Showing posts with label ਤੇਰ੍ਹਵੀਂ ਕਿਸ਼ਤ : ਬੋਲੇ ਸੋ ਨਿਹਾਲ. Show all posts
Showing posts with label ਤੇਰ੍ਹਵੀਂ ਕਿਸ਼ਤ : ਬੋਲੇ ਸੋ ਨਿਹਾਲ. Show all posts

Wednesday, 11 August 2010

ਬੋਲੇ ਸੋ ਨਿਹਾਲ : ਤੇਰ੍ਹਵੀਂ ਕਿਸ਼ਤ :-

ਤੇਰ੍ਹਵੀਂ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਮੀਰ ਮੰਨੂੰ ਦੀ ਮੌਤ ਤੋਂ ਪਿੱਛੋਂ ਦਿੱਲੀ ਦੇ ਬਾਦਸ਼ਾਹ ਅਹਿਮਦ ਸ਼ਾਹ ਨੇ ਆਪਣੇ ਤਿੰਨ ਸਾਲ ਦੇ ਬੇਟੇ ਮਹਿਮੂਦ ਖਾਂ ਨੂੰ ਲਾਹੌਰ ਤੇ ਮੁਲਤਾਨ ਦਾ ਸੂਬੇਦਾਰ ਤੇ ਮੀਰ ਮੰਨੂੰ ਦੇ ਦੋ ਸਾਲ ਦੇ ਬੇਟੇ ਮੁਹੰਮਦ ਅਮੀਨ ਨੂੰ ਨਾਇਬ ਸੂਬੇਦਾਰ ਨਿਯੁਕਤ ਕਰਕੇ ਰਾਜ ਪ੍ਰਬੰਧ ਮੋਮਿਨ ਖਾਂ ਨੂੰ ਸੌਂਪ ਦਿੱਤਾ। ਮੀਰ ਮੰਨੂੰ ਦੀ ਵਿਧਵਾ ਮੁਰਾਦ ਬੇਗਮ ਜਿਹੜੀ ਬਾਅਦ ਵਿਚ ਮੁਗਲਾਨੀ ਬੇਗਮ ਦੇ ਨਾਂ ਨਾਲ ਮਸ਼ਹੂਰ ਹੋਈ, ਜੋੜ-ਤੋੜ ਵਿਚ ਇਕ ਪ੍ਰਤਿਭਾਸ਼ਾਲੀ ਔਰਤ ਸੀ। 1753 ਦੀ ਸੰਧੀ ਅਨੁਸਾਰ ਲਾਹੌਰ ਤੇ ਮੁਲਤਾਨ ਅਹਿਮਦ ਸ਼ਾਹ ਅਬਦਾਲੀ ਦੇ ਕਬਜੇ ਵਿਚ ਚਲੇ ਗਏ ਸਨ। ਮੁਲਤਾਨੀ ਬੇਗਮ ਨੇ ਦਿੱਲੀ ਦਾ ਦਖਲ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਸੱਤਾ ਆਪਣੇ ਹੱਥ ਵਿਚ ਲੈ ਲਈ। ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਅਫਗਾਨਿਸਤਾਨ ਵਿਚ ਵੀ ਵਿਰੋਧ ਹੋ ਰਹੇ ਸਨ। ਉਹ ਉਹਨਾਂ ਨੂੰ ਦਬਾਉਣ ਵਿਚ ਉਲਝਿਆ ਹੋਇਆ ਸੀ। ਉਸਨੂੰ ਇਧਰ ਧਿਆਨ ਦੇਣ ਦੀ ਵਿਹਲ ਹੀ ਨਹੀਂ ਸੀ ਕਿ ਲਾਹੌਰ ਤੇ ਮੁਲਤਾਨ ਵਿਚ ਕੀ ਹੋ ਰਿਹਾ ਹੈ। ਮੁਲਤਾਨੀ ਬੇਗ਼ਮ ਨੇ ਉਸਤੋਂ ਮੰਜ਼ੂਰੀ ਮੰਗੀ ਜਿਹੜੀ ਉਸਨੇ ਝੱਟ ਦੇ ਦਿੱਤੀ। ਦਿੱਲੀ ਵਿਚ ਈਰਾਨੀ-ਦਲ ਤੇ ਤੂਰਾਨੀ-ਦਲ ਆਪਸ ਵਿਚ ਲੜ-ਝਗੜ ਰਹੇ ਸਨ, ਸਾਜਿਸ਼ਾਂ ਤੇ ਹੱਤਿਆਵਾਂ ਦਾ ਬਾਜ਼ਾਰ ਗਰਮ ਸੀ। ਈਰਾਨੀ-ਦਲ ਦਾ ਨੇਤਾ ਸਫਦਰ ਜੰਗ ਤੇ ਤੂਰਾਨੀ-ਦਲ ਇਮਾਦੁੱਲ ਮੁਲਕ ਸੀ। ਦੋਹਾਂ ਦਲਾਂ ਵਿਚ ਕਈ ਦਿਨਾਂ ਤਕ ਦਿੱਲੀ ਦੀਆਂ ਗਲੀਆਂ ਵਿਚ ਲੜਾਈ ਹੁੰਦੀ ਰਹੀ। ਇਹਨਾਂ ਲੜਾਈਆਂ ਵਿਚ ਸਫਦਰ ਜੰਗ ਦਾ ਪੱਲਾ ਭਾਰੀ ਸੀ। ਇਮਾਦੁੱਲ ਮੁਲਕ ਨੇ ਮਰਹੱਟਿਆਂ ਦੀ ਮਦਦ ਨਾਲ ਸਫਦਰ ਜੰਗ ਨੂੰ ਦਿੱਲੀ ਵਿਚੋਂ ਬਾਹਰ ਕੱਢ ਦਿੱਤਾ। ਸਫਦਰ ਜੰਗ ਨੇ ਅਵਧ ਵਿਚ ਆਪਣਾ ਸੁਤੰਤਰ ਰਾਜ ਕਾਇਮ ਕਰ ਲਿਆ। ਇਧਰ ਇਮਾਦੁੱਲ ਮੁਲਕ ਤੇ ਬਾਦਸ਼ਾਹ ਅਹਿਮਦ ਸ਼ਾਹ ਵਿਚ ਵੀ ਅਣਬਣ ਹੋ ਗਈ। ਇਮਾਦੁੱਲ ਮੁਲਕ ਨੇ ਅਹਿਮਦ ਸ਼ਾਹ ਦੀਆਂ ਅੱਖਾਂ ਕੱਢਵਾ ਦਿੱਤੀਆਂ ਤੇ ਅਜੀਜੁੱਲ ਦੀਨ ਜਹਾਂ ਨੂੰ ਆਲਮਗੀਰ ਦੂਜਾ ਦੇ ਤੌਰ 'ਤੇ ਤਖ਼ਤ ਉੱਤੇ ਬਿਠਾਅ ਦਿੱਤਾ। ਇਹ ਸਥਿਤੀ ਸੀ ਜਦੋਂ ਅਬਦਾਲੀ ਤੋਂ ਮੰਜ਼ੂਰੀ ਲੈ ਕੇ ਮੁਗਲਾਨੀ ਬੇਗਮ ਸਰਵੇ-ਸਰਵਾ ਬਣ ਗਈ। ਉਸਨੇ ਇਸ ਮੰਜ਼ੂਰੀ ਦਾ ਧੁਮਧਾਮ ਨਾਲ ਜਸ਼ਨ ਮਨਾਇਆ।
ਮੁਗਲਾਨੀ ਬੇਗਮ ਉਚੇ ਕੱਦ ਤੇ ਭਰੇ ਭਰੇ ਸਰੀਰ ਵਾਲੀ ਸੁੰਦਰ ਜਨਾਨੀ ਸੀ। ਸੱਤਾ ਹੱਥ ਵਿਚ ਆਉਂਦਿਆਂ ਹੀ ਉਹ ਖੁੱਲ੍ਹ ਖੇਡੀ। ਉਸਨੇ ਆਪਣੇ ਆਚਰਣ ਨਾਲ ਸਿੱਧ ਕਰ ਦਿੱਤਾ ਕਿ ਵਿਲਾਸਤਾ ਉਪਰ ਸਿਰਫ ਮਰਦਾਂ ਦਾ ਹੀ ਨਹੀਂ, ਔਰਤਾਂ ਦਾ ਵੀ ਹੱਕ ਬਣਦਾ ਹੈ। ਗਾਜੀ ਬੇਗ ਖਾਂ ਬਖ਼ਸ਼ੀ ਦੇ ਨਾਲ ਉਸਦੇ ਨਾਜਾਇਜ ਸਬੰਧ ਤੇ ਰੰਗ-ਰਲੀਆਂ ਦੇ ਕਿੱਸੇ ਛੇਤੀ ਹੀ ਸਾਰੇ ਲਾਹੌਰ ਵਿਚ ਮਸ਼ਹੂਰ ਹੋ ਗਏ। ਉਸਦੇ ਆਸ਼ਕਾਂ ਵਿਚ ਜਾਂ ਇੰਜ ਕਹੋ ਕਿ ਜਿਹਨਾਂ ਉਪਰ ਉਹ ਆਸ਼ਕ ਸੀ, ਇਕ ਸ਼ਾਹ ਨਵਾਜ ਮਸਕੀਨ ਸੀ, ਜਿਸ ਉਪਰ ਉਹ ਦਿਲੋ-ਜਾਨ ਨਾਲ ਮਰ ਮਿਟੀ ਸੀ। ਮੀਆਂ ਖੁਸ਼ ਫਹਿਮ, ਮੀਆਂ ਅਰਜਮੰਦ ਤੇ ਮੀਆਂ ਮੁਹੱਬਤ ਆਦਿ ਖਵਾਜਾ ਸਰਾ (ਖੁਸਰੇ) ਉਸਦੇ ਸਲਾਹਕਾਰ ਸਨ ਤੇ ਹੋਰ ਅਧਿਕਾਰੀ ਡਿਊਢੀ ਵਿਚ ਬੈਠੇ ਉਡੀਕਦੇ ਰਹਿੰਦੇ ਸਨ ਤੇ ਬੇਗਮ ਨਾਲ ਉਦੋਂ ਤਕ ਮੁਲਾਕਾਤ ਸੰਭਵ ਨਹੀਂ ਸੀ ਹੁੰਦੀ ਜਦੋਂ ਤਕ ਇਹਨਾਂ ਖਵਾਜਾ ਸਰਾਵਾਂ ਤੋਂ ਇਜਾਜ਼ਤ ਨਾ ਮਿਲ ਜਾਏ। ਬੇਗਮ ਆਪਣੀਆਂ ਰੰਗ-ਰਲੀਆਂ ਵਿਚ ਤੇ ਇਹ ਸਲਾਕਾਰ ਆਪਣੀਆਂ ਮਸਤੀਆਂ-ਖੜਮਸਤੀਆਂ ਵਿਚ ਰੁੱਝੇ ਰਹਿੰਦੇ ਸਨ ਤੇ ਡਿਊਢੀ ਵਿਚ ਥਿਰਕਦੀਆਂ ਅੱਡੀਆਂ ਤੇ ਤਾੜੀਆਂ ਦੇ ਨਾਲ ਇਹ ਆਵਾਜ਼ ਸੁਣਾਈ ਦਿੰਦੀ ਰਹਿੰਦੀ¸
“...ਥਾ-ਥਾ ਥੱਈਆ, ਥਾ-ਥਾ ਥੱਈਆ।
ਨਾਚੇ ਮੇਰਾ ਭਈਆ।
ਲੱਕੜੀ ਕੀ ਗਾਡੀ,
ਲੱਕੜੀ ਕਾ ਪਹੀਆ।
ਨਾਚੇ ਮੇਰਾ ਭਈਆ,
ਥਾ-ਥਾ ਥੱਈਆ।
ਤੇ ਇਹਨਾਂ ਖਵਾਜਾ ਸਰਾਵਾਂ ਵਿਚ ਹਰੇਕ ਆਪਣੇ ਆਪ ਨੂੰ ਹੋਰਾਂ ਨਾਲੋਂ ਸਿਆਣਾ ਸਮਝਦਾ ਸੀ। ਰਾਜ-ਕਾਜ ਦੀ ਕਿਸੇ ਵੀ ਸਮੱਸਿਆ ਉਪਰ ਗੱਲਬਾਤ ਕਰਦਿਆਂ ਹੋਇਆਂ, ਸਹਿਮਤ-ਅਸਹਿਮਤ ਹੋਣਾ ਤਾਂ ਪਾਸੇ ਰਿਹਾ, ਇਹ ਹੋਛੇ ਵਿਅੰਗ-ਵਾਂਕਾਂ ਉਪਰ ਆਉਂਦੇ ਸਨ।
ਮੀਆਂ ਖੁਸ਼ ਫਹਿਮ, “ਤੇਰਾ ਪਿਓ ਤਾਂ ਭੇਡਾਂ ਚਾਰਦਾ ਹੁੰਦਾ ਸੀ ਫੇਰ ਤੂੰ ਸਿਆਸਤ ਨੂੰ ਕੀ ਸਮਝੇਂਗਾ? ਤੈਨੂੰ ਇਹ ਤਾਂ ਪਤਾ ਨਹੀਂ ਬਈ ਬੇਰ ਦਾ ਅੱਗਾ ਕਿਹੜਾ ਤੇ ਪਿੱਛਾ ਕਿੱਧਰ ਹੁੰਦੈ?”
ਮੀਆਂ ਅਰਜਮੰਦ, “ਤੇਰਾ ਪਿਓ ਮੂੰਨੀ ਜਾਨ ਦਾ ਭੜੂਆ ਹੁੰਦਾ ਸੀ। ਸਿਆਸਤ ਦੀਆਂ ਡੀਗਾਂ ਮਰਾਨ ਵਾਲਿਆ ਜ਼ਰਾ ਇਹ ਤਾਂ ਦੱਸ ਬਈ ਸਵੇਰੇ ਮੁਰਗਾ ਹੀ ਬਾਂਗ ਕਿਉਂ ਦਿੰਦੈ, ਕਾਂ ਕਿਉਂ ਨਹੀਂ ਦੇ ਦਿੰਦਾ?”
ਮੀਆਂ ਮੁਹੱਬਤ, “ਓ ਮੀਆਂ ਜੀ, ਮੁਰਗੇ ਨੂੰ ਮੁਰਗਾ ਤੇ ਕਾਂ ਨੂੰ ਕਾਂ ਖ਼ੁਦਾ ਨੇ ਬਣਾਇਆ ਏ। ਤੂੰ ਖ਼ੁਦਾ ਦੇ ਕੰਮਾਂ ਵਿਚ ਦਖਲ ਦੇਣ ਵਾਲ ਕੌਣ ਹੁੰਦੈਂ? ਤੇਰਾ ਕੰਮ ਏਂ¸'ਥਾ-ਥਾ ਥੱਈਆ, ਨਾਚ ਮੇਰੇ ਭਈਆ'।” ਤੇ ਉਹ ਤਿੰਨੇ ਲੱਕ ਹਿਲਾ ਹਿਲਾ ਕੇ ਨੱਚਣ ਲੱਗ ਪੈਂਦੇ। ਰਾਜਨੀਤਕ ਸਮੱਸਿਆ, ਵਿਚਾਰੀ ਹੈਰਾਨੀ ਨਾਲ, ਸਿਲ-ਪੱਥਰ ਹੋਈ ਉਹਨਾਂ ਦੇ ਮੂੰਹ ਵੱਲ ਵਿੰਹਦੀ ਰਹਿ ਜਾਂਦੀ।
ਖਵਾਜਾ ਸਰਾਵਾਂ ਦੀ ਮੌਜ-ਮਸਤੀ ਤੇ ਮੁਗਲਾਨੀ ਬੇਗਮ ਦੀ ਲੱਚਰਤਾ ਦੇ ਕਿੱਸੇ ਇੱਥੋਂ ਤਕ ਮਸ਼ਹੂਰ ਹੋ ਗਏ ਕਿ 'ਹਾਟ ਬਾਜ਼ਾਰ' ਤੇ ਰੰਡੀਖਾਨਿਆਂ ਵਿਚ ਚਰਚਾ ਦਾ ਇਕੋਇਕ ਵਿਸ਼ਾ ਇਹੀ ਹੁੰਦਾ ਸੀ¸
“ਓਇ ਮੁੱਛਲਾ, ਤੂੰ ਇੱਥੇ ਕਿਉਂ ਆ ਗਿਐਂ। ਜਾਹ ਮੁਗਲਾਨੀ ਬੇਗਮ ਕੋਲ ਜਾਹ, ਜਿਹੜੀ ਹੁਸਨ ਤੇ ਪੈਸਾ ਖੁੱਲ੍ਹੇ ਹੱਥੀਂ ਲੁਟਾਅ ਰਹੀ ਏ।” ਸ਼ਕੀਲਾ ਜਾਨ ਦੇ ਆਸ਼ਕਾਂ ਵਿਚੋਂ ਇਕ ਨੇ ਦੂਜੇ ਨੂੰ ਕਿਹਾ।
“ਮੂੰਹ ਧੋ ਕੇ ਰੱਖੀਂ। ਮੁਗਲਾਨੀ ਬੇਗਮ ਦਾ ਜਿਸਮ, ਹੁਸਨ ਤੇ ਪੈਸਾ 17, 18 ਸਾਲ ਦੀ ਚੜ੍ਹਦੀ ਜਵਾਨੀ ਦੇ ਚੂਚਿਆਂ ਲਈ ਏ, ਸਾਡੇ ਤੁਹਾਡੇ ਲਈ ਨਹੀਂ। ਆਪਾਂ ਨੂੰ ਤਾਂ ਆਪਣੀ ਸ਼ਕੀਲਾ ਬੇਗਮ ਈ ਗਨੀਮਤ ਏ।  ਖ਼ੁਦਾ ਇਸ ਦੀ ਤੰਦਰੁਸਤੀ ਤੇ ਜਵਾਨੀ ਬਰਕਰਾਰ ਰੱਖੇ”
“ਬੇਗਮ ਵੀ ਜਵਾਨ ਤੇ ਤੰਦਰੁਸਤ ਏ। ਕੀ ਪਤੈ, ਉਸਨੂੰ ਤੁਹਾਡੇ ਨਾਲ ਈ ਮੁਹੱਬਤ ਹੋ ਜਾਏ। ਆਖਰ ਤੁਸੀਂ ਵੀ ਤਾਂ ਬਾਂਕੇ ਜਵਾਨ ਓਂ।”
“ਮੁਹੱਬਤ! ਤਾਂ ਤੁਸੀਂ ਸਮਝਦੇ ਓ ਕਿ ਬੇਗਮ ਜਿਹਨਾਂ ਨਾਲ ਰਾਤਾਂ ਗੁਜ਼ਾਰਦੀ ਏ, ਉਹਨਾਂ ਨਾਲ ਉਸਨੂੰ ਮੁਹੱਬਤ ਵੀ ਏ? ਮੀਆਂ ਮੁਹੱਬਤ ਦਾ ਨਾਂ ਬਦਨਾਮ ਨਾ ਕਰੋ। ਕੀ ਅਸੀਂ ਤੁਸੀਂ ਸ਼ਕੀਲਾ ਜਾਨ ਨਾਲ ਮੁਹੱਬਤ ਕਰਦੇ ਹਾਂ ਜਾਂ ਉਹ ਸਾਡੇ ਨਾਲ ਮੁਹੱਬਤ ਕਰਦੀ ਏ? ਨਹੀਂ ਅਸੀਂ ਆਪਣੀ ਅਯਾਸ਼ੀ ਲਈ ਸ਼ਕੀਲਾ ਬੇਗਮ ਦਾ ਜਿਸਮ ਖਰੀਦਦੇ ਹਾਂ...ਤੇ ਪੈਸਾ ਖਰਚ ਕਰਨ ਦੇ ਇਲਾਵਾ ਉਸਦੇ ਨਖਰੇ ਵੀ ਝੱਲਦੇ ਹਾਂ। ਬੇਗਮ, ਬੇਗਮ ਹੈ। ਉਸਨੂੰ ਕਿਸੇ ਦੇ ਨਾਜ਼ ਨਖ਼ਰੇ ਝੱਲਣ ਦੀ ਜ਼ਰੂਰਤ ਨਹੀਂ। ਉਹ ਆਪਣੀ ਅਯਾਸ਼ੀ ਲਈ ਮਰਦਾਂ ਦੇ ਜਿਸਮ ਖਰੀਦਦੀ ਹੈ। ਸਾਫ ਗੱਲ ਨੂੰ ਉਲਝਾਇਆ ਨਾ ਜਾਏ ਤਾਂ ਅਯਾਸ਼ੀ ਅਯਾਸ਼ੀ ਹੁੰਦੀ ਹੈ, ਮੁਹੱਬਤ ਨਹੀਂ।”
“ਇਹ ਠੀਕ ਹੈ ਕਿ ਅਯਾਸ਼ੀ ਨੂੰ ਮੁਹੱਬਤ ਕਹਿਣਾ ਵਜਾਬ ਨਹੀਂ ਪਰ ਸਾਹਿਬ ਇਹ ਤਾਂ ਹਕੀਕਤ ਹੈ ਕਿ ਬੇਗਮ ਨੂੰ ਗਾਜ਼ੀ ਬੇਗ ਖਾਂ ਨਾਲ ਤੇ ਗਾਜ਼ੀ ਬੇਗ ਖਾਂ ਨੂੰ ਬੇਗਮ ਨਾਲ ਮੁਹੱਬਤ ਹੈ।”
“ਜੇ ਸਾਡੀ ਸ਼ਕੀਲਾ ਜਾਨ ਨੂੰ ਲਾਹੌਰ ਦੀ ਨਵਾਬੀ ਮਿਲ ਜਾਏ ਤਾਂ ਉਹ ਵੀ ਤੁਹਾਡੇ ਨਾਲ ਗਾਜ਼ੀ ਬੇਗ ਖਾਂ ਵਾਂਗ ਹੀ ਮੁਹੱਬਤ ਕਰੇਗੀ। ਨਾ ਤੁਹਾਨੂੰ ਨਾਜ਼-ਨਖ਼ਰੇ ਉਠਾਉਣੇ ਪੈਣਗੇ ਤੇ ਨਾ ਪੈਸੇ ਖਰਚ ਕਰਨੇ ਪੈਣਗੇ। ਤੁਹਾਨੂੰ ਸ਼ਕੀਲਾ ਜਾਨ ਤੇ ਸ਼ਕੀਲਾ ਜਾਨ ਨੂੰ ਤੁਹਾਡੇ ਨਾਲ ਮੁਹੱਬਤ ਹੋਏਗੀ।” ਕੋਈ ਤੀਜਾ ਬੋਲਿਆ ਤੇ ਪਲਟ ਕੇ ਸ਼ਕੀਲਾ ਜਾਨ ਨੂੰ ਪੁੱਛਣ ਲੱਗਾ, “ਮੈਂ ਠੀਕ ਕਹਿ ਰਿਹਾਂ ਨਾ? ਹੋਏਗੀ ਨਾ ਮੁਹੱਬਤ ਉਦੋਂ ਵੀ?”
“ਬੇਕਾਰ ਦੀਆਂ ਗੱਲਾਂ ਦਾ ਕੀ ਲਾਭ?” ਸ਼ਕੀਲਾ ਜਾਨ ਨੇ ਉਤਰ ਦਿੱਤਾ, “ਮੈਨੂੰ ਨਾ ਨਵਾਬੀ ਦੀ ਲੋੜ ਏ, ਨਾ ਮੁਹੱਬਤ ਦੀ। ਮੇਰੇ ਕੋਲ ਜਿਸਮ ਏਂ। ਜਿਸਮ ਵੇਚ ਕੇ ਗੁਜਾਰਾ ਕਰਦੀ ਹਾਂ। ਨਹੀਂ ਵੇਚਾਂਗੀ ਤਾਂ ਗੁਜਾਰਾ ਕਿਵੇਂ ਹੋਏਗਾ?”
ਕਹਾਵਤ ਹੈ, ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ। ਜਿਸ ਤਰ੍ਹਾਂ ਦਿੱਲੀ ਦਾ ਬਾਦਸ਼ਾਹ ਤੇ ਅਮੀਰ ਉਮਰਾ ਅਯਾਸ਼ੀ ਵਿਚ ਡੁੱਬੇ ਹੋਏ ਸਨ, ਉਸੇ ਤਰ੍ਹਾਂ ਮੁਗਲਾਨੀ ਬੇਗਮ ਦਾ ਅਯਾਸ਼ੀ ਵਿਚ ਡੁੱਬ ਜਾਣਾ ਹੈਰਾਨੀ ਦੀ ਗੱਲ ਨਹੀਂ ਸੀ। ਜਿਸ ਤਰ੍ਹਾਂ ਦਿੱਲੀ ਵਿਚ ਗੁੱਟਬੰਦੀ ਸੀ ਤੇ ਸੱਤਾ ਹਥਿਆਉਣ ਖਾਤਰ ਛੜਯੰਤਰ ਰਚੇ ਜਾ ਰਹੇ ਸਨ, ਉਸੇ ਤਰ੍ਹਾਂ ਲਹੌਰ ਵਿਚ ਵੀ ਗੁੱਟਬੰਦੀ ਦਾ ਹੋਣਾ ਤੇ ਛੜਯੰਤਰ ਰਚੇ ਜਾਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ। ਮਈ 1754 ਵਿਚ ਮੁਗਲਾਨੀ ਬੇਗਮ ਦੇ ਇਕਲੌਤੇ ਤੇ ਤਿੰਨ ਸਾਲ ਦੇ ਪੁੱਤਰ ਦੀ ਮੌਤ ਹੋ ਗਈ। ਉਸਦੇ ਸਰੀਰ ਉਪਰ ਅਜਿਹੇ ਨਿਸ਼ਾਨ ਸਨ ਜਿਹਨਾਂ ਤੋਂ ਪਤਾ ਲੱਗਦਾ ਸੀ ਕਿ ਉਸਨੂੰ ਜ਼ਹਿਰ ਦਿੱਤਾ ਗਿਆ ਹੈ। ਦਰਬਾਰੀਆਂ ਤੇ ਆਮ ਲੋਕਾਂ ਦਾ ਖਿਆਲ ਸੀ ਕਿ ਸੱਤਾ ਆਪਣੇ ਹੱਥ ਵਿਚ ਲੈਣ ਲਈ ਦੀਵਾਨ ਭਿਖਾਰੀ ਖਾਂ ਨੇ ਆਪਣੇ ਚਹੇਤੇ ਖਵਾਜਾ ਸਰਾ ਜਮੁਰੱਦ ਦੇ ਹੱਥੋਂ ਜ਼ਹਿਰ ਦੁਆ ਕੇ ਬੱਚੇ ਦੀ ਹੱਤਿਆ ਕੀਤੀ ਹੈ। ਭਿਖਾਰੀ ਖਾਂ ਜਿਸ ਨੂੰ ਰੌਸ਼ਨਉਦੌਲਾ ਰੁਸਤਮੇ ਜਮਾਂ ਵੀ ਕਿਹਾ ਜਾਂਦਾ ਸੀ, ਮੀਰ ਮੰਨੂੰ ਦਾ ਖਾਸ ਦੋਸਤ ਤੇ ਸ਼ਕਤੀਸ਼ਾਲੀ ਤੁਰਕ ਸਰਦਾਰ ਸੀ। ਮੁਹੰਮਦ ਅਮੀਨ ਖਾਂ ਦੀ ਹੱਤਿਆ ਦਾ ਲਾਭ ਉਠਾ ਕੇ ਦਿੱਲੀ ਦੇ ਬਾਦਸ਼ਾਹ ਨੇ ਪੰਜਾਬ ਨੂੰ ਆਪਣੇ ਕਬਜੇ ਵਿਚ ਕਰ ਲੈਣ ਦੀ ਕੋਸ਼ਿਸ਼ ਕੀਤੀ ਤੇ ਇਕ ਮੁਗਲ ਸਰਦਾਰ ਮੋਮਿਨ ਖਾਂ ਨੂੰ ਲਾਹੌਰ ਦਾ ਨਵਾਬ ਥਾਪ ਦਿੱਤਾ। ਪਰ ਬੇਗਮ ਨੇ ਦਿੱਲੀ ਦੀ ਇਕ ਨਹੀਂ ਚੱਲਣ ਦਿੱਤੀ। ਖ਼ੁਦ ਭਿਖਾਰੀ ਖਾਂ ਤੇ ਤੁਰਕ ਸਰਦਾਰਾਂ ਦੀ ਮਦਦ ਨਾਲ ਉਸਨੇ ਇਸ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ।
ਭਿਖਾਰੀ ਖਾਂ ਨੇ ਬੇਗਮ ਦੀ ਮਦਦ ਆਪਣੇ ਸਵਾਰਥ ਵੱਸ ਕੀਤੀ ਸੀ। ਇਕ ਤਾਂ ਉਸਨੇ ਮੁਹੰਮਦ ਅਮੀਨ ਖਾਂ ਦੀ ਹੱਤਿਆ ਦੇ ਦੋਸ਼ ਤੋਂ ਬਚਣਾ ਸੀ, ਦੂਜਾ ਉਹ ਦਿੱਲੀ ਦੀ ਦਖਲ-ਅੰਦਾਜੀ ਦਾ ਵਿਰੋਧ ਕਰਕੇ ਹੀ ਸੱਤਾ ਆਪਣੇ ਹੱਥ ਵਿਚ ਲੈ ਸਕਦਾ ਸੀ। ਥੋੜ੍ਹ ਦਿਨਾਂ ਬਾਅਦ ਉਸਨੇ ਇਹ ਕਹਿ ਕੇ ਬਗਾਵਤ ਕਰ ਦਿੱਤੀ ਕਿ ਬੇਗਮ ਦੀ ਬਦਕਾਰੀ ਮੇਰੇ ਦੋਸਤ ਮੀਰ ਮੰਨੂੰ ਨਾਲ ਬੇਵਫਾਈ ਹੈ ਤੇ ਸਾਰੀ ਤੁਰਕ ਜਾਤੀ ਦੀ ਬਦਨਾਮੀ ਹੈ।
ਬੇਗਮ ਵੀ ਹੁਸ਼ਿਆਰ ਸੀ। ਉਸਨੇ ਤੁਰਕ ਸਰਦਾਰਾਂ ਵਿਚ ਫੁੱਟ ਪਾ ਦਿੱਤੀ। ਕਾਸਿਮ ਖਾਂ ਨਾਂ ਦੇ ਇਕ ਤੁਰਕ ਨੌਜਵਾਨ ਨੂੰ, ਜਿਹੜਾ ਸਿਪਾਹੀ ਤੋਂ ਜਮਾਂਦਾਰ ਬਣਿਆ ਸੀ, ਆਪਣੇ ਕੋਲ ਬੁਲਾਅ ਕੇ ਉਸਦੀ ਪਿੱਠ ਥਾਪੜੀ ਤੇ ਕਿਹਾ, “ਬੇਟਾ, ਤੂੰ ਮੇਰਾ ਬਹਾਦਰ ਬੇਟਾ ਏਂ। ਜਿਗਰ ਦਾ ਟੁਕੜਾ ਏਂ। ਨਮਕ ਹਰਾਮ ਭਿਖਾਰੀ ਖਾਂ ਦੇ ਹੱਥਾਂ 'ਚ ਨਾ ਖੇਡ। ਮੈਂ ਤੈਨੂੰ ਪੱਟੀ ਦਾ ਫੌਜਦਾਰ ਬਣਾ ਦਿਆਂਗੀ।”
ਕਾਸਿਮ ਖਾਂ ਨੇ ਨਾ ਸਿਰਫ ਬਗਾਵਤ ਨੂੰ ਦਬਾਉਣ ਵਿਚ ਮਦਦ ਕੀਤੀ, ਬਲਕਿ ਭਿਖਾਰੀ ਖਾਂ ਨੂੰ ਗਿਰਫਤਾਰ ਕਰਕੇ ਬੇਗਮ ਦੇ ਹਵਾਲੇ ਕਰ ਦਿੱਤਾ। ਬੇਗਮ ਨੇ ਜਿਹੜੀ ਹੁਣ ਤਕ ਆਪਣੀ ਮਜ਼ਬੂਰੀ ਕਰਕੇ ਚੁੱਪ ਸੀ, ਭਿਖਾਰੀ ਖਾਂ ਤੋਂ ਆਪਣੇ ਪੁੱਤਰ ਦੀ ਹੱਤਿਆ ਦਾ ਬਦਲਾ ਲਿਆ ਤੇ ਉਸਨੂੰ ਖੂਬ ਤੜਫਾ-ਤੜਫਾ ਕੇ ਮਾਰਿਆ।
“ਇਸ ਭਿਖਾਰੀ ਖਾਂ ਨੂੰ ਰੁਸਤਮੇ ਜੰਗ ਬਣਨ ਦਾ ਸਬਕ ਸਿਖਾਓ।” ਬੇਗਮ ਨੇ ਖਵਾਜਾ ਸਰਾਵਾਂ ਨੂੰ ਹੁਕਮ ਦਿੱਤਾ।
ਖਵਾਜਾ ਸਰਾ ਭਿਖਾਰੀ ਖਾਂ ਨੂੰ ਜੰਜੀਰਾਂ ਵਿਚ ਜਕੜ ਕੇ ਜੁੱਤੀਆਂ ਤੇ ਡੰਡਿਆਂ ਨਾਲ 'ਘੜਣ' ਲੱਗ ਪਏ। ਬੇਗਮ ਸ਼ਰਾਬ ਦਾ ਪਿਆਲਾ ਹੱਥ ਵਿਚ ਫੜ੍ਹੀ ਖੜ੍ਹੀ ਸੀ ਤੇ ਭਿਖਾਰੀ ਖਾਂ ਦੇ ਤੜਾ-ਤੜ ਜੁੱਤੀਆਂ ਤੇ ਡੰਡੇ ਵਰ੍ਹ ਰਹੇ ਸਨ।
“ਹਰਾਮਖੋਰ ਭਿਖਾਰੀਆ, ਪਿਓ ਤੋਂ ਨਾਂ ਤਾਂ ਚੰਗਾ ਰਖਵਾਇਆ ਹੁੰਦਾ।” ਬੇਗਮ ਨੇ ਸ਼ਰਾਬ ਦਾ ਇਕ ਘੁੱਟ ਭਰ ਕੇ ਕਿਹਾ ਤੇ ਖਵਾਜਾ ਸਰਾਵਾਂ ਨੂੰ ਇਸ਼ਾਰਾ ਕੀਤਾ, “ਬਣਾ ਦਿਓ ਇਸ ਨੂੰ ਨਵਾਬ।”
ਫੇਰ ਤਾੜ ਤਾੜ ਸ਼ੁਰੂ ਹੋ ਗਈ ਤੇ ਰੁਸਤਮੇਂ ਜੰਗ ਭਿਖਾਰੀ ਖਾਂ ਦੇ ਮੂੰਹੋਂ 'ਚੂੰ' ਤਕ ਨਹੀਂ ਨਿਕਲੀ।
“ਜਿਸਦੀ ਦੋਸਤੀ ਦਾ ਦਮ ਭਰਦਾ ਏਂ, ਉਸੇ ਦੇ ਬੱਚੇ ਦੀ ਹੱਤਿਆ ਕਰਦਿਆਂ ਸ਼ਰਮ ਨਹੀਂ ਆਈ।” ਬੇਗਮ ਨੇ ਇਕ ਘੁੱਟ ਹੋਰ ਭਰਿਆ ਤੇ ਖਵਾਜਾ ਸਰਾਵਾਂ ਨੂੰ ਇਸ਼ਾਰਾ ਕੀਤਾ, “ਬਣਾਓ ਇਸ ਸੂਰ ਨੂੰ ਲਾਹੌਰ ਦਾ ਨਵਾਬ।”
“ਬੜਾ ਸੱਚਾ-ਸੁੱਚਾ ਬਣਦਾ ਸੈਂ...ਸ਼ਾਇਦ ਜਨੱਤ ਵਿਚ ਜਾਣ ਦੀ ਉਮੀਦ ਵੀ ਹੋਏ।” ਬੇਗਮ ਨੇ ਸ਼ਰਾਬ ਦਾ ਇਕ ਘੁੱਟ ਹੋਰ ਭਰਿਆ ਤੇ ਕਿਹਾ, “ਪਹੁੰਚਾਅ ਦਿਓ ਇਸ ਪਾਜੀ ਨੂੰ ਜਹਨੁੱਮ ਵਿਚ।”
'ਤਾੜ-ਤਾੜ, ਤਾੜ-ਤਾੜ' ਫੇਰ ਸ਼ੁਰੂ ਹੋ ਗਈ। ਬੇਹੋਸ਼ ਹੋ ਗਏ ਭਿਖਾਰੀ ਨੇ ਜੁੱਤੀਆਂ ਤੇ ਡੰਡਿਆਂ ਦੀ ਮਾਰ ਦੌਰਾਨ ਪਤਾ ਨਹੀਂ ਕਦੋਂ ਦਮ ਤੋੜ ਦਿੱਤਾ।
ਬੇਗਮ ਨੇ ਸ਼ਰਾਬ ਦਾ ਅੰਤਿਮ ਘੁੱਟ ਭਰਿਆ ਤੇ ਖਾਲੀ ਗਿਲਾਸ ਨੂੰ ਅਤਿ ਨਫ਼ਰਤ ਨਾਲ ਭਿਖਾਰੀ ਦੀ ਲਾਸ਼ 'ਤੇ ਦੇ ਮਾਰਿਆ।
ਬੇਗਮ ਨੇ ਆਪਣੇ ਵਾਅਦੇ ਅਨੁਸਾਰ ਕਾਸਮ ਖਾਂ ਨੂੰ ਪੱਟੀ ਪਰਗਨਾ ਦਾ ਫੌਜਦਾਰ ਬਣਾ ਦਿੱਤਾ। ਉਸਨੂੰ ਕਈ ਹਜ਼ਾਰ ਰੁਪਏ ਨਕਦ ਤੇ ਤੋਪਾਂ ਦਿੱਤੀਆਂ। 300 ਬੇਰੁਜ਼ਗਾਰਾਂ ਨੂੰ ਜਿਹੜੇ ਅਹਿ ਇਹਨਾਂ ਦਿਨਾਂ ਵਿਚ ਹੀ ਰੋਜ਼ਗਾਰ ਦੀ ਭਾਲ ਵਿਚ ਪੰਜਾਬ ਆਏ ਸਨ, ਤੋਪਚੀ ਭਰਤੀ ਕੀਤਾ। ਇਸਦੇ ਇਲਾਵਾ ਕਈ ਹਜ਼ਾਰ ਘੋੜਸਵਾਰ ਤੇ ਪੈਦਲ ਸਿਪਾਹੀ ਉਸ ਨਾਲ ਸਨ ਤੇ ਉਹ ਬੜੀ ਸ਼ਾਨ ਨਾਲ ਪੱਟੀ ਵੱਲ ਰਵਾਨਾ ਹੋ ਗਿਆ। ਉਸਦੇ ਨਾਲ ਇਕ ਤਹਿਮਸ ਖਾਂ ਨਾਂ ਦਾ ਮਸਕੀਨ ਵੀ ਸੀ, ਜਿਹੜਾ ਹਰ ਰੋਜ਼ ਡਾਇਰੀ ਲਿਖਦਾ ਹੁੰਦਾ ਸੀ।
ਸ਼ਾਮ ਨੂੰ ਉਸਨੇ ਲਾਹੌਰ ਤੋਂ ਕੋਈ ਚਾਰ ਪੰਜ ਕੋਹ ਉਰੇ ਹੀ ਆਪਣਾ ਪੜਾਅ ਲਾ ਲਿਆ ਤੇ ਨਾਚ-ਗਾਣੇ ਦੀ ਮਹਿਫਲ ਸਜਾਈ। ਉਸੇ ਸਮੇਂ ਸਿੱਖ ਗੁਰੀਲਿਆਂ ਨੇ ਧਾਵਾ ਬੋਲਿਆ ਤੇ ਲੁੱਟ ਮਾਰ ਕਰਕੇ ਪਰਤ ਗਏ। ਲੋਕਾਂ ਨੇ ਬੜਾ ਕਿਹਾ ਕਿ ਸਿੱਖਾਂ ਦਾ ਪਿੱਛਾ ਕੀਤਾ ਜਾਏ, ਪਰ ਕਾਸਮ ਖਾਂ ਦੇ ਕੰਨ 'ਤੇ ਜੂੰ ਨਾ ਸਰਕੀ। ਰਾਤ ਭੈ ਕਾਰਨ ਜਾਗਦਿਆਂ ਹੀ ਬੀਤੀ। ਸਵੇਰੇ ਜਦੋਂ ਉਹ ਚੱਲਣ ਲਈ ਤਿਆਰੀ ਕਰ ਰਹੇ ਸਨ, ਸਿੱਖ ਗੁਰੀਲਿਆਂ ਨੇ ਫੇਰ ਹਮਲਾ ਕਰ ਦਿੱਤਾ ਤੇ ਲੁੱਟਮਾਰ ਕਰਕੇ ਵਾਪਸ ਪਰਤ ਗਏ। ਦੂਜੇ ਦਿਨ ਉਹ ਦਾਮੋਦਰਨ ਨਾਂ ਦੇ ਇਕ ਪਿੰਡ ਵਿਚ ਪਹੁੰਚਿਆ। ਪਿੰਡ ਦੇ ਚੌਧਰੀ ਤੇ ਨੰਬਰਦਾਰ ਸਵਾਗਤ ਲਈ ਆਏ। ਕਾਸਮ ਖਾਂ ਨੇ ਉਹਨਾਂ ਸਾਰਿਆਂ ਨੂੰ ਕੈਦ ਕਰ ਲਿਆ। ਪਿੰਡ ਤੇ ਕਿਲਾ ਲੁੱਟ ਲਿਆ। ਉਹਨਾਂ ਉਪਰ ਦੋਸ਼ ਲਾਇਆ ਗਿਆ ਕਿ ਉਹਨਾਂ ਸਿੱਖਾ ਦੀ ਮਦਦ ਕੀਤੀ ਹੈ, ਹਾਲਾਂਕਿ ਉਹ ਪੂਰਾ ਪਿੰਡ ਮੁਸਲਮਾਨਾਂ ਦਾ ਸੀ ਤੇ ਸਿੱਖ ਉਸ ਉੱਤੇ ਸਵੇਰੇ ਸ਼ਾਮੀਂ ਹਮਲਾ ਕਰਦੇ ਤੇ ਲੁੱਟਮਾਰ ਕਰਦੇ ਰਹਿੰਦੇ ਸਨ।
ਕੁਝ ਦਿਨਾਂ ਬਾਅਦ ਕਾਸਮ ਖਾਂ ਨੂੰ ਖਬਰ ਮਿਲੀ ਕਿ ਸਿੱਖ ਇਕ ਨਾਲ ਵਾਲੇ ਪਿੰਡ ਵਿਚ ਇਕੱਠੇ ਹੋਏ ਹੋਏ ਹਨ। ਉਸਨੇ ਆਪਣੇ ਭਰਾ ਆਲਮ ਬੇਗ ਨੂੰ ਇਕ ਹਜ਼ਾਰ ਘੋੜਸਵਾਰ ਤੇ ਪੈਦਲ ਸੈਨਾ ਨਾਲ ਉਹਨਾਂ ਉੱਤੇ ਹਮਲਾ ਕਰਨ ਲਈ ਭੇਜ ਦਿੱਤਾ। ਸਿੱਖ ਪਹਿਲਾਂ ਹੀ ਤਿਆਰ ਸਨ। ਘਮਾਸਾਨ ਦੀ ਲੜਾਈ ਹੋਈ। ਆਲਮ ਖਾਂ ਤਿੰਨ ਸੌ ਬੇਦੋਸੇ ਸਿਪਾਹੀਆਂ ਦੀ ਬਲੀ ਦੇ ਕੇ ਅਸਫਲ ਵਾਪਸ ਪਰਤ ਆਇਆ।
ਇਸ ਹਾਰ ਦੀ ਖਬਰ ਸੁਣ ਕੇ ਕਾਸਮ ਖਾਂ ਤਿਲਮਿਲਾ ਉਠਿਆ। ਅਗਲੇ ਦਿਨ ਘੋੜੇ ਉੱਤੇ ਸਵਾਰ ਹੋ ਕੇ ਉਸਨੇ ਖ਼ੁਦ ਸਿੱਖਾਂ ਉੱਤੇ ਚੜ੍ਹਾਈ ਕਰ ਦਿੱਤੀ। ਤਹਿਮਸ ਖਾਂ ਮਸਕੀਨ ਵੀ ਉਸਦੇ ਨਾਲ ਸੀ। ਮਸਕੀਨ ਲਿਖਦਾ ਹੈ ਕਿ ਤੀਹ ਸਿੱਖ ਘੋੜਸਵਾਰਾਂ ਨੇ ਕਾਸਮ ਖਾਂ ਦੀ ਫੌਜ ਵਿਚ ਭਗਦੜ ਮਚਾ ਦਿੱਤੀ।
“ਸਿੱਖ ਬਹਾਦੁਰ ਹਨ। ਉਹਨਾਂ ਨਾਲ ਲੜਨਾ ਠੀਕ ਨਹੀਂ। ਕਿਉਂ ਨਾ ਉਹਨਾਂ ਨਾਲ ਦੋਸਤੀ ਕਰ ਲਈ ਜਾਏ।” ਕਾਸਮ ਖਾਂ ਨੇ ਤਹਿਮਸ ਖਾਂ ਨੂੰ ਕਿਹਾ ਸੀ।
“ਇਸ ਵਿਚ ਸ਼ੱਕ ਨਹੀਂ ਕਿ ਸਿੱਖ ਬਹਾਦੁਰ ਨੇ। ਮੌਤ ਤੋਂ ਨਹੀਂ ਡਰਦੇ।” ਤਹਿਮਸ ਖਾਂ ਨੇ ਉਤਰ ਦਿੱਤਾ ਤੇ ਅੱਗੇ ਕਿਹਾ, “ਪਰ ਸਾਡੇ ਤੇ ਉਹਨਾਂ ਵਿਚਕਾਰ ਦੋਸਤੀ ਹੋ ਸਕਣਾ ਸੰਭਵ ਨਹੀਂ। ਉਹ ਆਪਣੇ ਮੁਲਕ ਦੀ ਆਜ਼ਾਦੀ ਲਈ ਲੜ ਰਹੇ ਨੇ, ਜਦ ਕਿ ਅਸੀਂ ਉਹਨਾਂ ਨੂੰ ਗ਼ੁਲਾਮ ਬਣਾਈ ਰੱਖਣਾ ਚਾਹੁੰਦੇ ਆਂ।”
“ਆਜ਼ਾਦੀ-ਅਜ਼ੂਦੀ ਕੁਝ ਨਹੀਂ ਹੁੰਦੀ। ਮੈਂ ਉਹਨਾਂ ਨੂੰ ਉਹਨਾਂ ਦੀ ਦਲੇਰੀ ਦਾ ਮੁੱਲ ਦਿਆਂਗਾ ਤੇ ਤੂੰ ਦੇਖੀਂ ਉਹ ਖੁਸ਼ੀ ਨਾਲ ਮੇਰਾ ਸਾਥ ਦੇਣਗੇ।” ਉਸਨੇ ਤਹਿਮਸ ਖਾਂ ਦੀ ਇਕ ਨਹੀਂ ਸੁਣੀ। ਅੱਠ ਸੌ ਸਿੱਖ ਆਪਣੀ ਫੌਜ ਵਿਚ ਭਰਤੀ ਕਰ ਲਏ।
“ਮੈਂ ਇਹਨਾਂ ਸਿੱਖਾਂ ਦੀ ਮਦਦ ਨਾਲ ਪਹਿਲਾਂ ਲਾਹੌਰ ਦਾ ਨਵਾਬ ਬਣਾਗਾ, ਤੇ ਫੇਰ ਦਿੱਲੀ ਫਤਿਹ ਕਰਾਂਗਾ। ਕਿਸ ਦੀ ਹਿੰਮਤ ਹੈ ਕਿ ਮੇਰੇ ਇਹਨਾਂ ਸਿੱਖਾਂ ਦਾ ਮੁਕਾਬਲਾ ਕਰੇ।” ਉਸਨੇ ਹਿੱਕ ਥਾਪੜ ਕੇ ਬੜੇ ਮਾਣ ਨਾਲ ਕਿਹਾ ਤੇ ਫੇਰ ਖਿੜ-ਖਿੜ  ਕਰਕੇ ਹੱਸਦਾ ਹੋਇਆ ਬੋਲਿਆ, “ਹਾ-ਹਾ-ਹਾ ! ਮੈਂ ਦਿੱਲੀ ਦਾ ਬਾਦਸ਼ਾਹ ਹੋਵਾਂਗਾ—ਦਿੱਲੀ ਦਾ ਬਾਦਸ਼ਾਹ!”
ਉਸ ਕੋਲ ਜਿੰਨਾਂ ਪੈਸਾ ਤੇ ਹਥਿਆਰ ਸਨ, ਉਸਨੇ ਸਿੱਖ-ਸਵਾਰਾਂ ਵਿਚ ਵੰਡ ਦਿੱਤੇ ਤੇ ਪੱਟੀ ਜਾਣ ਦੇ ਬਜਾਏ ਲਾਹੌਰ ਵੱਲ ਮੁੜ ਪਿਆ। ਸ਼ਾਮ ਹੋਣ ਦੇ ਨਾਲ ਹੀ ਲਾਹੌਰ ਦੇ ਨੇੜੇ ਜਾ ਪਹੁੰਚਿਆ ਤੇ ਰਾਵੀ ਦੇ ਕਿਨਾਰੇ ਡੇਰਾ ਲਾ ਦਿੱਤਾ। ਸਿੱਖ ਸਰਦਾਰਾਂ ਨਾਲ ਸਲਾਹ ਕਰਕੇ ਅਗਲੇ ਦਿਨ ਹਮਲਾ ਕਰਨ ਦੀ ਯੋਜਨਾ ਬਣਾਈ ਤੇ ਬਾਦਸ਼ਾਹ ਬਣਨ ਦੇ ਸੁਪਨੇ ਦੇਖਦਾ ਹੋਇਆ ਸੌਂ ਗਿਆ। ਸਵੇਰੇ ਉਠ ਦੇ ਦੇਖਿਆ ਤਾਂ ਉੱਥੇ ਇਕ ਵੀ ਸਿੱਖ ਨਹੀਂ ਸੀ। ਉਹ ਰੁਪਏ ਤੇ ਹਥਿਆਰ ਲੈ ਕੇ ਦੌੜ ਗਏ ਸਨ। ਹੁਣ ਉਸਨੂੰ ਮਸਕੀਨ ਦੀ ਗੱਲ ਚੇਤੇ ਆਈ ਕਿ ਸਿੱਖਾਂ ਨਾਲ ਦੋਸਤੀ ਸੰਭਵ ਨਹੀਂ, ਪਰ ਹੁਣ ਪਛਤਾਇਆਂ ਕੀ ਹੋਣਾ ਸੀ ਜਦੋਂ ਚਿੜੀਆਂ ਖੇਤ ਹੀ ਚੁਗ ਗਈਆਂ ਸਨ। ਸਿੱਖਾਂ ਨੂੰ ਪੈਸੇ ਤੇ ਹਥਿਆਰਾਂ ਦੀ ਲੋੜ ਸੀ—ਉਹ, ਉਹਨਾਂ ਉਸਨੂੰ ਉੱਲੂ ਬਣਾ ਕੇ ਹਾਸਲ ਕਰ ਲਏ।
ਉਸ ਕੋਲ ਜਿਹੜਾ ਹਜ਼ਾਰਾਂ ਰੁਪਈਆ ਸੀ, ਉਸਨੇ ਸਿੱਖਾਂ ਨੂੰ ਵੰਡ ਦਿੱਤਾ ਸੀ ਪਰ ਦੂਜੇ ਸੈਨਕਾਂ ਨੂੰ ਤਨਖਾਹ ਵੀ ਨਹੀਂ ਸੀ ਮਿਲੀ। ਜਦੋਂ ਦੇਖਿਆ ਕਿ ਸਿੱਖ ਪੱਤਰੇ ਵਾਚ ਗਏ ਨੇ ਤਾਂ ਉਹਨਾਂ ਵੀ ਬਗ਼ਾਵਤ ਕਰ ਦਿੱਤੀ।
“ਸਾਨੂੰ ਸਾਡੀਆਂ ਤਨਖਾਹਾਂ ਦਿਓ, ਸਾਨੂੰ ਸਾਡੀਆਂ ਤਨਖਾਹਾਂ ਦਿਓ।” ਨਾਅਰੇ ਲਾਉਂਦੇ ਹੋਏ ਸਿਪਾਹੀਆਂ ਨੇ ਉਸਨੂੰ ਆ ਘੇਰਿਆ। ਕੈਂਪ ਦੀਆਂ  ਕਿੱਲੀਆਂ ਉਖਾੜ ਦਿੱਤੀਆਂ ਤੇ ਜਿਸ ਤਰ੍ਹਾਂ ਖਵਾਜਾ ਸਰਾਵਾਂ ਨੇ ਭਿਖਾਰੀ ਖਾਂ ਨੂੰ ਕੁੱਟਿਆ ਸੀ, ਜੁੱਤੀਆਂ ਤੇ ਕੈਂਪ ਦੀਆਂ ਕਿੱਲੀਆਂ ਨਾਲ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਉਸਨੂੰ ਘਸੀਟ ਦੇ ਹੋਏ ਬੇਗਮ ਕੋਲ ਲੈ ਆਏ, ਜਿਸ ਨੇ ਉਸਨੂੰ ਜੇਲ ਵਿਚ ਸੁੱਟਵਾ ਦਿੱਤਾ।
***
ਉਹ ਦਿਨ ਹੀ ਅਜਿਹੇ ਸਨ ਕਿ ਜਿਹੜੇ ਵਿਦੇਸ਼ੀ ਦੇ ਹੱਥ ਵਿਚ ਤਲਵਾਰ ਆ ਜਾਂਦੀ ਸੀ, ਆਪਣੀ ਆਜ਼ਾਦ ਹਕੂਮਤ ਸਥਾਪਤ ਕਰਨ ਦੇ ਸੁਪਨੇ ਲੈਣ ਲੱਗ ਪੈਂਦਾ ਸੀ। ਮੀਰ ਮੰਨੂੰ ਦੀ ਮੌਤ ਤੋਂ ਬਾਅਦ ਤਿੰਨ ਸਾਲ ਦੇ ਅੰਦਰ-ਅੰਦਰ ਨੌਂ ਨਵਾਬ ਬਣੇ ਤੇ ਬਦਲੇ ਗਏ। ਰਾਜਧਾਨੀ ਲਾਹੌਰ ਵਿਚ ਛੜਯੰਤਰਾਂ, ਹੱਤਿਆਵਾਂ ਤੇ ਜਾਲ-ਸਾਜੀਆਂ ਦਾ ਬਾਜ਼ਾਰ ਗਰਮ ਸੀ। ਬੇਗਮ ਦੀ ਵਿਲਾਸਤਾ ਤੇ ਬਦਕਾਰੀ ਤੋਂ ਤੁਰਕ ਤੇ ਮੁਗਲ ਦੋਹੇਂ ਹੀ ਅੱਕੇ ਹੋਏ ਸਨ ਤੇ ਵਿਦਰੋਹ ਤੇ ਜਾਲ-ਸਾਜੀਆਂ ਨੂੰ ਹਵਾ ਦੇ ਰਹੇ ਸਨ। ਸਿੱਟਾ ਇਹ ਕਿ ਰਾਜ ਦਾ ਪੂਰਾ ਢਾਂਚਾ ਅਸਤ-ਵਿਆਸਤ ਹੋ ਗਿਆ। ਮੁਲਤਾਨ ਦਾ ਸੂਬੇਦਾਰ ਵੱਖਰਾ ਸੀ, ਜਿਹੜਾ ਦਿੱਲੀ ਦੇ ਬਜਾਏ ਕੰਧਾਰ ਦੇ ਅਧੀਨ ਸੀ। ਚਾਹਾਰ ਮਹਿਲ ਦੇ ਫੌਜਦਾਰ ਰੁਸਤਮ ਖਾਂ ਨੂੰ ਵੀ ਅਹਿਮਦ ਸ਼ਾਹ ਅਬਦਾਲੀ ਨੇ ਲਾਇਆ ਸੀ। ਅਦੀਨਾ ਬੇਗ ਜਲੰਧਰ ਤੇ ਸਰਹਿੰਦ ਦਾ ਸੁਤੰਤਰ ਰਾਜ ਬਣਾਈ ਬੈਠਾ ਸੀ। ਛੋਟੇ ਛੋਟੇ ਸਥਾਨਕ ਜ਼ਿਮੀਂਦਾਰ ਵੀ ਆਪਣੀ ਫੌਜ ਭਰਤੀ ਕਰਕੇ ਵੱਖ ਹੁੰਦੇ ਜਾ ਰਹੇ ਸਨ। ਦੁਆਬਾ-ਸਿੰਧ-ਸਾਗਰ ਵਿਚ ਗਕਖਰ; ਮਕਰਬ ਖਾਂ, ਦੁਆਬਾ-ਚੱਜ ਵਿਚ; ਆਕਿਲਦਾਸ ਜੰਡਿਆਲਾ ਵਿਚ; ਰੰਧਾਵਾ ਜ਼ਿਮੀਂਦਾਰ ਬਟਾਲਾ ਵਿਚ; ਕਸੂਰ ਦੇ ਅਫਗਾਨ ਦੁਆਬਾ-ਬਾਰੀ ਵਿਚ; ਰਾਜਪੂਤ ਫਗਵਾੜਾ ਤੇ ਕਪੂਰਥਲੇ ਵਿਚ ਸ਼ਕਤੀਸ਼ਾਲੀ ਸੁਤੰਤਰ ਰਾਜੇ ਬਣ ਬੈਠੇ ਸਨ।
ਜਿਹੜੇ  ਪੇਸ਼ਾਵਰ ਵਿਦੇਸ਼ੀ ਸਿਪਾਹੀ ਭਰਤੀ ਕੀਤੇ ਗਏ ਸਨ, ਉਹ ਵੀ ਜਨਤਾ ਨੂੰ ਬੇਰਹਿਮੀ ਨਾਲ ਲੁੱਟਦੇ ਸਨ। ਅਫਰਾ-ਤਫਰੀ ਤੇ ਗੁੰਡਾ-ਗਰਦੀ ਇਸ ਹੱਦ ਤਕ ਵਧ ਗਈ ਸੀ ਕਿ ਭਾਂਤ-ਭਾਂਤ ਦੇ ਚੋਰ-ਉੱਚਕੇ ਪੈਦਾ ਹੋ ਗਏ ਸਨ। ਪੂਰੀ ਸਥਿਤੀ ਨੂੰ ਇਸ ਲੋਕ ਅਖਾਣ ਵਿਚ ਬੰਦ ਕਰ ਦਿੱਤਾ ਗਿਆ ਸੀ—
'ਲੰਡਾ ਲੁੱਚਾ ਚੌਧਰੀ
ਗੁੰਡੀ ਰੰਨ ਪ੍ਰਧਾਨ।'
ਦਿੱਲੀ ਤੇ ਲਾਹੌਰ ਦੀ ਪਿੰਗਲੀ ਸਰਕਾਰ ਖ਼ੁਦ ਆਪਣੀ ਰੱਖਿਆ ਕਰਨ ਤੋਂ ਅਸਮਰਥ ਸੀ, ਉਹ ਕਿਸੇ ਹੋਰ ਦੀ ਕੀ ਰੱਖਿਆ ਕਰ ਸਕਦੀ ਸੀ। ਨਾ ਕਿਸੇ ਦੀ ਜਾਨ-ਮਾਲ ਸੁਰੱਖਿਅਤ ਸੀ ਨਾ ਇੱਜ਼ਤ। ਚਾਰੇ ਪਾਸੇ ਲੁੱਟ ਮੱਚੀ ਹੋਈ ਸੀ। ਇਸ ਅਫਰਾ-ਤਫਰੀ ਵਿਚ ਹਥਿਆਰਬੰਦ ਤੇ ਇਕਮੁੱਠ ਸ਼ਕਤੀ ਸੀ ਤਾਂ ਸਿਰਫ ਦਲ ਖਾਲਸਾ ਹੀ ਸੀ। ਉਸਦਾ ਉਦੇਸ਼ ਸੀ ਪੰਜਾਬ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਮੁਕਤ ਕਰਕੇ ਉਸਨੂੰ ਖੁਸ਼ੀਆਂ ਤੇ ਖੇੜਿਆਂ ਨਾਲ ਭਰ ਦੇਣਾ। ਉਹਨਾਂ ਦੇ ਸਿਪਾਹੀ ਭਾੜੇ ਦੇ ਟੱਟੂ ਜਾਂ ਤਨਖਾਹੀਏ ਨਹੀਂ ਸਨ। ਦੇਸ਼ ਤੇ ਧਰਮ ਦੀ ਰੱਖਿਆ ਖਾਤਰ ਸਵੈ-ਇੱਛਾ ਨਾਲ ਦਲ-ਖਾਲਸਾ ਵਿਚ ਭਰਤੀ ਹੁੰਦੇ ਸਨ। ਸੇਵਾ, ਤਿਆਗ ਤੇ ਅਨੁਸ਼ਾਸਨ ਉਹਨਾਂ ਦੇ ਤਿੰਨ ਮੁੱਖ ਗੁਣ ਸਨ। ਉਹਨਾਂ ਨੂੰ ਪੰਜਾਬ, ਪੰਜਾਬ ਦੀ ਜਨਤਾ, ਉਸਦੀ ਭਾਸ਼ਾ ਤੇ ਸੰਸਕ੍ਰਿਤੀ ਨਾਲ ਪਿਆਰ ਸੀ। ਉਹਨਾਂ ਦੇ ਵੱਡੇ-ਵਡੇਰੇ ਔਖੇ ਤੋਂ ਔਖੇ ਦਿਨਾਂ ਵਿਚ ਕਣਕਾਂ ਉਗਾਉਂਦੇ, ਭੰਗੜੇ ਪਾਉਂਦੇ ਤੇ ਮਾਹੀਏ ਗਾਉਂਦੇ ਆਏ ਸਨ। ਉਹਨਾਂ ਦੇ ਘਰ ਬਾਰ ਇੱਥੇ ਸਨ। ਗੁਰੂ ਨਾਨਕ ਦੇ ਨਵੇਂ ਧਰਮ ਨੇ 'ਕਿਰਤ ਕਰਨ, ਵੰਡ ਛਕਨ ਤੇ ਨਾਮ ਜਪਨ' ਦਾ ਸੁਨੇਹਾ ਦੇ ਕੇ ਉਹਨਾਂ ਨੂੰ ਮਨਮੁੱਖ ਤੋਂ ਗੁਰਮੁੱਖ ਅਰਥਾਤ ਨਿੱਜੀ ਸਵਾਰਥ ਤੇ ਅੰਧਵਿਸ਼ਵਾਸ ਤੋਂ ਮੁਕਤ ਕੀਤਾ ਸੀ। ਗੁਰੂ ਦੀ ਇਸ ਸਿੱਖਿਆ ਉਪਰ ਚੱਲਦੇ ਹੋਏ ਉਹਨਾਂ ਸੰਘਰਸ਼ ਦਾ ਜਿਹੜਾ ਮਾਰਗ ਅਪਣਾਇਆ ਸੀ, ਉਸਦਾ ਇਕ ਲੰਮਾਂ ਤੇ ਗੌਰਵਮਈ ਇਤਿਹਾਸ ਸੀ।
ਮੀਰ ਮੰਨੂੰ ਦੀ ਮੌਤ ਪਿੱਛੋਂ ਖਾਲਸਾ ਦਲ ਨੇ ਪੰਜਾਬ ਦੇ ਵਧੇਰੇ ਹਿੱਸੇ ਉਪਰ ਆਪਣਾ ਕਬਜਾ ਕਰ ਲਿਆ। ਉਧਰ ਦੁਆਬੇ ਵਿਚ ਕਲਾਨੌਰ, ਬਟਾਲਾ ਤੇ ਅੰਮ੍ਰਿਤਸਰ ਦੇ ਜ਼ਿਲੇ ਉਹਨਾਂ ਦੀ ਸ਼ਕਤੀ ਦਾ ਦ੍ਰਿੜ੍ਹ ਆਧਾਰ ਸਨ। ਉਹਨਾਂ ਰਾਮ ਰੌਣੀ ਕਿਲੇ ਦੀ ਜਿਸਨੂੰ ਮੀਰ ਮੰਨੂੰ ਨੇ ਢਾ ਦਿੱਤਾ ਸੀ, ਫੇਰ ਉਸਾਰੀ ਕੀਤੀ। ਇਹ ਕਿਲਾ ਹੁਣ ਪਹਿਲਾਂ ਨਾਲੋਂ ਜ਼ਿਆਦਾ ਵੱਡਾ ਤੇ ਵਧੇਰੇ ਮਜ਼ਬੂਤ ਬਣਾਇਆ ਗਿਆ ਸੀ। ਸਿੱਖ ਸਿਪਾਹੀ ਹੁਣ ਇੱਥੇ ਹੀ ਆ ਕੇ ਰਹਿੰਦੇ ਤੇ ਇਧਰ ਉਧਰ ਧਾਵੇ ਬੋਲਦੇ ਸਨ। ਕਾਸਮ ਖਾਂ ਨੂੰ ਲਾਹੌਰ ਤੋਂ ਪੱਟੀ ਜਾਂਦਿਆਂ ਹੋਇਆਂ ਇੱਥੇ ਹੀ ਪ੍ਰੇਸ਼ਾਨ ਕੀਤਾ ਗਿਆ ਸੀ। ਉਸਦੇ ਰੁਪਏ ਤੇ ਹਥਿਆਰ ਲੈ ਕੇ ਉਹ ਫੇਰ ਇੱਥੇ ਹੀ ਆ ਗਏ ਸਨ।
ਹੁਣ ਦਲ-ਖਾਲਸਾ ਇਕ ਰਾਜਨੀਤਕ ਸੱਤਾ ਸੀ। ਉਹ ਦਿਨ ਨਹੀਂ ਸੀ ਰਹੇ ਜਦੋਂ ਉਹਨਾਂ ਨੂੰ ਦਿੱਲੀ ਤੇ ਲਾਹੌਰ ਦੀਆਂ ਸਰਕਾਰਾਂ ਦੇ ਡਰ ਕਾਰਨ ਪਹਾੜਾਂ ਤੇ ਜੰਗਲਾਂ ਵਿਚ ਜਾ ਕੇ ਛੁਪਣਾ ਪੈਂਦਾ ਸੀ। ਇਸ ਦੇ ਵਪਰੀਤ ਹੁਣ ਦਿੱਲੀ ਤੇ ਲਾਹੌਰ ਦੇ ਲਈ ਦਲ-ਖਾਲਸਾ ਖ਼ੁਦ ਇਕ ਖਤਰਾ ਬਣ ਗਿਆ ਸੀ। ਪਹਿਲਾਂ ਉਹ ਜੰਗਲਾਂ ਤੇ ਪਹਾੜਾਂ ਵਿਚ ਜੀਵਨ ਬਿਤਾਉਣ ਲਈ ਤੇ ਸਰਕਾਰ ਨੂੰ ਚੁਣੌਤੀ ਦੇਣ ਤੇ ਕਮਜ਼ੋਰ ਕਰਨ ਲਈ ਲੁੱਟਮਾਰ ਕਰਦੇ ਸਨ। ਛੋਲਿਆਂ ਨਾਲ ਕਈ ਵਾਰੀ ਘੁਣ ਵੀ ਪੀਸਿਆ ਜਾਂਦਾ ਹੈ। ਵੈਸੇ ਸਿੱਖ ਗੁਰੀਲੇ ਸਰਕਾਰੀ ਅਧਿਕਾਰੀਆਂ ਤੇ ਅਮੀਰ ਲੋਕਾਂ ਨੂੰ ਹੀ ਲੁੱਟਦੇ ਸਨ, ਆਮ ਲੋਕਾਂ ਦਾ ਕੋਈ ਨੁਕਸਾਨ ਨਹੀਂ ਸਨ ਕਰਦੇ। ਹੁਣ ਜਦੋਂ ਉਹ ਖ਼ੁਦ ਰਾਜਨੀਤਕ ਸੱਤਾ ਬਣ ਚੁੱਕੇ ਸਨ, ਆਮ ਲੋਕਾਂ ਦੇ ਜਾਨ-ਮਾਲ ਤੇ ਮਾਣ-ਸਨਮਾਣ ਦੀ ਰੱਖਿਆ ਕਰਨਾ ਉਹਨਾਂ ਦੀ ਜ਼ਿੰਮੇਵਾਰੀ ਹੋ ਗਈ ਸੀ। ਅਮਨ ਤੇ ਦ੍ਰਿੜ ਰਾਜ ਪ੍ਰਬੰਧ ਸਾਥਾਪਤ ਕਰਕੇ ਹੀ ਪੰਜਾਬ ਨੂੰ ਸ਼ਕਤੀਸ਼ਾਲੀ ਤੇ ਖੁਸ਼ਹਾਲ ਬਣਾਇਆ ਜਾ ਸਕਦਾ ਸੀ। ਅਮਨ ਤੇ ਰਾਜ ਪ੍ਰਬੰਧ ਦੇ ਸੁਧਾਰ ਲਈ ਖਾਲਸ ਦਲ ਨੇ 'ਰਾਖੀ ਪ੍ਰਣਾਲੀ' ਲਾਗੂ ਕੀਤੀ ਜਿਹੜੀ ਉਹਨਾਂ ਦੀ ਆਪਣੀ ਕਾਢ ਸੀ।
ਪੰਜਾਬ ਵਿਚ 'ਰਾਖੀ', 'ਰਖਵਾਲੀ' ਨੂੰ ਕਹਿੰਦੇ ਹਨ। ਇੰਜ ਰਾਖੀ ਪ੍ਰਣਾਲੀ ਦਾ ਅਰਥ ਹੋਇਆ, ਲੋਕਾਂ ਦੀ ਰਖਵਾਲੀ ਕਰਨ ਦੇ ਸੁਚੱਜੇ ਢੰਗ ਤਰੀਕੇ। ਜਿਹੜਾ ਪਿੰਡ ਦਲ-ਖਾਲਸਾ ਦੀ ਰਾਖੀ ਪ੍ਰਣਾਲੀ ਦੇ ਵਿਚ ਆਉਣਾ ਮੰਨ ਲੈਂਦਾ, ਦਲ-ਖਾਲਸਾ ਉਸਦੀ ਸਰਕਾਰੀ ਅਤਿਆਚਾਰਾਂ ਤੇ ਹੋਰ ਲੁੱਟ-ਖਸੁੱਟ ਤੋਂ ਰੱਖਿਆ ਕਰਦਾ। ਇਸ ਸੁਰੱਖਿਆ ਦੇ ਬਦਲੇ ਵਿਚ ਪਿੰਡਾਂ ਨੂੰ ਹਾੜ੍ਹੀ ਸੌਣੀ ਦੀ ਫਸਲ ਦਾ ਪੰਜਵਾਂ ਹਿੱਸਾ ਦਲ ਖਾਲਸਾ ਨੂੰ ਦੇਣਾ ਪੈਂਦਾ ਸੀ। ਅਫਰਾ-ਤਫਰੀ ਦੇ ਇਸ ਯੁੱਗ ਵਿਚ ਪਿੰਡਾਂ ਦੇ ਪਿੰਡ ਤੇ ਸ਼ਹਿਰਾਂ ਦੇ ਸ਼ਹਿਰ ਰਾਖੀ ਪ੍ਰਣਾਲੀ ਵਿਚ ਆਉਣ ਲੱਗੇ। ਛੋਟੇ ਛੋਟੇ ਹਿੰਦੂ ਤੇ ਮੁਸਲਮਾਨ ਜ਼ਿਮੀਂਦਾਰਾਂ ਨੇ ਵੀ ਰਾਖੀ ਪ੍ਰਣਾਲੀ ਵਿਚ ਆਉਣਾ ਠੀਕ ਸਮਝਿਆ।  ਦਲ-ਖਾਲਸਾ ਦੀ ਏਨੀ ਧਾਕ ਸੀ ਕਿ ਜੇ ਕੋਈ ਇੰਜ ਰਾਖੀ ਪ੍ਰਣਾਲੀ ਵਿਚ ਆ ਜਾਂਦਾ ਸੀ, ਕਿਸੇ ਨੂੰ ਉਸ ਵੱਲ ਅੱਖ ਚੁੱਕ ਕੇ ਦੇਖਣ ਦਾ ਹੌਂਸਲਾ ਨਹੀਂ ਸੀ ਹੁੰਦਾ।
ਇਸ ਰਾਖੀ ਪ੍ਰਣਾਲੀ ਨਾਲ ਦਲ ਖਾਲਸਾ ਦੀ ਸੱਤਾ ਦਾ ਪ੍ਰਸਾਰ ਬੜੀ ਤੇਜ਼ੀ ਨਾਲ ਹੋਇਆ। ਦਲ ਖਾਲਸਾ ਦੇ ਵੱਖ ਵੱਖ ਜੱਥੇਦਾਰਾਂ ਉਪਰ ਵੱਖ ਵੱਖ ਇਲਾਕਿਆਂ ਦੀ ਰਾਖੀ ਦੀ ਜ਼ਿਮੇਂਵਾਰੀ ਹੁੰਦੀ। ਜਿਹੜੇ ਪਿੰਡ ਉਹਨਾਂ ਨਾਲ ਸ਼ਾਮਲ ਹੁੰਦੇ ਸਨ, ਉਹਨਾਂ ਦੀ ਸੂਚਨਾ ਜੱਸਾ ਸਿੰਘ ਆਹਲੂਵਾਲੀਆ ਨੂੰ ਦਿੱਤੀ ਜਾਂਦੀ। ਜਿਹੜਾ ਪਿੰਡ ਜਿਸ ਜੱਥੇਦਾਰ ਨਾਲ ਪਹਿਲਾਂ ਜੁੜਦਾ, ਉਹਨੂੰ ਕਿਸੇ ਹੋਰ ਜੱਥੇਦਾਰ ਨੂੰ ਆਪਣੇ ਨਾਂ ਹੇਠ ਕਰਨ ਦਾ ਅਧਿਕਾਰ ਨਹੀਂ ਸੀ ਹੁੰਦਾ। ਜਦੋਂ ਕੋਈ ਜੱਥੇਦਾਰ ਕਿਸੇ ਪਿੰਡ ਦਾ ਨਾਂ ਆਪਣੀ ਸੂਚੀ ਵਿਚ ਲਿਖਵਾਉਣ ਆਉਂਦਾ, ਤੇ ਜੱਸਾ ਸਿੰਘ ਇਹ ਕਹਿ ਦਿੰਦਾ ਕਿ ਇਹ ਪਿੰਡ ਤਾਂ ਪਹਿਲਾਂ ਹੀ ਫਲਾਨੇ ਜੱਥੇਦਾਰ ਦੀ ਮਿਸਲ ਵਿਚ ਹੈ ਤਾਂ ਉਹ 'ਸਤ ਬਚਨ ਮਹਾਰਾਜ' ਕਹਿ ਕੇ ਚੁੱਪ ਹੋ ਜਾਂਦਾ ਸੀ।
ਜੱਸਾ ਸਿੰਘ 'ਮਿਸਲ' ਸ਼ਬਦ ਦਾ ਪ੍ਰਯੋਗ ਫਰਦ ਭਾਵ ਸੂਚੀ ਲਈ ਕਰਦਾ ਸੀ। ਪਰ ਜੱਥੇਦਾਰਾਂ ਨੇ ਇਸਨੂੰ ਆਪਣੇ ਇਲਾਕੇ ਤੇ ਆਪਣੇ ਜੱਥੇ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ। ਇੰਜ ਮਿਸਲਾਂ ਹੋਂਦ ਵਿਚ ਆਈਆਂ। ਫਾਰਸੀ ਵਿਚ ਮਿਸਲ ਸ਼ਬਦ ਸਮਾਨਤਾ ਲਈ ਵੀ ਇਸਤੇਮਾਲ ਹੁੰਦਾ ਹੈ। ਸਾਰੀਆਂ ਮਿਸਲਾਂ ਇਕ ਬਰਾਬਰ ਸਨ। ਉਹਨਾਂ ਵਿਚ ਛੋਟੀ ਵੱਡੀ ਦਾ ਭੇਦ ਭਾਵ ਨਹੀਂ ਸੀ। ਆਪਸ ਵਿਚ ਸਮਾਨਤਾ ਦਾ ਵਰਤਾਰਾ ਹੁੰਦਾ ਸੀ।
ਜਿਹੜਾ ਪਿੰਡ ਜਿਸ ਮਿਸਲ ਵਿਚ ਆ ਜਾਂਦਾ, ਮਿਸਲ ਦਾ ਸਰਦਾਰ ਉਸਦੀ ਰੱਖਿਆ ਕਰਦਾ ਸੀ। ਜਦੋਂ ਕਿਸੇ ਮਿਸਲ ਦਾ ਸਰਦਾਰ ਇਕੱਲਾ ਰੱਖਿਆ ਨਾ ਕਰ ਸਕਦਾ ਤਾਂ ਦੂਜੀਆਂ ਮਿਸਲਾਂ ਦੇ ਸਰਕਾਰ ਉਸਦੀ ਸਹਾਇਤਾ ਲਈ ਆ ਜਾਂਦੇ ਸਨ। ਰਾਮ-ਰੌਣੀ ਕਿਲੇ ਵਿਚ ਵੀ ਇਕ ਖਾਸ ਫੌਜ ਰਹਿੰਦੀ ਸੀ, ਜਿਹੜੀ ਮੌਕੇ ਉਪਰ ਮਦਦ ਲਈ ਭੇਜੀ ਜਾਂਦੀ ਸੀ। ਜਦੋਂ ਦਲ ਖਾਲਸਾ ਦੀ ਫੌਜ ਰਾਖੀ ਪ੍ਰਣਾਲੀ ਅਧੀਨ ਪੈਂਦੇ ਕਿਸੇ ਪਿੰਡ ਵਿਚੋਂ ਲੰਘਦੀ ਤਾਂ ਉਹ ਇਸ ਗੱਲ ਦਾ ਧਿਆਨ ਰੱਖਦੀ ਕਿ ਉਸ ਪਿੰਡ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪੁੱਜੇ।
ਰਾਖੀ ਪ੍ਰਣਾਲੀ ਨਾਲ ਅਮਨ ਕਾਇਮ ਹੋਇਆ। ਦਮਨ ਦੀ ਚੱਕੀ ਵਿਚ ਪਿਸਦੇ ਆ ਰਹੇ ਲੋਕਾਂ ਨੇ ਸੁਖ ਦਾ ਸਾਹ ਲਿਆ। ਵਪਾਰ, ਖੇਤੀਬਾੜੀ ਤੇ ਦਸਤਕਾਰੀ ਦੀ ਪ੍ਰਗਤੀ ਲਈ ਮਾਹੌਲ ਪੈਦਾ ਹੋਇਆ। ਜੀਵਨ ਵਿਚ ਫੇਰ ਸੁਖ ਤੇ ਸ਼ਾਂਤੀ ਦੀ ਰੌਅ ਦੌੜ ਗਈ। ਦਲ ਖਾਲਸਾ ਦਾ ਸਨਮਾਨ ਵਧਿਆ। ਕਿਸਾਨ ਦਾ ਪੁੱਤਰ ਜਵਾਨ ਹੁੰਦਾ ਹੀ ਆਪਣੇ ਬਾਪੂ ਨੂੰ ਕਹਿੰਦਾ, “ਬਾਪੂ ਜੀ, ਮੈਨੂੰ ਘੋੜਾ ਤੇ ਤਲਵਾਰ ਲੈ ਦਿਓ...ਮੈਂ ਵੀ ਸਿੰਘ ਖਾਲਸਾ ਬਣਾਗਾ।”
ਦਲ ਖਾਲਸਾ ਵਿਚ ਘੋੜਸਵਾਰ ਹੀ ਹੁੰਦੇ ਸਨ। ਪਿਆਦੇ ਪਹਿਰੇਦਾਰੀ ਤੇ ਉਗਰਾਹੀ ਦਾ ਕੰਮ ਹੀ ਕਰਦੇ ਸਨ। ਇਸ ਲਈ ਘੋੜੇ ਦਾ ਬੜਾ ਮਹੱਤਵ ਸੀ। ਸਿੱਖ ਸੈਨਕ ਆਪਣੇ ਘੋੜੇ ਨਾਲ ਏਨਾ ਪਿਆਰ ਕਰਦੇ ਸਨ ਕਿ ਉਹਨਾਂ ਨੂੰ ਆਪਣੇ ਘੋੜੇ ਦੇ ਮਰ ਜਾਣਦਾ ਜਿੰਨਾਂ ਦੁੱਖ ਹੁੰਦਾ ਸੀ, ਓਨਾਂ ਆਪਣੇ ਕਿਸੇ ਸਕੇ ਸਬੰਧੀ ਦੇ ਮਰ ਜਾਣ ਦਾ ਨਹੀਂ ਸੀ ਹੁੰਦਾ ਹੁੰਦਾ। ਸਿੱਖ ਸਰਦਾਰ ਖਾਸ ਤੌਰ 'ਤੇ ਜੱਸਾ ਸਿੰਘ ਆਹਲੂਵਾਲੀਆ ਨਜ਼ਰਾਨੇ ਵਿਚ ਘੋੜੇ ਲੈਣਾ ਵਧੇਰੇ ਪਸੰਦ ਕਰਦੇ ਸਨ ਤਾਂ ਕਿ ਪਿਆਦਿਆਂ ਨੂੰ ਵੀ ਘੋੜਸਵਾਰ ਬਣਾਇਆ ਜਾ ਸਕੇ।
ਨਿਤਾਨਿਆਂ ਲਈ ਰਾਖੀ ਪ੍ਰਣਾਲੀ ਵਰਦਾਨ ਸੀ। ਬਹੁਤ ਸਾਰੇ ਪਿੰਡ ਸਵੈ ਇੱਛਾ ਨਾਲ ਰਾਖੀ ਪ੍ਰਣਾਲੀ ਵਿਚ ਆ ਗਏ। ਸਿੱਟਾ ਇਹ ਕਿ ਥੋੜ੍ਹੇ ਸਮੇਂ ਵਿਚ ਹੀ ਪੰਜਾਬ ਦੇ ਪੰਜ ਦੁਆਬਿਆਂ ਵਿਚੋਂ ਚਾਰਾਂ ਵਿਚ ਦਲ-ਖਾਲਸਾ ਦਾ ਬੋਲਬਾਲਾ ਹੋ ਗਿਆ। ਪਹਿਲਾਂ ਪਹਿਲਾਂ ਹਰੇਕ ਮਿਸਲ ਨੇ ਆਪਣਾ ਵਿਸਥਾਰ ਆਸ ਪਾਸ ਦੇ ਇਲਾਕੇ ਵਿਚ ਕੀਤਾ। ਹੁਣ ਹੋਰ ਅੱਗੇ ਵਧਣ ਲਈ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਦਿਸ਼ਾਵਾਂ ਵੰਡ ਦਿੱਤੀਆਂ ਗਈਆਂ ਤਾਂ ਕਿ ਸੱਤਾ ਦਾ ਵਿਸਥਾਰ ਵੀ ਹੋਏ ਤੇ ਆਪਸ ਵਿਚ ਰੌਲਾ ਵੀ ਨਾ ਪਏ। ਇਸ ਯੋਜਨਾਂ ਅਨੁਸਾਰ ਕਰੋੜਾ ਸਿੰਘ ਤੇ ਦੀਪ ਸਿੰਘ ਦੀਆਂ ਮਿਸਲਾਂ ਸਤਲੁਜ ਦੇ ਦੱਖਣੀ ਕਿਨਾਰੇ ਵੱਲ ਚਲੀਆਂ ਗਈਆਂ। ਸਿੰਘ ਪੁਰੀਆ ਤੇ ਆਹਲੂਵਾਲੀਆ ਘਾਗਰਾ ਦੇ ਦੋਹੇਂ ਪਾਸੇ ਰਹੇ। ਜੈ ਸਿੰਘ ਕਨ੍ਹਈਆ ਤੇ ਜੱਸਾ ਸਿੰਘ ਰਾਮਗੜ੍ਹੀਆ ਅੰਮ੍ਰਿਤਸਰ ਦੇ ਉਤਰ ਵਿਚ ਰਿਆਰਕੀ ਵੱਲ ਚਲੇ ਗਏ। ਨਕਾਈ ਲਾਹੌਰ ਦੇ ਦੱਖਣ ਵਿਚ ਨੱਕਾ ਖੇਤਰ ਵਿਚ ਚਲੇ ਗਏ। ਰਣਜੀਤ ਸਿੰਘ ਦਾ ਦਾਦਾ ਚੜ੍ਹਤ ਸਿੰਘ ਸ਼ੁਕਰਚੱਕੀਆ ਹਰੀ ਸਿੰਘ ਭੰਗੀ, ਜਿਹਨਾਂ ਦਾ ਜੱਥਾ ਸਭ ਤੋਂ ਵੱਡਾ ਸੀ, ਰਚਨਾ ਤੇ ਚੱਜ ਦੁਆਬੇ ਵੱਲ ਚਲੇ ਗਏ...ਜਿੱਥੇ ਵਧੇਰੇ ਆਬਾਦੀ ਦੁਸ਼ਮਣਾ ਦੀ ਸੀ। ਨਿਸ਼ਾਨ ਵਾਲ ਤੇ ਡੱਲੇ ਵਾਲ ਗੁਰੂ ਦੀ ਨਗਰੀ ਭਾਵ ਅੰਮ੍ਰਿਤਸਰ ਦੀ ਰਾਖੀ ਕਰਦੇ ਸਨ ਤੇ ਲੋੜ ਪੈਣ ਸਮੇਂ ਹੋਰਾਂ ਦੀ ਮਦਦ ਲਈ ਵੀ ਭੇਜੇ ਜਾਂਦੇ ਸਨ। ਸਾਰੇ ਮਿਸਲ ਸਰਦਾਰਾਂ ਨੇ ਛੋਟੇ ਛੋਟੇ ਦੁਰਗ ਬਣਾ ਲਏ ਸਨ ਤੇ ਨਵੇਂ ਰੰਗਰੂਟ ਭਰਤੀ ਕਰਕੇ ਆਪਣੀ ਸੈਨਕ ਸ਼ਕਤੀ ਵਧਾ ਲਈ ਸੀ।
ਛੋਟੀਆਂ ਛੋਟੀਆਂ ਮੁਹਿੰਮਾਂ ਦੇ ਇਲਾਵਾ ਸਿੱਖ ਜੱਥੇਦਾਰ ਵੱਡੀਆਂ ਵੱਡੀਆਂ ਮੁਹਿੰਮਾਂ ਵੀ ਸਰ ਕਰਦੇ ਸਨ। ਦਲ ਖਾਲਸਾ ਹੁਣ ਲਾਹੌਰ ਦੇ ਇਰਦ ਗਿਰਦ ਜਾ ਪਹੁੰਚਿਆ ਸੀ। ਇਕ ਹਨੇਰੀ ਰਾਤ ਵਿਚ 500 ਸਿੱਖ ਸੈਨਕਾਂ ਨੇ ਮੁਸਲਿਮ ਸੈਨਕਾਂ ਦੀਆਂ ਵਰਦੀਆਂ ਪਾ ਕੇ ਚੜ੍ਹਤ ਸਿੰਘ ਤੇ ਜੈ ਸਿੰਘ ਦੀ ਅਗਵਾਨੀ ਹੇਠ ਸ਼ਾਹ ਆਲਮੀ ਦਰਵਾਜ਼ੇ ਵੱਲੋਂ ਪ੍ਰਵੇਸ਼ ਕੀਤਾ ਤੇ ਬੇਗਮਾਂ ਦੇ ਰਣਵਾਸ, ਪਰੀ ਮਹਿਲ ਤੇ ਰੰਗ ਮਹਿਲ ਦੇ ਧਨੱਡ ਦੁਕਾਨਦਾਰਾਂ ਤੇ ਸਰਾਫਾਂ ਨੂੰ ਲੁੱਟ ਲਿਆ। 1754 ਦੇ ਅੰਤ ਵਿਚ 12000 ਸਿੱਖਾਂ ਨੇ ਪਹਿਲਾਂ ਅੰਬਾਲੇ ਜ਼ਿਲੇ ਨੂੰ ਤੇ ਫੇਰ ਸਰਹਿੰਦ ਸ਼ਹਿਰ ਨੂੰ ਜਾ ਲੁੱਟਿਆ ਤੇ ਝਟਪਟ ਠੀਕਰੀਵਾਲ ਪਰਤ ਆਏ। ਬੰਦਾ ਬਹਾਦਰ ਪਿੱਛੋਂ ਉਹਨਾਂ ਪਹਿਲੀ ਵੇਰ ਸਰਹਿੰਦ ਨੂੰ ਲੁੱਟਿਆ ਸੀ।
'ਕੁਤਬ ਖਾਂ ਰੋਹਿਲਾ ਚੜ੍ਹਿਆ ਆ ਰਿਹਾ ਹੈ। ਖਾਲਸਾ ਜੀ ਮੇਰੀ ਮਦਦ ਕਰੋ।' ਅਪਰੈਲ 1754 ਵਿਚ ਜੱਸਾ ਸਿੰਘ ਨੂੰ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਦਾ ਸੁਨੇਹਾ ਮਿਲਿਆ।
ਕੁਤਬ ਖਾਂ ਰੋਹਿਲਾ ਸਰਦਾਰ ਨਜੀਬੁਲ ਦੌਲਾ ਨਾਲ ਬਾਦਸ਼ਾਹ ਦੀ ਫੌਜ ਵਿਚ ਭਰਤੀ ਹੋਇਆ ਸੀ। ਉਹ ਜਾਤ ਦਾ ਰੋਹਿਲਾ ਨਹੀਂ ਸੀ ਪਰ ਰੋਹਿਲਾ ਦਾ ਨੌਕਰ ਹੋਣ ਕਰਕੇ ਉਸਨੂੰ ਵੀ ਰੋਹਿਲਾ ਕਿਹਾ ਜਾਣ ਲੱਗ ਪਿਆ ਸੀ। ਤਨਖਾਹ ਦੇ ਰੂਪ ਵਿਚ ਉਸਨੂੰ ਕੈਰਾਨਾ, ਬਰੋਤ, ਸਰਧਾਨਾ ਤੇ ਕਾਂਧਲਾ ਦੀ ਜਾਗੀਰ ਦਿੱਤੀ ਗਈ ਸੀ। ਜਦੋਂ ਇਮਾਦੁਲ ਮੁਲਕ ਅਰਥਾਤ ਗਾਜੀਉੱਲਦੀਨ ਸਫਦਰ ਜੰਗ ਨੂੰ ਭਜਾ ਕੇ ਵਜ਼ੀਰ ਬਣਿਆ ਤਾਂ ਉਸਨੇ ਇਹ ਜਾਗੀਰ ਮਰਹੱਟਿਆਂ ਨੂੰ ਦੇ ਦਿੱਤੀ। ਜਾਗੀਰ ਖੁੱਸ ਜਾਣ ਕਾਰਨ ਕੁਤਬ ਖਾਂ ਭੜਕ ਉਠਿਆ ਤੇ ਉਸਨੇ ਦਿੱਲੀ ਦੇ ਖ਼ਿਲਾਫ਼ ਬਗ਼ਾਵਤ ਕਰ ਦਿੱਤੀ। ਉਸਨੇ ਸੋਨੀਪਤ, ਪਾਨੀਪਤ, ਕਰਨਾਲ ਤੇ ਅਜੀਮਾਬਾਦ ਦੇ ਇਲਾਕੇ ਲੁੱਟ ਲਏ ਤੇ ਕਰਨਾਲ ਵਿਚ ਸ਼ਾਹੀ ਫੌਜ ਨੂੰ ਹਰਾ ਕੇ ਸਰਹਿੰਦ ਉਪਰ ਹੱਲਾ ਬੋਲ ਦਿੱਤਾ। ਸਰਹਿੰਦ ਦਾ ਸੂਬੇਦਾਰ ਸਾਦਿਕ ਬੇਗ ਸੀ। ਉਸਦੇ ਅਫਗਾਨ ਸਿਪਾਹੀਆਂ ਨੇ ਅਫਗਾਨ ਸਰਦਾਰ ਦੇ ਖ਼ਿਲਾਫ਼ ਲੜਨ ਤੋਂ ਇਨਕਾਰ ਕਰ ਦਿੱਤਾ। ਸਾਦਿਕ ਬੇਗ ਨੱਠ ਕੇ ਜਲੰਧਰ ਆ ਗਿਆ ਤੇ ਅਦੀਨਾ ਬੇਗ ਤੋਂ ਮਦਦ ਮੰਗੀ।
ਅਦੀਨਾ ਬੇਗ ਇਕ ਯੋਗ ਹਾਕਮ ਸੀ। ਉਸ ਕੋਲ 50 ਹਜ਼ਾਰ ਘੋੜਸਵਾਰ ਤੇ ਏਨੇ ਹੀ ਪੈਦਲ ਸੈਨਕ ਸਨ। ਛੋਟੀਆਂ ਵੱਡੀਆਂ ਤੋਪਾਂ ਤੇ ਹਰੇਕ ਕਿਸਮ ਦੇ ਚੰਗੇ ਹਥਿਆਰ ਸਨ। ਉਸਨੇ ਆਪਣੇ ਪੈਰ ਮਜ਼ਬੂਤੀ ਨਾਲ ਗੱਡੇ ਹੋਏ ਸਨ ਪਰ ਦਿੱਲੀ ਦਾ ਬਾਦਸ਼ਾਹ ਤੇ ਵਜ਼ੀਰ ਹੱਥ ਉੱਤੇ ਹੱਥ ਰਖੀ ਬੈਠੇ ਸਨ। ਉਹ ਬਗਾਵਤ ਨੂੰ ਦਬਾਉਣ ਲਈ ਕੋਈ ਹੀਲਾ ਵੀ ਨਹੀਂ ਸਨ ਕਰ ਰਹੇ। ਸਰਹਿੰਦ ਉੱਤੇ ਕਬਜਾ ਹੋ ਜਾਣ ਕਾਰਨ ਕੁਤਬ ਖਾਂ ਦੀ ਤਾਕਤ ਹੋਰ ਵਧ ਗਈ ਸੀ ਤੇ ਹੌਸਲੇ ਵੀ ਖਾਸੇ ਬੁਲੰਦ ਹੋ ਗਏ ਸਨ। ਫੌਜ ਤੇ ਹਥਿਆਰ ਹੁੰਦਿਆਂ ਹੋਇਆਂ ਵੀ ਅਦੀਨਾ ਬੇਗ ਨੂੰ ਆਪਣੇ ਉੱਤੇ ਭਰੋਸਾ ਨਹੀਂ ਸੀ ਕਿ ਉਹ ਇਕੱਲਾ ਅਫਗਾਨਾ ਦਾ ਮੁਕਾਬਲਾ ਕਰ ਸਕੇਗਾ, ਇਸ ਲਈ ਉਸਨੇ ਦਲ ਖਾਲਸਾ ਤੋਂ ਮਦਦ ਮੰਗੀ।
ਜੱਸਾ ਸਿੰਘ ਆਹਲੂਵਾਲੀਆ ਅਦੀਨਾ ਬੇਗ ਦੇ ਦੂਹਰੇ ਚਰਿੱਤਰ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਹ ਦਲ ਖਾਲਸਾ ਨੂੰ ਆਪਣੇ ਖੇਤਰ ਵਿਚ ਫੈਲਣ ਤੋਂ ਰੋਕ ਵੀ ਰਿਹਾ ਸੀ, ਇਸ ਲਈ ਉਸ ਨਾਲ ਲੁਕਣ ਮੀਟੀ ਚੱਲ ਰਹੀ ਸੀ। ਪਰ ਗੁਆਂਢੀ ਦੀ ਮਦਦ, ਆਪਣੀ ਮਦਦ ਕਰਨ ਬਰਾਬਰ ਸੀ। ਕੁਤਬ ਖਾਂ ਅਦੀਨਾ ਬੇਗ ਲਈ ਹੀ ਨਹੀਂ, ਖਾਲਸਾ ਦਲ ਲਈ ਵੀ ਖਤਰਾ ਸੀ। ਸਿੱਖ ਅਦੀਨਾ ਬੇਗ ਦੀ ਮਦਦ ਲਈ ਗਏ। 11 ਅਪਰੈਲ 1755 ਨੂੰ ਰੋਪੜ  ਦੇ ਨੇੜੇ ਘਮਾਸਾਨ ਦਾ ਯੁੱਧ ਹੋਇਆ, ਕੁਤਬ ਖਾਂ ਬੜੀ ਬਹਾਦਰੀ ਨਾਲ ਲੜਿਆ, ਪਰ ਉਹ ਤੇ ਉਸਦੇ ਕਈ ਸਰਦਾਰ ਖੇਤ ਰਹੇ ਤੇ ਅਦੀਨਾ ਬੇਗ ਦੀ ਜਿੱਤ ਹੋਈ।
ਇਸ ਜਿੱਤ ਦੇ ਨਾਲ ਸਰਹਿੰਦ ਦਾ ਰਾਜ ਵੀ ਉਸਦੇ ਕਬਜੇ ਵਿਚ ਆ ਗਿਆ। ਦਿੱਲੀ ਦੇ ਬਾਦਸ਼ਾਹ ਆਲਮਗੀਰ ਦੂਜੇ ਨੇ ਉਸਨੂੰ 'ਸਰਦਾਰ ਜੰਗ ਬਹਾਦਰ' ਦਾ ਖਿਤਾਬ ਦੇ ਦਿੱਤਾ। ਕਾਂਗੜਾ ਦੇ ਸੈਫ ਅਲੀ ਖਾਂ ਸਮੇਤ ਸਾਰੇ ਪਹਾੜੀ ਰਾਜਿਆਂ ਨੇ ਉਸਦੀ ਅਧੀਨਤਾ ਮੰਨ ਲਈ ਤੇ ਉਹ ਉਸਨੂੰ ਰਾਜਸਵ ਦੇਣ ਲੱਗ ਪਏ।
ਸਿੱਖਾਂ ਨੇ ਜਿਹੜੀ ਮਦਦ ਕੀਤੀ ਸੀ, ਉਸਦੇ ਬਦਲੇ ਵਿਚ ਅਦੀਨਾ ਬੇਗ ਨੇ ਕਾਫੀ ਸਾਰਾ ਧਨ ਤੇ ਕਈ ਪਿੰਡ ਉਹਨਾਂ ਨੂੰ ਦੇ ਦਿੱਤੇ। ਪਰ ਅਦੀਨਾ ਬੇਗ ਤੇ ਜੱਸਾ ਸਿੰਘ ਆਹਲੂਵਾਲੀਆ ਵਿਚ ਤਾਂ ਪਹਿਲਾਂ ਹੀ ਠਣੀ ਹੋਈ ਸੀ। ਆਪਸ ਵਿਚ ਝੜਪਾਂ ਹੁੰਦੀਆਂ ਰਹਿੰਦੀਆਂ ਸਨ। ਕਦੀ ਖਾਲਸਾ ਦਲ ਤੇ ਕਦੀ ਅਦੀਨਾ ਬੇਗ ਦਾ ਪੱਲਾ ਭਾਰੀ ਰਹਿੰਦਾ ਸੀ। ਪਰ ਖਾਲਸਾ ਦਾਲ ਦੀ ਸ਼ਕਤੀ ਲਗਾਤਾਰ ਵਧ ਰਹੀ ਸੀ। ਨਵੰਬਰ 1755 ਨੂੰ ਖਦੂਰ ਦੀ ਧਰਤੀ ਉਤੇ ਜੱਸਾ ਸਿੰਘ ਨੇ ਫੈਸਲਾ-ਮੁਕਾਊ ਜਿੱਤ ਪ੍ਰਾਪਤ ਕੀਤੀ। ਅਦੀਨਾ ਬੇਗ ਨੂੰ ਬਿਆਸ ਦੇ ਕਿਨਾਰੇ ਸਥਿਤ ਫਤਿਹਾਬਾਦ ਦਲ ਖਾਲਸਾ ਨੂੰ ਸੌਂਪਣਾ ਪਿਆ।
ਜੱਸਾ ਸਿੰਘ ਜਬਰਦਸਤ ਯੋਧਾ ਸੀ। ਉਸਦੀ ਤਲਵਾਰ ਦਾ ਵਾਰ ਤੇ ਤੀਰ ਦਾ ਨਿਸ਼ਾਨਾ ਹਮੇਸ਼ਾ ਫਿੱਟ ਬੈਠਦਾ ਸੀ। ਹਰ ਮੁਹਿੰਮ ਵਿਚ ਉਹ ਦਲ ਖਾਲਸਾ ਦੀ ਅਗਵਾਈ ਕਰਦਾ ਸੀ। ਜਿੱਥੇ ਵੀ ਲੋੜ ਹੁੰਦੀ ਸੀ ਆਪਣਾ ਘੋੜਾ ਦੌੜਾ ਕੇ ਜਾ ਪਹੁੰਚਦਾ ਸੀ। ਉਹ ਨਵਾਬ ਕਪੂਰ ਸਿੰਘ ਤੋਂ ਬਾਅਦ ਸਿਰਫ ਰਾਜਨੀਤਕ ਨੇਤਾ ਹੀ ਨਹੀਂ, ਧਰਮਕ ਨੇਤਾ ਵੀ ਸੀ। ਸਵੇਰੇ ਸਵਖਤੇ ਉਠ ਕੇ ਦੇਖਦਾ ਕਿ ਗੁਰਬਾਣੀ ਦਾ ਪਾਠ ਹੋ ਰਿਹਾ ਹੈ ਕਿ ਨਹੀਂ। ਬਹੁਤ ਸਾਰੇ ਮੁਸਲਮਾਨ ਕਰਮਚਾਰੀ ਵੀ ਸਨ। ਜੱਸਾ ਸਿੰਘ ਜੇ ਕਿਸੇ ਮੁਸਲਮਾਨ ਨੂੰ ਸੁੱਤਿਆਂ ਦੇਖਦਾ ਤਾਂ ਉਸਨੂੰ ਹਲੂਣ ਕੇ ਜਗਾ ਦਿੰਦਾ ਤੇ ਕਹਿੰਦਾ, “ਉੱਠੋ ਭਾਈ, ਨਮਾਜ਼ ਪੜ੍ਹੋ ਤੇ ਅੱਲ੍ਹਾ ਨੂੰ ਯਾਦ ਕਰੋ।”
***