Wednesday 11 August 2010

ਬੋਲੇ ਸੋ ਨਿਹਾਲ : ਅਠਾਈਵੀਂ ਕਿਸ਼ਤ :-

ਅਠਾਈਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ



ਅਹਿਮਦ ਸ਼ਾਹ 1765 ਦੇ ਅੱਧ ਤਕ ਅਫ਼ਗਾਨਿਸਤਾਨ ਪਰਤ ਗਿਆ। ਖਾਲਸੇ ਨੇ 10 ਅਪ੍ਰੈਲ ਨੂੰ ਅੰਮ੍ਰਿਤਸਰ ਵਿਚ ਵਿਸਾਖੀ ਮਨਾਈ। ਵਿਸਾਖੀ ਦਾ ਇਹ ਜੋੜ ਮੇਲਾ ਅਸਲ ਵਿਚ ਫਤਿਹ ਦਿਵਸ ਸੀ ਤੇ ਇਸਦੀ ਸ਼ਾਨ ਹੀ ਨਿਰਾਲੀ ਸੀ। ਦੁਰਾਨੀ ਨੇ ਹਰਿਮੰਦਰ ਢਾਹ ਦਿੱਤਾ ਸੀ ਸਰੋਵਰ ਨੂੰ ਮਲਵੇ ਨਾਲ ਭਰਵਾ ਦਿੱਤਾ। ਇਸ ਦੇ ਬਾਵਜ਼ੂਦ ਸ਼ਰਧਾ, ਆਜ਼ਾਦੀ ਤੇ ਖ਼ੁਸ਼ੀਆਂ ਦਾ ਵਾਤਾਵਰਣ ਸੀ। ਜੱਸਾ ਸਿੰਘ ਆਹਲੂਵਾਲੀਆ, ਚੜ੍ਹਤ ਸਿੰਘ ਸ਼ੁਕਰਚਕੀਆ, ਹਰੀ ਸਿੰਘ, ਝੰਡਾ ਸਿੰਘ, ਗੁਜਰ ਸਿੰਘ ਭੰਗੀ, ਜੈ ਸਿੰਘ ਤੇ ਸੋਭਾ ਸਿੰਘ ਕਨ੍ਹਈਆ ਆਦੀ ਸਾਰੇ ਸਰਦਾਰ ਹਾਜ਼ਰ ਸਨ। ਇਕ ਪਾਸੇ ਨੇਜਾ, ਖੰਡਾ, ਧਨੁਸ਼ ਤੇ ਤੀਰ ਤਲਵਾਰ ਆਦੀ ਯੁੱਧ-ਸ਼ਸ਼ਤਰਾਂ ਦੀ ਪ੍ਰਦਰਸ਼ਨੀ ਲਾਈ ਗਈ ਸੀ ਤੇ ਦੂਜੇ ਪਾਸੇ ਮਨਮੋਹਨ ਦੇ ਹੱਥ-ਚਿੱਤਰਾਂ ਦੀ। ਇਹਨਾਂ ਚਿੱਤਰਾਂ ਵਿਚ ਵੀ ਹਥਿਆਰ ਸਨ, ਘੋੜੇ ਸਨ ਤੇ ਮੌਤ ਨੂੰ ਮਸ਼ਕਰੀਆਂ ਕਰਦੇ ਦੁਸ਼ਮਣ ਨਾਲ ਜੂਝਨ ਵਾਲੇ ਬਹਾਦੁਰ ਯੋਧੇ ਸਨ। ਜੱਸਾ ਸਿੰਘ ਆਹਲੂਵਾਲੀਆ ਦੇ ਚਿੱਤਰ ਨਾਲ ਹੀ ਚੜ੍ਹਤ ਸਿੰਘ ਸ਼ੁਕਰਚਕੀਆ ਦਾ ਚਿੱਤਰ ਲੱਗਿਆ ਹੋਇਆ ਸੀ। ਉਸਦੇ ਇਕ ਹੱਥ ਵਿਚ ਧਨੁਸ਼, ਪਿੱਛੇ ਕਮਰਕਸੇ ਵਿਚ ਨੇਜਾ ਤੇ ਤਲਵਾਰ ਤੇ ਘੋੜਾ ਦੁਸ਼ਮਣ ਉੱਤੇ ਝਪਟ ਪੈਣ ਲਈ ਤਿਆਰ ਬਰ ਤਿਆਰ ਨਜ਼ਰ ਆ ਰਿਹਾ ਸੀ। ਤੀਜਾ ਕਲਪਣਾ ਚਿੱਤਰ ਬਾਬਾ ਦੀਪ ਸਿੰਘ ਦਾ ਸੀ—ਇਕ ਹੱਥ ਵਿਚ ਖੰਡਾ ਚੁੱਕੀ ਤੇ ਦੂਜੇ ਉਪਰ ਆਪਣਾ ਕੱਟਿਆ ਹੋਇਆ ਸਿਰ ਰੱਖੀ, ਉਹ ਆਪਣੀ ਸੁੱਖਣਾ ਪੂਰੀ ਕਰਨ ਖਾਤਰ, ਦੁਸ਼ਮਣ ਨਾਲ ਲੜਦਾ ਹੋਇਆ ਦਰਬਾਰ ਸਾਹਿਬ ਵਲ ਵਧ ਰਿਹਾ ਸੀ। ਇਹ ਚਿੱਤਰ ਇਕ ਕਤਾਰ ਵਿਚ ਸਨ ਤੇ ਦੂਜੀ ਕਤਾਰ ਵਿਚ ਗੁਰੂ ਨਾਨਕ ਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤਕ ਦਸਾਂ ਗੁਰੂਆਂ ਦੇ ਚਿੱਤਰ ਰੱਖੇ ਹੋਏ ਸਨ। ਇਹਨਾਂ ਦੋਹਾਂ ਕਤਾਰਾਂ ਦੇ ਵਿਚਕਾਰ ਬੰਦਾ ਬਹਾਦੁਰ ਦਾ ਚਿੱਤਰ ਸੀ। ਹਰੇਕ ਚਿੱਤਰ ਦੀ ਆਪਣੀ ਵਿਸ਼ੇਸ਼ਤਾ ਸੀ।
ਪ੍ਰਦਰਸ਼ਨੀ ਦੇਖਣ ਲਈ ਲੋਕਾਂ ਦੀ ਖਾਸੀ ਭੀੜ ਜੁੜੀ ਹੋਈ ਸੀ, ਜਿਹਨਾਂ ਵਿਚ ਚਿੱਤਰਕਾਰ ਮਨਮੋਹਨ ਆਪ ਵੀ ਸੀ। ਆਏ ਲੋਕ ਚਿੱਤਰ ਦੇਖ ਰਹੇ ਸਨ ਤੇ ਉਹਨਾਂ ਬਾਰੇ ਮਨਮੋਹਨ ਨਾਲ ਗੱਲਬਾਤ ਵੀ ਕਰ ਰਹੇ ਸਨ। ਉਹਨਾਂ ਵਿਚ ਮਨਮੋਹਨ ਦਾ ਪੁਰਾਣਾ ਜਾਣੂ ਭੂਪ ਸਿੰਘ ਵੀ ਸੀ। ਭੂਪ ਸਿੰਘ ਦੇ ਨਾਲ ਇਕ ਹੋਰ ਆਦਮੀ ਵੀ ਨਜ਼ਰ ਆ ਰਿਹਾ ਸੀ, ਜਿਸਨੂੰ ਅਸੀਂ ਸ਼ਾਦ ਅਲੀ ਯਾਨੀ ਮੇਹਰ ਚੰਦ  ਉਰਫ਼ ਮੇਹਰ ਅਲੀ ਦੇ ਨਾਂ ਨਾਲ ਜਾਣਦੇ ਹਾਂ। ਪਰ ਹੁਣ ਉਹ ਨਾ ਸ਼ਾਦ ਅਲੀ ਸੀ ਤੇ ਨਾ ਹੀ ਮੇਹਰ ਅਲੀ, ਸਿਰਫ ਮੇਹਰ ਚੰਦ ਸੀ।
“ਕੀ ਇਹ ਗੁਰੂਆਂ ਦੇ ਚਿੱਤਰ ਵੀ ਤੁਸਾਂ ਆਪ ਈ ਬਣਾਏ ਨੇ?” ਮੇਹਰ ਚੰਦ ਨੇ ਚਿੱਤਰਕਾਰ ਨੂੰ ਪੁੱਛਿਆ।
“ਨਹੀਂ ਜੀ,” ਮਨਮੋਹਨ ਨੇ ਜਵਾਬ ਦਿੱਤਾ, “ਇਹ ਹੋਰ ਕਲਾਕਾਰਾਂ ਦੀਆਂ ਕਿਰਤਾਂ ਨੇ। ਮੈਂ ਤਾਂ ਬਸ ਸੰਗ੍ਰਿਹ ਹੀ ਕੀਤਾ ਏ।”
“ਖ਼ੁਦ ਚਿੱਤਰ ਹੀ ਦੱਸ ਰਹੇ ਨੇ ਬਈ ਇਹ ਇਹਨਾਂ ਦੀ ਕਲਾ-ਕਿਰਤ ਨਹੀਂ,” ਭੂਪ ਸਿੰਘ ਨੇ ਇਕ ਨਜ਼ਰ ਗੁਰੂ-ਚਿੱਤਰਾਂ ਵੱਲ ਦੇਖਿਆ। ਫੇਰ ਦੂਜੀ ਕਤਾਰ ਵੱਲ ਨਜ਼ਰ ਭੂਆਂ ਦੇ ਕਿਹਾ, “ਇਹਨਾਂ ਦੀ ਕਲਮ ਦੀ ਤੋਰ ਈ ਵੱਖਰੀ ਏ ਤੇ ਭਾਵਨਾਵਾਂ ਦਾ ਪ੍ਰਗਟਾਅ ਵੀ।” ਭੂਪ ਸਿੰਘ ਨੇ 'ਭਾਵਨਾਵਾਂ' ਉੱਤੇ ਖਾਸਾ ਜ਼ੋਰ ਦਿੱਤਾ ਸੀ।
“ਇੰਜ ਕਹੀਏ ਕਿ ਗੁਰੂਆਂ ਦੇ ਚਿੱਤਰ ਬਨਾਉਣ ਵਾਲੇ ਅਤੀਤ ਦੇ ਚਿਤੇਰੇ ਨੇ ਤੇ ਤੁਸੀਂ ਸਾਡੇ ਇਸ ਯੁੱਗ ਦੇ...ਜਿਸ ਵਿਚ ਯੁੱਧ ਦੀ ਭਾਵਨਾ ਸਰਵਉੱਚ ਤੇ ਪ੍ਰਬਲ ਹੈ?” ਮੇਹਰ ਚੰਦ ਨੇ ਗੱਲ ਨਾਲ ਗੱਲ ਮੇਲੀ।
ਚਿੱਤਰਕਾਰ ਨੇ ਮੁਸਕਰਾਉਂਦਿਆਂ ਹੋਇਆਂ ਆਪਣਾ ਹੱਥ ਮੇਹਰ ਚੰਦ ਵਲ ਵਧਾਅ ਦਿੱਤਾ ਤੇ ਮੇਹਰ ਚੰਦ ਨੇ ਵੀ ਪੂਰੀ ਗਰਮ ਜੋਸ਼ੀ ਨਾਲ ਹੱਥ ਮਿਲਾਇਆ।
“ਮੈਂ ਈਹਦੇ ਨਾਲ ਤੁਹਾਡੀ ਜਾਣ ਪਛਾਣ ਕਰਾ ਦਿਆਂ।” ਭੂਪ ਸਿੰਘ ਨੇ ਮਨਮੋਹਨ ਨੂੰ ਕਿਹਾ।
“ਜ਼ਰੂਰ, ਜ਼ਰੂਰ...”
“ਈਹਦਾ ਨਾਂ ਮੇਹਰ ਚੰਦ ਏ ਤੇ ਇਹ ਮੇਰਾ ਛੋਟਾ ਭਰਾ ਏ।”
“ਮੁਆਫ਼ ਕਰਨਾ, ਇਹਨਾਂ ਦੀ ਸ਼ਕਲ ਤੁਹਾਡੇ ਨਾਲ ਨਹੀਂ ਮਿਲਦੀ।” ਚਿੱਤਰਕਾਰ ਉਹਨਾਂ ਦੋਹਾਂ ਵੱਲ ਡੂੰਘੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ।
“ਇਹ ਵੀ ਤੁਸੀਂ ਠੀਕ ਆਖਿਆ,” ਭੂਪ ਸਿੰਘ ਨੇ ਉਤਰ ਦਿੱਤਾ, “ਅਸਲ ਵਿਚ ਇਹ ਮੇਰਾ ਗੁਰ ਭਾਈ ਏ। ਅਸੀਂ ਅਲਹੋਲ ਮਕਤਬ ਵਿਚ ਪਲੇ ਹੋਏ ਹਾਂ।”
“ਅਲਹੋਲ ਵਿਚ? ਉੱਥੇ ਤਾਂ ਯਤੀਮ ਬੱਚੇ ਪਲਦੇ ਨੇ?” ਜਿਹੜੇ ਦਰਸ਼ਕ ਉਹਨਾਂ ਦੀਆਂ ਗੱਲਾਂ ਸੁਨਣ ਲਈ ਖਲੋਤੇ ਹੋਏ ਸਨ, ਉਹਨਾਂ ਵਿਚੋਂ ਕਿਸੇ ਨੇ ਕਿਹਾ ਸੀ।
“ਹਾਂ, ਅਸੀਂ ਦੋਹੇਂ ਵੀ ਅਨਾਥ ਸਾਂ...ਪਰ ਹੁਣ ਅਨਾਥ ਨਹੀਂ, ਕਿਉਂਕਿ ਪੰਥ ਸਾਡਾ ਮਾਂ-ਬਾਪ ਏ।” ਭੂਪ ਸਿੰਘ ਖੁੱਲ੍ਹ ਕੇ ਮੁਸਕਰਾਇਆ। ਮੇਹਰ ਚੰਦ, ਮਨਮੋਹਨ ਤੇ ਦਰਸ਼ਕ ਵੀ ਮੁਸਕਰਾਉਣ ਲੱਗੇ।
ਇਸ ਪਿੱਛੋਂ ਗੱਲ ਫੇਰ ਚਿੱਤਰਾਂ ਦੀ ਹੋਣ ਲੱਗੀ। ਭੂਪ ਸਿੰਘ ਤੇ ਮੇਹਰ ਚੰਦ ਇਕ ਗੱਲ ਉੱਤੇ ਇਕ ਮਤ ਸਨ ਕਿ ਮਨਮੋਹਨ ਨੂੰ ਘੋੜਿਆਂ ਦੇ ਹਾਵ ਭਾਵ ਦਰਸ਼ਾਉਣ ਵਿਚ ਪੂਰੀ ਮੁਹਾਰਤ ਹਾਸਿਲ ਹੈ; ਲੱਗਦਾ ਹੈ ਕਿ ਸਵਾਰ ਤੇ ਘੋੜਾ ਇਕ ਮਤ ਹੋ ਕੇ ਬਲਿਦਾਨ ਭਾਵਨਾ ਨਾ ਯੁੱਧ ਖੇਤਰ ਵਿਚ ਉਤਰੇ ਨੇ ਤੇ ਦੋਹੇਂ ਹੌਸਲੇ ਤੇ ਬਹਾਦੁਰੀ ਦੀ ਸਾਕਾਰ ਮੂਰਤ ਨੇ।
ਦੀਵਾਨ ਸਜਿਆ, ਗੁਰਬਾਣੀ ਦਾ ਪਾਠ ਹੋਇਆ, ਅਰਦਾਸ ਹੋਈ ਤੇ ਫੇਰ ਸਰਦਾਰ ਆਹਲੂਵਾਲੀਆ ਨੇ ਸੰਗਤਾਂ ਨੂੰ ਸੰਬੋਧਨ ਕੀਤਾ, “ਖਾਲਸਾ ਜੀ, ਇਹ ਵਿਸਾਖੀ ਦਾ ਦਿਹਾੜਾ ਇਕ ਯਾਦਗਾਰੀ ਦਿਹਾੜਾ ਹੈ। ਵਹਿਗੁਰੂ ਦੀ ਕਿਰਪਾ ਨਾਲ ਸਾਨੂੰ ਇਹ ਜਿੱਤ ਪ੍ਰਾਪਤ ਹੋਈ ਹੈ, ਇਸ ਲਈ ਸਾਨੂੰ ਅਕੱਥ ਕੁਰਬਾਨੀਆਂ ਦੇਣੀਆਂ ਪਈਆਂ ਨੇ। ਅਸਾਂ ਬਹੁਤ ਹੀ ਸ਼ਕਤੀਸ਼ਾਲੀ ਦੁਸ਼ਮਣ ਨੂੰ ਭਾਂਜ ਦਿੱਤੀ ਏ। ਪਰ ਇਸ ਨਾਲ ਸਾਡੇ ਅੰਦਰ ਹੰਕਾਰ ਦੀ ਭਾਵਨਾ ਨਹੀਂ ਪੈਦਾ ਹੋਣੀ ਚਾਹੀਦੀ। ਗੁਰੂ ਦੇ ਵਾਕ 'ਮਨ ਨੀਵਾਂ ਮੱਤ ਉੱਚੀ' ਨੂੰ ਚੇਤੇ ਰੱਖਦਿਆਂ ਹੋਇਆਂ, ਹੁਣ ਸਾਨੂੰ ਆਪਣੀ ਉਸ ਜਨਤਾ ਦੀ ਸੇਵਾ ਕਰਨੀ ਚਾਹੀਦੀ ਹੈ, ਜਿਸ ਨੇ ਸਾਡੀ ਖਾਤਰ ਦੁੱਖ ਝੱਲੇ ਨੇ; ਕਸ਼ਟ ਭੋਗੇ ਨੇ। ਇਸ ਵਿਚ ਅਸੀਂ ਜਾਤ-ਪਾਤ ਦਾ ਭੇਦ-ਭਾਵ ਨਹੀਂ ਵਰਤਣਾ। ਪੰਜਾਬ ਦੀ ਸਮੁੱਚੀ ਜਨਤਾ ਸਾਡੀ ਆਪਣੀ ਜਨਤਾ ਹੈ। ਅਸਾਂ ਸਾਰਿਆਂ ਨੂੰ ਰਾਹਤ ਪਹੁਚਾਉਣੀ ਹੈ ਤੇ ਸਰਿਆਂ ਦੇ ਜੀਵਨ ਨੂੰ ਸੁਖੀ ਬਨਾਉਣ ਦੇ ਯਤਨ ਕਰਨੇ ਨੇ। ਦਸਮ ਗੁਰੂ ਨੇ ਪੰਜਾਬ ਨੂੰ ਸੁਤੰਤਰ ਕਰਨ ਦਾ ਜਿਹੜਾ ਸੁਪਨਾ ਦੇਖਿਆ ਸੀ...ਉਸ ਸੁਪਨੇ ਤੇ ਉਸ ਆਜ਼ਾਦੀ ਦੇ ਅਰਥ ਸਿਰਫ ਇਹੀ ਸਨ।”
ਦੀਵਾਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ' ਦੇ ਜੈਕਾਰਿਆਂ ਨਾਲ ਗੂੰਜ ਉਠਿਆ।
ਜੱਸਾ ਸਿੰਘ ਦੀ ਉਮਰ ਹੁਣ ਪੰਜਾਹ ਦੇ ਲਗਭਗ ਸੀ। ਦਾੜ੍ਹੀ ਦੇ ਸਾਰੇ ਵਾਲ ਚਿੱਟੇ ਹੋ ਚੁੱਕੇ ਸਨ। ਚਿਹਰੇ ਉਪਰ ਇਕ ਅਨੂਠੀ ਆਭਾ ਸੀ, ਜਿਹੜੀ ਸੰਘਰਸ਼ ਦੀ ਭੱਠੀ ਵਿਚ ਤਪ ਕੇ ਆਈ ਸੀ। ਉਹਨਾਂ ਧੀਮੀ ਤੇ ਦਰਿੜ੍ਹ ਆਵਾਜ਼ ਵਿਚ ਆਪਣੀ ਗੱਲ ਜਾਰੀ ਰੱਖੀ, “ਇਸ ਸਮੇਂ ਸਾਡੇ ਸਾਹਮਣੇ ਦੋ ਹੀ ਮੁੱਖ ਕਾਰਜ ਨੇ—ਹਰਿਮੰਦਰ ਤੇ ਸਰੋਵਰ ਦਾ ਮੁੜ ਨਿਰਮਾਣ ਤੇ ਦੂਜਾ, ਲਾਹੌਰ ਨੂੰ ਮੁਕਤ ਕਰਵਾ ਕੇ ਉਸਨੂੰ ਸੁਤੰਤਰ ਪੰਜਾਬ ਦੀ ਸੁਤੰਤਰ ਰਾਜਧਾਨੀ ਬਨਾਉਣਾ।”
ਮਨਮੋਹਨ ਦੇ ਆਪਣੀ ਕਲਾ ਰਾਹੀਂ ਪੰਥ ਦੀ ਜਿਹੜੀ ਸੇਵਾ ਕੀਤੀ ਸੀ, ਉਸਦੀ ਸਲਾਘਾ ਕਰਦਿਆਂ ਹੋਇਆਂ, ਉਸਨੂੰ ਸਰੋਪਾ ਭੇਂਟ ਕੀਤਾ ਗਿਆ।
ਖਾਲਸੇ ਕੋਲ ਧਨ ਦੀ ਕਮੀ ਨਹੀਂ ਸੀ। ਹਰਿਮੰਦਰ ਤੇ ਸਰੋਵਰ ਦੇ ਮੁੜ ਨਿਰਮਾਣ ਕੰਮ ਉਸੇ ਦਿਨ ਆਰੰਭ ਕਰ ਦਿੱਤਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਰੋਜ਼ਾਨਾ ਪ੍ਰਕਾਸ਼ ਲਈ ਗ੍ਰੰਥੀ ਨਿਯੁਕਤ ਕਰ ਦਿੱਤੇ ਗਏ।
***
ਉਸ ਸਮੇਂ ਲਾਹੌਰ ਦਾ ਸੂਬੇਦਾਰ ਕਾਬੁਲੀ ਮੱਲ ਸੀ। ਉਹ ਸ਼ਹਿਰ ਨੂੰ ਆਪਣੇ ਭਾਣਜੇ ਅਮੀਰ ਸਿੰਘ ਦੇ ਹਵਾਲੇ ਕਰਕੇ ਆਪ ਦੋ ਹਜ਼ਾਰ ਡੋਗਰੇ ਭਰਤੀ ਕਰਨ ਲਈ ਗਿਆ ਹੋਇਆ ਸੀ। ਇਸ ਮੌਕੇ ਦਾ ਲਾਭ ਲੈਂਦਿਆਂ ਜੱਸਾ ਸਿੰਘ, ਜੈ ਸਿੰਘ, ਹਰੀ ਸਿੰਘ ਤੇ ਗੁਜਰ ਸਿੰਘ ਭੰਗੀ, ਦੋ ਹਜ਼ਾਰ ਸਵਾਰਾਂ ਨੂੰ ਨਾਲ ਲੈ ਕੇ, ਰਾਤੋ ਰਾਤ, ਬਾਗਵਾਨ ਪੁਰ ਜਾ ਪਹੁੰਚੇ। ਕਿਲੇ ਵਿਚ ਕੰਮ ਕਰਨ ਵਾਲੇ ਪੂਰਬੀਆਂ ਨਾਲ ਗੱਲਬਾਤ ਕੀਤੀ ਗਈ, ਪਰ ਉਹਨਾਂ ਗਦਾਰਾਂ ਵਾਲੀ ਭੂਮਿਕਾ ਨਿਭਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਮੇਹਰ ਚੰਦ ਵੀ, ਜਿਹੜਾ ਕਿਲੇ ਦੇ ਅੰਦਰ ਬਾਹਰ ਦਾ ਸਾਰਾ ਹਾਲ ਜਾਣਦਾ ਸੀ, ਇਸ ਸਮੇਂ ਇਸ ਮੁਹਿੰਮ ਵਿਚ ਸ਼ਾਮਲ ਸੀ। ਉਸਨੇ ਜੱਸਾ ਸਿੰਘ ਨੂੰ ਕਿਹਾ, “ਬਾਗਵਾਨ ਪੁਰ ਵਿਚ ਗ਼ੁਲਾਮ ਰਸੂਲ, ਅਸ਼ਰਫ, ਬਾਕਰ, ਚੁੰਨੂੰ ਤੇ ਮੇਹਰ ਸੁਲਤਾਨ ਨਾਂ ਦੇ ਅਰਾਈਂ ਰਹਿੰਦੇ ਨੇ। ਉਹ ਕਿਲੇ ਵਿਚ ਮਾਲੀਗਿਰੀ ਕਰਨ ਜਾਂਦੇ ਨੇ। ਮੈਂ ਉਹਨਾਂ ਨੂੰ ਜਾਣਦਾ ਹਾਂ, ਉਹ ਪੰਜਾਬੀ ਨੇ ਤੇ ਪੰਜਾਬ ਨੂੰ ਪਿਆਰ ਵੀ ਕਰਦੇ ਨੇ, ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ...”
“ਠੀਕ ਹੈ। ਉਹਨਾਂ ਦਾ ਇਕ ਆਦਮੀ, ਜਿਹੜਾ ਉਹਨਾਂ ਦਾ ਮੁਖੀਆ ਹੋਏ, ਬੁਲਾਅ ਲਿਆਓ।” ਸਰਦਾਰ ਨੇ ਆਗਿਆ ਦਿੱਤੀ।
ਮੇਹਰ ਚੰਦ ਅਰਾਈਆਂ ਦੇ ਮੁਖੀਏ ਗ਼ੁਲਾਮ ਰਸੂਲ ਨੂੰ ਬੁਲਾਅ ਲਿਆਇਆ ਤੇ ਉਸਨੂੰ ਸਰਦਾਰ ਕੋਲ ਛੱਡ ਕੇ ਆਪ ਉੱਥੋਂ ਟਲ ਗਿਆ।
“ਤੁਹਾਡਾ ਨਾਂ ਕੀ ਏ?” ਜੱਸਾ ਸਿੰਘ ਨੇ ਪੁੱਛਿਆ।
“ਗ਼ੁਲਾਮ ਰਾਸੂਲ ਜੀ।” ਉਸਨੇ ਉਤਰ ਦਿੱਤਾ।
“ਕੀ ਕੰਮ ਕਰਦੇ ਓ?”
“ਕਿਲੇ 'ਚ ਮਾਲੀ ਆਂ ਜੀ।”
“ਕੀ ਤੁਸੀਂ ਸਾਡੀ ਕੁਝ ਮਦਦ ਕਰ ਸਕਦੇ ਓ?”
“ਕਿਉਂ ਨਹੀਂ ਜੀ। ਤੁਸੀਂ ਹਮੇਸ਼ਾ ਸਾਡੀ ਮਦਦ ਕਰਦੇ ਰਹੇ ਹੋ ਤੇ ਕਰ ਵੀ ਰਹੇ ਹੋ ਜੀ। ਜੇ ਅਸੀਂ ਵੀ ਤੁਹਾਡੀ ਕੋਈ ਮਦਦ ਕਰੀਏ ਤਾਂ ਸਾਨੂੰ ਬੜੀ ਖ਼ੁਸ਼ੀ ਹੋਏਗੀ ਜੀ।” ਗ਼ੁਲਾਮ ਰਸੂਲ ਚਾਲੀ ਪੰਤਾਲੀ ਸਾਲ ਦੇ ਲਗਭਗ ਸੀ। ਸੰਘਣੀ ਕਾਲੀ ਦਾੜ੍ਹੀ, ਨਰੋਆ ਸਰੀਰ ਤੇ ਚਿਹਰੇ ਉੱਤੇ ਸੰਜੀਦਗੀ ਸੀ।
“ਕਿਲਾ ਇਸ ਸਮੇਂ ਅਬਦਾਲੀ ਦੇ ਕਬਜੇ ਵਿਚ ਹੈ, ਉਸਨੂੰ ਆਜ਼ਾਦ ਕਰਵਾਉਣ ਵਿਚ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।”
“ਸਰਦਾਰ ਜੀ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ। ਜੋ ਕਹੋਗੇ, ਜਦੋਂ ਕਹੋਗੇ, ਕਰਨ ਲਈ ਤਿਆਰ ਹਾਂ।” ਗ਼ੁਲਾਮ ਰਸੂਲ ਦੇ ਬਿਨਾਂ ਕਿਸੇ ਝਿਜਕ ਦੇ, ਦਰਿੜ੍ਹ ਆਵਾਜ਼ ਵਿਚ ਉਤਰ ਦਿੱਤਾ ਤੇ ਫੇਰ ਬੋਲਿਆ, “ਤੁਸੀਂ ਇਹ ਨਾ ਸਮਝਣਾ ਕਿ ਕਿਉਂਕਿ ਅਬਦਾਲੀ ਮੁਸਲਮਾਨ ਏਂ, ਇਸ ਲਈ ਅਸੀਂ ਉਸਦੇ ਨਾਲ ਹਾਂ। ਸਾਡੀ ਨਜ਼ਰ ਵਿਚ ਉਹ ਇਕ ਵਿਲਾਇਤੀ ਲੁਟੇਰ ਏ। ਲੁੱਟਮਾਰ ਕਰਨ ਆਉਂਦਾ ਹੈ ਤਾਂ ਕਿਸੇ ਹਿੰਦੂ-ਮੁਸਲਮਾਨ ਨੂੰ ਨਹੀਂ ਬਖ਼ਸ਼ਦਾ।  ਹੁਣ ਖਾਲਸੇ ਨੇ ਉਸਦਾ ਮੂੰਹ ਤੋੜ ਜਵਾਬ ਦਿੱਤਾ ਤਾਂ ਲੁੱਟ ਦਾ ਨਾਂ ਜਿਹਾਦ ਰੱਖ ਲਿਆ। ਪੰਜਾਬ ਦੀ ਆਜ਼ਾਦੀ ਤੁਹਾਡੀ ਈ ਨਹੀਂ, ਸਾਡੀ ਵੀ ਆਜ਼ਾਦੀ ਹੈ।”
ਦੇਸ਼ ਭਗਤੀ ਦੀ ਭਾਵਨਾ ਵਿਚ ਡੁੱਬਿਆ ਗ਼ੁਲਾਮ ਰਸੂਲ ਉਬਲ ਪਿਆ ਤੇ ਜੱਸਾ ਸਿੰਘ ਹੈਰਾਨੀ ਨਾਲ ਉਹਦੇ ਮੂੰਹ ਵੱਲ ਵਿੰਹਦੇ ਰਹੇ।
“ਦੱਸੋ ਸਾਡੇ ਲਈ ਕੀ ਹੁਕਮ ਏ?” ਗ਼ੁਲਾਮ ਰਸੂਲ ਨੇ ਸਰਦਾਰ ਨੂੰ ਚੁੱਪ ਦੇਖ ਕੇ ਪੁੱਛਿਆ।
“ਅਸੀਂ ਚਾਹੁੰਦੇ ਹਾਂ ਕਿ ਸਾਡੀ ਫੌਜ ਕਾਬੁਲੀ ਮੱਲ ਦੇ ਵਾਪਸ ਆਉਣ ਤੋਂ ਪਹਿਲਾਂ ਹੀ ਕਿਲੇ ਵਿਚ ਦਾਖਲ ਹੋ ਜਾਵੇ।”
“ਇਹ ਕੰਮ ਤਾਂ ਅੱਜ ਹੀ ਹੋ ਸਕਦਾ ਏ ਜੀ। ਅਸੀਂ ਰਾਤ ਨੂੰ ਕਿਲੇ ਦੀ ਕੰਧ ਵਿਚ ਅਜਿਹੇ ਥਾਂ ਪਾੜ ਪਾ ਦਿਆਂਗੇ ਕਿ ਕਿਸੇ ਪਤਾ ਈ ਨਾ ਲੱਗੇ।”
...ਤੇ ਗੁਲਾਮ ਰਸੂਲ ਤੇ ਉਸਦੇ ਸਾਥੀਆਂ ਨੇ ਕਿਲੇ ਦੀ ਕੰਧ ਵਿਚ ਏਡਾ ਪਾੜ ਪਾ ਦਿੱਤਾ ਕਿ ਹਰੀ ਸਿੰਘ ਤੇ ਗੁਜਰ ਸਿੰਘ ਭੰਗੀ ਤੇ ਹੋਰ ਸਰਦਾਰ ਸਹਿਜੇ ਹੀ ਕਿਲੇ ਵਿਚ ਪ੍ਰਵੇਸ਼ ਕਰ ਗਏ। ਇਹ ਵਿਸਾਖੀ ਬਦੀ ੧੧ ਸੰਮਤ ੧੮੨੨ ਅਰਥਾਤ 6 ਅਪਰੈਲ 1765 ਦੀ ਗੱਲ ਹੈ। ਸਵੇਰੇ ਕਾਬੁਲੀ ਮੱਲ ਦੇ ਭਾਣਜੇ ਅਮੀਰ ਸਿੰਘ ਨੇ ਸ਼ਹਿਰ ਦੀਆਂ ਕੰਧਾਂ ਵੱਲੋਂ ਕੁਝ ਤੋਪ-ਗੋਲੇ ਦਾਗੇ ਪਰ ਤਾਰਾ ਸਿੰਘ ਮਜੰਗ ਵਾਲੇ ਕੁਲ ਪੰਜਾ ਘੋੜਸਵਾਰ ਨਾਲ ਲੈ ਕੇ ਉਸਦੀ ਅਣਮਣੀ ਫੌਜ ਨੂੰ ਭਜਾ ਦਿੱਤਾ ਤੇ ਅਮੀਰ ਸਿੰਘ ਤੇ ਕਾਬੁਲੀ ਮੱਲ ਦੇ ਜਵਾਈ ਜਗਨ ਨਾਥ ਨੂੰ ਗਿਰਫ਼ਤਾਰ ਕਰ ਲਿਆ। ਸ਼ਹਿਰ ਤੇ ਕਿਲੇ ਦੋਹਾਂ ਉਪਰ ਖਾਲਸੇ ਦਾ ਕਬਜ਼ਾ ਹੋ ਗਿਆ।
ਕੁਝ ਸਿੱਖ ਸੈਨਕਾਂ ਨੇ ਸ਼ਹਿਰ ਵਿਚ ਲੁੱਟ ਮਚਾ ਦਿੱਤੀ। ਇਹ ਦੇਖ ਕੇ ਸ਼ਹਿਰ ਦੇ ਪਤਵੰਤੇ ਸੱਯਦ ਮੀਰ ਨਾਥੂ, ਹਾਫਿਜ਼ ਕਾਦਿਰ ਬਖ਼ਸ਼, ਮੀਆਂ ਮੁਹੰਮਦ ਆਸ਼ਿਕ, ਚੌਧਰੀ ਰੂਪਾ ਲਾਲ, ਕਿਸ਼ਨ ਸਿੰਘ ਤੇ ਸਹਾਰਾ ਸਿੰਘ ਸਰਦਾਰਾਂ ਕੋਲ ਆਏ ਤੇ ਉਹਨਾਂ ਨੂੰ ਕਿਹਾ, “ਇਸ ਸ਼ਹਿਰ ਨੂੰ 'ਕੋਠਾ ਗੁਰੂ' ਕਿਹਾ ਜਾਂਦਾ ਹੈ। ਇੱਥੇ ਚੌਥੇ ਗੁਰੂ ਰਾਮਦਾਸ ਦਾ ਜਨਮ ਹੋਇਆ ਸੀ, ਇਸ ਲਈ ਇਸਦੀ ਰੱਖਿਆ ਕੀਤੀ ਜਾਏ ਤੇ ਇੱਥੇ ਕਿਸੇ ਕਿਸਮ ਦੀ ਗੜਬੜ ਨਾ ਹੋਏ।”
ਇਹ ਗੱਲ ਮੰਨ ਲਈ ਗਈ। ਸ਼ਹਿਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਤਾਂ ਕਿ ਬਾਹਰੋਂ ਲੁੱਟ ਮਚਾਉਣ ਵਾਲੇ ਅੰਦਰ ਨਾ ਆ ਸਕਣ ਤੇ ਸ਼ਹਿਰ ਵਿਚ ਡੌਂਡੀ ਪਿਟਵਾ ਦਿੱਤੀ ਗਈ ਕਿ ਜਿਹੜਾ ਕੋਈ ਲੁੱਟਮਾਰ ਕਰੇਗਾ, ਉਸਨੂੰ ਸਖ਼ਤ ਸਜ਼ਾ ਦਿੱਤੀ ਜਾਏਗੀ। ਹਰੀ ਸਿੰਘ ਤੇ ਝੰਡਾ ਸਿੰਘ ਨੇ ਸ਼ਹਿਰ ਦਾ ਚੱਕਰ ਲਾ ਕੇ ਅਮਨ ਬਹਾਲ ਕਰ ਦਿੱਤਾ।
***

No comments:

Post a Comment