Wednesday, 11 August 2010

ਬੋਲੇ ਸੋ ਨਿਹਾਲ : ਦੂਜੀ ਕਿਸ਼ਤ :-

ਦੂਜੀ ਕਿਸ਼ਤ : ਬੋਲੇ ਸੋ ਨਿਹਾਲ
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਸਮੇਂ ਦੀ ਹਕੂਮਤ ਦੇ ਬਾਗੀ ਸਨ¸ਪਰ ਉਹਨਾਂ ਦਾ ਮਕਸਦ ਸੀ ਪੰਜਾਬ ਨੂੰ ਵਿਦੇਸ਼ੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣਾ। ਉਹ ਵੀ ਜਾਣਦੇ ਸਨ ਕਿ ਆਜ਼ਾਦੀ ਮੁਫ਼ਤ ਵਿਚ ਨਹੀਂ ਮਿਲਦੀ, ਇਸ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ। ਇਸ ਲਈ ਉਹਨਾਂ ਆਪਣੇ ਘਰ ਘੋੜਿਆਂ ਦੀਆਂ ਕਾਠੀਆਂ ਉਪਰ ਬਣਾ ਲਏ ਸਨ ਜਾਂ ਇੰਜ ਕਹਿ ਲਓ ਬਣਾਉਣੇ ਹੀ ਪੈਣੇ ਸਨ, ਕਿਉਂਕਿ ਮੁਗਲ ਸਰਕਾਰ ਉਹਨਾਂ ਦਾ ਨਾਂ-ਨਿਸ਼ਾਨ ਮਿਟਾਉਣ ਉੱਤੇ ਤੁਲੀ ਹੋਈ ਸੀ।  1716 ਵਿਚ ਬੰਦਾ ਬਹਾਦਰ ਦੀ ਸ਼ਹਾਦਤ ਪਿੱਛੋਂ ਦਿੱਲੀ ਦੇ ਬਾਦਸ਼ਾਹ ਫਰੂੱਖ਼ ਸੀਯਰ ਨੇ ਇਹ ਹੁਕਮ ਜਾਰੀ ਕੀਤਾ ਕਿ ਸਿੱਖ ਜਿੱਥੇ ਵੀ ਮਿਲੇ, ਉਸਨੂੰ ਤੁਰੰਤ ਗਿਰਫ਼ਤਾਰ ਕਰ ਲਓ। ਉਸ ਲਈ ਦੋ ਹੀ ਹੁਕਮ ਸਨ : ਜਾਂ ਤਾਂ ਉਹ ਮੁਸਲਮਾਨ ਬਣਨਾ ਸਵੀਕਾਰ ਕਰੇ ਜਾਂ ਫੇਰ ਉਸੇ ਸਮੇਂ ਬਿਨਾਂ ਕਿਸੇ ਪੁੱਛ-ਦੱਸ ਦੇ ਕਤਲ ਕਰ ਦਿੱਤਾ ਜਾਵੇ। ਹਰ ਸਿੱਖ ਦੇ ਸਿਰ ਦਾ ਮੁੱਲ ਮਿਥ ਦਿੱਤਾ ਗਿਆ।
ਦਲੇਰ ਜੰਗ ਅਬਦੁਲ ਸਮਦ ਖਾਂ ਬੰਦਾ ਬਹਾਦੁਰ ਨੂੰ ਗੁਰਦਾਸਪੁਰ ਤੋਂ ਗਿਰਫ਼ਤਾਰ ਕਰਕੇ ਦਿੱਲੀ ਲੈ ਆਇਆ ਸੀ। ਉਸਦੀ ਇਸ ਬਹਾਦਰੀ 'ਤੇ ਖੁਸ਼ ਹੋ ਕੇ ਉਸਨੂੰ ਪੰਜਾਬ ਦਾ ਸੂਬੇਦਾਰ ਬਣਾ ਦਿੱਤਾ ਗਿਆ ਸੀ। ਸਰਹੰਦ ਤੇ ਜੰਮੂ ਦੇ ਫੌਜਦਾਰ ਉਸਦੇ ਸਹਿਯੋਗੀ ਸਨ। ਤਿੰਨੇ ਜਗ੍ਹਾ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਸਿੱਖਾਂ ਦੀਆਂ ਗਤੀਵਿਧੀਆਂ ਬਾਰੇ ਖਬਰ ਦੇਣ ਵਾਲੇ ਨੂੰ 10 ਰੁਪਏ, ਫੜਾਉਣ ਵਾਲੇ ਨੂੰ 25 ਰੁਪਏ, ਗਿਰਫ਼ਤਾਰ ਕਰਕੇ ਥਾਨੇ ਪਹੁੰਚਾਉਣ ਵਾਲੇ ਨੂੰ 50 ਤੇ ਸਿਰ ਕੱਟ ਕੇ ਲਿਆਉਦ ਵਾਲੇ ਨੂੰ 100 ਰੁਪਏ ਦਿੱਤੇ ਜਾਣਗੇ। ਪਿੰਡਾਂ ਦੇ ਨੰਬਰਦਾਰਾਂ ਤੇ ਚੌਧਰੀਆਂ ਨੂੰ ਹਦਾਇਤ ਕਰ ਦਿੱਤੀ ਗਈ ਕਿ ਉਹ ਸਿੱਖਾਂ ਨੂੰ ਵੱਸਣ ਲਈ ਜਗ੍ਹਾ ਨਾ ਦੇਣ। ਜੇ ਉਹ ਆਪ ਗਿਰਫ਼ਤਾਰ ਨਾ ਕਰ ਸਕਣ ਤਾਂ ਸਰਕਾਰ ਨੂੰ ਸੂਚਨਾ ਦੇਣ। ਹਰ ਜਗ੍ਹਾ ਮੁਖਬਰ ਤੇ ਜਾਸੂਸ ਮੰਡਲਾਉਣ ਲੱਗੇ। ਸਿੱਖਾਂ ਲਈ ਕਿਤੇ ਵੀ ਸਿਰ ਛੁਪਾਉਣਾ ਮੁਸ਼ਕਲ ਹੋ ਗਿਆ। ਉਹਨਾਂ ਨੂੰ ਫੜ੍ਹ-ਫੜ੍ਹ ਕੇ ਕਤਲ ਕੀਤਾ ਜਾਣ ਲੱਗਿਆ। ਕੁਝ ਲੋਕ ਵਾਲ ਕਟਵਾ ਕੇ ਤੇ ਸਿੱਖ ਪੰਥ ਦੇ ਨਿਸ਼ਾਨਾਂ ਨੂੰ ਤਜ ਕੇ ਆਮ ਲੋਕਾਂ ਵਾਂਗ ਰਹਿਣ ਲੱਗ ਪਏ ਪਰ ਜਿਹੜੇ ਧਰਮ ਤੇ ਦੇਸ਼-ਸੇਵਾ ਲਈ ਪ੍ਰੀਤੀਬੱਧ ਸਨ ਤੇ ਕਿਸੇ ਹਾਲਤ ਵਿਚ ਹਥਿਆਰ ਸੁੱਟਣ ਲਈ ਤਿਆਰ ਨਹੀਂ ਸਨ¸ ਉਹ ਸ਼ਿਵਾਲਿਕ ਦੀਆਂ ਪਹਾੜੀਆਂ, ਲੱਖੀ ਦੇ ਸੰਘਣੇ ਜੰਗਲਾਂ ਤੇ ਬੀਕਾਨੇਰ ਦੇ ਰੇਤਲੇ ਟਿੱਬਿਆਂ ਵੱਲ ਨਿਕਲ ਗਏ। ਸਿੱਖਾਂ ਲਈ ਇਹ ਭਾਰੀ ਸੰਕਟ ਦਾ ਸਮਾਂ ਸੀ। ਸ਼ਾਹੀ ਹੁਕਮ ਦੀ ਮੁਨਿਆਦੀ ਹੁੰਦਿਆਂ ਹੀ ਸਾਰੇ ਸਰਕਾਰੀ ਕਰਮਚਾਰੀ, ਵੱਡੇ ਅਫਸਰਾਂ ਨੂੰ ਖੁਸ਼ ਕਰਨ ਲਈ; ਤੇ ਸਰਕਾਰ-ਪ੍ਰਸਤ ਤੇ ਮੌਕਾ-ਪ੍ਰਸਤ, ਇਨਾਮ ਦੇ ਲਾਲਚ ਵਿਚ ਹੱਥ ਧੋ ਕੇ ਸਿੱਖਾਂ ਦੇ ਪਿੱਛੇ ਪੈ ਗਏ। ਸਿੱਖਾਂ ਦੇ ਟੋਲੇ ਦੇ ਟੋਲੇ ਫੜ੍ਹ-ਫੜ੍ਹ ਕੇ ਲਾਹੌਰ ਭੇਜੇ ਜਾਣ ਲੱਗੇ, ਜਿੱਥੇ ਉਹਨਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਂਦਾ ਸੀ। ਜਿਹੜੇ ਸਿੱਖ ਜੰਗਲਾਂ ਤੇ ਪਹਾੜਾਂ ਵਿਚ ਜਾ ਛੁਪੇ ਸਨ, ਉੱਥੇ ਉਹਨਾਂ ਦੇ ਰੋਟੀ ਕਪੜੇ ਦਾ ਕੋਈ ਵਸੀਲਾ ਨਹੀਂ ਸੀ। ਇਸ ਦੇ ਇਲਾਵਾ ਇਕੱਲੇ-ਇਕੱਲੇ ਰਹਿਣ ਵਿਚ ਫੜ੍ਹੇ ਜਾਣ ਦਾ ਖਤਰਾ ਵੀ ਸੀ। ਇਸ ਲਈ ਰੋਟੀ ਕਪੜਾ ਪ੍ਰਾਪਤ ਕਰਨ ਤੇ ਦੁਸ਼ਮਣਾ ਤੋਂ ਆਪਣੀ ਰੱਖਿਆ ਕਰਨ ਲਈ ਉਹਨਾਂ ਜੱਥੇ ਬਣਾ ਲਏ। ਸ਼ੁਰੂ ਵਿਚ ਇਹ ਜੱਥੇ ਛੋਟੇ-ਛੋਟੇ ਸਨ, ਪਰ ਜਿਵੇਂ-ਜਿਵੇਂ ਮੈਦਾਨਾਂ ਵਿਚੋਂ ਆ ਕੇ ਹੋਰ ਲੋਕ ਇਹਨਾਂ ਨਾਲ ਰਲਦੇ ਰਹੇ, ਜੱਥੇ ਵੱਡੇ ਹੁੰਦੇ ਗਏ। ਇਹਨਾਂ ਜੱਥਿਆਂ ਨੂੰ ਧਾੜਵੀ-ਜੱਥੇ ਕਿਹਾ ਜਾਂਦਾ ਸੀ। ਉਹ ਆਪਣੇ ਸੁਰੱਖਿਅਤ ਠਿਕਾਣਿਆਂ 'ਚੋਂ ਨਿਕਲ ਕੇ ਆਸੇ-ਪਾਸੇ ਦੇ ਪਿੰਡਾਂ ਵਿਚ 'ਛਾਪੇ' ਮਾਰਦੇ ਤੇ ਸਰਕਾਰੀ ਅਧਿਕਾਰੀਆਂ ਤੇ ਅਮੀਰਾਂ ਨੂੰ ਲੁੱਟ ਕੇ ਲੈ ਜਾਂਦੇ। ਜਿਹੜਾ ਵੀ ਉਹਨਾਂ ਦੇ ਵਿਰੁੱਧ ਸਰਕਾਰ ਦੀ ਮਦਦ ਕਰਦਾ ਜਾਂ ਜਾਸੂਸੀ, ਮੁਖਬਰੀ ਕਰਦਾ, ਉਹ ਉਸਦੇ ਖੇਤ ਉਜਾੜ ਦਿੰਦੇ ਤੇ ਉਸਦੇ ਪੂਰੇ ਪਰਿਵਾਰ ਦਾ ਸਫਾਇਆ ਕਰ ਦਿੰਦੇ। ਨਤੀਜਾ ਇਹ ਕਿ ਉਹਨਾਂ ਦਾ ਆਤੰਕ ਏਨਾ ਛਾ ਗਿਆ ਕਿ ਜੇ ਕਿਤੇ ਕੋਈ ਸਿੱਖ ਨਜ਼ਰ ਆ ਜਾਂਦਾ ਤਾਂ ਲੋਕ 'ਸ਼ੀਹ ਆਇਆ, ਸ਼ੀਹ ਆਇਆ' ਦਾ ਰੌਲਾ ਪਾਉਂਦੇ ਏਧਰ-ਉਧਰ ਭੱਜ ਖੜ੍ਹੇ ਹੁੰਦੇ।
ਅਬਦੁੱਲ ਸਮਦ ਕੋਲ ਜਿੰਨੀ ਫੌਜ ਸੀ, ਉਹ ਸਾਰੀ ਲਾਹੌਰ ਵਿਚ ਸੀ, ਬਾਕੀ ਸਿੱਖਾਂ ਨੂੰ ਫੜ੍ਹਨ ਲਈ ਦੌੜਾਈ ਜਾ ਰਹੀ ਸੀ ਪਰ ਸਿੱਖ ਉਸਦੇ ਹੱਥ ਨਹੀਂ ਸੀ ਆਉਂਦੇ। ਇਕ ਤਾਂ ਉਸ ਵੇਲੇ ਆਵਾਜਾਈ ਦੇ ਸਾਧਨ ਬੜੇ ਸੀਮਿਤ ਸਨ, ਦੂਜਾ ਸਿੱਖ ਗੁਰੀਲਿਆਂ ਦੀ ਨੀਤੀ ਇਹ ਸੀ ਕਿ ਜੇ ਅੱਜ ਉਹ ਇੱਥੇ ਧਾਵਾ ਬੋਲਦੇ ਹਨ, ਤਾਂ ਕੱਲ੍ਹ  25-30 ਕੋਹ ਦੇ ਫਾਸਲੇ ਉਪਰ ਕਿਸੇ ਹੋਰ ਜਗ੍ਹਾ ਜਾ ਕੇ ਧਾਵਾ ਬੋਲਦੇ ਸਨ। ਸਰਕਾਰ ਪ੍ਰੇਸ਼ਾਨ ਸੀ। ਉਸਦੇ ਕੋਰੇ-ਅਤੰਕ ਨੂੰ ਸਿੱਖਾਂ ਦੇ ਕਰਾਂਤੀਕਾਰੀ-ਆਤੰਕ ਨੇ ਮਾਤ ਪਾ ਦਿੱਤੀ ਸੀ।
ਸਿੱਖ ਖਤਮ ਹੋਣ ਦੇ ਬਜਾਏ ਵਧ ਰਹੇ ਸਨ, ਕਿਉਂਕਿ ਸਰਕਾਰੀ ਸਖਤੀ ਤੇ ਸਿੱਖਾਂ ਦੀ ਬਹਾਦਰੀ ਦੇਖ ਕੇ ਸਵੈਮਾਨ ਵਾਲੇ ਜਾਟ ਨੌਜਵਾਨ ਘਰ-ਬਾਰ ਛੱਡ ਕੇ ਉਹਨਾਂ ਨਾਲ ਜਾ ਰਲਦੇ ਸਨ। ਇਹ ਦੇਖ ਕੇ ਅਬਦੁੱਲ ਸਮਦ ਨੇ ਆਪਣੀ ਨੀਤੀ ਬਦਲੀ। ਉਸਦੀ ਸਖਤੀ ਸਿਰਫ ਉਹਨਾਂ ਦੇ ਖ਼ਿਲਾਫ਼ ਰਹਿ ਗਈ ਜਿਹੜੇ ਬੰਦਾ ਬਹਾਦਰ ਦੇ ਸਾਥੀ ਰਹਿ ਚੁੱਕੇ ਸਨ ਤੇ ਜੱਥੇਬੰਦ ਹੋ ਕੇ ਧਾਵੇ ਬੋਲਦੇ ਸਨ¸ ਇਹਨਾਂ ਨੂੰ ਰਾਠ-ਸਿੰਘ ਕਿਹਾ ਜਾਂਦਾ ਸੀ। ਜਿਹੜੇ ਸਿੱਖ ਪਿੰਡਾਂ ਵਿਚ ਖੇਤੀ, ਵਪਾਰ ਜਾਂ ਦਸਤਕਾਰੀ ਕਰਦੇ ਸਨ, ਭਾਵੇਂ ਉਹ ਸਰਕਾਰ ਵਿਰੁੱਧ ਪ੍ਰਤੱਖ ਰੂਪ ਵਿਚ ਕੁਝ ਵੀ ਨਹੀਂ ਸਨ ਕਰਦੇ, ਪਰ ਉਹਨਾਂ ਦੀ ਦਿਲੀ-ਹਮਦਰਦੀ ਉਹਨਾਂ ਰਾਠ-ਸਿੱਖਾਂ ਨਾਲ ਹੀ ਸੀ ਜਿਹੜੇ ਦੇਸ਼ ਤੇ ਧਰਮ ਦੀ ਰੱਖਿਆ ਖਾਤਰ ਸਰਕਾਰੀ ਜੁਲਮ ਤੇ ਭਾਂਤ-ਭਾਂਤ ਦੀਆਂ ਮੁਸੀਬਤਾਂ ਝੱਲ ਰਹੇ ਸਨ। ਉਹ ਉਹਨਾਂ ਨੂੰ ਚੁੱਪਚਾਪ ਰਸਦ-ਪਾਣੀ ਪਹੁੰਚਾ ਆਉਂਦੇ ਸਨ। ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ। ਪਰ ਹੁਣ ਇਹਨਾਂ ਦੇ ਵਿਰੁੱਧ ਤੇ ਉਹ ਜਿਹੜੇ ਪਹਾੜਾਂ ਜੰਗਲਾਂ ਵਿਚੋਂ ਨਿਕਲ ਕੇ ਘਰਾਂ ਵਿਚ ਆ ਵੱਸੇ ਸਨ, ਕਾਰਵਾਈ ਬੰਦ ਕਰ ਦਿੱਤੀ ਗਈ ਸੀ।
ਇਸੇ ਦੌਰਾਨ ਫ਼ਰੂੱਖ ਸੀਯਰ ਦੀ ਹੱਤਿਆ ਪਿੱਛੋਂ ਜਿਹੜਾ ਗ੍ਰਹਿ-ਯੁੱਧ ਛਿੜਿਆ, ਉਹ ਕਈ ਸਾਲ ਤਕ ਚੱਲਦਾ ਰਿਹਾ। ਦਿੱਲੀ ਸਰਕਾਰ ਨੂੰ ਗ੍ਰਹਿ-ਯੁੱਧ ਵਿਚ ਉਲਝਿਆਂ ਦੇਖ ਕੇ ਮੰਝ-ਤਿਹਾੜ ਦੇ ਈਸਾ ਖਾਂ, ਕਸੂਰ ਦੇ ਹੁਸੈਨ ਖਾਂ ਖੇਰੂਗੀ ਤੇ ਕਸ਼ਮੀਰ ਦੇ ਸਰਫੁੱਦੀਨ ਨੇ ਬਗਾਵਤ ਕਰ ਦਿੱਤੀ। ਇਹਨਾਂ ਬਗਾਵਤਾਂ ਨੂੰ ਦਬਾਉਣ ਦੀ ਜ਼ਿੰਮੇਵਾਰੀ ਅਬਦੁੱਲ ਸਮਦ 'ਤੇ ਆ ਪਈ। ਹੁਣ ਉਸਨੇ ਸਿੱਖਾਂ ਦੇ ਵਿਰੁੱਧ ਆਪਣੀ ਨੀਤੀ ਇੱਥੋਂ ਤਕ ਨਰਮ ਕਰ ਦਿੱਤੀ ਕਿ ਉਹਨਾਂ ਨੂੰ ਸਰਕਾਰੀ ਅਹੁਦਿਆਂ ਉਪਰ ਰੱਖਣਾ ਸ਼ੁਰੂ ਕਰ ਦਿੱਤਾ। ਪਿੰਡਾਂ ਵਿਚ ਰਹਿਣ ਵਾਲੇ ਸਿੱਖ, ਜਿਹੜੇ ਚੋਰੀ-ਛਿੱਪੇ ਰਸਦ ਪਹੁੰਚਾਉਂਦੇ ਸਨ, ਉਹਨਾਂ ਤੋਂ ਨਿਗਰਾਨੀ ਹਟ ਗਈ ਤੇ ਜਿਹੜੇ ਸਿੱਖ ਅਹੁਦਿਆਂ ਉਪਰ ਰੱਖੇ ਸਨ ਉਹਨਾਂ ਰਾਹੀਂ ਸਰਕਾਰੀ ਕਾਰਵਾਈਆਂ ਦੀ ਖਬਰ ਮਿਲਣ ਲੱਗੀ, ਜਿਸ ਨਾਲ ਧਾੜਵੀ ਜੱਥੇ ਸਮੇਂ ਸਿਰ ਚੌਕਸ ਹੋ ਜਾਂਦੇ। ਪਿੰਡਾਂ ਵਿਚ ਵੱਸਣ ਵਾਲੇ ਸਿੱਖਾਂ ਨੂੰ 'ਗੁਰਸਿੱਖ' ਤੇ ਅਹੁਦਿਆਂ ਉਤੇ ਲੱਗਿਆਂ ਨੂੰ ਖਾਲਸਾਈ ਭਾਸ਼ਾ ਵਿਚ 'ਚਕਰੈਲ' ਆਖਿਆ ਜਾਣ ਲੱਗਿਆ। ਗੁਰਸਿੱਖਾਂ ਤੇ ਚਕਰੈਲਾਂ ਦੀ ਮਦਦ ਦਾ ਰਾਠ-ਸਿੱਖਾਂ ਨੂੰ ਕਾਫੀ ਲਾਭ ਹੋਇਆ।
ਅਬਦੁੱਲ ਸਮਦ ਜਦੋਂ ਕਸ਼ਮੀਰ ਦੀ ਬਗਾਵਤ ਨੂੰ ਦਬਾਉਣ ਵਿਚ ਉਲਝਿਆ ਹੋਇਆ ਸੀ, ਉਦੋਂ ਹੀ ਪੱਛਮੀ ਪੰਜਾਬ ਵਿਚ ਮੁਲਤਾਨ ਦੇ ਇਲਾਕੇ ਵਿਚ ਹਫੜਾ-ਦਫੜੀ ਮੱਚ ਗਈ। ਇਸ ਹਫੜਾ-ਦਫੜੀ ਵਿਚ ਪਹਾੜੀ ਖੇਤਰ ਦੇ ਕਬਾਇਲੀਆਂ ਨੇ ਮਾਰ-ਧਾੜ ਸ਼ੁਰੂ ਕਰ ਦਿੱਤੀ। ਮਾਲਵੇ, ਸਿਰਸੇ ਤੇ ਦੁੱਲੇ ਦੀ ਵਾੜ ਵਿਚ ਭੱਟੀ, ਡੋਗਰ, ਸਿਆਲ, ਖਰਲ ਤੇ ਬਲੂਚਾਂ ਨੇ ਪਿੰਡਾਂ ਦੇ ਪਿੰਡ ਲੁੱਟ ਲਈ। ਇਹ ਸਾਰੇ ਉਤਪਾਤ ਸਿੱਖਾਂ ਦੇ ਨਾਂ ਪੈ ਜਾਂਦੇ ਸਨ। ਇਸ ਹਫੜਾ-ਦਫੜੀ ਨੂੰ ਰੋਕਣ ਲਈ ਅਬਦੁੱਲ ਸਮਦ ਤੋਂ ਕੁਝ ਵੀ ਨਾ ਕੀਤਾ ਜਾ ਸਕਿਆ¸ ਉਹ ਬੁੱਢਾ ਹੋ ਚੁੱਕਿਆ ਸੀ।
ਅਬਦੁੱਲ ਸਮਦ ਦੇ ਪੁੱਤਰ ਜ਼ਕਰੀਆ ਖਾਂ ਨੇ ਦਿੱਲੀ ਜਾ ਕੇ ਨਵੇਂ ਬਾਦਸ਼ਾਹ ਮੁਹੰਮਦ ਸ਼ਾਹ ਨੂੰ ਕਿਹਾ ਕਿ ਪੰਜਾਬ ਦਾ ਸੂਬੇਦਾਰ ਮੈਨੂੰ ਬਣਾਇਆ ਜਾਏ। ਮੈਂ ਬਹੁਤ ਜਲਦੀ ਅਮਨ ਬਹਾਲ ਕਰ ਦਿਆਂਗਾ। ਪ੍ਰਧਾਨ ਮੰਤਰੀ ਕਮਰੁੱਦੀਨ ਦੀ ਸਿਫਾਰਸ਼ ਉਪਰ, ਜਿਸ ਦਾ ਜ਼ਕਰੀਆ ਖਾਂ ਜੀਜਾ ਸੀ, ਇਹ ਗੱਲ ਮੰਨ ਲਈ ਗਈ। ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਜ਼ਕਰੀਆ ਖਾਂ ਨੂੰ ਲਾਹੌਰ ਦਾ ਤੇ ਅਬਦੁੱਲ ਸਮਦ ਨੂੰ ਮੁਲਤਾਨ ਦਾ ਸੂਬੇਦਾਰ ਬਣਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਜ਼ਕਰੀਆ ਖਾਂ ਨੇ ਲਾਹੌਰ ਦਾ ਸੂਬੇਦਾਰ ਬਣਦਿਆਂ ਹੀ 20,000 ਫੌਜੀ ਭਰਤੀ ਕੀਤੇ। ਉਹਨਾਂ ਵਿਚੋਂ ਦਸ ਹਜ਼ਾਰ ਲਾਹੌਰ ਵਿਚ ਰੱਖੇ। ਬਾਕੀ ਦੇ ਦਸ ਹਜ਼ਾਰ ਨੂੰ ਹਜ਼ਾਰ-ਹਜ਼ਾਰ ਦੇ ਦਸਤਿਆਂ ਵਿਚ ਵੰਡ ਦਿੱਤਾ। ਉਹਨਾਂ ਨੂੰ ਤੇਜ਼ ਚੱਲਣ ਵਾਲੇ ਘੋੜੇ-ਊਠ ਦੇ ਕੇ ਤੇ ਜੰਬੂਰਕ ਨਾਂ ਦੀਆਂ ਹਲਕੀਆਂ ਤੋਪਾਂ ਨਾਲ ਲੈਸ ਕਰ ਕੇ ਪੂਰੇ ਰਾਜ ਵਿਚ ਫੈਲਾ ਦਿੱਤਾ। ਇਹ 1721 ਦੀ ਗੱਲ ਹੈ। ਇਹਨਾਂ ਦਸਤਿਆਂ ਨੂੰ ਗਸ਼ਤੀ-ਫੌਜ ਕਿਹਾ ਜਾਂਦਾ ਸੀ। ਇਹਨਾਂ ਨੂੰ  ਹੁਕਮ ਸੀ ਕਿ ਜਿੱਥੇ ਵੀ ਸਿੱਖ ਮਿਲਣ, ਉਹਨਾਂ ਨੂੰ ਫੜ੍ਹ ਕੇ ਲਾਹੌਰ ਭੇਜ ਦਿੱਤਾ ਜਾਵੇ।
ਜ਼ਕਰੀਆ ਖਾਂ ਸਿੱਖਾਂ ਨੂੰ ਮਿਟਾਉਣ ਉਪਰ ਤੁਲਿਆ ਹੋਇਆ ਸੀ। ਉਸ ਦੀ ਗਸ਼ਤੀ-ਫੌਜ ਪਿੰਡ-ਪਿੰਡ ਗਸ਼ਤ ਕਰਨ ਲੱਗੀ। ਨੰਬਰਦਾਰਾਂ, ਚੌਧਰੀਆਂ ਤੇ ਮੁੱਕਦਮਾਂ ਨੂੰ ਫੇਰ ਸਤਰਕ ਕੀਤਾ ਗਿਆ ਤੇ ਸਿੱਖਾਂ ਨੂੰ ਗਿਰਫ਼ਤਾਰ ਕਰਵਾਉਣ ਤੇ ਮਰਵਾਉਣ ਲਈ ਫੇਰ ਲਾਲਚ ਦਿੱਤੇ ਗਏ। ਉਹਨਾਂ ਨਾਲ ਹਮਦਰਦੀ ਰੱਖਣ ਤੇ ਮਦਦ ਕਰਨ ਵਾਲਿਆਂ ਨੂੰ ਵੀ ਨਹੀਂ ਸੀ ਬਖ਼ਸ਼ਿਆ ਜਾਂਦਾ। ਸੈਂਕੜੇ ਸਿੱਖ ਫੜ੍ਹ ਕੇ ਆਏ ਦਿਨ ਲਾਹੌਰ ਲਿਆਏ ਜਾਂਦੇ ਸਨ ਤੇ ਉਹਨਾਂ ਨੂੰ ਖੁੱਲ੍ਹੇਆਮ ਲੋਕਾਂ ਦੇ ਸਾਹਮਣੇ, ਦਿੱਲੀ ਦਰਵਾਜ਼ੇ ਦੇ ਬਾਹਰ, ਨਖਾਸ ਚੌਕ ਵਿਚ ਸ਼ਹੀਦ ਕਰ ਦਿੱਤਾ ਜਾਂਦਾ ਸੀ, ਤਾਂ ਕਿ ਦੂਜਿਆਂ ਨੂੰ ਨਸੀਹਤ ਹੋਵੇ। ਨਖਾਸ ਚੌਕ ਨੂੰ 'ਘੋੜਾ ਮੰਡੀ' ਵੀ ਕਿਹਾ ਜਾਂਦਾ ਸੀ ਪਰ ਪਿੱਛੋਂ ਇਹਨਾਂ ਸ਼ਹੀਦੀਆਂ ਸਦਕਾ ਉਸ ਦਾ ਨਾਂ ਸ਼ਹੀਦ-ਗੰਜ ਪੈ ਗਿਆ।
ਰਾਠ-ਸਿੱਖਾਂ ਦਾ ਜੰਗਲਾਂ ਤੇ ਪਹਾੜੀਆਂ ਵਿਚ ਵੀ ਪਿੱਛਾ ਕੀਤਾ ਜਾਂਦਾ ਸੀ ਪਰ ਉਹ ਗਸ਼ਤੀ ਫੌਜ ਦੀ ਪਹੁੰਚ ਤੋਂ ਬਹੁਤ ਦੂਰ ਨਿਕਲ ਜਾਂਦੇ ਸਨ। ਉਹ ਬੀਕਾਨੇਰ ਦੇ ਰੇਤ ਦੇ ਟਿੱਬਿਆਂ ਵਿਚ ਰਹਿਣ ਦੇ ਆਦਿ ਵੀ ਸਨ, ਜਿੱਥੇ ਦੂਰ-ਦੂਰ ਤਕ ਪਾਣੀ ਨਹੀਂ ਮਿਲਦਾ ਸੀ। ਜੰਗਲੀ ਫਲ, ਸਾਗ ਸਬਜ਼ੀਆਂ ਤੇ ਸ਼ਿਕਾਰ¸ ਜੋ ਵੀ ਮਿਲਦਾ, ਉਸੇ ਉੱਤੇ ਗੁਜਾਰਾ ਕਰ ਲੈਂਦੇ ਸਨ। ਕੁਝ ਨਾ ਮਿਲਦਾ ਤਾਂ 'ਲੰਗਰ-ਮਸਤ' ਭਾਵ ਫਾਕੇ ਵਿਚ ਹੀ ਮਸਤੀ ਮਾਰਦੇ ਸਨ। ਉਹ ਮੁਸੀਬਤਾਂ ਵਿਚ ਮੁਸਕਰਾਉਣ ਤੇ ਮੌਤ ਨਾਲ ਮਖੌਲਾਂ ਕਰਨ ਵਾਲੇ ਅਜਿਹੇ ਖੁਸ਼ਮਿਜਾਜ਼ ਤੇ ਮਨਮੌਜੀ ਜੀਵ ਸਨ, ਜਿਹੜੇ ਕਿਸੇ ਵੀ ਹਾਲਤ ਵਿਚ ਢੇਰੀ ਨਹੀਂ ਸੀ ਢਾਉਂਦੇ। ਥੁੜਾਂ ਦੀ ਪੂਰਤੀ ਖਾਤਰ ਉਹਨਾਂ ਰਸਹੀਣ ਛੋਟੀਆਂ-ਛੋਟੀਆਂ ਵਸਤਾਂ ਦੇ ਵੱਡੇ-ਵੱਡੇ ਰਸਭਰੇ ਤੇ ਰੌਚਕ ਨਾਂ ਰੱਖ ਲਏ ਸਨ¸ ਉਹ ਖਾਲੀ ਪਰਾਤਾਂ ਤੇ ਬੁਝੋ ਹੋਏ ਚੁੱਲ੍ਹਿਆਂ ਨੂੰ 'ਲੰਗਰ-ਭਰਪੂਰ'; ਉਬਾਲੇ ਹੋਏ ਪੱਤਿਆਂ ਦੇ ਸਾਗ ਨੂੰ 'ਸਬਜ਼-ਪੁਲਾਅ'; ਭੁੱਜੇ ਹੋਏ ਦਾਣਿਆਂ ਨੂੰ 'ਖੁਸ਼ਕ-ਪੁਲਾਅ'; ਕਣਕ ਦੇ ਕੱਚੇ ਦਾਣਿਆਂ ਨੂੰ 'ਸੌਗੀ'; ਭੁੱਜੇ ਹੋਏ ਛੋਲਿਆਂ ਨੂੰ 'ਬਾਦਾਮ'; ਲੂਣ ਨੂੰ 'ਸਰਵ-ਰਸ'; ਗੁੜ ਨੂੰ 'ਸੂਬੇਦਾਰ'; ਕੜ੍ਹੀ ਨੂੰ 'ਅੰਮ੍ਰਿਤੀ'; ਕਟੀਰ ਦੇ ਫਲ ਨੂੰ 'ਅੰਗੂਰ'; ਬੇਰਾਂ ਨੂੰ 'ਸਿਓ' ਗੰਢੇ ਨੂੰ 'ਰੂਪਾ-ਪ੍ਰਸ਼ਾਦ' ਤੇ ਬੈਂਗਣ ਨੂੰ 'ਰਾਮ ਬਟੇਰਾ' ਕਹਿੰਦੇ ਸਨ। ਇੰਜ ਉਹਨਾਂ ਸੈਂਕੜੇ ਚੀਜਾਂ ਦੇ ਆਪਣੇ ਵੱਖਰੇ ਨਾਂ ਰੱਖੇ ਹੋਏ ਸਨ। ਪਿਸ਼ਾਬ ਕਰਨ ਜਾਂਦੇ ਤਾਂ ਕਹਿੰਦੇ ਕਿ 'ਚੀਤਾ ਮਾਰਨ ਜਾ ਰਹੇ ਹਾਂ'। ਟੱਟੀ ਜਾਣਾ ਹੁੰਦਾ ਤਾਂ 'ਕਾਜੀ ਨੂੰ ਭੋਜਨ ਕਰਾਉਣ ਜਾ ਰਿਹਾਂ'। ਵਿਦੇਸ਼ੀ ਹਾਕਮਾਂ ਦੇ ਪ੍ਰਤੀ ਉਹਨਾਂ ਦੇ ਮਨ ਵਿਚ ਜੋ ਨਫ਼ਰਤ ਸੀ ਉਸਨੂੰ ਪ੍ਰਗਟ ਕਰਨ ਦਾ ਵੀ ਉਹਨਾਂ ਦਾ ਆਪਣਾ ਹੀ ਢੰਗ ਸੀ। ਰਾਤ ਨੂੰ ਉਹ ਖੁੱਲ੍ਹੇ ਅਸਮਾਨ ਹੇਠ ਪਏ ਹੇਕਾਂ ਲਾ ਲਾ ਗਾਉਂਦੇ...:

 'ਨੀਂ ਮੁਗਲਾਂ ਦੀਏ ਮਾਏਂ ਸੁਣ।
 ਆਏ ਤੇਰੇ ਜਵਾਈ ਹੁਣ।।
 ਤੂੰ ਵੀ ਸੁਣ ਲੈ ਮੁਗਲ ਦੀ ਭੈਣੇ।
 ਹੀਰੇ ਮੋਤੀ ਅਸਾਂ ਨੇ ਖੋਹ ਲੈਣੇ।।'

ਮੌਤ ਦਾ ਭੈ ਮਨਾਂ ਵਿਚੋਂ ਕੱਢ ਸੁੱਟਿਆ ਸੀ। ਪੰਜਾਬ ਦੇ ਇਹਨਾਂ ਯੋਧਿਆਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਜੇ ਮਰਨਾ ਹੀ ਹੈ ਤਾਂ ਮੁਫ਼ਤ ਵਿਚ ਕਿਉਂ ਮਰੀਏ, ਦੁਸ਼ਮਣ ਦੇ ਜਿੰਨੇ ਆਦਮੀ ਮਾਰੇ ਜਾ ਸਕਦੇ ਹਨ, ਉਹਨਾਂ ਨੂੰ ਮਾਰ ਕੇ ਹੀ ਮਰੀਏ। ਇਹ ਫੈਸਲਾ ਬੁਜ਼ਦਿਲਾਂ ਨੂੰ ਵੀ ਬਹਾਦਰ ਬਣਾ ਦਿੰਦਾ ਸੀ। ਉਹ ਦੁਸ਼ਮਣ ਦਾ ਸਾਹਮਣਾ ਕਰਨ ਸਮੇਂ ਸ਼ੇਰ ਵਾਂਗ ਗੱਜਦੇ ਤੇ ਉਸ ਉੱਤੇ ਚੀਤੇ ਵਾਂਗ ਝਪਟ ਪੈਂਦੇ। ਸੰਘਰਸ਼ ਦੀ ਕੁਠਾਲੀ ਵਿਚ ਤਪੇ ਖਾੜਕੂ ਯੋਧੇ ਸਨ ਉਹ। ਉਦੇਸ਼ ਉੱਚਾ ਸੀ ਤੇ ਵਿਚਾਰ ਪੂਰੀ ਤਰ੍ਹਾਂ ਨਿੱਖਰੇ ਹੋਏ।...ਉਹ ਦੁਸ਼ਮਣ ਲਈ ਜਿੰਨੇ ਖਤਰਨਾਕ ਸਨ, ਆਪੂ ਵਿਚ ਤੇ ਸੱਜਣਾਂ-ਪਿਆਰਿਆਂ ਲਈ ਓਨੇਂ ਹੀ ਸੱਜਣ-ਪੁਰਖ ਸਨ।
ਮਾਝੇ ਦੇ ਕਿਸਾਨਾਂ ਨੂੰ ਬਿਲਕੁਲ ਉਜਾੜ ਦਿੱਤਾ ਗਿਆ। ਉਹ ਤੰਗ ਆ ਕੇ ਧਾੜਵੀ ਜੱਥਿਆਂ ਨਾਲ ਆ ਮਿਲੇ। ਗਿਣਤੀ ਵਧੀ, ਸ਼ਕਤੀ ਵਧੀ ਤੇ ਹੌਂਸਲਾ ਵੀ ਵਧਿਆ। ਉਹ ਮੈਦਾਨਾਂ ਵਿਚ ਆ ਕੇ ਮੁਗਲ ਅਫਸਰਾਂ ਤੇ ਅਮੀਰਾਂ ਨੂੰ ਲੁੱਟ ਕੇ ਲੈ ਜਾਂਦੇ। ਜ਼ਕਰੀਆ ਖਾਂ ਨੇ ਤੋਪਾਂ ਨਾਲ ਲੈਸ ਜਿਹੜੀ ਫੌਜ ਤਿਆਰ ਕੀਤੀ ਸੀ, ਉਸ ਵਿਚ ਵੀ ਇਹਨਾਂ ਧਾੜਵੀ ਜੱਥਿਆਂ ਦੀ ਦਹਿਸ਼ਤ ਫੈਲ ਗਈ ਸੀ। ਦੋ ਤਿੰਨ ਜੱਥੇ ਇਕੱਠੇ ਰਲ ਕੇ ਇਸ ਗਸ਼ਤੀ ਫੌਜ ਉਪਰ ਅਚਾਨਕ ਹਮਲਾ ਕਰਦੇ। ਉਸਦੇ ਹਥਿਆਰ, ਘੋੜੇ ਤੇ ਰਸਦ ਵਗੈਰਾ ਖੋਹ ਕੇ ਲੈ ਜਾਂਦੇ। ਹੁਣ ਇਸ ਫੌਜ ਲਈ ਗਸ਼ਤ ਲਾਉਣਾ ਆਸਾਨ ਨਹੀਂ ਸੀ ਰਹਿ ਗਿਆ। ਬਾਗੀਆਂ ਨੂੰ ਫੜ੍ਹਨ ਦੀ ਬਜਾਏ, ਖ਼ੁਦ ਉਹਨਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਪੈ ਗਈ ਸੀ। ਸਿੱਖ ਗੁਰੀਲੇ ਪਤਾ ਨਹੀਂ ਕਦੋਂ ਤੇ ਕਿੱਧਰੋਂ ਹੱਲਾ ਬੋਲ ਦੇਣ। ਹਰ ਪਲ ਭੈ ਵਿਚ ਲੰਘਦਾ ਤੇ ਰਾਤ ਨੂੰ ਵੀ ਸੌਂਣਾ ਨਸੀਬ ਨਹੀਂ ਸੀ ਹੁੰਦਾ। ਇਕ ਵਾਰੀ ਧਾੜਵੀ ਜੱਥਿਆਂ ਨੇ ਤਰਨ ਤਾਰਨ ਲਾਗੇ ਉਹ ਸ਼ਾਹੀ ਖਜਾਨਾ ਲੁੱਟ ਲਿਆ, ਜਿਸ ਨੂੰ ਇਕ ਹਜ਼ਾਰ ਸਿਪਾਹੀ ਲਾਹੌਰ ਤੋਂ ਦਿੱਲੀ ਲਿਜਾਅ ਰਹੇ ਸਨ।
ਹੌਲੀ-ਹੌਲੀ ਇਹਨਾਂ ਧਾੜਵੀ ਜੱਥਿਆਂ ਦੇ ਹੌਂਸਲੇ ਏਨੇ ਵਧ ਗਏ ਕਿ ਮੈਦਾਨਾਂ ਵਿਚ ਉਤਰ ਕੇ ਮੁਗਲ ਸੈਨਾ ਨਾਲ ਸਿੱਧੀ ਟੱਕਰ ਲੈਣ ਲੱਗ ਪਏ। ਬੰਦਾ ਬਹਾਦਰ ਦੇ ਜਮਾਨੇ ਵਿਚ ਹੀ ਸ਼ਕਤੀਸ਼ਾਲੀ ਦੁਸ਼ਮਣ ਨਾਲ ਲੜਨ ਦਾ ਉਹਨਾਂ ਇਕ ਨਵਾਂ ਤਰੀਕਾ ਇਜਾਦ ਕਰ ਲਿਆ ਸੀ¸ ਜਿਸ ਦਾ ਨਾਂ ਸੀ 'ਧਾਏ ਫਟ'।
ਉਹ ਜੰਗਲ ਵਿਚੋਂ ਅਚਾਨਕ ਨਿਕਲ ਆਉਂਦੇ। ਮੁਗਲ ਸੈਨਾ ਉਤੇ ਬਾਜ ਵਾਂਗ ਝਪਟਦੇ ਤੇ ਲੁੱਟ ਮਾਰ ਕਰਕੇ ਜਿੰਨੀ ਫੁਰਤੀ ਨਾਲ ਆਉਂਦੇ, ਓਨੀਂ ਫੁਰਤੀ ਨਾਲ ਹੀ ਨੱਸ ਜਾਂਦੇ। ਦੁਸ਼ਮਣ ਪਿੱਛਾ ਕਰਦਾ ਤਾਂ ਪਲਟ ਕੇ ਫੇਰ ਹਮਲਾ ਕਰਦੇ ਤੇ ਫੇਰ ਨੱਸ ਪੈਂਦੇ। ਉਹਨਾਂ ਦੇ ਘੋੜੇ ਵੀ ਪੂਰੇ ਸਧੇ ਹੋਏ ਸਨ। ਉਹਨਾਂ ਨੂੰ ਅੱਡੀ ਲਾਉਣ ਜਾਂ ਲਗਾਮ ਖਿੱਚਣ ਦੀ ਲੋੜ ਨਹੀਂ ਸੀ ਪੈਂਦੀ। ਉਹ ਆਵਾਜ਼ੀ-ਇਸ਼ਾਰਿਆਂ ਨਾਲ ਹੀ ਭੱਜ ਪੈਂਦੇ, ਪਲਟਦੇ ਤੇ ਫੇਰ ਪਰਤ ਜਾਂਦੇ ਸਨ।
ਸ਼ਹਿਰਾਂ ਤੇ ਕਸਬਿਆਂ ਵਿਚ ਮੁਗਲਾਂ ਦਾ ਰਾਜ ਸੀ ਪਰ ਜੰਗਲ ਵਿਚ ਸਿੱਖਾਂ ਦਾ ਰਾਜ ਸੀ, ਜਿੱਥੇ ਉਹ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰਦੇ ਤੇ ਸਿਰ ਚੁੱਕ ਕੇ ਤੁਰਦੇ। ਗਸ਼ਤੀ-ਫੌਜ ਦੇ ਸਿਪਾਹੀ ਉਹਨਾਂ ਦਾ ਪਿੱਛਾ ਕਰਨ ਦੇ ਬਜਾਏ ਆਮ ਲੋਕਾਂ ਨੂੰ ਲੁੱਟਦੇ ਤੇ ਤੰਗ ਕਰਦੇ ਸਨ। ਸਰਕਾਰ ਕੋਲ ਉਹਨਾਂ ਨੂੰ ਤਨਖਾਹ ਦੇਣ ਲਈ ਪੈਸੇ ਨਹੀਂ ਸੀ। ਇਸ ਲਈ ਬਗਾਵਤ, ਅਸੰਤੋਖ ਤੇ ਰੋਸ ਦੀ ਅਜਿਹੀ ਹਨੇਰੀ ਉਠੀ ਕਿ ਚਾਰੇ ਪਾਸੇ ਹਫੜਾ-ਦਫੜੀ ਮੱਚ ਗਈ। ਜ਼ਕਰੀਆ ਖਾਂ ਦੀ ਦਮਨ ਨੀਤੀ ਅਸਫਲ ਹੋ ਗਈ। ਉਸ ਲਈ ਰਾਜ-ਭਾਗ ਚਲਾਉਣਾ ਅਸੰਭਵ ਹੋ ਗਿਆ। ਖਜਾਨਾ ਖਾਲੀ ਸੀ। ਸੈਨਾ ਨੂੰ ਤਨਖਾਹ ਦਿੱਤੀ ਜਾਏ ਤਾਂ ਕਿਵੇਂ ਦਿੱਤੀ ਜਾਏ? ਲਗਾਨ ਕਿਸ ਤੋਂ ਉਗਰਾਇਆ ਜਾਏ? ਖੇਤੀ, ਵਪਾਰ ਸਭ ਚੌਪਟ ਹੋ ਚੁੱਕਿਆ ਸੀ। ਜਿਹੜਾ ਮਾਮਲਾ ਉਗਰਾਹ ਕੇ ਦਿੱਲੀ ਭੇਜਿਆ ਜਾਂਦਾ ਸੀ, ਉਹ ਵੀ ਜਾਣਾ ਬੰਦ ਹੋ ਗਿਆ ਸੀ।
ਸਿੱਖਾਂ ਨੂੰ ਖਤਮ ਕਰਨ ਦਾ ਸੁਪਨਾ ਚੂਰ-ਚੂਰ ਹੋ ਗਿਆ। ਉਹਨਾਂ ਦੀ ਗਿਣਤੀ ਹੁਣ ਉਸ ਗਿਣਤੀ ਨਾਲੋਂ ਦੁੱਗਣੀ ਹੋ ਚੁੱਕੀ ਸੀ, ਜਿਹੜੀ ਬੰਦਾ ਬਹਾਦਰ ਦੇ ਪੰਜਾਬ ਆਉਣ ਵੇਲੇ ਸੀ।
***
ਜ਼ਕਰੀਆ ਖਾਂ ਚੰਗਾ ਪ੍ਰਸ਼ਾਸਕ ਤੇ ਫਾਰਸੀ ਦਾ ਵਿਦਵਾਨ ਸੀ। ਉਸਨੇ ਸ਼ੇਖਸਾਦੀ ਦੀ 'ਗੁਲਿਸਤਾਂ-ਬੋਸਤਾਂ' ਦਾ ਅਧਿਅਨ ਵੀ ਕੀਤਾ ਹੋਇਆ ਸੀ ਤੇ ਉਸਦੇ ਕਠੋਰ ਹਿਰਦੇ ਵਿਚ ਇਕ ਕੋਮਲ ਸਥਾਨ ਵੀ ਸੀ। ਉਹ ਸੱਚਮੁੱਚ ਪੰਜਾਬ ਵਿਚ ਅਮਨ ਬਹਾਲ ਕਰਕੇ ਉਸਨੂੰ ਖੁਸ਼ਹਾਲ ਬਣਾਉਣਾ ਚਾਹੁੰਦਾ ਸੀ। ਹੁਣ ਸੱਤ ਸਾਲ ਦੇ ਖੂਨ-ਖਰਾਬੇ ਦਾ ਨਤੀਜਾ ਤਬਾਹੀ ਤੇ ਬਰਬਾਦੀ ਦੇਖ ਕੇ ਉਸਨੇ ਆਪਣੇ ਦੀਵਾਨ ਲਖਪਤ ਰਾਏ ਨਾਲ ਸਲਾਹ ਕਰਕੇ ਤੇ ਦਿੱਲੀ ਤੋਂ ਆਗਿਆ ਲੈ ਕੇ ਸਿੱਖਾਂ ਵੱਲ ਸੁਲਾਹ ਦਾ ਹੱਥ ਵਧਾਇਆ।
ਜਦੋਂ ਉਹ 1936 ਦੀ ਵਿਸਾਖੀ ਸਮੇਂ ਅੰਮ੍ਰਿਤਸਰ ਵਿਚ ਇਕੱਠੇ ਹੋਏ ਤਾਂ ਚਕਰੈਲ ਸਿੱਖ ਭਾਈ ਸੁਬੇਗ ਸਿੰਘ ਦੀ ਅਗਵਾਈ ਹੇਠ ਉਸ ਦਾ ਇਕ ਪ੍ਰਤੀਨਿਧ ਮੰਡਲ ਉਹਨਾਂ ਕੋਲ ਪਹੁੰਚਿਆ ਤੇ ਇਹ ਪੇਸ਼ਕਸ਼ ਕੀਤੀ ਕਿ ਜੇ ਸਿੱਖ ਸ਼ਾਂਤੀ ਨਾਲ ਰਹਿਣਾ ਮੰਜ਼ੂਰ ਕਰ ਲੈਣ ਤਾਂ ਉਹਨਾਂ ਨੂੰ ਇਕ ਲੱਖ ਰੁਪਏ ਦੀ ਜਾਗੀਰ, ਨਵਾਬ ਦੀ ਪਦਵੀ ਤੇ ਖਿਲਅਤ ( ਰਾਜੇ ਜਾਂ ਬਾਦਸ਼ਾਹ ਵੱਲੋ ਸਨਮਾਨ ਵਜੋਂ ਦਿੱਤੀ ਗਈ ਪੁਸ਼ਾਕ- ਅਨੁ.) ਦਿੱਤੀ ਜਾਵੇਗੀ। ਸਿੱਖਾਂ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਤੁਣਕ ਕੇ ਬੋਲੇ, “ ਉਹ ਕੌਣ ਹੁੰਦਾ ਏ ਸਾਨੂੰ ਜਾਗੀਰਾਂ ਦੇਣ ਵਾਲਾ, ਮੁਲਕ ਉਸਦਾ ਨਹੀਂ ਸਾਡਾ ਏ। ਸਾਨੂੰ ਨਹੀਂ ਚਾਹੀਦੀ ਉਸਦੀ ਦਿੱਤੀ ਹੋਈ ਨਵਾਬੀ¸ ਸਰਦਾਰੀ ਉਹ ਜੋ ਪੰਥ ਵੱਲੋਂ ਮਿਲੇ।”
ਸੁਬੇਗ ਸਿੰਘ ਸ਼ਾਂਤ ਸੁਭਾਅ ਦਾ ਮਿੱਤ-ਭਾਸ਼ੀ ਆਦਮੀ ਸੀ। ਬੋਲਿਆ, “ਸੁਲਾਹ ਵਿਚ ਪੰਥ ਦਾ ਫਾਇਦਾ ਏ। ਤੁਹਾਨੂੰ ਨਵਾਬ ਵਲੋਂ ਬੇਖਤਰਾ ਹੋ ਕੇ ਧਰਮ ਦਾ ਪ੍ਰਚਾਰ ਕਰਨ ਤੇ ਆਪਣੀ ਤਾਕਤ ਵਧਾਉਣ ਦਾ ਮੌਕਾ ਮਿਲੇਗਾ।”
ਸੁਬੇਗ ਸਿੰਘ ਦੀ ਇਹ ਗੱਲ ਸਾਰਿਆਂ ਦੇ ਮਨ ਲੱਗੀ ਸੀ। ਜਾਗੀਰ ਲੈ ਲੈਣ ਦਾ ਮਤਾ ਪਾਸ ਹੋ ਗਿਆ। ਹੁਣ ਸਵਾਲ ਇਹ ਸੀ ਕਿ ਨਵਾਬ ਦੀ ਪਦਵੀ ਕਿਸ ਨੂੰ ਦਿੱਤੀ ਜਾਏ। ਕੋਈ ਵੀ ਪ੍ਰਮੁੱਖ ਸਰਦਾਰ ਇਸ ਲਈ ਤਿਆਰ ਨਹੀਂ ਸੀ। ਵਾਰੀ ਨਾਲ ਸਾਰਿਆਂ ਤੋਂ ਪੁੱਛਿਆ ਗਿਆ ਪਰ ਸਭ ਨੇ ਇਨਕਾਰ ਕਰ ਦਿੱਤਾ। ਕੁਝ ਬਜ਼ੁਰਗਾਂ ਨੇ ਰਾਏ ਦਿੱਤੀ ਕਿ ਪੰਥ ਦੇ ਸਭ ਤੋਂ ਪੁਰਾਣੇ ਨੇਤਾ ਸਰਦਾਰ ਦਰਬਾਰਾ ਸਿੰਘ ਨੂੰ ਇਹ ਪਦਵੀ ਦੇ ਦਿੱਤੀ ਜਾਏ। ਉਹਨਾਂ ਵੀ ਇਨਕਾਰ ਕਰ ਦਿੱਤਾ। ਨਵਾਬ ਦੀ ਪਦਵੀ ਤੇ ਖਿਲਅਤ ਉਹ ਫੁਟਬਾਲ ਬਣ ਗਈ ਸੀ, ਜਿਸ ਨੂੰ ਖੇਡ ਦੇ ਮੈਦਾਨ ਵਿਚ ਏਧਰੋਂ ਉਧਰ ਠੁਡਿਆਇਆ ਜਾ ਰਿਹਾ ਸੀ। ਦੀਵਾਨ ਸਜਿਆ ਹੋਇਆ ਸੀ ਤੇ ਗੁਰੂ ਗਰੰਥ ਸਾਹਿਬ ਦਾ ਪਾਠ ਹੋ ਰਿਹਾ ਸੀ। ਇਸੇ ਸਮੇਂ ਗਰੰਥੀ ਨੇ ਗੁਰੂ ਅਰਜਨ ਦੇਵ ਦਾ ਇਕ ਵਾਕ ਉਚਾਰਣ ਕੀਤਾ, ਜਿਸ ਤੋਂ ਪ੍ਰੇਰਨਾ ਲੈ ਕੇ ਇਕ ਸਿੱਖ ਬੋਲਿਆ, “ਗੁਰੂ ਮਹਾਰਾਜ ਦਾ ਵਾਕ ਇਹ ਫਰਮਾਉਂਦਾ ਹੈ ਕਿ ਉੱਚੀ ਪਦਵੀ ਟਹਿਲ (ਸੇਵਾ) ਕਰਨ ਵਾਲੇ ਨੂੰ ਮਿਲਦੀ ਹੈ। ਗੁਰੂ ਦਾ ਹੁਕਮ ਮੰਨੋ। ਦੇਰ ਨਾ ਕਰੋ। ਸੇਵਾ ਕਰਨ ਵਾਲੇ ਸਿੰਘ ਨੂੰ ਇਹ ਪਦਵੀ ਦੇ ਦਿਓ।”
ਭਾਈ ਕਪੂਰ ਸਿੰਘ ਦੀਵਾਨ ਵਿਚ ਸੰਗਤ ਨੂੰ ਪੱਖਾਂ ਝੱਲ ਰਹੇ ਸਨ। ਪਿੱਛਲੇ ਦਿਨੀਂ ਰੋਪੜ ਵਿਚ ਗਸ਼ਤੀ ਫੌਜ ਨਾਲ ਹੋਈ ਟੱਕਰ ਵਿਚ ਉਹਨਾਂ ਦੇ ਮੱਥੇ 'ਤੇ ਸੱਟ ਲੱਗੀ ਸੀ, ਜਖ਼ਮ ਅਜੇ ਭਰਿਆ ਨਹੀਂ ਸੀ। ਇਸ ਦੇ ਬਾਵਜੂਦ ਉਹ ਬੜੀ ਤਤਪਰਤਾ ਨਾਲ ਇਧਰ-ਉਧਰ ਝੂਲ ਕੇ ਸੰਗਤ ਨੂੰ ਪੱਖਾਂ ਝੱਲ ਰਹੇ ਸਨ। ਉਸ ਸਿੰਘ ਨੇ ਸੁਝਾਅ ਦਿੱਤਾ ਕਿ ਨਵਾਬ ਦੀ ਪਦਵੀ ਤੇ ਖਿਲਅਤ ਭਾਈ ਕਪੂਰ ਸਿੰਘ ਨੂੰ ਦੇ ਦਿੱਤੀ ਜਾਏ।
ਦੀਵਾਨ ਵਿਚ ਇਕੱਤਰ ਸਰਬਤ ਖਾਲਸਾ ਨੂੰ ਇਹ ਸੁਝਾਅ ਬੜਾ ਚੰਗਾ ਲੱਗਿਆ ਤੇ ਉਹਨਾਂ 'ਬੋਲੇ ਸੋ ਨਿਹਾਲ, ਸਤਿ ਸ੍ਰੀ ਆਕਾਲ' ਦਾ ਜੈਕਾਰਾ ਛੱਡ ਕੇ ਆਪਣੀ ਸਹਿਮਤੀ ਦਾ ਐਲਾਨ ਕਰ ਦਿੱਤਾ। ਭਾਈ ਕਪੂਰ ਸਿੰਘ ਨੇ ਸੰਗਤ ਦੇ ਇਸ ਫੈਸਲੇ ਅੱਗੇ ਸਿਰ ਝੁਕਾਅ ਦਿੱਤਾ ਤੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੋਲੇ, “ਜੇ ਸਾਧ ਸੰਗਤ ਦੀ ਇਹੀ ਇੱਛਾ ਹੈ ਤਾਂ ਖਿਲਅਤ, ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਛੁਹਾਅ ਕੇ ਪਵਿੱਤਰ ਕਰਨ ਪਿੱਛੋਂ, ਮੈਨੂੰ ਬਖ਼ਸ਼ੀ ਜਾਏ।” ਗੁਰੂ ਦੀ ਹਜੂਰੀ ਵਿਚ ਅਰਦਾਸ ਹੋਈ ਤੇ ਖਿਲਅਤ ਜਿਵੇਂ ਭਾਈ ਕਪੂਰ ਸਿੰਘ ਨੇ ਕਿਹਾ ਸੀ, ਓਵੇਂ ਹੀ ਉਸਨੂੰ ਬਖ਼ਸ਼ੀ ਗਈ। ਪਰਗਨਾ, ਚੂਹਨੀਆਂ, ਦਿਆਲਪੁਰ, ਕੰਗਨਵਾਲ ਤੇ ਝਬਾਲ ਆਦਿਕ ਬਾਰਾਂ ਪਿੰਡਾਂ ਦੀ ਜਮੀਨ ਗੁਰੂ ਚੱਕ ਸ਼੍ਰੀ ਅੰਮ੍ਰਿਤਸਰ ਦੇ ਨਾਂ ਕਰ ਦਿੱਤੀ ਗਈ ਤੇ ਖਾਲਸੇ ਨੂੰ ਖੁੱਲ੍ਹਾ ਘੁੰਮਣ-ਫਿਰਨ ਦੀਆਂ ਛੋਟਾਂ ਹੋ ਗਈਆਂ।
ਸਰਕਾਰ ਨਾਲ ਹੋਏ ਇਸ ਸਮਝੌਤੇ ਪਿੱਛੋਂ ਅਮਨ ਬਹਾਲ ਹੋਇਆ ਤਾਂ ਜੰਗਲਾਂ ਤੇ ਪਹਾੜਾਂ ਵਿਚੋਂ ਨਿਕਲ ਕੇ ਕੁਝ ਸਿੱਖ ਅੰਮ੍ਰਿਤਸਰ ਵਿਚ ਸ਼੍ਰੀ ਹਰਿਮੰਦਰ ਸਾਹਿਬ ਦੇ ਆਸ-ਪਾਸ ਆ ਵੱਸੇ। ਹਜ਼ਾਰਾਂ ਆਦਮੀਆਂ ਤੇ ਉਹਨਾਂ ਦੇ ਘੋੜਿਆਂ ਲਈ ਰਸਦ ਤੇ ਰਿਹਾਇਸ਼ ਦਾ ਪ੍ਰਬੰਧ ਕਰਨਾ ਬੜਾ ਮੁਸ਼ਕਿਲ ਕੰਮ ਸੀ। ਨੌਜਵਾਨਾਂ ਨੂੰ ਬਜ਼ੁਰਗਾਂ ਪ੍ਰਤੀ ਇਹ ਰੋਸ ਸੀ ਕਿ ਚੰਗੀ ਰਸਦ ਤੇ ਚੰਗਾ-ਚੰਗਾ ਖਾਣ ਪੀਣ ਵਾਲਾ ਹੋਰ ਸਾਮਾਨ ਉਹ ਲੈ ਜਾਂਦੇ ਹਨ, ਉਹਨਾਂ ਤੇ ਉਹਨਾਂ ਦੇ ਘੋੜਿਆਂ ਨੂੰ ਬਚਿਆ-ਖੁਚਿਆ ਮਾਲ ਮਿਲਦਾ ਹੈ। ਨਾਲੇ ਨਵੀਂ ਤੇ ਪੁਰਾਣੀ ਪੀੜ੍ਹੀ ਦਾ ਫ਼ਰਕ ਵੀ ਸੀ¸ ਸੋ ਵਾਦ-ਵਿਵਾਦ ਤੇ ਤਣਾਅ ਪੈਦਾ ਹੋਣਾ ਸੁਭਾਵਕ ਵੀ ਸੀ। ਨਵਾਬ ਕਪੂਰ ਸਿੰਘ ਨੇ ਇਸ ਸਮੱਸਿਆ ਦਾ ਮਨੋਵਿਗਿਆਨਕ ਹੱਲ ਕੱਢਿਆ, ਸਾਰੇ ਜਣਿਆਂ ਨੂੰ ਬੁੱਢਾ-ਦਲ ਤੇ ਤਰੂਣਾ-ਦਲ ਵਿਚ ਵੰਡ ਦਿੱਤਾ। ਤਰੂਣਾ-ਦਲ ਨੂੰ ਅੱਗੇ ਪੰਜ ਭਾਗਾਂ ਵਿਚ ਵੰਡਿਆ। ਹਰ ਭਾਗ (ਟੋਲੇ) ਦਾ ਆਪਣਾ ਨੇਤਾ ਤੇ ਆਪਣਾ ਡੇਰਾ ਸੀ। ਇੰਜ ਬੁੱਢਾ ਦਾਲ ਨੂੰ ਵੀ ਪੰਜ ਭਾਗਾਂ ਵਿਚ ਵੰਡ ਦਿੱਤਾ ਗਿਆ। ਉਹਨਾਂ ਦਾ ਵੀ ਆਪਣਾ-ਆਪਣਾ ਨੇਤਾ ਤੇ ਆਪਣਾ-ਆਪਣਾ ਡੇਰ ਸੀ।
ਸਿੱਖਾਂ ਨੂੰ ਬੰਦਾ ਬਹਾਦੁਰ ਦੀ ਸ਼ਹਾਦਤ ਪਿੱਛੋਂ ਪਹਿਲੀ ਵਾਰੀ ਨਵਾਬ ਕਪੂਰ ਸਿੰਘ ਦੇ ਰੂਪ ਵਿਚ ਇਕ ਸੁਯੋਗ ਤੇ ਪ੍ਰਭਾਵਸ਼ਾਲੀ ਨੇਤਾ ਮਿਲਿਆ ਸੀ। ਉਹ ਇਕ ਕੁਸ਼ਲ ਸੰਗਠਨਕਰਤਾ ਤੇ ਸਮੱਸਿਆਵਾਂ ਨੂੰ ਸੁਲਝਾਉਣ ਵਾਲਾ ਬੁੱਧੀਜੀਵੀ ਸੀ। ਸੋ ਬੜੀ ਛੇਤੀ ਹਰਮਨ ਪਿਆਰਾ ਹੋ ਗਿਆ। ਸਾਰੇ ਉਸਦਾ ਆਦਰ ਕਰਦੇ ਸਨ। ਉਹ ਜਿੱਥੇ ਵੀ ਜਾਂਦਾ, ਉੱਥੇ ਹੀ ਉਸਦਾ ਸ਼ਾਨਦਾਰ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਤੇ ਨੌਜਵਾਨ ਉਸਦੇ ਹੱਥੋਂ ਅੰਮ੍ਰਿਤ ਛਕ ਕੇ ਸਿੱਖ ਧਰਮ ਦੇ ਸੇਵਾਦਾਰ ਬਨਣ ਵਿਚ ਮਾਣ ਮਹਿਸੂਸ ਕਰਦੇ। ਇਹਨਾਂ ਸੇਵਾਦਾਰਾਂ ਨੂੰ ਅਸਤਰ-ਸ਼ਸਤਰ ਚਲਾਉਣ ਦੀ ਸਿੱਖਿਆ ਵੀ ਦਿੱਤੀ ਜਾਂਦੀ ਸੀ। ਸੰਗਤਾਂ ਦੀਆਂ ਜੁੱਤੀਆਂ ਸਾਫ ਕਰਨ, ਪੱਖਾ ਝੱਲਣ, ਲੰਗਰ ਦਾ ਪ੍ਰਬੰਧ ਕਰਨ, ਰਸਦ ਤੇ ਲੰਗਰ ਵਰਤਾਉਣ ਦਾ ਕੰਮ ਦੇ ਕੇ ਇਹ ਗੱਲ ਮਨਾਂ ਵਿਚ ਬਿਠਾਅ ਦਿੱਤੀ ਜਾਂਦੀ ਸੀ ਕਿ ਸੇਵਾ, ਤਿਆਗ ਅਤੇ ਅਨੁਸ਼ਾਸਨ ਹੀ ਖਾਲਸੇ ਦੇ ਵਿਸ਼ੇਸ਼ ਗੁਣ ਹਨ ਤੇ ਇਹਨਾਂ ਗੁਣਾ ਨੂੰ ਧਾਰਨ ਕਰਕੇ ਹੀ ਮਨੁੱਖ ਛੋਟੇ ਤੋ ਵੱਡਾ ਬਣਦਾ ਹੈ।
ਇਕ ਵਾਰੀ ਨਵਾਬ ਕਪੂਰ ਸਿੰਘ ਸਰਦਾਰ ਬਾਘ ਸਿੰਘ ਦੇ ਘਰ ਉਹਨਾਂ ਨੂੰ ਮਿਲਣ ਜਲੰਧਰ ਗਏ। ਉਹ ਜਿਸ ਕਮਰੇ ਵਿਚ ਬੈਠੇ ਗੱਲਾਂ ਕਰ ਰਹੇ ਸਨ, ਉਸੇ ਵਿਚ ਬਾਘ ਸਿੰਘ ਦੀ ਵਿਧਵਾ ਭੈਣ 'ਆਸਾ ਦੀ ਵਾਰ' ਦਾ ਕੀਰਤਨ ਕਰ ਰਹੀ ਸੀ। ਉਸਦੀ ਆਵਾਜ਼ ਬੜੀ ਸੁਰੀਲੀ ਸੀ ਤੇ ਉਹ ਦੋ ਤਾਰਾ ਬੜਾ ਸੋਹਣਾ ਵਜਾ ਰਹੀ ਸੀ। ਉਸਦੇ ਵਾਲ ਖੁੱਲ੍ਹੇ ਹੋਏ ਸਨ ਤੇ ਉਹ ਕੀਰਤਨ ਕਰਨ ਵਿਚ ਏਨੀ ਮਗਨ ਹੋਈ ਹੋਈ ਸੀ ਕਿ ਉਸਨੂੰ ਆਪਣੀ ਤੇ ਆਪਣੇ ਆਸੇ-ਪਾਸੇ ਦੀ ਕੋਈ ਸੁੱਧ ਹੀ ਨਹੀਂ ਸੀ ਜਾਪਦੀ। ਉਸਦੇ ਲਾਗੇ ਹੀ ਉਸਦਾ ਸਤਾਰਾਂ-ਅਠਾਰਾਂ ਵਰ੍ਹਿਆਂ ਦਾ ਪੁੱਤਰ, ਖੰਭੇ ਉਪਰ, ਤਲਵਾਰ ਦੀ ਯੁੱਧ ਕਲਾ ਦਾ ਅਭਿਆਸ ਕਰ ਰਿਹਾ ਸੀ। ਜਿਵੇਂ ਮਾਂ ਕੀਰਤਨ ਵਿਚ ਮਗਨ ਸੀ, ਓਵੇਂ ਹੀ ਪੁੱਤਰ ਆਪਣੇ ਅਭਿਆਸ ਵਿਚ। ਆਸੇ-ਪਾਸੇ ਕੀ ਹੋ ਰਿਹਾ ਹੈ, ਇਸ ਦੀ ਉਸਨੂੰ ਵੀ ਸੁੱਧ ਨਹੀਂ ਸੀ। ਸਾਹਮਣੇ ਖੜ੍ਹੇ ਕਲਪਿਤ ਦੁਸ਼ਮਣ ਉਪਰ ਇਕਾਗਰ-ਚਿੱਤ ਹੋ ਕੇ ਨਿਸ਼ਾਨਾ ਸਿੰਨ੍ਹਣ ਤੇ ਵਾਰ ਕਰਨ ਦਾ ਉਸਦਾ ਅੰਦਾਜ਼ ਤੇ ਉਸਦੇ ਹਾਵ-ਭਾਵ ਸਿਰਫ ਦੇਖਣ ਯੋਗ ਸਨ¸ ਬਿਆਨ ਨਹੀਂ ਸਨ ਕੀਤੇ ਜਾ ਸਕਦੇ।
ਨਵਾਬ ਕਪੂਰ ਸਿੰਘ ਨੇ ਇਕੋ ਨਜ਼ਰ ਵਿਚ ਉਸ ਨੌਜਵਾਨ ਦੀ ਵਿਲੱਖਣ ਪ੍ਰਤਿਭਾ ਨੂੰ ਪਛਾਣ ਲਿਆ। ਉਹਨਾਂ ਬਾਘ ਸਿੰਘ ਦਾ ਧਿਆਨ ਉਸ ਵੱਲ ਦਿਵਾਉਂਦਿਆਂ ਕਿਹਾ, “ਤੁਹਾਡਾ ਭਾਣਜਾ ਜਿੰਨਾਂ ਸੋਹਣਾ ਏਂ, ਓਨਾਂ ਹੀ ਗੰਭੀਰ ਤੇ ਬੁੱਧੀਮਾਨ ਵੀ ਹੈ। ਇਸ ਦਾ ਮੁਖ-ਮੰਡਲ ਕਿਸੇ ਮਹਾਨ ਯੋਧੇ ਜਿਹਾ ਹੈ। ਮੇਰਾ ਖ਼ਿਆਲ ਐ ਕਿ ਦੇਸ਼ ਤੇ ਧਰਮ ਨੂੰ ਵਿਦੇਸ਼ੀਆਂ ਦੀ ਗ਼ੁਲਾਮੀ ਤੋਂ ਮੁਕਤ ਕਰਵਾਉਣ ਦਾ ਕਾਰਜ ਇਸ ਦੀ ਅਗਵਾਈ ਵਿਚ ਤੋੜ ਚੜ੍ਹੇਗਾ।”
ਜਦੋਂ ਇਹ ਭਵਿੱਖਬਾਣੀ ਹੋ ਰਹੀ ਸੀ, ਉਦੋਂ ਹੀ ਬਾਘ ਸਿੰਘ ਦੀ ਵਿਧਵਾ ਭੈਣ ਕੀਰਤਨ ਸਮਾਪਤ ਕਰਕੇ ਉੱਠੀ। ਨਵਾਬ ਕਪੂਰ ਸਿੰਘ ਤੇ ਬਾਘ ਸਿੰਘ ਦੀਆਂ ਨਜ਼ਰਾਂ ਨਿਸ਼ਾਨਾ 'ਸਾਧ' ਰਹੇ ਉਸਦੇ ਪੁੱਤਰ ਉਪਰ ਟਿਕੀਆਂ ਹੋਈਆਂ ਸਨ, ਇਸ ਲਈ ਉਹ ਵੀ ਉਧਰ ਹੀ ਦੇਖਣ ਲੱਗੀ।
ਮੁੰਡੇ ਦਾ ਨਾਂ ਜੱਸਾ ਸਿੰਘ ਸੀ। ਉਹ ਸੁਡੌਲ ਜੁੱਸੇ ਤੇ ਲੰਮੇ-ਝੰਮੇ ਕੱਦ ਦਾ ਨੌਜਵਾਨ ਸੀ। ਮਾਂ ਦਾ ਇਕਲੌਤਾ ਪੁੱਤਰ ਸੀ ਤੇ ਬਾਘ ਸਿੰਘ ਦੀ ਆਪਣੀ ਕੋਈ ਸੰਤਾਨ ਨਹੀਂ ਸੀ, ਇਸ ਲਈ ਉਸ ਨੇ ਜੱਸਾ ਸਿੰਘ ਨੂੰ ਆਪਣਾ ਮੁਤਬੰਨਾ-ਪੁੱਤਰ ਬਣਾ ਲਿਆ ਸੀ। ਮਜੇ ਦੀ ਗੱਲ ਇਹ ਸੀ ਕਿ ਨਵਾਬ ਕਪੂਰ ਸਿੰਘ ਦੇ ਆਪਣੇ ਵੀ ਕੋਈ ਬੱਚਾ-ਬੱਚੀ ਨਹੀਂ ਸੀ। ਉਸਦੇ ਮਨ ਵਿਚ ਜੱਸਾ ਸਿੰਘ ਨੂੰ ਆਪਣਾ ਮੁਤਬੰਨਾ-ਪੁੱਤਰ ਬਣਾ ਲੈਣ ਦੀ ਇੱਛਾ ਪੈਦਾ ਹੋਈ। ਇਹ ਇੱਛਾ ਏਨੀ ਤੀਬਰ ਸੀ ਕਿ ਸਭ ਕੁਝ ਜਾਣਦਿਆਂ ਹੋਇਆਂ ਵੀ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ। ਵਿਧਵਾ ਮਾਂ ਵੱਲ ਦੇਖਦੇ ਹੋਏ ਬੋਲੇ¸
“ਭੈਣਾ! ਮੈਂ ਇਕ ਅਜਿਹੀ ਗੱਲ ਸੋਚ ਰਿਹਾਂ, ਜਿਸ ਨੂੰ ਕਹਿਣਾ ਤੇਰੇ ਨਾਲ ਤੇ ਭਾਈ ਬਾਘ ਸਿੰਘ ਨਾਲ ਜ਼ਿਆਦਤੀ ਹੋਏਗੀ।...ਪਰ ਮੈਂ ਕਹੇ ਬਗੈਰ ਨਹੀਂ ਰਹਿ ਸਕਦਾ।”
“ਭਰਾ ਨਵਾਬ, ਤੁਸੀਂ ਆਪਣੀ ਗੱਲ ਬਿਨਾਂ ਸੰਕੋਚ ਕਹੋ। ਮੈਨੂੰ ਵਿਸ਼ਵਾਸ ਐ ਕਿ ਤੁਸੀਂ ਜੋ ਵੀ ਸੋਚਦੇ ਓ ਪੰਥ ਦੇ ਹਿੱਤ ਲਈ ਈ ਸੋਚਦੇ ਓ। ਤੁਹਾਤੋਂ ਕਿਸੇ ਨਾਲ ਜ਼ਿਆਦਤੀ ਹੋ ਈ ਨਹੀਂ ਸਕਦੀ।”
ਨੌਜਵਾਨ ਨੇ ਵੀ ਯੁੱਧ ਅਭਿਆਸ ਦਾ ਨਿੱਤ-ਕਰਮ ਪੂਰਾ ਕਰ ਲਿਆ ਸੀ ਤੇ ਉਹ ਵੀ ਸਤਿਕਾਰ ਵਜੋਂ ਝੁਕ ਕੇ ਨਵਾਬ ਦੇ ਕੋਲ ਆਣ ਖੜ੍ਹਾ ਹੋਇਆ ਸੀ।
ਨਵਾਬ ਕਪੂਰ ਸਿੰਘ ਨੇ ਉਸਦੇ ਚੌੜੇ ਮੱਥੇ ਉਪਰ ਹੱਥ ਰੱਖ ਕੇ, ਇਕ ਨਜ਼ਰ ਵਿਧਵਾ ਮਾਂ ਤੇ ਫੇਰ ਬਾਘ ਸਿੰਘ ਵੱਲ ਦੇਖਿਆ। ਕੁਝ ਪਲ ਮੌਨ ਵਿਚ ਬੀਤੇ। ਸਾਰੇ ਚੁੱਪ ਸਨ। ਵਾਤਾਵਰਣ ਵਿਚ ਸੰਨਾਟਾ ਸੀ।
“ਭੈਣਾ, ਮੈਂ ਚਾਹੁੰਦਾ ਹਾਂ...” ਨਵਾਬ ਕਪੂਰ ਸਿੰਘ ਨੇ ਦ੍ਰਿੜ੍ਹ ਆਵਾਜ਼ ਵਿਚ ਗੱਲ ਸ਼ੁਰੂ ਕੀਤੀ, “...ਤੇਰੇ ਏਸ ਇਕੋ-ਇਕ ਪੁੱਤਰ ਨੂੰ ਆਪਣੇ ਨਾਲ ਲੈ ਜਾਵਾਂ। ਇਸਨੂੰ ਆਪਣਾ ਪੁੱਤਰ ਸਮਝ ਕੇ ਆਪਣੇ ਕੋਲ ਰੱਖਾਂ ਤੇ ਇਸਦੀ ਸਿਖਲਾਈ-ਪੜ੍ਹਾਈ ਦੀ ਜ਼ਿੰਮੇਵਾਰੀ ਆਪਣੇ ਉਪਰ ਲੈ ਲਵਾਂ। ਮੈਂ ਜਾਣਦਾਂ ਕਿ ਤੇਰਾ ਦਿਲ ਮਾਂ ਦਾ ਦਿਲ ਏ¸ ਕੀ ਤੂੰ ਇਹ ਤਿਆਗ ਕਰ ਸਕੇਂਗੀ?”
“ਭਰਾ ਨਵਾਬ, ਤੁਹਾਡੀ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਏ¸ ਅੰਤਾਂ ਦੀ ਖੁਸ਼ੀ।” ਮਾਂ ਦੀਆਂ ਅੱਖਾਂ ਵਿਚ ਅੱਥਰੂ ਭਰ ਆਏ। ਉਸਨੇ ਆਪਣਾ ਸੱਜਾ ਹੱਥ ਪੁੱਤਰ ਦੇ ਮੋਢੇ ਉੱਤੇ ਰੱਖਿਆ, ਜਿਵੇਂ ਸੰਭਲਣ ਲਈ ਸਹਾਰਾ ਲੈ ਰਹੀ ਹੋਏ। ਫੇਰ ਉਹ ਬੋਲੀ, “ਮੇਰਾ ਬੱਚਾ ਤੁਹਾਡਾ ਬੱਚਾ ਏ, ਪੰਥ ਦਾ ਬੱਚਾ ਏ। ਉਹ ਤੁਹਾਡੇ ਹੱਥੀਂ ਪ੍ਰਵਾਨ ਚੜ੍ਹੇ ਇਸ ਤੋਂ ਚੰਗੀ ਹੋਰ ਕਿਹੜੀ ਗੱਲ ਹੋ ਸਕਦੀ ਐ।”
ਕਪੂਰ ਸਿੰਘ ਨੌਜਵਾਨ ਜੱਸਾ ਸਿੰਘ ਨੂੰ ਆਪਣੇ ਨਾਲ ਲੈ ਆਏ। ਉਸਨੂੰ ਅਸਤਰ-ਸ਼ਸਤਰ ਤੇ ਘੋੜ ਸਵਾਰੀ ਦੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਤੇ ਨਾਲ ਹੀ ਪੰਥਕ ਪ੍ਰੰਪਰਾ ਅਨੁਸਾਰ ਨਿੱਕੇ ਵੱਡੇ ਕੰਮ ਸੌਂਪ ਕੇ ਉਸਦੇ ਮਨ ਵਿਚ ਸੇਵਾ ਭਾਵ ਵਿਕਸਤ ਕੀਤਾ।
***
ਸੌਣ ਮਹੀਨੇ ਦੀ ਘੁੱਪ ਹਨੇਰੀ ਰਾਤ ਸੀ। ਮੀਂਹ ਵਰ੍ਹ ਰਿਹਾ ਸੀ। ਨਵਾਬ ਕਪੂਰ ਸਿੰਘ ਨੇ ਕੈਂਪ ਵਿਚੋਂ ਕਈ ਵਾਰੀ ਪੁੱਛਿਆ, “ਪਹਿਰੇ 'ਤੇ ਕੌਣ ਏਂ?” ਹਰ ਵਾਰੀ ਉਤਰ ਮਿਲਿਆ, “ਜੱਸਾ ਸਿੰਘ ਜੀ।” ਕਪੂਰ ਸਿੰਘ ਉਸ ਦੀ ਫਰਜ਼ ਪ੍ਰਤੀ ਪ੍ਰਤੀਬੱਧਤਾ ਨੂੰ ਦੇਖ ਕੇ ਬੜੇ ਖੁਸ਼ ਹੋਏ।
ਇਸ ਪਿੱਛੋਂ ਜੱਸਾ ਸਿੰਘ ਦੇ ਜ਼ਿੰਮੇਂ ਘੋੜਿਆਂ ਦਾ ਰਾਤਬ (ਪਸ਼ੂਆਂ ਦੀ ਹਰ ਰੋਜ਼ ਦੀ ਖੁਰਾਕ-ਅਨੁ.) ਵੰਡਣ ਦਾ ਕੰਮ ਲਾ ਦਿੱਤਾ ਗਿਆ। ਇਹ ਕੰਮ ਦੇਖਣ ਵਿਚ ਮਾਮੂਲੀ ਸੀ ਪਰ ਬੜਾ ਹੀ ਮਹੱਤਵਪੂਰਨ ਸੀ। ਇਸ ਲਈ ਚੌਕਸੀ ਤੇ ਵਿਹਾਰਕ ਸਮਝਦਾਰੀ ਦੀ ਬੜੀ ਲੋੜ ਸੀ। ਜੱਸਾ ਸਿੰਘ ਦੇ ਪਿਤਾ ਦਿਆਲ ਸਿੰਘ ਉਹਦੇ ਬਚਪਨ ਵਿਚ ਹੀ ਚੱਲ ਵੱਸੇ ਸਨ। ਵਿਧਵਾ ਮਾਂ ਉਸਨੂੰ ਲੈ ਕੇ ਦਿੱਲੀ ਚਲੀ ਗਈ ਸੀ ਤੇ ਦਸ ਵਰ੍ਹੇ ਮਾਤਾ ਸੁੰਦਰੀ ਦੀ ਸੇਵਾ ਵਿਚ ਬਿਤਾਏ ਸਨ। ਪੁੱਤਰ ਦੀ ਪੜ੍ਹਾਈ ਲਿਖਾਈ ਉੱਥੇ ਹੀ ਹੋਈ ਸੀ। ਇਸ ਲਈ ਉਰਦੂ ਉਸ ਦੀ ਬੋਲੀ ਵਿਚ ਰਚ ਗਈ ਸੀ। ਸਿੱਖ ਸਵਾਰ ਜਦੋਂ ਰਾਤਬ ਲੈਣ ਆਉਂਦੇ ਤਾਂ ਉਸ ਨੂੰ 'ਹਮਕੋ-ਤੁਮਕੋ' ਕਹਿ ਕੇ ਚਿੜਾਉਂਦੇ ਸਨ। ਉਹਨਾਂ ਦੇ ਇੰਜ ਚਿੜਾਉਣ ਕਰਕੇ ਜੱਸਾ ਸਿੰਘ ਏਨਾ ਤੰਗ ਆ ਗਿਆ ਕਿ ਇਕ ਦਿਨ ਰੋਣ ਹਾਕਾ ਹੋ ਕੇ ਨਵਾਬ ਕਪੂਰ ਸਿੰਘ ਕੋਲ ਗਿਆ ਤੇ ਬੋਲਿਆ, “ਮਹਾਰਾਜ ਮੈਥੋਂ ਇਹਨਾਂ ਲੋਕਾਂ ਦੇ ਘੋੜਿਆਂ ਦੀ ਦਾਨਾ ਵੰਡ ਨਹੀਂ ਹੁੰਦੀ। ਤੁਸੀਂ ਇਹ ਕੰਮ ਕਿਸੇ ਹੋਰ ਨੂੰ ਦੇ ਦਿਓ।”
ਨਵਾਬ ਕਪੂਰ ਸਿੰਘ ਮੁਸਕਰਾਏ ਤੇ ਉਸਦੀ ਪਿੱਠ ਉਤੇ ਹੱਥ ਫੇਰਦੇ ਹੋਏ ਬੋਲੇ, “ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਪੰਥ ਵਿਚ ਸੇਵਾ ਨਾਲ ਈ ਮੇਵਾ ਮਿਲਦਾ ਏ। ਇਹ ਬੜੇ ਭਲੇ ਲੋਕ ਨੇ। ਇਹਨਾਂ ਮੈਨੂੰ ਪੱਖਾਂ ਝੱਲਣ ਵਾਲੇ ਸੇਵਾਦਾਰ ਨੂੰ ਚੁੱਕ ਕੇ ਨਵਾਬ ਬਣਾ ਦਿੱਤਾ ਏ¸ ਤੈਨੂੰ ਸ਼ਾਇਦ ਬਾਦਸ਼ਾਹ ਬਣਾ ਦੇਣ।”
ਜੱਸਾ ਸਿੰਘ ਸ਼ਾਂਤ ਹੋ ਗਿਆ। ਉਹ ਤਨ-ਮਨ ਨਾਲ ਪੰਥ ਦੀ ਸੇਵਾ ਕਰਦਾ ਰਿਹਾ। ਸਿੱਟਾ ਇਹ ਕਿ ਉਸਨੇ ਏਨਾ ਸਨੇਹ ਤੇ ਸਨਮਾਨ ਪ੍ਰਾਪਤ ਕੀਤਾ ਕਿ ਸਾਰੇ ਉਸਨੂੰ 'ਬਾਦਸ਼ਾਹ' ਕਹਿਣ ਲੱਗ ਪਏ ਤੇ ਮੰਨੇ-ਪ੍ਰਮੰਨੇ ਸਰਦਾਰਾਂ ਵਿਚ ਉਸਦਾ ਦਰਜਾ ਏਨਾ ਉਚਾ ਹੋ ਗਿਆ ਕਿ ਨਵਾਬ ਕਪੂਰ ਸਿੰਘ ਪਿੱਛੋਂ ਦੂਜਾ ਪਦ ਉਸੇ ਦਾ ਗਿਣਿਆਂ ਜਾਣ ਲੱਗਿਆ।
ਜੱਸਾ ਸਿੰਘ ਦਾ ਜਨਮ ਲਾਹੌਰ ਦੇ ਨੇੜੇ ਆਹਲੂਵਾਲ ਪਿੰਡ ਵਿਚ ਹੋਇਆ ਸੀ। ਉਸਦੇ ਪਿਤਾ ਸ਼ਰਾਬ ਦਾ ਧੰਦਾ ਕਰਦੇ ਸਨ। ਪੰਜਾਬ ਵਿਚ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ 'ਕਲਾਲ' ਕਹਿੰਦੇ ਸਨ। ਇੰਜ ਉਹਨਾਂ ਦੀ ਇਕ ਵੱਖਰੀ ਕਲਾਲ ਜਾਤੀ ਬਣ ਗਈ ਸੀ। ਪਿੰਡ ਦੇ ਨਾਤੇ ਜੱਸਾ ਸਿੰਘ ਨੂੰ 'ਜੱਸਾ ਸਿੰਘ ਆਹਲੂਵਾਲੀਆ' ਤੇ ਪਿਓ ਦੇ ਪੇਸ਼ੇ ਦੇ ਨਾਤੇ 'ਜੱਸਾ ਸਿੰਘ ਕਲਾਲ' ਕਹਿੰਦੇ ਹਨ। ਪਿੱਛੋਂ ਉਹ ਜਿਸ ਮਿਸਲ ਦਾ ਆਗੂ ਬਣਿਆ, ਉਸਦਾ ਨਾਂ ਵੀ 'ਆਹਲੂਵਾਲੀਆ ਮਿਸਲ' ਪਿਆ। ਇਹੀ ਨਾਂ ਮਸ਼ਹੂਰ ਹੋ ਜਾਣ ਕਾਰਨ ਹੁਣ ਜਿੰਨੇ ਕਲਾਲ ਹਨ, ਉਹ ਆਪਣੇ ਆਪ ਨੂੰ ਆਹਲੂਵਾਲੀਆ ਲਿਖਦੇ ਹਨ।
-----------

ਬੋਲੇ ਸੋ ਨਿਹਾਲ : ਤੀਜੀ ਕਿਸ਼ਤ :-

ਤੀਜੀ ਕਿਸ਼ਤ : ਬੋਲੇ ਸੋ ਨਿਹਾਲ :---
ਲੇਖਕ : ਹੰਸਰਾਜ ਰਹਿਬਰ :: ਅਨੁਵਾਦ : ਮਹਿੰਦਰ ਬੇਦੀ ਜੈਤੋ


ਦੋ ਢਾਈ ਸਾਲ ਅਮਨ ਰਿਹਾ। ਇਸ ਦੌਰਾਨ ਖਾਲਸਾ ਦਲਾਂ ਨੇ ਆਪਣੀ ਸ਼ਕਤੀ ਦਾ ਵਿਸਥਾਰ ਕੀਤਾ। ਉਹ ਪੂਰੇ ਪੰਜਾਬ ਵਿਚ ਫੈਲ ਗਏ। ਤਰੁਣਾ-ਦਲ ਦੇ ਘੋੜਿਆਂ ਦੇ ਖੁਰਾਂ ਦੀ ਟਾਪ ਜਮਨਾ ਪਾਰ ਦਿੱਲੀ ਦੇ ਲਾਲ ਕਿਲੇ ਵਿਚ ਸੁਣੀ ਜਾਣ ਲੱਗੀ। ਇਸ ਨਾਲ ਮੁਗਲ ਹੁਕਮਰਾਨ ਦੀ ਨੀਂਦ ਹਰਾਮ ਹੋ ਗਈ।
ਖਾਨ ਬਹਾਦਰ ਜ਼ਕਰੀਆ ਖਾਂ ਨੇ ਨਵਾਬ ਕਪੂਰ ਸਿੰਘ ਨੂੰ ਸੁਨੇਹਾ ਘੱਲਿਆ ਕਿ ਤੁਹਾਡੇ ਇਹ ਨੌਜਵਾਨ ਜੇ ਆਪਣਾ ਰਵੱਈਆ ਬਦਲ ਲੈਣ ਤਾਂ ਮੈਂ ਉਹਨਾਂ ਨੂੰ ਸ਼ਾਹੀ ਫੌਜ ਵਿਚ ਭਰਤੀ ਕਰਨ ਲਈ ਤਿਆਰ ਹਾਂ। ਉਸਦਾ ਇਹ ਸੁਝਾਅ ਰੱਦ ਕਰ ਦਿੱਤਾ ਗਿਆ। ਫੇਰ ਜ਼ਕਰੀਆ ਖਾਂ ਨੇ ਦੂਜਾ ਸੁਝਾਅ ਰੱਖਿਆ ਕਿ ਜੇ ਇਹ ਨੌਜਵਾਨ ਅਮਲ ਪਸੰਦ ਵਾਹੀਵਾਨ ਬਣ ਕੇ ਪਿੰਡਾਂ ਵਿਚ ਵੱਸਣਾ ਚਾਹੁੰਦੇ ਹਨ ਤਾਂ ਸਰਕਾਰ ਇਹਨਾਂ ਤੋਂ ਲਗਾਨ ਨਹੀਂ ਲਏਗੀ। ਇਹ ਸੁਝਾਅ ਵੀ ਰੱਦ ਕਰ ਦਿੱਤਾ ਗਿਆ। ਉਹਨਾਂ ਸਾਹਮਣੇ ਇਕੋ ਟੀਚਾ ਸੀ ਕਿ ਗੁਰੂ ਗੋਬਿੰਦ ਸਿੰਘ ਨੇ ਆਜ਼ਾਦ ਪੰਜਾਬ ਦਾ ਜੋ ਸੁਪਨਾ ਦੇਖਿਆ ਸੀ, ਉਸਨੂੰ ਸਾਕਾਰ ਕੀਤਾ ਜਾਏ। ਅੱਜ ਤੱਕ ਜਿੰਨੀਆਂ ਸ਼ਹੀਦੀਆਂ ਦਿੱਤੀਆਂ ਗਈਆਂ ਸਨ, ਉਹ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਹੀ ਦਿੱਤੀਆਂ ਗਈਆਂ ਸਨ¸ ਸੋ ਉਹ ਇਸ ਟੀਚੇ ਨੂੰ ਕਿੰਜ ਛੱਡ ਦਿੰਦੇ?
ਖਾਨ ਬਹਾਦਰ ਜ਼ਕਰੀਆ ਖਾਂ ਨੇ ਸੋਚਿਆ ਸੀ ਕਿ ਉਹ ਲਾਲਚ ਤੇ ਐਸ਼-ਆਰਾਮ ਵਿਚ ਪੈ ਕੇ ਸੰਘਰਸ਼ ਤੇ ਵਿਦਰੋਹ ਦਾ ਰਸਤਾ ਛੱਡ ਦੇਣਗੇ। ਉਸਦਾ ਇਹ ਭਰਮ ਟੁੱਟ ਗਿਆ। ਉਸਨੇ ਜਾਗੀਰ ਵਾਪਸ ਲੈ ਲਈ ਤੇ ਨਵਾਬ ਦਾ ਖਿਤਾਬ ਵੀ; ਪਰ ਇਸ ਨਾਲ ਕੀ ਹੋਣਾ ਸੀ, ਨਵਾਬ ਕਪੂਰ ਸਿੰਘ ਤਾਂ ਫੇਰ ਵੀ ਨਵਾਬ ਬਣੇ ਰਹੇ। ਸਿੱਖਾਂ ਦੇ ਦਿਲਾਂ ਦੇ ਨਵਾਬ, ਪੂਰੇ ਪੰਥ ਦੇ ਨਵਾਬ।
ਜ਼ਕਰੀਆ ਖਾਂ ਨੇ ਫੇਰ ਆਪਣੀਆਂ ਤੋਪਾਂ ਊਠਾਂ ਉੱਤੇ ਲਦਵਾ ਦਿੱਤੀਆਂ। ਗਸ਼ਤੀ-ਫੌਜ ਪਿੰਡ-ਪਿੰਡ ਘੁੰਮਣ ਲੱਗੀ। ਸਿੱਖਾਂ ਨੇ ਵੀ ਆਪਣੀਆਂ ਕਿਰਪਾਨਾ 'ਸਾਣ' 'ਤੇ ਲਾ ਲਈਆਂ ਤੇ ਵਾਤਾਵਰਣ ''ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫ਼ਤਿਹ'' ਦੇ ਨਾਅਰਿਆਂ, ਜੈਕਾਰਿਆਂ ਨਾਲ ਗੂੰਜ ਉਠਿਆ। ਉਹ ਫੇਰ ਪਹਾੜਾਂ ਤੇ ਜੰਗਲਾਂ ਵੱਲ ਨਿਕਲ ਗਏ। ਰਾਹ ਵਿਚ ਪੈਂਦੇ ਸ਼ਹਿਰਾਂ ਤੇ ਕਸਬਿਆਂ ਵਿਚ ਛਾਪੇ ਮਾਰਦੇ ਰਹੇ। ਧਨ, ਹਥਿਆਰ ਤੇ ਘੋੜੇ ਲੁੱਟ ਕੇ ਲੈ ਗਏ। ਉਹ ਬਿਲਾਸਪੁਰ, ਨਾਲਾਗੜ੍ਹ ਤੇ ਸਰਮੂਰ ਦੀਆਂ ਪਹਾੜੀਆਂ ਤੇ ਲੱਖੀ ਜੰਗਲ ਵਿਚ ਜਾ ਛੁਪੇ। ਕੁਝ ਬਠਿੰਡੇ ਤੇ ਮੁਕਤਸਰ ਦੇ ਰੇਤਲੇ ਟਿੱਬਿਆਂ ਵਿਚਕਾਰ ਚਕਰਾਉਣ ਲੱਗੇ।
ਬੁੱਢਾ-ਦਲ ਮਾਝੇ ਵੱਲੋਂ ਨੱਸ ਕੇ ਮਾਲਵੇ ਵਿਚ ਚਲਾ ਗਿਆ। ਇੱਥੇ ਦੇ ਕਾਫੀ ਖਿੱਤੇ ਉਪਰ ਆਲਾ ਦਾ ਰਾਜ ਸੀ। ਉਸਦੀ ਰਾਜਧਾਨੀ ਵਿਚ ਬੁੱਢਾ-ਦਲ ਦਾ ਨਿੱਘਾ ਸਵਾਗਤ ਕੀਤਾ ਗਿਆ। ਇੰਜ ਉਸਦੀ ਆਪਣੀ ਸ਼ਕਤੀ ਵੀ ਵਧੀ ਤੇ ਉਸਨੇ ਸੁਨਾਮ ਤੱਕ ਆਪਣੇ ਰਾਜ ਦਾ ਵਿਸਥਾਰ ਕੀਤਾ। ਅੰਮ੍ਰਿਤਸਰ ਪਹੁੰਚ ਕੇ ਦਿਵਾਲੀ ਮਨਾਉਣ ਲਈ ਬੁੱਢਾ-ਦਲ ਫੇਰ ਮਾਝੇ ਵੱਲ ਤੁਰ ਪਿਆ। ਸਫਰ ਖਰਚ ਲਈ ਉਹਨਾਂ ਕੋਲ ਖਾਸੀ ਰਕਮ ਸੀ। ਜਦੋਂ ਉਹ ਗੋਬਿੰਦਵਾਲ ਤੇ ਤਰਨ ਤਾਰਨ ਲੰਘ ਕੇ ਅੰਮ੍ਰਿਤਸਰ ਤੋਂ ਥੋੜ੍ਹਾ ਕੁ ਦੂਰ ਬਾਸਰਕੇ ਵਿਖੇ ਰੁਕੇ ਹੋਏ ਸਨ, ਦੀਵਾਨ ਲਖਪਤ ਰਾਏ ਨੇ 7,000 ਸੈਨਿਕਾਂ ਨਾਲ ਉਹਨਾਂ ਉਪਰ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਚੂਨੀਆਂ ਵੱਲ ਭਜਾ ਦਿੱਤਾ। ਤਰੁਣਾ-ਦਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬੁੱਢਾ ਦਲ ਦੀ ਸਹਾਇਤਾ ਲਈ ਆ ਪਹੁੰਚਿਆ। ਇਹਨਾਂ ਦੋਹਾਂ ਦਲਾਂ ਨੇ ਸਾਂਝਾ ਹੱਲਾ ਬੋਲ ਕੇ ਮੁਗਲ ਸੈਨਾ ਦੇ ਛੱਕੇ ਛੁਡਾ ਦਿੱਤੇ। ਲਖਪਤ ਰਾਏ ਦਾ ਭਤੀਜਾ ਦੁਨੀ ਚੰਦ ਤੇ ਜਮਾਲ ਖਾਂ ਤੇ ਤਤਾਰ ਖਾਂ ਨਾਂ ਦੇ ਦੋ ਫੌਜਦਾਰ ਵੀ ਖੇਤ ਰਹਿ ਗਏ। ਇਸ ਜਿੱਤ ਨੇ ਸਿੱਖਾਂ ਦੇ ਹੌਂਸਲੇ ਬੁਲੰਦ ਕਰ ਦਿੱਤੇ ਤੇ ਉਹਨਾਂ ਅੰਮ੍ਰਿਤਸਰ ਤਕ ਦੇ ਪੂਰੇ ਇਲਾਕੇ ਨੂੰ ਲੁੱਟ ਲਿਆ।
ਇਸ ਹਾਰ ਤੋਂ ਪਿੱਛੋਂ ਸਰਕਾਰ ਆਪਣੀ ਪੂਰੀ ਤਾਕਤ ਨਾਲ ਹਰਕਤ ਵਿਚ ਆ ਗਈ। ਮੁਗਲ ਸੈਨਾ ਨੇ ਹਰਿਮੰਦਰ ਸਾਹਬ ਉਪਰ ਕਬਜਾ ਕਰ ਲਿਆ ਤੇ ਅੰਮ੍ਰਿਤਸਰ ਪਹੁੰਚਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ। ਗਸ਼ਤੀ ਫੌਜ ਦੇ ਨਾਲ ਮੁੱਕਦਮਾਂ ਤੇ ਨੰਬਰਦਾਰਾਂ ਨੂੰ ਵੀ ਹਦਾਇਤਾਂ ਕਰ ਦਿੱਤੀਆਂ ਗਈਆਂ ਕਿ ਸਿੱਖਾਂ ਨੂੰ ਫੜ੍ਹ-ਫੜ੍ਹ ਕੇ ਲਾਹੌਰ ਭੇਜਣ। ਸਿੱਖਾਂ ਨੂੰ ਪਨਾਹ ਦੇਣੀ ਜਾਂ ਕਿਸੇ ਕਿਸਮ ਦੀ ਮਦਦ ਦੇਣੀ ਅਪਰਾਧ ਐਲਾਨਿਆਂ ਗਿਆ ਤੇ ਸਿੱਖਾਂ ਦੇ ਸਿਰਾਂ ਲਈ ਇਨਾਮ ਦਿੱਤੇ ਜਾਣ ਲੱਗ ਪਏ। ਹਜ਼ਾਰਾਂ ਸਿੱਖ ਲਾਹੌਰ ਲਿਜਾਅ ਦੇ ਸ਼ਹੀਦ ਕੀਤੇ ਜਾਣ ਲੱਗੇ।
ਹਜ਼ਾਰਾਂ ਸਿੱਖ ਸ਼ਹੀਦ ਹੋ ਗਏ ਪਰ ਕਿਸੇ ਨੇ ਵੀ ਧਰਮ ਬਦਲਣਾ ਸਵਿਕਾਰ ਨਹੀਂ ਕੀਤਾ। ਕੋਈ ਵੀ ਰੋਇਆ ਜਾਂ ਗਿੜਗਿੜਾਇਆ ਨਹੀਂ, ਬਲਕਿ ਸਾਰਿਆਂ ਨੇ, “ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ” ਦੇ ਜੈਕਾਰੇ ਛੱਡਦਿਆਂ ਹੱਸ-ਹੱਸ ਕੇ ਮੌਤ ਨੂੰ ਗਲ਼ੇ ਲਾ ਲਿਆ। ਧਰਮ ਪਰਿਵਰਤਨ ਦਾ ਮਤਲਬ ਸੀ ਮਨੋਬਲ ਤੋੜਨਾ। ਸਿੰਘਾਂ ਨੇ ਸ਼ਹੀਦੀਆਂ ਦੇ ਕੇ ਕੌਮ ਦਾ ਮਨੋਬਲ ਕਾਇਮ ਰੱਖਿਆ।
ਜ਼ਕਰੀਆ ਖਾਂ ਦਾ ਜੁਲਮ ਉਹਨਾਂ ਦੇ ਇਸ ਵਿਸ਼ਵਾਸ ਨੂੰ ਡੋਲਾਉਣ ਤੋਂ ਅਸਮਰਥ ਰਿਹਾ ਕਿ ਉਹਨਾਂ ਦੀ ਸੰਸਾਰਕ ਸੰਪਤੀ, ਨਾਸ਼ਵਰ ਸਰੀਰ ਤੇ ਆਤਮਾਂ ਤਕ ਉਹਨਾਂ ਦੀ ਆਪਣੀ ਨਹੀਂ ਗੁਰੂ ਦੀ ਇਮਾਨਤ ਹੈ ਜਿਹਨਾਂ ਆਪਣਾ ਸਰਬੰਸ ਪੰਥ ਉਪਰੋਂ ਵਾਰ ਦਿੱਤਾ ਹੈ। ਇਸ ਲਈ ਪੰਥ ਖਾਤਰ ਕੀਤੀ ਹਰ ਕੁਰਬਾਨੀ ਸਦਕਾ ਗੁਰੂ ਦਾ ਅਸ਼ੀਰਵਾਦ ਪ੍ਰਾਪਤ ਹੁੰਦਾ ਹੈ ਅਤੇ ਮੋਕਸ਼ ਦਾ ਦਰ ਖੁੱਲ੍ਹਦਾ ਹੈ।
'ਜੋ ਲੜੇ ਦੀਨ ਕੇ ਹੇਤ' ਯੁੱਧ-ਗੀਤ ਵਿਚ ਇਹੀ ਭਾਵਨਾ ਭਰੀ ਹੋਈ ਹੈ, ਜਿਸ ਨਾਲ ਆਤਕ-ਬਲ ਪ੍ਰਾਪਤ ਹੁੰਦਾ ਹੈ।
ਭਾਈ ਮਨੀ ਸਿੰਘ ਸਹਿਜ-ਸੁਭਾਅ ਦੇ ਹਰਮਨ-ਪਿਆਰੇ ਤੇ ਵਿਦਵਾਨ ਆਦਮੀ ਸਨ। ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਅੰਮ੍ਰਿਤ ਛਕ ਕੇ ਸਿੱਖ ਸਜਨ ਦਾ ਮਾਣ ਪ੍ਰਾਪਤ ਸੀ। ਉਹ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਨ। ਉਹਨਾਂ ਨੂੰ ਵੀ ਗਿਰਫ਼ਤਾਰ ਕਰਕੇ ਲਾਹੌਰ ਪਹੁੰਚਾ ਦਿੱਤਾ ਗਿਆ ਸੀ। ਜਦੋਂ ਉਹਨਾਂ ਧਰਮ ਬਦਲਣ ਤੋਂ ਇਨਕਾਰ ਕੀਤਾ ਸੀ ਤਾਂ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਸ ਨਾਲ ਸਿੱਖਾਂ ਵਿਚ ਜਬਰਦਸਤ ਰੋਸ ਫੈਲ ਗਿਆ। ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ ਤੇ ਬੰਦਾ ਬਹਾਦਰ ਦੇ ਨਾਲ ਭਾਈ ਮਨੀ ਸਿੰਘ ਦਾ ਨਾਂ ਵੀ ਅਰਦਾਸ ਵਿਚ ਸ਼ਾਮਲ ਹੋ ਗਿਆ। ਤੇ ਉਹਨਾਂ ਦੀ ਸ਼ਹਾਦਤ ਦੇ ਜ਼ਿੰਮੇਵਾਰ ਜ਼ਕਰੀਆ ਖਾਂ ਤੇ ਉਸਦੇ ਸਹਾਇਕ ਸੱਯਦ ਖਾਂ ਨੂੰ ਮੌਤ ਦੇ ਘਾਟ ਉਤਾਰਨ ਦਾ ਫੈਸਲਾ ਕਰ ਲਿਆ ਗਿਆ।
ਜ਼ਕਰੀਆ ਖਾਂ ਨੇ ਹਰਿਮੰਦਰ ਸਾਹਿਬ ਉੱਤੇ ਕਬਜਾ ਕਰਕੇ ਫੌਜਦਾਰ ਰਹਿਮਾਨ ਖਾਂ ਨੂੰ ਤਾਇਨਾਤ ਕਰ ਦਿੱਤਾ ਤਾਂ ਕਿ ਕੋਈ ਸਿੱਖ ਉੱਥੇ ਨਾ ਆ ਸਕੇ। ਉਸਦਾ ਖਿਆਲ ਸੀ ਕਿ ਹਰਿਮੰਦਰ ਦੇ ਦਰਸ਼ਨਾਂ ਤੇ ਸਰੋਵਰ ਵਿਚ ਇਸ਼ਨਾਨ ਸਦਕਾ ਹੀ ਸਿੱਖਾਂ ਦਾ ਬਲ, ਉਤਸਾਹ ਤੇ ਹੌਂਸਲਾ ਪ੍ਰਬਲ ਹੁੰਦਾ ਹੈ। ਪਰ ਭਾਈ ਕਪੂਰ ਸਿੰਘ ਦੀ ਅਗਵਾਨੀ ਵਿਚ ਸਿੱਖ ਸੂਰਮਿਆਂ ਨੇ ਅੰਮ੍ਰਿਤਸਰ ਸਰੋਵਰ ਵਿਚ ਟੁੱਭੀ ਲਾਉਣ ਦੇ ਆਪਣੇ ਅਧਿਕਾਰ ਨੂੰ ਬਰਕਰਾਰ ਰੱਖਿਆ। ਸਾਹਸੀ ਗੁਰੀਲੇ ਕਦੀ ਭੇਸ ਬਦਲ ਕੇ ਤੇ ਕਦੀ ਖੁੱਲ੍ਹੇ-ਆਮ ਆਉਂਦੇ ਤੇ ਸਰੋਵਰ ਵਿਚ ਟੁੱਭੀ ਲਾ ਕੇ ਚਲੇ ਜਾਂਦੇ। ਇਕ ਵਾਰੀ ਮਾੜੀ ਕੰਬੋ ਦਾ ਭਰਾ ਸੁੱਖਾ ਸਿੰਘ ਤੇ ਭਾਈ ਮਨੀ ਸਿੰਘ ਦਾ ਭਤੀਜਾ ਬਾਜ ਸਿੰਘ ਯਕਦਮ ਆਏ, ਸਰੋਵਰ ਵਿਚ ਟੁੱਭੀ ਲਾਈ ਤੇ ਆਪਣੇ ਘੋੜਿਆਂ ਉਪਰ ਸਵਾਰ ਹੋ ਕੇ ਭੱਜ ਨਿਕਲੇ। ਅਬਦੁੱਲ ਰਹਿਮਾਨ ਨੇ ਇਹ ਸੋਚਿਆ ਕਿ ਸਿਰਫ ਦੋ ਹੀ ਆਦਮੀ ਹਨ, ਆਪਣੇ ਕੁਝ ਸਿਪਾਹੀਆਂ ਨਾਲ ਉਹਨਾਂ ਦਾ ਪਿੱਛਾ ਕੀਤਾ ਪਰ ਹਰਿਮੰਦਰ ਸਾਹਿਬ ਦੇ ਬਾਹਰ ਚਾਰ-ਪੰਜ ਸੌ ਸਿੱਖ ਸਵਾਰ ਉਹਨਾਂ ਦੀ ਉਡੀਕ ਕਰ ਰਹੇ ਸਨ। ਸੁੱਖਾ ਸਿੰਘ ਤੇ ਬਾਜ ਸਿੰਘ ਆਪਣੇ ਇਹਨਾਂ ਸਾਥੀਆਂ ਨਾਲ ਆ ਮਿਲੇ। ਅਬਦੁੱਲ ਰਹਿਮਾਨ ਨੂੰ ਪਿੱਛੇ ਨੱਸ ਜਾਣ ਦਾ ਮੌਕਾ ਵੀ ਨਹੀਂ ਮਿਲਿਆ। ਉਹ ਤੇ ਉਸਦੇ ਸੈਨਕ ਸਿੱਖਾਂ ਨਾਲ ਹੋਏ ਮੁੱਠ-ਭੇੜ ਵਿਚ ਮਾਰੇ ਗਏ।
ਜਦੋਂ ਜ਼ਕਰੀਆ ਖਾਂ ਨੂੰ ਇਸ ਘਟਨਾ ਦੀ ਖੁਬਰ ਮਿਲੀ ਤਾਂ ਉਸਨੇ ਸੱਯਦ ਖਾਂ ਦੀ ਕਮਾਂਡ ਵਿਚ ਇਕ ਵੱਡੀ ਸੈਨਾ ਨਵਾਬ ਕਪੂਰ ਸਿੰਘ ਦੀ ਭਾਲ ਵਿਚ ਭੇਜ ਦਿੱਤੀ। ਸੱਯਦ ਖਾਂ ਦੀ ਇਹ ਆਦਤ ਸੀ ਕਿ ਉਹ ਆਪ ਪਿੱਛੇ ਰਹਿੰਦਾ ਸੀ ਤੇ ਆਪਣੇ ਅਧੀਨ ਅਫਸਰਾਂ ਨੂੰ ਅੱਗੇ ਰੱਖਦਾ ਸੀ। ਭਾਈ ਕਪੂਰ ਸਿੰਘ ਨੇ ਅਜਿਹੀ ਚਾਲ ਚੱਲੀ, ਜਿਸ ਨਾਲ ਖੁਦ ਸੱਯਦ ਖਾਂ ਸਾਹਮਣੇ ਆ ਗਿਆ। ਭਾਈ ਕਪੂਰ ਸਿੰਘ ਨੇ ਆਪਣੇ ਗੁਰੀਲੇ ਸਾਥੀਆਂ ਨੂੰ ਦੋ ਟੁਕੜੀਆਂ ਵਿਚ ਵੰਡਿਆ। ਇਕ ਟੁਕੜੀ ਨੂੰ ਦੁਸ਼ਮਨ ਨਾਲ ਲੜਨ ਲਈ ਭੇਜ ਦਿੱਤਾ ਤੇ ਦੂਜੀ ਟੁਕੜੀ, ਜਿਸ ਦੀ ਕਮਾਨ ਉਹ ਆਪ ਕਰ ਰਹੇ ਸਨ, ਝੜੀਆਂ ਵਿਚ ਘਾਤ ਲਾ ਕੇ ਬੈਠ ਗਈ। ਕੁਝ ਚਿਰ ਲੜਨ ਤੋਂ ਬਾਅਦ ਪਹਿਲੀ ਟੁਕੜੀ ਨੇ ਸੋਚੀ-ਸਮਝੀ ਯੋਜਨਾ ਅਨੁਸਾਰ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਸੱਯਦ ਖਾਂ ਨੂੰ ਲੱਗਿਆ ਕਿ ਸਿੱਖ ਭੱਜ ਰਹੇ ਨੇ ਤੇ ਉਹ ਜੋਸ਼ ਵਿਚ ਆ ਕੇ ਉਹਨਾਂ ਦਾ ਪਿੱਛਾ ਕਰਨ ਲਈ ਅੱਗੇ ਵਧ ਆਇਆ। ਇਹੀ ਭਾਈ ਕਪੂਰ ਸਿੰਘ ਚਾਹੁੰਦੇ ਸਨ। ਉਹਨਾਂ ਦੀ ਕਮਾਨ ਵਿਚ ਘਾਤ ਲਾ ਕੇ ਬੈਠੀ ਟੁਕੜੀ ਨੇ ਸੱਯਦ ਖਾਂ ਨੂੰ ਆਣ ਦਬੋਚਿਆ। ਉਸਨੂੰ ਫੜ ਕੇ ਚਾਰ ਘੋੜਿਆਂ ਪਿੱਛੇ ਬੰਨ੍ਹ ਲਿਆ ਗਿਆ। ਘੋੜੇ ਦੌੜਾਏ ਤਾਂ ਸੱਯਦ ਖਾਂ ਉਹਨਾਂ ਦੇ ਪਿੱਛੇ ਘਸੀਟੇ ਖਾਂਦਿਆਂ ਹੋਇਆਂ ਦਮ ਤੋੜ ਗਿਆ।
ਇਹ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਬਦਲਾ ਸੀ, ਪਰ ਮੁੱਖ ਅਪਰਾਧੀ ਜ਼ਕਰੀਆਂ ਖਾਂ ਅਜੇ ਵੀ ਜਿਉਂਦਾ ਸੀ। ਉਹ ਸਿੱਖਾਂ ਦੇ ਭੈ ਕਾਰਨ ਕਿਲੇ ਵਿਚ ਲੁਕਿਆ ਰਹਿੰਦਾ ਸੀ ਤੇ ਬਾਹਰ ਨਿਕਲਣ ਦਾ ਸਾਹਸ ਨਹੀਂ ਸੀ ਕਰਦਾ। ਨਵਾਬ ਕਪੂਰ ਸਿੰਘ ਨੇ ਸੂਹੀਏ ਛੱਡੇ ਹੋਏ ਸਨ, ਜਿਹੜੇ ਉਸਦੀਆਂ ਗਤੀਵਿਧੀਆਂ ਦੀ ਖਬਰ ਦਿੰਦੇ ਰਹਿੰਦੇ ਸਨ। ਇਕ ਵਾਰੀ ਇਹ ਖਬਰ ਆਈ ਜ਼ਕਰੀਆ ਖਾਂ ਜੁਮੇਂ (ਸ਼ੁਕਰਵਾਰ) ਦੀ ਨਮਾਜ ਪੜ੍ਹਨ ਲਾਹੌਰ ਦੀ ਸ਼ਾਹੀ ਮਸਜਦ ਵਿਚ ਜਾਏਗਾ। ਨਵਾਬ ਕਪੂਰ ਸਿੰਘ ਨੇ ਦੋ ਹਜ਼ਾਰ ਮੰਨੇ ਹੋਏ ਗੁਰੀਲੇ ਨਾਲ ਲਏ। ਉਹ ਸਾਰੇ ਉਚ ਵਰਗ ਦੇ ਮੁਸਲਿਮ ਮੁਰੀਦਾਂ ਦੇ ਭੇਸ ਵਿਚ ਸਨ। ਹਰੇ ਰੰਗ ਦੇ ਬਸਤਰ, ਲੰਮੇ-ਲੰਮੇ ਵਾਲ ਪਿੱਛੇ ਵੱਲ ਲਹਿਰਾਉਂਦੇ ਹੋਏ ਤੇ ਅੱਗੇ-ਅੱਗੇ ਹੈਦਰੀ-ਝੰਡਾ। ਉਹਨਾਂ ਨੇ 'ਅੱਲਾ ਹੂ ਅਕਬਰ' ਦੇ ਨਾਅਰੇ ਲਾਉਂਦਿਆਂ ਹੋਇਆਂ ਸ਼ਹਿਰ ਵਿਚ ਪ੍ਰਵੇਸ਼ ਕੀਤਾ। ਸਬੱਬ ਨਾਲ ਜ਼ਕਰੀਆ ਖਾਂ ਬਿਮਾਰ ਹੋ ਗਿਆ ਤੇ ਮਸਜਦ ਵਿਚ ਨਹੀਂ ਆਇਆ। ਇਸ ਨਾਲ ਸਿੱਖਾਂ ਨੂੰ ਨਿਰਾਸ਼ਾ ਤਾਂ ਜ਼ਰੂਰ ਹੋਈ, ਪਰ ਉਹਨਾਂ ਆਪਣਾ ਅਸਲੀ ਰੂਪ ਵੀ ਜਾਹਰ ਕਰ ਦਿੱਤਾ¸ ਉਹ 'ਬੋਲੇ ਸੋ ਨਿਹਾਲ, ਸਤ ਸ੍ਰੀ ਆਕਾਲ' ਦੇ ਜੈਕਾਰੇ ਗਜਾਉਂਦੇ ਸ਼ਹਿਰ ਵਿਚੋਂ ਨਿਕਲੇ ਤੇ ਜੰਗਲਾਂ ਵੱਲ ਹੋ ਲਏ।
ਇਸ ਪਿੱਛੋਂ ਨਵਾਬ ਕਪੂਰ ਸਿੰਘ ਨੇ ਮਾਲਵੇ ਵੱਲ ਕੂਚ ਕੀਤਾ। ਸਤਲੁਜ ਪਾਰ ਕਰਕੇ ਉਹ ਦਿੱਲੀ ਵੱਲ ਵਧੇ। ਰਸਤੇ ਵਿਚ ਝੱਜਰ, ਦਾਦਰੀ ਤੇ ਪਟੌਦੀ ਦੇ ਮੁਗਲ ਫੌਜਦਾਰਾਂ ਤੋਂ ਖਿਰਾਜ (ਟੈਕਸ) ਵਸੂਲਿਆ। ਫਰੀਦਾਬਾਦ, ਬਲੱਭਗੜ੍ਹ ਤੇ ਗੁੜਗਾਂਵ ਦੇ ਪੂਰੇ ਇਲਾਕੇ ਨੂੰ ਲੁੱਟਿਆ ਤੇ ਫੇਰ ਜੰਗਲ ਵਿਚ ਪਰਤ ਆਏ।
ਇਹਨਾਂ ਸਾਰੀਆਂ ਮੁਹਿੰਮਾਂ ਵਿਚ ਜੱਸਾ ਸਿੰਘ ਆਹਲੂਵਾਲੀਆ, ਨਵਾਬ ਕਪੂਰ ਸਿੰਘ ਦੀ ਸੱਜੀ ਬਾਂਹ ਸੀ। ਉਸਦੀ ਉਮਰ ਹੁਣ ਅਠਾਰਾਂ-ਉੱਨੀਂ ਵਰ੍ਹਿਆਂ ਦੀ ਸੀ। ਕੱਦ ਛੇ ਫੁੱਟ ਤਿੰਨ ਇੰਚ, ਦਾੜ੍ਹੀ-ਮੁੱਛਾਂ ਵੀ ਆ ਗਈਆਂ ਸਨ, ਜਿਸ ਕਰਕੇ ਚਿਹਰਾ ਭਰਿਆ-ਭਰਿਆ ਲੱਗਣ ਲੱਗ ਪਿਆ ਸੀ ਤੇ ਵਿਅਕਤੀਤੱਵ ਵਿਚ ਵੀ ਨਿਖਾਰ ਆ ਗਿਆ ਸੀ। ਉਹ ਯੁੱਧ-ਕਲਾ ਵਿਚ ਮਾਹਰ, ਇਕ ਕੁਸ਼ਲ ਤੇ ਨਿੱਡਰ ਯੋਧਾ ਬਣ ਚੁੱਕਿਆ ਸੀ।
ਜਦੋਂ ਇਹ ਸੰਘਰਸ਼ ਚਲ ਰਿਹਾ ਸੀ, ਉਦੋਂ ਹੀ ਨਾਦਰ ਸ਼ਾਹ ਦਾ ਹਮਲਾ ਹੋਇਆ।
ਜ਼ਕਰੀਆ ਖਾਂ ਨੇ ਦੂਹਰੀ ਨੀਤੀ ਅਪਣਾਈ। ਜਿੱਥੇ ਉਹ ਸਿੱਖਾਂ ਨੂੰ ਮਿਟਾਅ ਦੇਣ 'ਤੇ ਤੁਲਿਆ ਹੋਇਆ ਸੀ, ਉੱਥੇ ਉਹ ਸਿੱਖਾਂ ਹੱਥੋਂ ਲੁੱਟੇ ਜਾਣ ਵਾਲਿਆਂ ਨੂੰ ਰਾਹਤ (ਸਹਾਇਤਾ) ਵੀ ਦਿੰਦਾ ਸੀ ਤਾਂ ਕਿ ਸਿੱਖਾਂ ਵਿਰੁੱਧ ਉਹਨਾਂ ਦਾ ਸਹਿਯੋਗ ਪ੍ਰਾਪਤ ਹੋਏ। ਜਿਹੜੇ ਲੋਕ ਸਿੱਖਾਂ ਦੇ ਘਰ ਬਰਬਾਦ ਕਰਦੇ ਤੇ ਲੁੱਟਦੇ ਸਨ, ਉਹਨਾਂ ਨੂੰ ਲੁੱਟ ਦਾ ਮਾਲ ਆਪਣੇ ਕੋਲ ਰੱਖਣ ਦੀ ਛੋਟ ਸੀ। ਮਤਲਬ ਇਹ ਕਿ ਕਾਨੂੰਨ ਤੇ ਵਿਵਸਥਾ ਸਿੱਖਾਂ ਦੁਆਰਾ ਹੀ ਨਹੀਂ, ਖੁਦ ਸਰਕਾਰ ਦੁਆਰਾ ਵੀ ਭੰਗ ਹੋ ਰਹੀ ਸੀ। ਅਮਨ ਬਹਾਲ ਹੋਣ ਦੇ ਬਜਾਏ ਅਰਾਜਕਤਾ ਤੇ ਹਿੰਸਾ ਵਧ ਰਹੀ ਸੀ। ਖੇਤੀਬਾੜੀ, ਵਪਾਰ, ਦਸਤਕਾਰੀ ਸਾਰੇ ਧੰਦੇ ਚੌਪਟ ਹੋ ਚੁੱਕੇ ਸਨ। ਵਿਧਵਾ ਔਰਤਾਂ, ਅਨਾਥ ਬੱਚਿਆਂ, ਬੇਰੁਜ਼ਗਾਰਾਂ ਤੇ ਭੁੱਖੇ ਮਰਨ ਵਾਲਿਆਂ ਦੀ ਗਿਣਤੀ ਏਨੀ ਵਧ ਗਈ ਸੀ ਕਿ 'ਦੇਅ ਅੱਲਾ ਦੇ ਨਾਮ, ਕੁਝ ਦੇ-ਦੇ ਬਾਬਾ' ਦੀਆਂ ਸਦਾਵਾਂ ਲਾਉਣ ਵਾਲੇ ਫਕੀਰਾਂ-ਭਿਖਾਰੀਆਂ ਦੀਆਂ ਅਣਗਿਣਤ ਟੋਲੀਆਂ ਇਧਰ-ਉਧਰ ਘੁੰਮਦੀਆਂ ਨਜ਼ਰ ਆਉਂਦੀਆਂ। ਇਹਨਾਂ ਫਕੀਰਾਂ ਤੇ ਭਿਖਾਰੀਆਂ ਦੇ ਭੇਸ ਵਿਚ ਸਿੱਖਾਂ ਤੇ ਸਰਕਾਰ ਦੇ ਜਸੂਸ ਵੀ ਹੁੰਦੇ ਸਨ, ਜਿਹੜੇ ਆਪਣੇ-ਆਪਣੇ ਠਿਕਾਣਿਆਂ ਉਪਰ ਦੁਸ਼ਮਣ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਪਹੁੰਚਾਉਂਦੇ ਸਨ।
ਜਗ੍ਹਾ-ਜਗ੍ਹਾ ਤਕੀਏ ਤੇ ਡੇਰੇ ਬਣ ਗਏ ਸਨ, ਜਿੱਥੇ ਬੇਘਰੇ ਲੋਕਾਂ ਨੂੰ ਠਿਕਾਣਾ ਮਿਲਦਾ ਸੀ। ਇਹ ਤਕੀਏ ਤੇ ਡੇਰੇ ਆਮ ਤੌਰ 'ਤੇ ਸੂਫੀਮਤ ਦੇ ਪੈਰੋਕਾਰ ਪੀਰਾਂ-ਫਕੀਰਾਂ ਵੱਲੋਂ ਬਣਾਏ ਗਏ ਸਨ, ਜਿਹੜੇ ਦੀਨ-ਦੁਖੀਆਂ ਨਾਲ ਸੱਚਮੁੱਚ ਹਮਦਰਦੀ ਕਰਦੇ ਸਨ ਤੇ ਜਿਹਨਾਂ ਪ੍ਰਤੀ ਲੋਕਾਂ ਦੇ ਮਨਾਂ ਵਿਚ ਸ਼ਰਧਾ ਵੀ ਸੀ। ਉਹ ਇਹਨਾਂ ਤਕੀਆਂ ਤੇ ਡੇਰਿਆਂ ਵਿਚ ਮਕਤਬ (ਸਕੂਲ) ਵੀ ਚਲਾਉਂਦੇ ਸਨ, ਜਿਹਨਾਂ ਵਿਚ ਅਰਬੀ, ਫਾਰਸੀ ਤੇ ਸੂਫੀਵਾਦ ਦੀ ਸਿੱਖਿਆ ਦਿੱਤੀ ਜਾਂਦੀ ਸੀ। ਇਕ ਅਜਿਹਾ ਹੀ ਤਕੀਆ ਅੰਮ੍ਰਿਤਸਰ ਤੇ ਲਾਹੌਰੇ ਦੇ ਵਿਚਕਾਰ ਵੀ ਸਥਾਪਤ ਕੀਤਾ ਗਿਆ ਸੀ, ਜਿਸ ਨੂੰ ਮੌਲਵੀ ਜਹੀਰ ਬਖ਼ਸ਼ ਚਲਾਉਂਦੇ ਸਨ। ਇਸ ਤਕੀਏ ਵਿਚ ਅਰਬੀ, ਫਾਰਸੀ ਪੜ੍ਹਾਉਣ ਦੇ ਨਾਲ-ਨਾਲ ਯਤੀਮ ਬੱਚਿਆਂ ਦੇ ਰਹਿਣ ਤੇ ਖਾਣ-ਪੀਣ ਦਾ ਪ੍ਰਬੰਧ ਵੀ ਸੀ। ਇਹਨਾਂ ਤਕੀਆਂ ਵਿਚ ਉਹਨਾਂ ਹਿੰਦੂ-ਜਾਟਾਂ ਤੇ ਸਿੱਖਾਂ ਦੇ ਬੱਚੇ ਵੀ ਸਨ ਜਿਹਨਾਂ ਦੇ ਘਰ-ਬਾਰ ਉੱਜੜ ਚੁੱਕੇ ਸਨ ਜਾਂ ਜਿਹਨਾਂ ਦੇ ਘਰਵਾਲੇ ਗੁਰੀਲਿਆਂ ਨਾਲ ਜਾ ਰਲੇ ਸਨ¸ ਉਹਨਾਂ ਨੂੰ ਸਾਈਂ ਜਹੀਰ ਬਖ਼ਸ਼ ਭੇਸ ਬਦਲ ਕੇ ਜਾਸੂਸੀ ਕਰਨ ਦੀ ਸਿੱਖਿਆ ਵੀ ਦਿੰਦੇ ਸਨ ਤੇ ਉਹ ਵੱਡੇ ਹੋ ਕੇ ਗੁਰੀਲਿਆਂ ਨਾਲ ਜਾ ਰਲਦੇ ਸਨ।
ਮੌਲਵੀ ਜਹੀਰ ਬਖ਼ਸ਼ ਦਾ ਅਸਲੀ ਨਾਂ ਬਾਬਾ ਗੁਰਬਖ਼ਸ਼ ਸਿੰਘ ਸੀ। ਉਸ ਲਗਭਗ ਸੱਤਰ ਵਰ੍ਹਿਆਂ ਦੇ ਸਨ। ਉਹ ਸਿਰਫ ਭੇਖ ਦੇ ਹੀ ਮੁਸਲਮਾਨ ਨਹੀਂ ਸਨ, ਬਲਕਿ ਅਰਬੀ, ਫਾਰਸੀ ਤੇ ਸੂਫੀਵਾਦ ਦੇ ਵਿਦਵਾਨ ਵੀ ਸਨ। ਪੰਜੇ ਵੇਲੇ ਨਮਾਜ ਪੜ੍ਹਦੇ ਸਨ ਤੇ ਕੁਰਾਨ ਸ਼ਰੀਫ਼ ਦੀ ਤਲਾਵਤ ਕਰਦੇ ਸਨ। ਉਹਨਾਂ ਉੱਤੇ ਸਿੱਖ ਹੋਣ ਦਾ ਸ਼ੱਕ ਪੈਣ ਦੀ ਬਿਲਕੁਲ ਹੀ ਸੰਭਾਵਨਾ ਨਹੀਂ ਸੀ। ਇਸੇ ਤਰ੍ਹਾਂ ਦੇ ਦਸ-ਬਾਰਾਂ ਮਕਤਬ, ਅਲੱਗ-ਅਲੱਗ ਥਾਵਾਂ ਉਪਰ, ਹੋਰ ਵੀ ਸਨ ਜਿਹਨਾਂ ਨੂੰ ਬਾਬਾ ਗੁਰਬਖ਼ਸ਼ ਸਿੰਘ ਵਰਗੇ ਚਿੱਤ-ਲਗਦੇ ਮੌਲਵੀ ਹੀ ਚਲਾਉਂਦੇ ਸਨ। ਉਹਨਾਂ ਵਿਚ ਸਿੱਖ ਬੱਚਿਆਂ ਦੀ ਪੜ੍ਹਾਈ-ਸਿਖਲਾਈ ਹੁੰਦੀ ਸੀ।
ਇਹ ਇਕ ਅਜਿਹਾ ਵਚਿੱਤਰ ਯੁੱਗ ਸੀ, ਜਿਸ ਵਿਚ ਇਤਿਹਾਸ ਤੇ ਮਿਥਿਹਾਸ ਦਾ ਅੰਤਰ ਮਿਟ ਗਿਆ ਸੀ। ਜਿਸ ਵਿਚ ਇਹੋ ਜਿਹੇ ਵਿਅੱਕਤੀ ਪੈਦਾ ਹੋਏ ਤੇ ਅਜਿਹੀਆਂ-ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਹਨਾਂ ਨੂੰ ਪੜ੍ਹ-ਸੁਣ ਕੇ ਅਕਲ ਚਕਰਾਉਣ ਲੱਗ ਪੈਂਦੀ ਹੈ। ਇਸੇ ਯੁੱਗ ਵਿਚ ਇਕ ਅਜਿਹਾ ਅਦਭੁਤ ਫਕੀਰ ਪੈਦਾ ਹੋਇਆ, ਜਿਸ ਨੇ ਲਾਹੌਰ ਵਿਚ ਮੁਜਰਾ ਕਰਨ ਵਾਲੀਆਂ ਵੇਸਵਾਵਾਂ ਦੀ ਚਾਕਰੀ ਕਰਕੇ ਨੱਚਣ ਤੇ ਗਾਉਣ ਦੀ ਕਲਾ ਸਿੱਖੀ। ਖ਼ੁਦਾ ਨੂੰ ਆਪਣਾ ਪਤੀ ਮੰਨ ਕੇ ਖ਼ੁਦ ਉਸਦੀ ਪ੍ਰੇਮਕਾ ਬਣ ਗਿਆ। ਉਹ ਮਸਤੀ ਵਿਚ ਨੱਚਦਾ ਤੇ ਗਾਉਂਦਾ...:
 'ਕੀ ਪੁੱਛਦਾਏਂ ਜਾਤ ਸਿਫਾਤ ਮੇਰੀ,
 ਓਹੋ ਆਦਮ ਵਾਲੀ ਜਾਤ ਮੇਰੀ।
 ਮੈਨੂੰ ਇਸ਼ਕ ਹੁਲਾਰੇ ਦੇਂਦਾ,
 ਮੂੰਹ ਚੜ੍ਹਿਆ ਯਾਰ ਬੁਲੇਂਦਾ।
 ਕਿਤੇ ਸ਼ੀਆ ਹੈ ਕਿਤੇ ਸੁਨੀਂ ਹੈ,
 ਕਿਤੇ ਜਟਾਧਾਰੀ ਕਿਤੇ ਮੁਨੀਂ ਹੈ।
 ਮੇਰੀ ਸਭ ਤੋਂ ਫਾਰਗ ਕੰਨੀਂ ਹੈ,
 ਜੋ ਕਹਾਂ ਸੋ ਯਾਰ ਮਨੇਂਦਾ
 ਮੈਨੂੰ ਇਸ਼ਕ ਹੁਲਾਰੇ ਦੇਂਦਾ।'
ਲੋਕ ਉਸਦੇ ਦੁਆਲੇ ਇਕੱਠੇ ਹੋ ਜਾਂਦੇ। ਉਸੇ ਵਾਂਗ ਝੂੰਮਦੇ ਤੇ ਗਾਉਂਦੇ। ਧਰਮ, ਜਾਤ ਤੇ ਸੰਪਰਦਾਏ ਦਾ ਫਰਕ ਮਿਟ ਜਾਂਦਾ। ਜਿਸ ਧਰਤੀ ਉਪਰ ਮੌਤ ਮੰਡਲਾ ਰਹੀ ਸੀ ਤੇ ਹਰ ਪਾਸੇ ਆਹਾਂ ਤੇ ਕਰਾਹਾਂ ਸੁਣਾਈ ਦਿੰਦੀਆਂ ਸਨ, ਉਸੇ ਧਰਤੀ ਉਪਰ ਉਹ ਨੱਚਦਾ ਗਾਉਂਦਾ ਤੇ ਜਿੰਦਗੀ ਦਾ ਜਸ਼ਨ ਮਨਾਉਂਦਾ ਹੋਇਆ ਦਿਖਾਈ ਦਿੰਦਾ ਸੀ।
ਇਸ ਅਦਭੁਤ ਫਕੀਰ ਦਾ ਨਾਂ ਸੀ ਬੁੱਲ੍ਹੇਸ਼ਾਹ। ਹਜਰਤ ਬੁੱਲ੍ਹੇਸ਼ਾਹ ਇਕ ਮਸ਼ਹੂਰ ਸ਼ਾਇਰ ਜਿਸ ਦੀ ਮੌਤ 1933 ਵਿਚ ਹੋ ਗਈ, ਪਰ ਉਸਦੀਆਂ ਕਾਫੀਆਂ ਅੱਜ ਵੀ ਜਿਉਂਦੀਆਂ ਨੇ, ਜਿਹੜੀਆਂ ਪੰਜਾਬੀ ਸਾਹਿਤ ਦੀ ਗੌਰਵਮਈ ਵਿਰਾਸਤ ਨੇ। ਇਕ ਕਾਫੀ ਦੇ ਬੋਲ ਨੇ…:
 ਇਕ ਨੁਕਤੇ ਵਿਚ ਗੱਲ ਮੁਕਦੀ ਹੈ
 ਫੜ੍ਹ ਨੁਕਤਾ ਛੱਡ ਕਿਤਾਬਾਂ ਨੂੰ।'
-----------