਲ ਰੜਕਦਾ ਰਹਿੰਦਾ ਸੀ ਕਿ ਜੇ ਕਿਤੇ ਇਹ ਰਾਹ ਵਿਚ ਰੁਲ ਗਿਆ ਫੇਰ!)...ਗੱਲਾਂ ਬਾਤਾਂ ਦੌਰਾਨ ਉਹਨਾਂ ਕਿਹਾ ਕਿ 'ਯਾਰ ਬਾਬੇ ਦਾ ਇਕ ਨਾਵਲ ਪਿਆ ਐ, ਉਸਨੂੰ ਅਨੁਵਾਦ ਕਰ ਦਏਂ ਤਾਂ ਲਾ ਲਈਏ।' ਤੇ ਉਹਨਾਂ ਇਸ ਨਾਵਲ ਬੋਲੇ ਸੋ ਨਿਹਾਲ ਦਾ ਟਾਈਪਡ ਹਿੰਦੀ-ਖਰੜਾ ਆਪਣੇ ਦਰਾਜ਼ ਵਿਚੋਂ ਕੱਢ ਕੇ ਮੇਰੇ ਸਾਹਮਣੇ ਰੱਖ ਦਿੱਤਾ। ਮੈਂ ਅਨੁਵਾਦ ਦਾ ਜ਼ਿੰਮਾਂ ਖੁਸ਼ੀ-ਖੁਸ਼ ਓਟ ਲਿਆ। ਬੜੀ ਮਿਹਨਤ ਨਾ ਚਾਰ ਕੁ ਮਹੀਨਿਆਂ ਵਿਚ ਅਨੁਵਾਦ ਦਾ ਕੰਮ ਮੁਕੰਮਲ ਕੀਤਾ ਤੇ ਚਾਅ ਨਾਲ ਦਸਤੀ ਇਸਦਾ ਪੰਜਾਬੀ ਹੱਥ ਲਿਖਤ ਖਰੜਾ ਉਹਨਾਂ ਨੂੰ ਸੌਂਪਣ ਲਈ ਚੰਡੀਗੜ੍ਹ ਟ੍ਰਿਬਿਊਨ ਦਫ਼ਤਰ ਵਿਚ ਜਾ ਹਾਜ਼ਰ ਹੋਇਆ। ਉਹਨਾਂ ਆਪਣੇ ਸਹਿਯੋਗੀ ਸੰਪਾਦਕ ਸ. ਅਮਰੀਕ ਸਿੰਘ ਬਨਵੈਤ ਨੂੰ ਬੁਲਾਅ ਕੇ ਕਿਹਾ ਕਿ ਕੱਲ੍ਹ ਦੇ ਕਥਾ ਕਹਾਣੀ ਅੰਕ ਵਿਚ ਇਹ ਡੱਬੀ ਲਗਵਾ ਦਿਓ ਕਿ ਅਗਲੇ ਅੰਕ (ਯਾਨੀ 6 ਜਨਵਰੀ 1990) ਤੋਂ ਹੰਸਰਾਜ ਰਹਿਬਰ ਦੇ ਇਤਿਹਾਸਕ ਨਾਵਲ 'ਬੋਲੇ ਸੋ ਨਿਹਾਲ' ਦੀ ਪ੍ਰਕਾਸ਼ਨਾ ਸ਼ੁਰੂ ਕਰ ਰਹੇ ਹਾਂ...ਤੇ ਅਗਲੇ ਦਿਨ ਸਵੇਰੇ ਮੈਂ ਜੈਤੋ ਪਹੁੰਚ ਕੇ 30/12/1989 ਦੇ ਕਥਾ ਕਹਾਣੀ ਅੰਕ ਵਿਚ ਹੇਠ ਦਿੱਤੀ ਡੱਬੀ ਲੱਗੀ ਵੇਖੀ—:

















----------------------------------------
ਚੂੰ ਕਾਰ ਅਜ ਹਾਲਤੇ ਦਰਗੁਜ਼ਸਤ।
ਹਲਾਲ ਅਸਤ ਬੁਰਦਨ ਬਸ਼ਮਸ਼ੇਰ ਦਸਤ।।
—ਗੁਰੂ ਗੋਬਿੰਦ ਸਿੰਘ

(ਜੇ ਗੱਲਬਾਤ ਨਾਲ ਗੱਲ ਨਾ ਬਣੇ ਤਾਂ ਤਲਵਾਰ ਚੁੱਕ ਲੈਣੀ ਜਾਇਜ ਹੈ।)
----------------------------------------

ਆਪਣੀ ਗੱਲ : ਹੰਸਰਾਜ ਰਹਿਬਰ

ਬ੍ਰਿਟਿਸ਼ ਸਾਮਰਾਜਵਾਦੀਆਂ ਨੇ ਇਹ ਮਿਥਿਆ ਧਾਰਨਾ ਫੈਲਾਈ ਕਿ ਹਿੰਦੁਸਤਾਨੀਆਂ ਵਿਚ ਵਿਰੋਧ ਕਰਨ ਦੀ ਤਾਕਤ ਤੇ ਰਾਜ ਕਰਨ ਦੀ ਯੋਗਤਾ ਨਹੀਂ—ਇਸ ਲਈ ਉਹ ਹਮੇਸ਼ਾ ਵਿਦੇਸ਼ੀਆਂ ਦੁਆਰਾ ਹਰਾਏ ਜਾਂਦੇ ਰਹੇ। ਪਹਿਲਾਂ ਆਰੀਆ ਆਏ, ਫੇਰ ਤੁਰਕ, ਮੁਗਲ ਆਏ ਤੇ ਫੇਰ ਅਸੀਂ ਆ ਗਏ। ਅਫ਼ਸੋਸ ਦੀ ਗੱਲ ਹੈ ਕਿ ਸਾਡੇ ਬੁੱਧੀਜੀਵੀ ਅਕਸਰ ਇਸ ਮਿਥਿਆ ਧਾਰਨਾ ਨੂੰ ਸਹੀ ਮੰਨ ਲੈਂਦੇ ਨੇ। ਕੀ ਇਹ ਇਤਿਹਾਸ ਨੂੰ ਝੁਠਿਆਉਣਾ ਨਹੀਂ?
ਹੱਥਲੀ ਪੁਸਤਕ ਦਾ ਉਦੇਸ਼ ਇਸ ਮਿਥਿਆ ਧਾਰਨਾ ਨੂੰ ਨਿਰਆਧਾਰ ਸਿੱਧ ਕਰਨਾ ਹੈ।
ਪਹਿਲਾਂ ਤਾਂ ਆਰੀਆਵਾਂ ਨੂੰ ਤੁਰਕਾਂ, ਮੁਗਲਾਂ ਤੇ ਅੰਗਰੇਜ਼ਾਂ ਵਾਂਗ ਬਾਹਰੋਂ ਆਏ ਦੱਸਣਾ ਸਹੀ ਨਹੀਂ। ਦੂਜਾ ਮੁਗਲਾਂ ਪਿੱਛੋਂ ਅੰਗਰੇਜ਼ ਆਏ, ਕਹਿਣਾ ਵੀ ਤੱਥਾਂ ਦੇ ਵਿਪਰੀਤ ਹੈ। ਮੁਗਲਾਂ ਨੇ ਤਾਂ ਅੰਗਰੇਜ਼ਾਂ ਦੇ ਖ਼ਿਲਾਫ਼ ਇਕ ਲੜਾਈ ਵੀ ਨਹੀਂ ਲੜੀ। ਉਹ ਮਰਾਠਿਆਂ ਨੇ ਲੜੀ ਤੇ ਸਿੱਖਾਂ ਨੇ ਲੜੀ। ਮੁਗਲਾਂ ਨੂੰ ਤਾਂ ਅਠਾਰ੍ਹਵੀਂ ਦੇ ਅੱਧ ਵਿਚ ਹੀ ਸਿਫਰ ਬਣਾ ਦਿੱਤਾ ਗਿਆ ਸੀ। ਉਸ ਪਿੱਛੋਂ ਅਹਿਮਦ ਸ਼ਾਹ ਦੁਰਾਨੀ ਨਾਲ ਵੀ ਮਰਾਠੇ ਲੜੇ ਤੇ ਫੇਰ ਸਿੱਖ ਲੜੇ।
ਸਿੱਖਾਂ ਨੇ ਦੁਰਾਨੀ ਨੂੰ ਹਰਾ ਕੇ ਜਿਹੜਾ ਰਾਜ ਕਾਇਮ ਕੀਤਾ, ਉਹ ਜਮਨਾ ਤੋਂ ਪੇਸ਼ਾਵਰ ਤਕ ਤੇ ਸਿੰਧ ਤੋਂ ਤਿੱਬਤ ਤਕ ਫੈਲਿਆ ਹੋਇਆ ਸੀ। ਉਹ ਸਿੱਖ ਰਾਜ ਏਨਾ ਪੱਕੇ-ਪੈਰੀਂ ਤੇ ਸ਼ਕਤੀ ਸ਼ਾਲੀ ਸੀ ਕਿ ਜਦੋਂ ਤਕ ਮਹਾਰਾਜਾ ਰਣਜੀਤ ਸਿੰਘ ਜਿਊਂਦੇ ਰਹੇ, ਅੰਗਰੇਜ਼ਾਂ ਦੀ ਉਸ ਵੱਲ ਅੱਖ ਚੁੱਕੇ ਕੇ ਦੇਖਣ ਦੀ ਹਿੰਮਤ ਨਹੀਂ ਪਈ।
ਇਸ ਨਾਵਲ ਦਾ ਸਮਾਂ 1739 ਵਿਚ ਨਾਦਰ ਸ਼ਾਹ ਦੇ ਹਮਲੇ ਤੋਂ 1765 ਵਿਚ ਲਾਹੌਰ ਉੱਤੇ ਸਿੱਖਾਂ ਦੇ ਕਬਜੇ ਤਕ ਦਾ ਹੈ। ਖਾਲਸੇ ਨੇ ਪਹਿਲਾਂ ਮੁਗਲਾਂ ਨਾਲ ਲੋਹਾ ਲਿਆ ਤੇ ਫੇਰ ਫਿਰੰਗੀਆਂ ਤੇ ਦੁਰਾਨੀਆਂ ਦਾ ਮੁਕਾਬਲਾ ਕੀਤਾ। ਉਹਨਾਂ ਜਿਸ ਬਹਾਦੁਰੀ ਦਾ ਸਬੂਤ ਦਿੱਤਾ ਤੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ, ਇਤਿਹਾਸ ਵਿਚ ਉਹਨਾਂ ਦੀ ਦੂਜੀ ਮਿਸਾਲ ਨਹੀਂ ਮਿਲਦੀ।
ਰਾਸ਼ਟਰ ਕਵੀ' ਮੈਥਿਲੀਸ਼ਰਣ ਗੁਪਤ ਦਾ ਇਹ ਕਹਿਣਾ ਕਿ ਅੰਗਰੇਜ਼ਾਂ ਨੇ ਸਾਨੂੰ ਯਵਨਾ ਦੇ ਅਤਿਆਚਾਰ ਤੋਂ ਮੁਕਤੀ ਦਿਵਾਈ, ਗਲਤ—ਸਰਾਸਰ ਗਲਤ ਹੈ। ਖੁਸ਼ਾਮਦ ਹੈ।
ਤੇ ਇਤਿਹਾਸ ਗਵਾਹ ਹੈ ਕਿ ਜਾਲਮ ਦੁਸ਼ਮਨ ਦਾ ਦਿਲ ਕਦੀ ਵੀ ਨਹੀਂ ਪਿਘਲਦਾ। ਉਹ ਸਿਰਫ ਤਲਵਾਰ ਦੀ ਭਾਸ਼ਾ ਸਮਝਦਾ ਹੈ ਤੇ ਤਲਵਾਰ ਦੀ ਭਾਸ਼ਾ—ਠੰਡੇ ਲੋਹੇ ਦੀ ਭਾਸ਼ਾ—ਵਿਚ ਹੀ ਉਸਨੂੰ ਸਮਝਾਉਣਾ ਪੈਂਦਾ ਹੈ।
ਪਾਠਕ ਇਸ ਨੂੰ ਸਿਰਫ ਨਾਵਲ ਸਮਝ ਕੇ ਨਾ ਪੜ੍ਹਨ—ਮੇਰੀ ਨਜ਼ਰ ਵਿਚ ਇਹ ਨਾਵਲ ਨਾਲੋਂ ਵੱਧ ਇਤਿਹਾਸ ਹੈ, ਜਿਹੜਾ ਨਾਵਲ ਨਾਲੋਂ ਕਿਤੇ ਵੱਧ ਦਿਲਚਸਪ ਹੈ। ਦਿਲ-ਚਸਪੀ ਦੇ ਇਲਾਵਾ ਪਾਠਕ ਇਸ ਦੇ ਲਿਖਣ-ਮੰਤਵ ਨੂੰ ਵੀ ਸਮਝਣ।
ਪ੍ਰਸਿੱਧ ਪ੍ਰਕਾਸ਼ਕ ਸਵਰਗੀ ਸ਼੍ਰੀ ਰਾਮਲਾਲ ਪੁਰੀ ਨੇ 1956 ਵਿਚ ਮੈਨੂੰ ਇਤਿਹਾਸ ਦੇ ਇਸ ਹਿੱਸੇ ਉੱਪਰ ਪੁਸਤਕ ਲਿਖਣ ਲਈ ਕਿਹਾ ਸੀ। ਮੈਂ ਕੋਸ਼ਿਸ਼ ਕੀਤੀ, ਪਰ ਲਿਖ ਨਹੀਂ ਸਕਿਆ। ਬੱਤੀ-ਤੇਤੀ ਸਾਲ ਬਾਅਦ ਮੈਂ ਖ਼ੁਦ ਇਸ ਦੀ ਲੋੜ ਮਹਿਸੂਸ ਕੀਤੀ ਤੇ ਹੁਣ ਮੈਂ ਲਿਖਣ ਲਈ ਪੂਰੀ ਤਰ੍ਹਾਂ ਤਿਆਰ ਵੀ ਸਾਂ। ਇੰਜ ਉਹਨਾਂ ਦੀ ਇੱਛਾ ਪੂਰੀ ਹੋਈ। ਮੈਂ ਆਪਣੀ ਇਹ ਕਿਰਤ ਉਹਨਾਂ ਦੀਆਂ ਯਾਦਾਂ ਦੇ ਨਾਂਅ ਕਰਦਾ ਹਾਂ।
29-05-1989. —ਹੰਸਰਾਜ ਰਹਿਬਰ।


ਨੋਟ :- ਇਸ ਨਾਵਲ ਨੂੰ ਆਪਣੀ ਲਾਇਬਰੇਰੀ ਲਈ ਪੁਸਤਕ ਰੂਪ ਵਿਚ ਪ੍ਰਾਪਤ ਕਰਨ ਲਈ ਹੇਠ ਦਿੱਤੇ ਪਤੇ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ—

ਸਾਕਸ਼ੀ ਪ੍ਰਕਾਸ਼ਨ
ਐੱਸ-16, ਨਵੀਨ ਸ਼ਾਹਦਰਾ,
ਦਿੱਲੀ-110032.

ਮੋਬਾਇਲ : ਵਿਜੇ ਗੋਇਲ :-
098104-61412 ; 09810403391


SAKSHI PRAKASHAN
16-S, Naveen Shahdra.
DELHI-110032.
MOB. VIJAY GOEL :-
098104-61412 ; 09810403391
************
ਸ਼ਿਲਾਲੇਖ ਪ੍ਰਕਾਸ਼ਨ
4/32, ਸੁਭਾਸ਼ ਗਲੀ, ਵਿਸ਼ਵਾਸ ਨਗਰ, ਸ਼ਾਹਦਰਾ,
ਦਿੱਲੀ-110032.

ਮੋਬਾਇਲ : ਸਤੀਸ਼ ਸ਼ਰਮਾ :-
099995-53332 ; 098680-49123
.

SHILALEKH PRAKASHAN
4/32, Subhash Street, Viswas Nagar, Shahdra,
DELHI-110032.
MOB. : SATISH SHARMA
099995-53332 ; 098680-49123.

ਬੋਲੇ ਸੋ ਨਿਹਾਲ : ਪਹਿਲੀ ਕਿਸ਼ਤ :-

ਪਹਿਲੀ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਮਈ, 1739 ਦੀ ਹਨੇਰੇ ਪੱਖ ਦੀ ਰਾਤ ਸੀ। ਅਸਮਾਨ ਬਿਲਕੁਲ ਸਾਫ ਸੀ। ਸਿੱਖ ਗੁਰੀਲੇ ਤਾਰਿਆਂ ਦੀ ਮਿੰਨ੍ਹੀ-ਮਿੰਨੀ ਲੋਅ ਵਿਚ ਸੰਘਣਾ ਜੰਗਲ ਪਾਰ ਕਰ ਰਹੇ ਸਨ। ਉਹ ਜੰਗਲ ਵਿਚ ਰਹਿਣ ਦੇ ਆਦੀ ਹੋ ਚੁੱਕੇ ਸਨ ਤੇ ਆਪਣੀ ਧਰਤੀ ਦੇ ਚੱਪੇ-ਚੱਪੇ ਦੇ ਸਿਆਣੂ ਸਨ। ਉਹਨਾਂ ਦੇ ਸਧੇ ਹੋਏ ਘੁੜਿਆਂ ਦੇ ਪੈਰਾਂ ਨੇ ਇਹ ਸਾਰੇ ਰਸਤੇ ਮਿਣੇ ਹੋਏ ਸਨ, ਇਸੇ ਕਰਕੇ ਸੰਘਣੇ ਹਨੇਰੇ ਦੇ ਬਾਵਜ਼ੂਦ ਉਹਨਾਂ ਨੂੰ ਜੰਗਲ ਪਾਰ ਕਰਨ ਵਿਚ ਕੋਈ ਔਖ ਨਹੀਂ ਸੀ ਹੋ ਰਹੀ। ਇਹ ਕੋਈ ਵੀਹ-ਤੀਹ ਨਹੀਂ, ਸੈਂਕੜਿਆਂ ਦੀ ਗਿਣਤੀ ਵਿਚ ਸਨ ਤੇ ਆਪਣਾ ਪਿਆਰਾ ਯੁੱਧ-ਗੀਤ ਗਾ ਰਹੇ ਸਨ...:
  'ਜੋ ਲੜੇ ਦੀਨ ਕੇ ਹੇਤੁ
  ਸੂਰਾ ਸੋਈ, ਸੂਰਾ ਸੋਈ।'...
 (ਜਿਹੜਾ ਧਰਮ ਲਈ ਯੁੱਧ ਕਰਦਾ ਹੈ ਉਹੀ ਸੂਰਾ ਹੈ, ਉਹੀ ਬਹਾਦੁਰ ਯੋਧਾ ਹੁੰਦਾ ਹੈ)
ਘੋੜਿਆਂ ਦੇ ਸੁੰਮਾਂ ਦੀ ਟਾਪ ਦਾ ਖੜਾਕ ਤੇ ਉਸ ਗੀਤ ਦੇ ਬੋਲ ਇਕ-ਸੁਰ ਹੋ ਕੇ ਰਾਤ ਦੀ ਚੁੱਪ ਨੂੰ ਲੀਰੋ-ਲੀਰ ਕਰਦੇ ਜੰਗਲ ਵਿਚ ਗੂੰਜ ਰਹੇ ਸਨ। ਝਾੜੀਆਂ ਵਿਚ ਲੁਕੇ ਖ਼ਰਗੋਸ਼, ਗਿੱਦੜ ਤੇ ਲੂੰਬੜ ਆਦਿ ਨਿੱਕਲ-ਨਿੱਕਲ ਕੇ ਭੱਜ ਰਹੇ ਸਨ। ਇਹ ਯੁੱਧ-ਗੀਤ ਉਹਨਾਂ ਦੇ ਦ੍ਰਿੜ ਇਰਾਦਿਆਂ ਦਾ ਪ੍ਰਤੀਕ ਸੀ। ਉਹ ਇਸ ਯੁੱਧ ਦੇ ਗੀਤ ਨੂੰ ਵਾਰੀ-ਵਾਰੀ ਦੂਹਰਾਅ ਰਹੇ ਸਨ ਤੇ ਪੱਕੇ-ਪੈਰੀਂ ਨਿਸ਼ਾਨੇ ਵੱਲ ਵਧ ਰਹੇ ਸਨ। ਉਹਨਾਂ ਦੇ ਘੋੜੇ ਵਾਰੀ ਨਾਲ ਹਿਣਹਿਣਾਉਣ ਲੱਗ ਪੈਂਦੇ, ਜਿਵੇਂ ਉਹ ਵੀ ਇਸ ਐਲਾਨੇ-ਜੰਗ ਦਾ ਸਮਰਥਨ ਕਰ ਰਹੇ ਹੋਣ ਤੇ ਉਹਨਾਂ ਨੇ ਵੀ ਧਰਮ ਹਿੱਤ ਯੁੱਧ ਕਰਨ ਦਾ ਸੰਕਲਪ ਲਿਆ ਹੋਇਆ ਹੋਵੇ। ਰਾਤ ਅੱਧੀ ਇਧਰ, ਅੱਧੀ ਉਧਰ ਸੀ। ਕਿਸੇ ਨੂੰ ਉੱਕਾ ਹੀ ਖਬਰ ਨਹੀਂ ਸੀ ਕਿ ਇਹ ਸਿੱਖ ਗੁਰੀਲੇ ਕਿੱਧਰੋਂ ਆਏ ਸਨ ਤੇ ਕਿੱਧਰ ਜਾ ਰਹੇ ਹਨ। ਜੰਗਲ ਪਾਰ ਕਰਕੇ ਉਹ ਖੁੱਲ੍ਹੇ ਮੈਦਾਨ ਵਿਚ ਆ ਗਏ। ਮੈਦਾਨ ਵਿਚ ਪਹੁੰਚਦਿਆਂ ਹੀ ਯੁੱਧ-ਗੀਤ ਬੰਦ ਕਰ ਦਿੱਤਾ ਗਿਆ ਤੇ ਘੋੜਿਆਂ ਦੀ ਚਾਲ ਵੀ ਆਪਣੇ-ਆਪ ਮੱਠੀ ਪੈ ਗਈ।
ਦੋ ਘੋੜ ਸਵਾਰ ਇਕ ਦੂਜੇ ਦੇ ਨਜ਼ਦੀਕ ਆਏ। ਉਹਨਾਂ ਵਿਚੋਂ ਇਕ ਦਾ ਨਾਂ ਜੱਸਾ ਸਿੰਘ ਆਹਲੂਵਾਲੀਆ ਸੀ ਤੇ ਉਹ ਇਸ ਮੁਹਿੰਮ ਦਾ ਸੈਨਾਪਤੀ ਸੀ। ਦੂਜੇ ਦਾ ਨਾਂ ਹੀਰਾ ਸਿੰਘ ਸੀ ਤੇ ਉਹ ਉਪ-ਸੈਨਾਪਤੀ ਸੀ।
“ਆਦਮੀ ਜੋਰਾਵਰ ਏ।” ਉਪ-ਸੈਨਾਪਤੀ ਨੇ ਕਿਹਾ।
“ਹਾਂ, ਇਸ 'ਚ ਕੀ ਸ਼ੱਕ ਏ। ਜੋਰਾਵਰ ਨਾ ਹੁੰਦਾ ਤਾਂ ਕਾਬਲ ਤੇ ਪੰਜਾਬ ਨੂੰ ਲਿਤੜਦਾ ਹੋਇਆ, ਦਿੱਲੀ ਕਿੰਜ ਜਾ ਪਹੁੰਚਦਾ?”
“ਮੁਗਲਾਂ ਦੀ ਸਾਰੀ ਸ਼ਾਨ ਮਿੱਟੀ ਵਿਚ ਰੋਲ ਦਿੱਤੀ ਏ।”
“ਮੁਗਲਾਂ ਦੀ ਈ ਨਹੀਂ ਪੂਰੇ ਦੇਸ਼ ਦੀ ਸ਼ਾਨ ਮਿੱਟੀ 'ਚ ਰੋਲ ਦਿੱਤੀ ਏ। ਧਨ-ਦੌਲਤ, ਇੱਜਤ-ਮਾਨ, ਸਭੋ ਕੁਝ ਲੁੱਟ ਲਿਐ।” ਸੈਨਾਪਤੀ ਨੇ ਨਮੋਸ਼ੀ ਤੇ ਹਿਰਖ ਪਰੁੱਚੀ ਆਵਾਜ਼ ਵਿਚ ਕਿਹਾ। ਕੁਝ ਪਲ ਲਈ ਚੁੱਪ ਵਾਪਰ ਗਈ। ਫੇਰ ਹਵਾ ਦਾ ਇਕ ਬੁੱਲ੍ਹਾ ਆਇਆ, ਜਿਸ ਨਾਲ ਰੁੱਖਾਂ ਦੇ ਪੱਤਿਆਂ ਦੀ ਸਰਸਰਾਹਟ ਸੁਣਾਈ ਦਿੱਤੀ। “ਗੱਲ ਤਾਂ ਤਦ ਬਣਦੀ ਏ।” ਜੱਸਾ ਸਿੰਘ ਫੇਰ ਬੋਲੇ। ਉਹਨਾਂ ਦੀ ਆਵਾਜ਼ ਰਤਾ ਖਰ੍ਹਵੀ ਪਰ ਗੰਭੀਰ ਸੀ, “ਜਦ ਅਸੀਂ ਇਸ ਈਰਾਨੀ ਯੋਧੇ ਦੀ ਸ਼ਾਨ ਨੂੰ ਧੂੜ ਵਿਚ ਮਧੋਲ ਦੇਈਏ ਤੇ ਸਾਬਤ ਕਰ ਵਿਖਾਈਏ ਕਿ ਪੰਜਾਬ ਦਾ ਪਾਣੀ ਅਜੇ ਮਰਿਆ ਨਹੀਂ, ਤੇ ਨਾ ਕਦੀ ਮਰ ਸਕਦਾ ਏ।”
ਦੋਹਾਂ ਦੇ ਘੋੜੇ ਇਕੱਠੇ ਹਿਣਹਿਣਾਏ। ਜੱਸਾ ਸਿੰਘ ਦੇ ਘੋੜੇ ਦਾ ਰੰਗ ਚਿੱਟਾ, ਪਰ ਪੂਛ ਦੇ ਵਾਲ ਕਾਲੇ ਸਨ। ਹੀਰਾ ਸਿੰਘ ਦੇ ਘੋੜੇ ਦਾ ਰੰਗ ਗੂੜ੍ਹਾ ਲਾਲ ਸੀ, ਪਰ ਉਹ ਆਪਣੇ ਕੱਦ-ਕਾਠ ਪੱਖੋਂ ਜੱਸਾ ਸਿੰਘ ਦੇ ਘੋੜੇ ਜਿੱਡਾ ਹੀ ਸੀ। ਦੋਹਾਂ ਘੋੜਿਆਂ ਦੇ ਕੰਨ ਹਿਰਨ ਦੇ ਕੰਨਾਂ ਵਾਂਗ ਖੜ੍ਹੇ ਸਨ ਤੇ ਉਹ ਅਣਥੱਕ ਤੀਬਰ ਗਤੀ ਨਾਲ ਇਕ ਦਿਨ ਵਿਚ ਸੌ, ਸਵਾ-ਸੌ ਮੀਲ ਦਾ ਪੈਂਡਾ ਕਰ ਸਕਦੇ ਸਨ¸ ਤੇ ਛੋਟੇ ਮੋਟੇ ਖਾਲ-ਖਾਲੀਆਂ ਤੇ ਬੂਝੇ-ਝੜੀਆਂ ਨੂੰ ਆਸਾਨੀ ਨਾਲ ਟੱਪ ਜਾਂਦੇ ਸਨ।
ਇਹਨਾਂ ਦੋਹਾਂ ਘੋੜਿਆਂ ਦੀ ਰੀਸ ਨਾਲ ਦੂਜੇ ਘੋੜੇ ਵੀ ਹਿਣਹਿਣਾਉਣ ਲੱਗ ਪਏ¸ ਇਹ 'ਅਸੀਂ ਹਮਲੇ ਲਈ ਤਿਆਰ ਹਾਂ' ਦਾ ਸੂਚਕ ਸੀ।
ਏਸ਼ੀਆ ਦੇ ਇਤਿਹਾਸ ਦੇ ਪ੍ਰਸਿੱਧ ਸੈਨਾਪਤੀ ਨਾਦਰ ਸ਼ਾਹ ਨੇ ਜਨਵਰੀ ਦੇ ਸ਼ੁਰੂ ਵਿਚ, ਆਪਣੀ ਵਿਸ਼ਾਲ ਜੁਝਾਰੂ ਸੈਨਾ ਨਾਲ, ਹਿੰਦੁਸਤਾਨ ਉਪਰ ਹਮਲਾ ਕੀਤਾ ਸੀ। ਹੁਣ ਉਹ ਦਿੱਲੀ, ਮਥਰਾ ਤੇ ਬਿੰਦਰਾਬਨ ਨੂੰ ਲੁੱਟ ਕੇ ਆਪਣੇ ਵਤਨ ਵਾਪਸ ਪਰਤ ਰਿਹਾ ਸੀ, ਇਹ ਸਿੱਖ ਗੁਰੀਲੇ ਉਸਨੂੰ ਭਾਜੀ ਮੋੜਨ ਆਏ ਸਨ। ਨਾਦਰ ਦਾ ਪਿਤਾ ਭੇਡਾਂ-ਬੱਕਰੀਆਂ ਚਰਾਉਣ ਵਾਲਾ ਗਰੀਬ ਆਜੜੀ ਸੀ। ਇਹ ਕਿੱਤਾ ਉਸਨੂੰ ਪਿਤਾ ਕੋਲੋਂ ਵਿਰਸੇ ਵਿਚ ਮਿਲਿਆ। ਜਦੋਂ ਉਹ ਵੱਡਾ ਹੋਇਆ ਤਾਂ ਨਰੋਏ ਜੁੱਸੇ ਤੇ ਲੰਮੇ-ਉਚੇ ਕੱਦ ਦਾ ਕਦਾਵਰ ਨੌਜਵਾਨ ਨਿਕਲਿਆ। ਆਪਣੀ ਤਿੱਖੀ-ਬੁੱਧੀ ਤੇ ਹਿਉਂ ਸਦਕਾ ਉਸਨੂੰ ਆਜੜੀਆਂ ਵਾਲਾ, ਰੁਲਿਆ-ਖੁਲਿਆ, ਜੀਵਨ ਚੰਗਾ ਨਹੀਂ ਸੀ ਲੱਗਾ। ਉਸਨੇ ਆਪਣੇ ਵਰਗੇ ਦਲੇਰ ਤੇ ਹੱਟੇ-ਕੱਟੇ ਨੌਜਵਾਨਾ ਦਾ ਇਕ ਟੋਲਾ ਤਿਆਰ ਕੀਤਾ, ਜਿਸ ਦਾ ਪੇਸ਼ਾ ਭੇਡ-ਬੱਕਰੀਆਂ ਚਰਾਉਣਾ ਨਹੀਂ, ਲੁੱਟ-ਮਾਰ ਕਰਨਾ ਸੀ। ਉਸ ਸਮੇਂ ਈਰਾਨ ਵੱਖ-ਵੱਖ ਕਬੀਲਿਆਂ ਵਿਚ ਵੰਡਿਆ ਹੋਇਆ ਸੀ। ਇਹਨਾਂ ਕਬੀਲਿਆਂ ਦੇ ਆਪੋ-ਆਪਣੇ ਸਰਦਾਰ ਸਨ। ਪਰ ਹੁਣ ਨਾਦਰ ਦੇ ਰੂਪ ਵਿਚ ਇਕ ਨਵਾਂ ਸਰਦਾਰ ਪੈਦਾ ਹੋ ਗਿਆ ਸੀ। ਜਿਸਦੀ ਸ਼ਕਤੀ ਸਾਹਵੇਂ ਸਾਰੇ ਕਬੀਲੇ ਕੰਨ ਭੰਨਦੇ ਸਨ। ਹੁੰਦੀ-ਹੁੰਦੀ ਉਸਦੀ ਸ਼ੌਹਰਤ ਈਰਾਨ ਦੇ ਬਾਦਸ਼ਾਹ ਤੱਕ ਜਾ ਪਹੁੰਚੀ। ਉਸਦੇ ਡਾਕੂ-ਗਿਰੋਹ ਦੀ ਜੁਝਾਰੂ ਸ਼ਕਤੀ ਦੇ ਕਿੱਸੇ ਸੁਣ ਕੇ ਬਾਦਸ਼ਾਹ ਦੇ ਮਨ ਵਿਚ ਵੀ ਭੈ ਪੈਦਾ ਹੋ ਗਿਆ, ਸੋ ਉਸ ਨੇ ਨਾਦਰ ਸ਼ਾਹ ਨੂੰ ਆਪਣਾ ਦੋਸਤ ਬਣਾਅ ਲਿਆ। ਓਨੀਂ ਦਿਨੀਂ ਅਫਗਾਨਸਤਾਨ ਵੱਲੋਂ ਹਮਲਾ ਹੋਇਆ। ਨਾਦਰ ਆਪਣੀ ਲੜਾਕੂ ਟੋਲੀ ਨੂੰ ਲੈ ਕੇ ਮੈਦਾਨ ਵਿਚ ਉਤਰਿਆ ਤੇ ਅਫਗਾਨੀ ਹਮਲੇ ਨੂੰ ਨਿਸਫਲ ਕਰ ਦਿੱਤਾ। ਇਸ ਜਿੱਤ ਨਾਲ ਉਹ ਬਾਦਸ਼ਾਹ ਦਾ ਭਰੋਸੇ ਯੋਗ ਆਦਮੀ ਤੇ ਉਸਦੀ ਸੈਨਾ ਦਾ ਪ੍ਰਧਾਨ-ਸੈਨਾਪਤੀ ਬਣ ਗਿਆ। ਉਸਨੇ ਜਲਦੀ ਹੀ ਅਫਗਾਨਸਤਾਨ ਉੱਤੇ ਕਬਜਾ ਕਰਕੇ ਉਸ ਨੂੰ ਆਪਣੇ ਰਾਜ ਵਿਚ ਮਿਲਾ ਲਿਆ।
ਈਰਾਨ ਦੀ ਬੰਜਰ ਧਰਤੀ ਨੇ ਲੜਾਕੂ ਤੇ ਯੋਧੇ ਤਾਂ ਬੜੇ ਪੈਦਾ ਕੀਤੇ ਸਨ, ਪਰ ਆਮਦਨ ਦੇ ਸਾਧਨ ਬੜੇ ਸੀਮਤ ਸੀ। ਆਮ ਲੋਕ ਭੇਡ-ਬੱਕਰੀਆਂ ਪਾਲ ਕੇ ਉਹਨਾਂ ਵਰਗਾ ਜੀਵਨ ਹੀ ਬਿਤਾਉਂਦੇ ਸਨ। ਨਾਦਰ ਕੋਲ ਹੁਣ ਇਕ ਵੱਡਾ ਰਾਜ ਤੇ ਵਿਸ਼ਾਲ ਸੈਨਾ ਸੀ। ਸਵਾਲ ਇਹ ਸੀ ਕਿ ਏਡੀ ਵੱਡੀ ਸੈਨਾ ਦੀ ਤਨਖਾਹ ਦੇਣ ਤੇ ਹੋਰ ਰਾਜ ਕਾਰਜਾਂ ਨੂੰ ਚਲਾਉਣ ਖਾਤਰ ਧਨ ਕਿੱਥੋਂ ਆਵੇਗਾ? ਇਸ ਥੁੜ ਨੂੰ ਪੂਰਾ ਕਰਨ ਲਈ ਉਸਨੇ 'ਸੋਨੇ ਦੀ ਚਿੜੀ' ਹਿੰਦੁਸਤਾਨ ਉੱਤੇ ਚੜ੍ਹਾਈ ਕਰ ਦਿੱਤੀ।
ਕਾਬਲ ਦੇ ਸੂਬੇਦਾਰ ਨਾਸਰ ਖਾਂ ਤੇ ਪੰਜਾਬ ਦੇ ਸੂਬੇਦਾਰ ਜ਼ਕਰੀਆਂ ਖਾਂ ਨੇ ਵਿਰੋਧ ਕੀਤਾ, ਪਰ ਉਹ ਈਰਾਨੀ ਸੈਨਾ ਸਾਹਵੇਂ ਟਿਕ ਨਹੀਂ ਸਕੇ। ਕਈ ਵਾਰੀ ਕਹਿਣ ਦੇ ਬਾਵਜੂਦ ਵੀ ਦਿੱਲੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸੀ ਸਰਕੀ। ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਨੂੰ ਰਾਜ-ਭਾਗ ਦੇ ਕਾਰਜਾਂ ਵਿਚ ਕੋਈ ਦਿਲਚਸਪੀ ਨਹੀਂ ਸੀ। ਉਹ ਐਸ਼ਪ੍ਰਸਤੀ ਵਿਚ ਖੁੱਭਿਆ, ਰੰਗ-ਰਲੀਆਂ ਮਨਾਅ ਰਿਹਾ ਸੀ ਤੇ ਦਰਬਾਰ ਦੇ ਵੱਖ-ਵੱਖ ਧੜਿਆਂ ਵਿਚ  ਆਪੋ-ਆਪਣੀ ਤਾਕਤ ਵਧਾਉਣ ਦਾ ਸੰਘਰਸ਼ ਚੱਲ ਰਿਹਾ ਸੀ। ਸਰਕਾਰ ਚਲਾਉਣ ਲਈ ਜ਼ਿੰਮੇਵਾਰ ਉਮਰਾ, ਦੋ ਧੜਿਆਂ ਵਿਚ ਵੰਡੇ ਹੋਏ ਸਨ। ਇਕ ਦਾ ਨਾਂ ਹਿੰਦੁਸਤਾਨੀ-ਦਲ ਸੀ, ਉਸ ਵਿਚ ਹਿੰਦੂ-ਉਮਰਾ ਤੇ ਹਿੰਦੁਸਤਾਨੀ ਮੁਸਲਮਾਨ ਸ਼ਾਮਲ ਸਨ। ਦੂਜਾ ਵਿਦੇਸ਼ੀ ਉਮਰਾਵਾਂ ਦਾ ਮੁਗਲ-ਦਲ ਸੀ। ਪਰ ਉਹ ਇਕ ਨਾ ਰਹਿ ਕੇ ਤੁਰਾਨੀ-ਦਲ ਅਤੇ ਈਰਾਨੀ-ਦਲ ਵਿਚ ਵੰਡੇ ਹੋਏ ਸਨ। ਮੱਧ ਏਸ਼ੀਆ ਦੇ ਤੁਰਕਿਸਤਾਨ ਤੇ ਤਾਸ਼ਕਦ ਤੋਂ ਆਏ ਉਮਰਾ, ਤੁਰਾਨੀ-ਦਲ ਵਿਚ ਸ਼ਾਮਲ ਸਨ ਤੇ ਉਹ ਧਾਰਮਕ ਸੰਸਕਾਰਾਂ ਪੱਖੋਂ 'ਸੂਨੀ' ਕਹਾਉਂਦੇ ਸਨ। ਜਿਹੜੇ ਈਰਾਨ ਤੋਂ ਆਏ ਸਨ, ਧਰਮ ਦੇ ਨਾਤੇ 'ਸ਼ੀਆ' ਅਖਵਾਉਂਦੇ ਸਨ ਤੇ ਉਹ ਈਰਾਨੀ-ਦਲ ਵਿਚ ਸ਼ਾਮਲ ਸਨ। ਜਦੋਂ ਹਿੰਦੁਸਤਾਨੀ-ਦਲ ਦੇ ਸੱਯਦ ਭਰਾਵਾਂ ਨੇ ਫਾਰੂੱਖ ਸੀਯਰ ਨੂੰ ਅੰਨ੍ਹਿਆਂ ਕਰਕੇ, ਮੌਤ ਦੀ ਨੀਂਦ ਸੁਆ ਦਿੱਤਾ ਤੇ ਇਕ ਪਿੱਛੋਂ ਇਕ ਮੁਗਲ ਸ਼ਹਿਜਾਦਿਆਂ ਨੂੰ ਕਠਪੁਤਲੀ-ਬਾਦਸਾਹ ਬਣਾ ਕੇ ਸੱਤਾ ਆਪਣੇ ਹੱਥਾਂ ਵਿਚ ਲੈ ਲਈ ਤਾਂ ਈਰਾਨੀ-ਦਲ ਤੇ ਤੁਰਾਨੀ-ਦਲ ਨੇ ਇਕੱਠੇ ਹੋ ਕੇ ਸੱਯਦ ਭਰਾਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹੁਣ ਸੱਤਾ ਉਹਨਾਂ ਦੇ ਹੱਥਾਂ ਵਿਚ ਸੀ ਤੇ ਰੰਗੀਲਾ ਸਿਰਫ ਨਾਂ ਦਾ ਹੀ ਬਾਦਸ਼ਾਹ ਸੀ। ਪਰ ਇਹਨਾਂ ਈਰਾਨੀ ਤੇ ਤੁਰਾਨੀ, ਦੋਹਾਂ ਦਲਾਂ ਵਿਚ ਵੀ ਸੱਤਾ ਹਥਿਆਉਣ ਦੀ ਦੌੜ ਲੱਗੀ ਹੋਈ ਸੀ। ਨਿੱਤ ਨਵੀਂ ਕਿਸਮ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਸਨ। ਸਿੱਟ ਇਹ ਹੋਇਆ ਕਿ ਰਾਜ ਦਾ ਪੂਰਾ ਤੰਤਰ ਚਰਮਰਾ ਗਿਆ ਤੇ ਔਰੰਗਜੇਬ ਦੀ ਮੌਤ ਤੋਂ ਦੋ ਦਹਾਕੇ ਬਾਅਦ ਹੀ ਕੇਂਦਰ ਏਨਾਂ ਕਮਜ਼ੋਰ ਹੋ ਗਿਆ ਕਿ ਇਕ ਤੋਂ ਪਿੱਛੋਂ ਇਕ, ਕਈ ਸੂਬਿਆਂ ਨੇ ਆਪਣੇ ਆਪ ਨੂੰ ਆਜਾਦ-ਸੂਬਾ ਹੋਣ ਦਾ ਐਲਾਨ ਕਰ ਦਿੱਤਾ ਤੇ ਬਾਗੀ ਸ਼ਕਤੀਆਂ ਪ੍ਰਬਲ ਹੁੰਦੀਆਂ ਗਈਆਂ। ਦਖੱਣ, ਅਵਧ ਤੇ ਬੰਗਾਲ, ਕੇਂਦਰ ਨਾਲੋਂ ਸੰਬੰਧ ਤੋੜ ਕੇ ਵੱਖਰੇ-ਰਾਜ ਬਣ ਗਏ। ਮਰਾਠੇ ਆਪਣੀ ਸੱਤਾ ਦਾ ਵਿਸਥਾਰ ਕਰ ਰਹੇ ਸਨ, ਆਗਰੇ ਦੇ ਕੋਲ ਜਾਟਾਂ ਨੇ ਆਪਣਾ ਸੁਤੰਤਰ-ਰਾਜ ਕਾਇਮ ਕਰ ਲਿਆ ਸੀ। ਰੂਹੇਲਾ ਪਠਾਨਾ ਨੇ ਗੰਗਾ ਦੇ ਉਤਰੀ ਮੈਦਾਨ ਵਿਚ ਰੂਹੇਲਖੰਡ ਨਾਂ ਦਾ ਸੁਤੰਤਰ-ਰਾਜ ਸਥਾਪਤ ਕਰ ਲਿਆ ਸੀ ਤੇ ਪੰਜਾਬ ਵਿਚ ਸਿੱਖ ਜਬਰਦਸਤ ਚੂਣੌਤੀ ਬਣੇ ਹੋਏ ਸਨ।
ਜਦੋਂ ਨਾਦਰ ਸ਼ਾਹ ਨੇ ਦੱਰਾ ਖੈਬਰ ਪਾਰ ਕੀਤਾ, ਹਿੰਦੁਸਤਾਨ ਦੀ ਇਹ ਸਥਿਤੀ ਸੀ। ਸੀਮਾ-ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ। ਕੋਈ ਵੀ ਬਿਨਾਂ ਰੋਕ-ਟੋਕ, ਆ-ਜਾ ਸਕਦਾ ਸੀ। ਸਰਕਾਰ ਤਕ ਖਬਰਾਂ ਭੇਜਣ ਵਾਲਾ ਜਾਸੂਸੀ ਢਾਂਚਾ, ਪੂਰੀ ਤਰ੍ਹਾਂ ਠੁੱਸ ਹੋ ਚੁੱਕਿਆ ਸੀ। ਐਸ਼ਪ੍ਰਸਤ ਸਮਰਾਟ ਤੇ ਸਵਾਰਥੀ ਉਮਰਾ ਦੀ ਨੀਂਦ ਤਦ ਟੁੱਟੀ ਜਦ ਈਰਾਨੀ ਸੈਨਾ ਪੰਜਾਬ ਨੂੰ ਲਿਤੜਤੀ ਹੋਈ ਦਿੱਲੀ ਦੇ ਐਨ ਨੇੜੇ ਜਾ ਢੁੱਕੀ। ਹਫੜਾ-ਦਫੜੀ ਵਿਚ ਇਕੱਠੀ ਕੀਤੀ ਮੁਗਲ ਸੈਨਾ ਕਰਨਾਲ ਪਹੁੰਚੀ ਤੇ ਈਰਾਨੀ ਸੈਨਾ ਨਾਲ ਹੋਈ ਮੁੱਠ-ਭੇੜ ਵਿਚ ਉਸਦੇ ਅਧਿਓਂ ਵਧ ਸਿਪਾਹੀ ਰਣਭੂਮੀ ਵਿਚ ਹੀ ਰਹਿ ਗਏ ਤੇ ਬਾਕੀ ਜਾਨਾਂ ਬਚਾਅ ਕੇ ਏਧਰ-ਉਧਰ ਨੱਠ ਗਏ। ਨਾਦਰ ਸ਼ਾਹ ਦੀ ਜੈਤੂ ਸੈਨਾ ਕਰਨਾਲ ਤੋਂ ਸਿੱਧੀ ਦਿੱਲੀ ਜਾ ਪਹੁੰਚੀ।
ਦਿੱਲੀ ਵਿਚ ਜਿਹੜਾ ਖੂਨ-ਖਰਾਬਾ ਹੋਇਆ ਤੇ ਅੱਠ ਹਫਤੇ ਤਕ ਲੁੱਟ-ਮਾਰ ਚੱਲੀ ਤੇ ਸਾੜ-ਫੂਕ ਹੋਈ, ਉਹ ਇਤਿਹਾਸ ਦੀ ਇਕ ਦਰਦਨਾਕ ਘਟਨਾ ਹੈ। ਇਸ ਲੁੱਟ-ਮਾਰ ਵਿਚ ਹੀਰੇ-ਜਵਾਹਰ ਤੇ ਕਰੋੜਾਂ ਰੁਪਏ ਦੇ ਇਲਾਵਾ ਸ਼ਾਹਜਹਾਂ ਦਾ ਪ੍ਰਸਿੱਧ ਤਖ਼ਤੇ-ਤਾਊਸ ਤੇ ਰੰਗੀਲਾ ਦੁਆਰਾ ਤਿਆਰ ਕਰਵਾਈ ਗਈ ਹਿੰਦੁਸਤਾਨੀ ਸੰਗੀਤ ਦੀ ਇਕ ਸਚਿੱਤਰ ਪੁਸਤਕ ਵੀ ਸੀ। ਅਖੀਰ ਮੁਹੰਮਦ ਸ਼ਾਹ ਰੰਗੀਲਾ ਦੀ ਬੇਨਤੀ ਉਤੇ ਸੁਲਾਹ ਹੋਈ ਤੇ ਦਰਬਾਰੇ ਖਾਸ ਵਿਚ ਸ਼ਰਾਬ ਅਤੇ ਨਾਚ-ਗਾਣੇ ਦੀ ਮਹਿਫਲ ਸਜ ਗਈ। ਮੁਹੰਮਦ ਸ਼ਾਹ, ਨਾਦਰ ਸ਼ਾਹ ਦੇ ਨਾਲ ਬੈਠਾ ਹੋਇਆ ਸੀ ਤੇ ਉਸਦੀ ਦਸਤਾਰ ਵਿਚ ਦੁਨੀਆਂ ਦਾ ਪ੍ਰਸਿੱਧ ਤੇ ਅਣਮੋਲ ਹੀਰਾ 'ਕੋਹੇਨੂਰ' ਜਗਮਗਾ ਰਿਹਾ ਸੀ। ਨਾਦਰ ਸ਼ਾਹ ਦੀ ਨਜ਼ਰ ਹੀਰੇ ਉੱਤੇ ਪਈ ਤੇ ਮਨ ਉਸ ਨੂੰ ਪ੍ਰਾਪਤ ਕਰਨ ਲਈ ਲਲਚਾ ਗਿਆ। ਉਹ ਜਿੰਨਾਂ ਬਹਾਦਰ ਸੀ, ਓਨਾਂ ਹੀ ਬੁੱਧੀਮਾਨ ਤੇ ਕੁਟਨੀਤਕ ਵੀ ਸੀ। ਸੁਲਾਹ ਪਿੱਛੋਂ ਉਸਨੇ ਸ਼ਕਤੀ ਦਾ ਪ੍ਰਯੋਗ ਕਰਨਾ ਠੀਕ ਨਹੀਂ ਸੀ ਸਮਝਿਆ ਤੇ ਨਾਲੇ ਬਾਦਸ਼ਾਹੀ-ਪਦਵੀ ਦਾ ਆਦਰ-ਮਾਣ ਰੱਖਣਾ ਵੀ ਬਣਦਾ ਸੀ। ਉਸਨੇ ਆਪਣੇ ਪਿਆਲੇ ਵਿਚੋਂ ਸ਼ਰਾਬ ਦਾ ਇਕ ਘੁੱਟ ਭਰਿਆ ਤੇ ਚਿਹਰੇ ਉਪਰ ਇਕ ਮਿੱਠੀ ਮੁਸਕਾਨ ਖਿਲਾਰ ਕੇ ਬੋਲਿਆ,
“ਭਰਾ ਰੰਗੀਲਿਆ, ਹੁਣ ਅਸੀਂ ਦੋਸਤ ਤਾਂ ਬਣ ਈ ਗਏ ਹਾਂ ਨਾ? ਫੇਰ ਕਿਉਂ ਨਾ ਇਸ ਦੋਸਤੀ ਨੂੰ ਪੱਕਿਆਂ ਰਿਸ਼ਤਿਆਂ ਵਿਚ ਬੰਨ੍ਹ ਲਈਏ ਤੇ ਆਪਸ ਵਿਚ ਪੱਗ-ਵਟ ਭਰਾ ਬਣ ਜਾਈਏ?” ਉਸਨੇ ਆਪਣੀ ਪਗੜੀ ਲਾਹ ਕੇ ਮੁਹੰਮਦ ਸ਼ਾਹ ਵੱਲ ਵਧਾ ਦਿੱਤੀ।
“ਜਹੇ ਕਿਸਮਤ! ਤੁਹਾਡੇ ਨਾਲ ਦਸਤਾਰ ਬਦਲਣੀ ਮੇਰੇ ਲਈ ਬੜੇ ਮਾਣ ਵਾਲੀ ਗੱਲ ਏ।” ਨਸ਼ੇ ਵਿਚ ਰਗੀਲਾ ਮਿਨਮਿਣਾਇਆ। ਉਸ ਦੀ ਹਸਤੀ ਵਿਚ ਬਾਬਰੀ-ਸ਼ਾਨ ਵਾਲੀ ਕੋਈ ਗੱਲ ਬਾਕੀ ਨਹੀਂ ਸੀ ਦਿੱਸਦੀ।
ਇਸ ਪਿੱਛੋਂ ਮਥਰਾ ਤੇ ਬਿੰਦਰਾਬਨ ਨੂੰ ਖੂਬ ਲੁੱਟਿਆ ਗਿਆ। ਨਾਦਰ ਸ਼ਾਹ 5 ਮਈ ਨੂੰ ਜਦੋਂ ਦਿੱਲੀ ਤੋਂ ਤੁਰਿਆ ਤਾਂ ਉਸ ਕੋਲ ਹੀਰੇ-ਜਵਾਹਰ ਤੇ ਹੋਰ ਕੀਮਤੀ ਚੀਜਾਂ ਦੇ ਇਲਾਵਾ 15 ਕਰੋੜ ਰੁਪਏ ਨਕਦ, 300 ਹਾਥੀ, ਦੱਸ ਹਜਾਰ ਘੋੜੇ ਤੇ ਏਨੇ ਹੀ ਊਠ ਸਨ। ਹਜ਼ਾਰਾਂ ਹਿੰਦੂ-ਮੁਸਲਮਾਨ, ਮਰਦ-ਔਰਤਾਂ ਨੂੰ ਕੈਦੀ ਬਣਾਇਆ ਹੋਇਆ ਸੀ, ਜਿਹਨਾਂ ਵਿਚ ਦੋ ਸੌ ਕਾਰੀਗਰ ਵੀ ਸਨ। ਈਰਾਨੀ ਸੈਨਕ ਕਿਉਂਕਿ ਮੈਦਾਨੀ ਇਲਾਕੇ ਦੀ ਲੂ ਤੇ ਧੁੱਪ ਨਹੀਂ ਸਨ ਬਰਦਾਸ਼ਤ ਕਰ ਸਕਦੇ, ਇਸ ਲਈ ਉਹ ਸਰਹੰਦ ਤੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਨਾਲ ਨਾਲ ਸਫਰ ਕਰਦੇ ਤੇ ਲੁੱਟਮਾਰ ਕਰਦੇ ਹੋਏ ਇਕ ਲੰਮਾਂ ਸਫਰ ਕਰਕੇ, ਮਈ ਦੇ ਅਖੀਰਲੇ ਹਫਤੇ, ਜੇਹਲਮ ਦੇ ਕਿਨਾਰੇ ਜਾ ਪਹੁੰਚੇ। ਉਪਰੋਂ ਰਾਤ ਘਿਰ ਆਈ ਸੀ। ਅਗਲੇ ਦਿਨ ਸਵੇਰੇ ਨਦੀ ਪਾਰ ਕਰਨ ਦਾ ਫੈਸਲਾ ਕਰਕੇ ਉਹਨਾਂ ਉੱਥੇ ਹੀ ਡੇਰੇ ਲਾ ਲਏ। ਹੁਣ ਉਹ ਗੂੜ੍ਹੀ ਨੀਂਦ ਸੁੱਤੇ ਹੋਏ ਸਨ। ਉਹਨਾਂ ਦੀ ਨੀਂਦ ਏਨੀ ਗੂੜ੍ਹੀ ਤੇ ਚਿੰਤਾ-ਮੁਕਤ ਸੀ ਕਿ ਉਸ ਵਿਚ ਸੁਪਨਿਆਂ ਨੂੰ ਵੀ ਵਿਘਣ ਪਾਉਣ ਦੀ ਹਿੰਮਤ ਨਹੀਂ ਸੀ। ਇਹ ਜੈਤੂ ਸੈਨਾ ਲੁੱਟ ਦੇ ਮਾਲ ਨਾਲ ਮਾਲਾ-ਮਾਲ ਸੀ ਤੇ ਜਿਸ ਦੇਸ਼ ਤੇ ਦੇਸ਼ਵਾਸੀਆਂ ਨੂੰ ਲੁੱਟਿਆ ਗਿਆ ਸੀ ਉਹ, ਉਸਦੀ ਨਜ਼ਰ ਵਿਚ ਏਨੇ ਅਪਾਹਿਜ ਤੇ ਸੱਤਿਆਹੀਣ ਸਨ ਕਿ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਸੀ ਸਮਝੀ ਗਈ।
ਸਿੱਖ ਯੋਧਿਆਂ ਨੇ ਉਹਨਾਂ ਦੇ ਇਸੇ ਭਰਮ ਨੂੰ ਮਿਟਾਉਣ ਦੀ ਧਾਰੀ ਹੋਈ ਸੀ। ਉਹਨਾਂ ਕੋਲ ਆਪਣੇ ਸੂਹੀਆਂ ਰਾਹੀਂ ਈਰਾਨੀ ਸੈਨਾ ਦੀਆਂ ਸਾਰੀਆਂ ਗਤੀ-ਵਿਧੀਆਂ ਦੀ ਖਬਰ, ਹਰ ਪਲ, ਪਹੁੰਚ ਰਹੀ ਸੀ।...ਤੇ ਹੁਣ ਉਹ, ਉਸਨੂੰ ਲੁੱਟ ਲੈਣ ਦੇ ਮੰਸ਼ੇ ਨਾਲ ਮੁਹਿੰਮ 'ਤੇ ਨਿਕਲੇ ਸਨ। ਮੈਦਾਨ ਵਿਚ ਪਹੁੰਚਦਿਆਂ ਹੀ ਉਹ ਤਿੰਨ ਵੱਖ-ਵੱਖ ਟੋਲਿਆਂ ਵਿਚ ਵੰਡੇ ਗਏ ਤੇ ਈਰਾਨੀ-ਸੈਨਾ ਉਤੇ ਤਿੰਨ ਪਾਸਿਓਂ ਇਕੋ ਸਮੇਂ ਹੱਲਾ ਬੋਲ ਦਿੱਤਾ; ਇਸ ਤੋਂ ਪਹਿਲਾਂ ਕਿ ਉਹ ਜਾਗਦੇ ਤੇ ਸੰਭਲਦੇ, ਉਹ ਆਪਣਾ ਕੰਮ ਕਰਕੇ ਜਿਸ ਤੇਜ਼ੀ ਨਾਲ ਆਏ ਸਨ ਉਸੇ ਤੀਬਰ ਗਤੀ ਨਾਲ ਜੰਗਲ ਵਿਚ ਜਾ ਕੇ ਛਿਪਣ ਹੋ ਗਏ।
ਅਚਾਨਕ ਹਮਲੇ ਕਰਨ ਦਾ ਇਹ ਸਿਲਸਿਲਾ ਜੇਹਲਮ, ਸਿੰਧ ਤੇ ਚਨਾਬ ਪਾਰ ਕਰਨ ਤਕ, ਤਿੰਨੋਂ ਰਾਤਾਂ, ਲਗਾਤਾਰ ਚਲਦਾ ਰਿਹਾ। ਆਪਣੀ ਪੂਰੀ ਸਾਵਧਾਨੀ, ਚੇਤੰਨਤਾ ਤੇ ਦਲੇਰੀ ਦੇ ਬਾਵਜੂਦ ਨਾਦਰ ਸ਼ਾਹ ਸਿੱਖ ਗੁਰੀਲਿਆਂ ਤੋਂ ਜਾਨ ਤੇ ਮਾਲ ਦੀ ਰੱਖਿਆ ਕਰਨ ਵਿਚ ਅਸਫਲ ਰਿਹਾ ਤੇ ਅਸਮਰਥ ਦਿਖਾਈ ਦਿੱਤਾ। ਉਹ ਹਨੇਰੀ ਵਾਂਗ ਆਉਂਦੇ ਤੇ ਵਰੋਲੇ ਵਾਂਗ ਪਰਤ ਜਾਂਦੇ। ਸੰਘਣੇ ਜੰਗਲ ਵਿਚ ਉਹਨਾਂ ਦਾ ਪਿੱਛਾ ਕਰਨਾ ਸੰਭਵ ਨਹੀਂ ਸੀ। ਇਹ ਉਹਨਾਂ ਦੀ ਆਪਣੀ ਧਰਤੀ ਸੀ, ਜਿਸ ਦਾ ਚੱਪਾ-ਚੱਪਾ ਤੇ ਕਣ-ਕਣ ਉਹਨਾਂ ਦਾ ਜਾਣਿਆਂ-ਪਛਾਣਿਆਂ ਸੀ¸ ਜਿਸਦੀ ਗੋਦ ਨੂੰ ਉਹਨਾਂ ਦੀ ਹਮੇਸ਼ਾ ਉਡੀਕ ਰਹਿੰਦੀ ਸੀ। ਪਰ ਨਾਦਰ ਸ਼ਾਹ ਤੇ ਉਸਦੀ ਸੈਨਾ ਲਈ ਇਹ ਧਰਤੀ ਅਣਜਾਣ ਤੇ ਓਪਰੀ ਸੀ। 'ਜਾਂਦੇ ਚੋਰ ਦੀ ਪੱਗ...' ਵਾਲੀ ਕਹਾਵਤ ਨੂੰ ਸਾਰਥਕ ਕਰਦਿਆਂ ਹੋਇਆਂ ਸਿੱਖ ਗੁਰੀਲਿਆਂ ਨੇ, ਈਰਾਨੀ ਸੈਨਾ ਨੂੰ ਜਿੰਨਾਂ ਸੰਭਵ ਹੋ ਸਕਿਆ ਓਨਾਂ ਹੀ ਲੁੱਟਿਆ। ਜਿਹਨਾਂ ਜਵਾਨ ਮਰਦ ਔਰਤਾਂ ਨੂੰ ਕੈਦੀ ਬਣਾ ਕੇ ਨਾਲ ਲਿਜਾਇਆ ਜਾ ਰਿਹਾ ਸੀ, ਉਹਨਾਂ ਵਿਚੋਂ ਬਹੁਤ ਸਾਰਿਆਂ ਨੂੰ ਮੁਕਤ ਕਰਵਾ ਲਿਆ ਗਿਆ।
25 ਮਈ 1739 ਨੂੰ ਨਾਦਰ ਸ਼ਾਹ ਚਨਾਬ ਦਰਿਆ ਦੇ ਪੂਰਬੀ ਕੰਢੇ ਉੱਤੇ ਸਥਿਤ ਅਖਨੂਰ ਪਹੁੰਚਿਆ। ਉੱਥੇ ਉਸਨੇ ਸਿੱਖਾਂ ਹੱਥੋਂ ਖਾਧੇ ਨੁਕਸਾਨ ਦਾ ਹਿਸਾਬ-ਕਿਤਾਬ ਲਾਇਆ ਤਾਂ ਜ਼ਕਰੀਆ ਖਾਂ ਨੂੰ, ਜਿਹੜਾ ਉਸਦੇ ਨਾਲ ਉਸਨੂੰ ਵਿਦਾਅ ਕਰਨ ਆਇਆ ਸੀ, ਪੁੱਛਿਆ¸
“ਤੁਹਾਡੇ ਰਾਜ ਵਿਚ ਇਹ ਬਾਗ਼ੀ ਕੌਣ ਨੇ?”
“ਜਹਾਂਪਨਾਹ, ਇਹ ਹਿੰਦੂ ਫਕੀਰਾਂ ਦਾ ਇਕ ਫਿਰਕਾ ਏ। ਉਹ ਲੰਮੇਂ-ਲੰਮੇਂ ਵਾਲ ਰੱਖਦੇ ਨੇ ਤੇ ਨਾਨਕ ਨਾਂਅ ਦੇ ਇਕ ਪੀਰ ਨੂੰ ਗੁਰੂ ਮੰਨਦੇ ਨੇ।” ਭਿੱਜੀ ਬਿੱਲੀ ਬਣੇ ਜ਼ਕਰੀਆਂ ਨੇ ਉਤਰ ਦਿੱਤਾ।
“ਇਹਨਾਂ ਦੇ ਘਰ-ਬਾਰ ਕਿੱਥੇ ਨੇ? ਉਹਨਾਂ ਨੂੰ ਲੁੱਟ ਲਓ, ਤਬਾਹ ਕਰ ਛੱਡੋ।” ਨਾਦਰ ਸ਼ਾਹ ਦਾ ਮੱਥਾ ਵੱਟੋ-ਵੱਟ ਸੀ ਤੇ ਆਵਾਜ਼ ਵਿਚ ਕੁਸੈਲ।
ਜ਼ਕਰੀਆਂ ਖਾਂ ਨੇ ਇਕ ਨਜ਼ਰ ਨਾਦਰ ਸ਼ਾਹ ਵੱਲ ਦੇਖਿਆ। ਉਸਦੀ ਦਸਤਾਰ ਵਿਚ ਕੋਹੇਨੂਰ ਹੀਰਾ ਚਮਕ ਰਿਹਾ ਸੀ, ਜਿਸ ਨੂੰ ਦੇਖ ਕੇ ਨਮੋਸ਼ੀ ਮਹਿਸੂਸ ਹੁੰਦੀ ਸੀ ਤੇ ਹਾਰ ਦਾ ਜ਼ਖਮ ਟਸਕਦ ਲੱਗ ਪੈਂਦਾ ਸੀ।
“ਜਹਾਂਪਨਾਹ, ਇਹਨਾਂ ਦੇ ਘਰ ਇਹਨਾਂ ਦੇ ਘੋÎੜਿਆਂ ਦੀਆਂ ਕਾਠੀਆਂ 'ਤੇ ਈ ਨੇ। ਸਾਲ ਵਿਚ ਦੋ ਵਾਰੀ ਅੰਮ੍ਰਿਤਸਰ ਵਿਚ ਇਕੱਤਰ ਹੁੰਦੇ ਨੇ ਤੇ ਉੱਥੇ ਇਕ ਤਲਾਅ ਵਿਚ ਨਹਾਉਂਦੇ ਨੇ, ਜਿਸਨੂੰ ਉਹ ਮਕੱਦਸ (ਪਵਿੱਤਰ) ਮੰਨਦੇ ਨੇ।”
ਕੁਝ ਪਲ ਮੌਨ ਵਿਚ ਲੰਘੇ। ਨਾਦਰ ਨੇ ਬੜੇ ਗਹੁ ਨਾਲ ਇਧਰ-ਉਧਰ ਦੇਖਿਆ, ਸੋਚਿਆ ਤੇ ਫੇਰ ਗੰਭੀਰ ਆਵਾਜ਼ ਵਿਚ ਕਿਹਾ¸
“ਫੇਰ ਮੇਰੀ ਇਹ ਗੱਲ ਚੇਤੇ ਰੱਖਣਾ ਕਿ ਹਕੂਮਤ ਤੁਸੀਂ ਨਹੀਂ, ਉਹ ਲੋਕ ਕਰਨਗੇ।”
ਦਿੱਲੀ ਦੇ ਅੰਤਲੇ ਸਾਹਾਂ 'ਤੇ ਪਹੁੰਚੇ ਤੁਰਕ-ਅਫਗਾਨ ਰਾਜ ਦੀ ਕਬਰ ਤੈਮੂਰਲੰਗ ਨੇ ਪੁੱਟੀ ਸੀ ਤੇ ਮੁਗਲਾਂ ਦੇ ਸਹਿਕ ਰਹੇ ਰਾਜ ਦੀ ਕਬਰ ਨਾਦਰ ਸ਼ਾਹ ਨੇ ਪੁੱਟੀ।
-----------